ਪ੍ਰੀਖਿਆ ਦੌਰਾਨ ਤਿੰਨ ਬੱਚਿਆਂ ਦੀ ਮੌਤ, ਮਾਹਿਰ ਕੀ ਕਹਿੰਦੇ ਹਨ

ਤਸਵੀਰ ਸਰੋਤ, Getty Images
- ਲੇਖਕ, ਤੇਜਸ ਵੈਦਿਆ
- ਰੋਲ, ਬੀਬੀਸੀ ਪੱਤਰਕਾਰ
ਸੋਮਵਾਰ ਨੂੰ ਗੁਜਰਾਤ ਦੇ ਖੇੜਾ ਜ਼ਿਲ੍ਹੇ ਦੇ ਲਿੰਬਾਂਸੀ ਹਾਈ ਸਕੂਲ ਵਿਖੇ ਸਨੇਹ ਨਾਮ ਦੇ ਵਿਦਿਆਰਥੀ ਦੀ ਤਬੀਅਤ ਖ਼ਰਾਬ ਹੋ ਗਈ।
ਸਕੂਲ ਵੱਲੋਂ ਐਂਬੂਲੈਂਸ ਨੂੰ ਬੁਲਾਈ ਗਈ। ਵਿਦਿਆਰਥੀ ਨੂੰ ਹਸਪਤਾਲ ਭੇਜਿਆ ਗਿਆ, ਜਿੱਥੇ ਡਾਕਟਰਾਂ ਨੇ ਆਖਿਆ ਕਿ ਉਸ ਨੂੰ ਦਿਲ ਦਾ ਦੌਰਾ ਪਿਆ ਹੈ।
ਇਸ ਤੋਂ ਪਹਿਲਾਂ ਅਹਿਮਦਾਬਾਦ ਵਿੱਚ ਸ਼ੇਖ ਮੁਹੰਮਦ ਅਮਨ ਆਰਿਫ ਨਾਮ ਦੇ ਵਿਦਿਆਰਥੀ ਦੀ ਵੀ ਬੋਰਡ ਦੀ ਪ੍ਰੀਖਿਆ ਦਿੰਦੇ ਸਮੇਂ ਤਬੀਅਤ ਖ਼ਰਾਬ ਹੋ ਗਈ ਸੀ।
ਤਬੀਅਤ ਖ਼ਰਾਬ ਹੋਣ ਤੋਂ ਬਾਅਦ ਉਸ ਨੂੰ ਹਸਪਤਾਲ ਭੇਜਿਆ ਗਿਆ। ਵਿਦਿਆਰਥੀ ਨੂੰ ਵੈਂਟੀਲੇਟਰ ਉੱਪਰ ਰੱਖਿਆ ਗਿਆ ਪਰ ਬਾਅਦ ਵਿੱਚ ਉਸਦੀ ਮੌਤ ਹੋ ਗਈ।
ਹਸਪਤਾਲ ਮੁਤਾਬਿਕ ਉਸ ਦਾ ਬਲੱਡ ਪ੍ਰੈਸ਼ਰ ਕਾਫੀ ਜ਼ਿਆਦਾ ਸੀ।
ਇਸੇ ਤਰ੍ਹਾਂ ਇੱਕ ਹੋਰ ਘਟਨਾ ਹੋਈ ਹੈ ਜਿਸ ਵਿੱਚ ਉਤਸਵ ਸ਼ਾਹ ਨਾਮ ਦੇ ਇੱਕ ਵਿਦਿਆਰਥੀ ਦੀ ਪ੍ਰੀਖਿਆ ਤੋਂ ਪਹਿਲਾਂ ਮੌਤ ਹੋ ਗਈ।
ਇਹ ਵੀ ਪੜ੍ਹੋ:
18 ਸਾਲ ਦੇ ਉਤਸਵ ਦੀ ਪੇਪਰ ਤੋਂ ਪਹਿਲਾਂ ਤਬੀਅਤ ਖ਼ਰਾਬ ਹੋਈ। ਪਰਿਵਾਰ ਮੁਤਾਬਕ ਉਸ ਦੀ ਛਾਤੀ ਵਿੱਚ ਦਰਦ ਹੋਇਆ ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਸਦੀ ਮੌਤ ਹੋ ਗਈ। ਉਤਸਵ ਦੇ ਪਿਤਾ ਮੁਤਾਬਕ ਉਸ ਨੂੰ ਦਿਲ ਦਾ ਦੌਰਾ ਪਿਆ ਸੀ।
ਇਸ ਦੇ ਨਾਲ ਹੀ ਦੋ ਅਜਿਹੇ ਹੋਰ ਮਾਮਲੇ ਵੀ ਸਾਹਮਣੇ ਆਏ ਹਨ ਜਿਸ ਵਿੱਚ ਪੇਪਰ ਦੌਰਾਨ ਬੱਚੇ ਬੇਹੋਸ਼ ਹੋਏ। ਇਨ੍ਹਾਂ ਵਿੱਚ ਇੱਕ ਅਹਿਮਦਾਬਾਦ ਦੀ 10ਵੀਂ ਜਮਾਤ ਦੀ ਵਿਦਿਆਰਥਣ ਸੀ ਅਤੇ ਇੱਕ 12ਵੀਂ ਜਮਾਤ ਦਾ ਵਿਦਿਆਰਥੀ। ਇਹ ਦੋਹੇਂ ਬੇਹੋਸ਼ ਹੋਏ ਸਨ ਪਰ ਬਾਅਦ ਵਿੱਚ ਇਹਨਾਂ ਦੀ ਜਾਨ ਬਚਾ ਲਈ ਗਈ।
'ਸਿੱਧੇ ਤੌਰ 'ਤੇ ਤਣਾਅ ਨਾਲ ਨਹੀਂ ਰੁਕ ਸਕਦੀ ਦਿਲ ਦੀ ਧੜਕਣ'
ਬੋਰਡ ਪ੍ਰੀਖਿਆਵਾਂ ਵਿੱਚ ਇਸ ਤਰ੍ਹਾਂ ਬੱਚਿਆਂ ਦੀ ਮੌਤ ਹੈਰਾਨੀਜਨਕ ਹੈ। ਇਸ ਤਰ੍ਹਾਂ ਦੇ ਕੇਸ ਪਹਿਲਾਂ ਸਾਹਮਣੇ ਨਹੀਂ ਆਏ।
ਅਹਿਮਦਾਬਾਦ ਵਿਖੇ ਸੀਨੀਅਰ ਸਰਜਨ ਡਾਕਟਰ ਸੁਕੁਮਾਰ ਮਹਿਤਾ ਨੇ ਬੀਬੀਸੀ ਨੂੰ ਦੱਸਿਆ,"ਇਸ ਗੱਲ ਬਾਰੇ ਸ਼ੱਕ ਹੈ ਕਿ ਇਨ੍ਹਾਂ ਸਾਰੇ ਬੱਚਿਆਂ ਦੀ ਮੌਤ ਦਿਲ ਦੇ ਦੌਰੇ ਨਾਲ ਹੀ ਹੋਈ। ਬਿਨਾਂ ਪੋਸਟਮਾਰਟਮ ਤੋਂ ਅਸੀਂ ਨਹੀਂ ਕਹਿ ਸਕਦੇ ਕਿ ਇਹ ਮੌਤਾਂ ਅਚਾਨਕ ਦਿਲ ਦੇ ਦੌਰੇ ਨਾਲ ਹੋਈਆਂ ਹਨ।"
"ਇਸ ਦੇ ਹੋਰ ਵੀ ਕਾਰਨ ਹੋ ਸਕਦੇ ਹਨ। ਇਸ ਗੱਲ ਦੀ ਜਾਂਚ ਵੀ ਕਰਨੀ ਪਵੇਗੀ ਕਿ ਕਿਤੇ ਇਹ ਬੱਚੇ ਤੰਬਾਕੂ ਦੀ ਵਰਤੋਂ ਤਾਂ ਨਹੀਂ ਸੀ ਕਰ ਰਹੇ।ਛੋਟੀ ਉਮਰ ਵਿੱਚ ਤੰਬਾਕੂ ਕਾਰਨ ਵੀ ਮੌਤ ਹੋ ਸਕਦੀ ਹੈ ਕਿਉਂਕਿ ਇਹ ਨਾੜਾਂ ਨੂੰ ਬਲਾਕ ਕਰ ਦਿੰਦਾ ਹੈ।"

ਤਸਵੀਰ ਸਰੋਤ, Getty Images
ਪ੍ਰੀਖਿਆ ਸਮੇਂ ਬੱਚਿਆਂ ਵਿੱਚ ਵਧ ਰਿਹਾ ਤਣਾਅ ਵੀ ਇਨ੍ਹਾਂ ਮੌਤਾਂ ਦੇ ਕਾਰਨ ਵਜੋਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
ਡਾਕਟਰ ਮਹਿਤਾ ਆਖਦੇ ਹਨ,"ਜੇ ਪੜ੍ਹਾਈ ਕਰਕੇ ਵੀ ਇਸ ਉਮਰ ਵਿੱਚ ਤਣਾਅ ਹੈ ਤਾਂ ਵੀ ਉਸ ਨਾਲ ਦਿਲ ਦਾ ਦੌਰਾ ਨਹੀਂ ਹੋ ਸਕਦਾ। ਸਿੱਧੇ ਤੌਰ 'ਤੇ ਤਣਾਅ ਕਰਕੇ ਕਿਸੇ ਦੇ ਦਿਲ ਦੀ ਧੜਕਨ ਨਹੀਂ ਰੁਕ ਸਕਦੀ।"
ਮਹਿਤਾ ਆਖਦੇ ਹਨ, "ਦੋ-ਚਾਰ ਸਾਲ ਤੱਕ ਤਣਾਅ ਸਿੱਧੇ ਤੌਰ 'ਤੇ ਦਿਲ ਨੂੰ ਪ੍ਰਭਾਵਿਤ ਨਹੀਂ ਕਰਦਾ। ਤਣਾਅ ਕਰਕੇ ਬਲੱਡ ਪ੍ਰੈਸ਼ਰ ਵਧ ਜਾਂਦਾ ਹੈ ਜੋ ਕਈ ਵਾਰ ਦਿਲ ਦੀਆਂ ਨਾੜਾਂ ਨੂੰ ਪ੍ਰਭਾਵਿਤ ਕਰਦਾ ਹੈ।"
"ਅਜਿਹੇ ਹਾਲਾਤਾਂ 'ਚ ਦਿਲ ਦਾ ਦੌਰਾ ਪੈ ਸਕਦਾ ਹੈ ਪਰ ਇਹ ਸਾਰੀ ਪ੍ਰਕਿਰਿਆ ਨੂੰ ਪੰਜ ਸਾਲ ਤੱਕ ਦਾ ਸਮਾਂ ਲੱਗ ਸਕਦਾ ਹੈ।"
ਜੀਵਨ ਸ਼ੈਲੀ ਵਿੱਚ ਬਦਲਾਅ ਨੇ ਕੀਤੀ ਜ਼ਿੰਦਗੀ ਪ੍ਰਭਾਵਿਤ
ਸਮੇਂ ਦੇ ਨਾਲ ਚੀਜ਼ਾਂ ਵਿੱਚ ਬਦਲਾਅ ਹੋਇਆ ਹੈ। ਖਾਣ ਪੀਣ ਦਾ ਸਮਾਂ ਬਦਲਿਆ ਹੈ, ਮੋਬਾਇਲ ਫੋਨ ਕਾਰਨ ਸੌਣ ਜਾਗਣ ਦੇ ਸਮੇਂ ਵਿੱਚ ਤਬਦੀਲੀਆਂ ਆਈਆਂ ਹਨ ਅਤੇ ਜ਼ਿਆਦਾਤਰ ਕੰਮ ਹੁਣ ਬੈਠ ਕੇ ਹੀ ਹੁੰਦੇ ਹਨ। ਕੀ ਇਹ ਸਭ ਜ਼ਿੰਮੇਵਾਰ ਹਨ?
ਡਾਕਟਰ ਮਹਿਤਾ ਮੁਤਾਬਕ ਇਹ ਕਾਰਨ ਵੀ ਬਿਮਾਰੀਆਂ ਇਸ ਲਈ ਜ਼ਿੰਮੇਵਾਰ ਹੋ ਸਕਦੇ ਹਨ।
ਡਾ ਨਿਸ਼ਚਲ ਭੱਟ ਅਹਿਮਦਾਬਾਦ ਵਿੱਚ ਅਡੋਲਸੈਂਟ ਹੈਲਥ ਅਕੈਡਮੀ ਦੇ ਮੁਖੀ ਹਨ ਅਤੇ ਬੱਚਿਆਂ ਦੀ ਸਿਹਤ ਨਾਲ ਸਬੰਧਿਤ ਮਾਹਿਰ ਹਨ।
ਉਨ੍ਹਾਂ ਮੁਤਾਬਕ,"ਪਿਛਲੇ ਦੋ ਸਾਲਾਂ ਵਿੱਚ ਮਹਾਂਮਾਰੀ ਕਾਰਨ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਦੀ ਜ਼ਿੰਦਗੀ ਵਿੱਚ ਕਾਫੀ ਬਦਲਾਅ ਆਏ ਹਨ। ਹੁਣ ਜ਼ਿਆਦਾ ਸਮਾਂ ਘਰੇ ਬੈਠੇ ਰਹਿੰਦੇ ਹਨ ਅਤੇ ਖਾਂਦੇ ਪੀਂਦੇ ਰਹਿੰਦੇ ਹਨ।"

ਤਸਵੀਰ ਸਰੋਤ, Getty Images
"ਪੂਰਾ ਸਮਾਂ ਘਰੇ ਬੈਠੇ ਰਹਿਣਾ ਵੀ ਤਣਾਅਪੂਰਨ ਹੈ। ਮਹਾਂਮਾਰੀ ਦੌਰਾਨ ਲੋਕਾਂ ਨੇ ਆਪਣੇ ਰਿਸ਼ਤੇਦਾਰ ਗਵਾਏ ਹਨ,ਆਰਥਿਕ ਤੰਗੀਆਂ ਦਾ ਸਾਹਮਣਾ ਵੀ ਕਰਨਾ ਪਿਆ ਹੈ। ਇਨ੍ਹਾਂ ਸਾਰੇ ਹਾਲਾਤਾਂ ਨੇ ਉਨ੍ਹਾਂ ਦੀ ਮਾਨਸਿਕ ਸਿਹਤ ਨੂੰ ਪ੍ਰਭਾਵਿਤ ਕੀਤਾ ਹੈ।"
ਲਗਾਤਾਰ ਦੋ ਸਾਲ ਤੱਕ ਘਰ ਰਹਿਣ ਤੋਂ ਬਾਅਦ ਹੁਣ ਬੱਚਿਆਂ ਨੂੰ ਬਾਹਰ ਜਾ ਕੇ ਪ੍ਰੀਖਿਆ ਦੇਣੀ ਪੈ ਰਹੀ ਹੈ ਜਿਸ ਨਾਲ ਉਨ੍ਹਾਂ ਦਾ ਤਣਾਅ ਹੋਰ ਵਧ ਰਿਹਾ ਹੈ। ਵਧ ਰਿਹਾ ਤਣਾਅ ਕਮਜ਼ੋਰ ਸਿਹਤ ਅਤੇ ਵਧ ਰਹੀ ਗਰਮੀ ਦਾ ਉਨ੍ਹਾਂ ਦੇ ਦਿਲ 'ਤੇ ਅਸਰ ਹੋ ਸਕਦਾ ਹੈ।"
"ਸਾਡੀ ਮਾਨਸਿਕ ਸਿਹਤ ਬਹੁਤ ਮਹੱਤਵਪੂਰਨ ਹੁੰਦੀ ਹੈ ਪਰ ਸਾਨੂੰ ਇਸ ਬਾਰੇ ਪਤਾ ਨਹੀਂ ਹੈ ਅਤੇ ਸਰੀਰਕ ਸਿਹਤ ਵਾਂਗ ਉਸ ਦਾ ਧਿਆਨ ਨਹੀਂ ਰੱਖਿਆ ਜਾਂਦਾ।"
ਡਾਕਟਰ ਨਿਸ਼ਚਲ ਭੱਟ ਮੁਤਾਬਕ ਮਾਨਸਿਕ ਸਿਹਤ ਨਾਲ ਸਬੰਧਿਤ ਵਿਸ਼ਿਆਂ ਨੂੰ ਸੈਕੰਡਰੀ ਸਿੱਖਿਆ ਦਾ ਹਿੱਸਾ ਬਣਾਉਣਾ ਚਾਹੀਦਾ ਹੈ ਤਾਂ ਜੋ ਵੱਧ ਰਹੇ ਤਣਾਅ ਅਤੇ ਆਦਤਾਂ ਕਾਰਨ ਹੋ ਰਹੇ ਬਦਲਾਅ ਬਾਰੇ ਬੱਚੇ ਜਾਣੂ ਹੋਣ।
ਉਹ ਆਖਦੇ ਹਨ, "ਬੱਚਿਆਂ ਦੀ ਪ੍ਰੀਖਿਆ ਸਮੇਂ ਮੌਤ ਦੀਆਂ ਖ਼ਬਰਾਂ ਹੁਣ ਸਾਹਮਣੇ ਆ ਰਹੀਆਂ ਹਨ ਪਰ ਇਸ ਤੋਂ ਪਹਿਲਾਂ ਵੀ ਤਣਾਅ ਕਾਰਨ ਬੱਚੇ ਖ਼ੁਦਕੁਸ਼ੀਆਂ ਕਰ ਜਾਂਦੇ ਸਨ। ਇਸ ਲਈ ਇਹ ਜ਼ਰੂਰੀ ਹੈ ਕਿ ਮਾਨਸਿਕ ਸਿਹਤ ਦੇ ਮੁੱਦੇ ਉਪਰ ਕੰਮ ਕੀਤਾ ਜਾਵੇ।"
'ਬੱਚਿਆਂ ਕੋਲ ਨਹੀਂ ਹੈ ਖੇਡਾਂ ਵਾਸਤੇ ਸਮਾਂ'
ਅਹਿਮਦਾਬਾਦ ਦੇ ਪਿਲਾਈ ਕਾਲਜ ਵਿੱਚ ਪ੍ਰੋਫੈਸਰ ਕਾਰਤਿਕ ਭੱਟ ਦਾ ਮੰਨਣਾ ਹੈ ਕਿ ਜੀਵਨ ਸ਼ੈਲੀ ਵਿੱਚ ਬਦਲਾਅ ਵੀ ਤਣਾਅ ਦਾ ਕਾਰਨ ਬਣ ਰਿਹਾ ਹੈ।
ਉਨ੍ਹਾਂ ਦਾ ਮੰਨਣਾ ਹੈ ਕਿ ਖਾਣੇ ਵਿੱਚ ਵਧ ਰਿਹਾ ਮੈਦਾ ਅਤੇ ਮੋਬਾਇਲ ਫੋਨ ਸਾਡੀ ਜ਼ਿੰਦਗੀ ਨੂੰ ਪ੍ਰਭਾਵਿਤ ਕਰ ਰਿਹਾ ਹੈ। ਬੱਚਿਆਂ ਉਪਰ ਪੜ੍ਹਾਈ ਦਾ ਬੋਝ ਹੈ ਜਿਸ ਕਰਕੇ ਉਹ ਖੇਡਾਂ ਜਾਂ ਹੋਰ ਗਤੀਵਿਧੀਆਂ ਵਿੱਚ ਹਿੱਸਾ ਨਹੀਂ ਲੈ ਪਾਉਂਦੇ।
ਇਨ੍ਹਾਂ ਸਾਰੇ ਕਾਰਨਾਂ ਕਰਕੇ ਬੱਚਿਆਂ ਦੀ ਮਾਨਸਿਕ ਅਤੇ ਸਰੀਰਕ ਵਿਕਾਸ ਦੀ ਗਤੀ ਪ੍ਰਭਾਵਿਤ ਹੁੰਦੀ ਹੈ।

ਤਸਵੀਰ ਸਰੋਤ, Getty Images
ਕਾਰਤਿਕ ਭੱਟ ਆਖਦੇ ਹਨ, "ਸਾਡੀਆਂ ਖਾਣ-ਪੀਣ ਦੀਆਂ ਆਦਤਾਂ ਬਦਲ ਗਈਆਂ ਹਨ। ਅਹਿਮਦਾਬਾਦ ਵਰਗੇ ਸ਼ਹਿਰ ਵਿੱਚ ਥਾਂ-ਥਾਂ 'ਤੇ ਪਿੱਜ਼ਾ ਦੀਆਂ ਦੁਕਾਨਾਂ ਦਿਖਦੀਆਂ ਹਨ।"
"ਪਿੱਜ਼ਾ, ਸੈਂਡਵਿੱਚ ਅਤੇ ਬੇਕਰੀ ਦੇ ਸਾਮਾਨ ਵਿੱਚ ਜ਼ਿਆਦਾਤਰ ਮੈਦਾ ਹੁੰਦਾ ਹੈ। ਬੱਚਿਆਂ ਨੂੰ ਇਹ ਖਾਣਾ ਪਸੰਦ ਹੈ।"
ਖੇਡਾਂ ਬਾਰੇ ਗੱਲ ਕਰਦੇ ਹੋਏ ਉਹ ਆਖਦੇ ਹਨ, "ਹੁਣ ਮੁੰਡੇ ਕ੍ਰਿਕਟ ਖੇਡਦੇ ਨਜ਼ਰ ਨਹੀਂ ਆਉਂਦੇ।ਸ਼ਹਿਰ ਵਿਚ ਖੇਡਣ ਲਈ ਜਗ੍ਹਾ ਵੀ ਨਹੀਂ ਬਚੀ।"
"ਅਤੇ ਜੇਕਰ ਕਿਤੇ ਜਗ੍ਹਾ ਹੈ ਵੀ ਤਾਂ ਬੱਚੇ ਉਥੇ ਜਾ ਕੇ ਖੇਡ ਨਹੀਂ ਸਕਦੇ ਕਿਉਂਕਿ ਮਾਤਾ ਪਿਤਾ ਨੇ ਬੱਚਿਆਂ ਲਈ ਟਾਈਮ ਟੇਬਲ ਬਣਾਏ ਹਨ ਅਤੇ ਬੱਚਿਆਂ ਕੋਲ ਸਮਾਂ ਹੀ ਨਹੀਂ ਹੈ। ਸਵੇਰੇ ਬੱਚੇ ਟਿਊਸ਼ਨ ਜਾਂਦੇ ਹਨ ਉਸ ਤੋਂ ਬਾਅਦ ਸਕੂਲ ਜਾਂਦੇ ਹਨ ਅਤੇ ਫਿਰ ਵਾਪਸ ਟਿਊਸ਼ਨ ਜਾਂਦੇ ਹਨ।"
"ਅਜਿਹੇ ਹਾਲਾਤਾਂ ਵਿੱਚ ਉਨ੍ਹਾਂ ਕੋਲ ਸਮਾਂ ਹੀ ਨਹੀਂ ਕਿ ਉਹ ਬਾਹਰ ਜਾ ਕੇ ਖੇਡ ਸਕਣ। ਬੱਚਿਆਂ ਕੋਲ ਤੇ ਹੁਣ ਛੁੱਟੀਆਂ ਮਨਾਉਣ ਦਾ ਵੀ ਸਮਾਂ ਨਹੀਂ ਹੈ।"
"ਨੌਵੀਂ ਜਮਾਤ ਤੱਕ ਬੱਚਿਆਂ ਦਾ ਤਣਾਅ ਵਧਣ ਲੱਗਦਾ ਹੈ ਤੇ ਇਹ ਬਾਰ੍ਹਵੀਂ ਜਮਾਤ ਤੱਕ ਯਾਨੀ ਚਾਰ ਸਾਲ ਜਾਰੀ ਰਹਿੰਦਾ ਹੈ। ਅਜਿਹੇ ਹਾਲਾਤਾਂ ਵਿੱਚ ਉਨ੍ਹਾਂ ਦਾ ਤਣਾਅ ਕਈ ਗੁਣਾ ਵਧ ਜਾਂਦਾ ਹੈ ਕਿਉਂਕਿ ਬੋਰਡ ਦੀਆਂ ਪ੍ਰੀਖਿਆਵਾਂ ਵਿੱਚ ਉਨ੍ਹਾਂ ਤੋਂ ਚੰਗੇ ਨੰਬਰਾਂ ਦੀ ਆਸ ਕੀਤੀ ਜਾਂਦੀ ਹੈ।"
ਦੁਨੀਆ ਭਰ ਦਿਲ ਨਾਲ ਸਬੰਧਿਤ ਬਿਮਾਰੀਆਂ ਲਗਾਤਾਰ ਵਧ ਰਹੀਆਂ ਹਨ ਅਤੇ ਇਹ ਮੌਤ ਦਾ ਇਕ ਵੱਡਾ ਕਾਰਨ ਵੀ ਹੈ।
ਨਿਸ਼ਚਲ ਭੱਟ ਮੰਨਦੇ ਹਨ ਕਿ ਜੀਵਨਸ਼ੈਲੀ ਸਰੀਰ ਨੂੰ ਪ੍ਰਭਾਵਿਤ ਕਰਦੀ ਹੈ।

ਤਸਵੀਰ ਸਰੋਤ, Getty Images
ਉਹ ਆਖਦੇ ਹਨ,"ਬੱਚਿਆਂ ਅਤੇ ਮਾਪਿਆਂ ਨੂੰ ਇਸ ਬਾਰੇ ਜਾਗਰੂਕ ਹੋਣ ਦੀ ਲੋੜ ਹੈ। ਬੱਚੇ ਉਹੀ ਕਰਦੇ ਹਨ ਜੋ ਮਾਤਾ ਪਿਤਾ ਨੂੰ ਕਰਦੇ ਹੋਏ ਦੇਖਦੇ ਹਨ।"
"ਜੇ ਸਾਰਾ ਸਮਾਂ ਮਾਤਾ ਪਿਤਾ ਆਪਣੇ ਮੋਬਾਇਲ ਫੋਨ ਵਿੱਚ ਰਹਿਣਗੇ ਅਤੇ ਉਨ੍ਹਾਂ ਦੇ ਖਾਣ ਪੀਣ ਦੀਆਂ ਆਦਤਾਂ ਵਿਗੜੀਆਂ ਹੋਈਆਂ ਹਨ ਤਾਂ ਬੱਚਿਆਂ ਨਾਲ ਵੀ ਅਜਿਹਾ ਹੀ ਹੋਵੇਗਾ। ਬੱਚੇ ਆਪਣੇ ਅਧਿਆਪਕਾਂ ਦਾ ਕਹਿਣਾ ਮੰਨਦੇ ਹਨ ਅਤੇ ਇਸ ਲਈ ਮਾਪੇ ਅਤੇ ਅਧਿਆਪਕ ਦੋਨਾਂ ਨੂੰ ਮਿਲ ਕੇ ਬੱਚਿਆਂ ਵਿੱਚ ਨਵੀਆਂ ਰੁਚੀਆਂ ਪੈਦਾ ਕਰਨੀਆਂ ਚਾਹੀਦੀਆਂ ਹਨ।"
"ਕਿਸ਼ੋਰ ਲੋਕ ਅੱਧੀ ਰਾਤ ਤਕ ਸੋਸ਼ਲ ਮੀਡੀਆ ਵਰਤਦੇ ਰਹਿੰਦੇ ਹਨ। ਉਹ ਦੇਰੀ ਨਾਲ ਸੌਂਦੇ ਹਨ ਅਤੇ ਦੇਰੀ ਨਾਲ ਜਾਗਦੇ ਹਨ ਜੋ ਸਿਹਤ ਲਈ ਹਾਨੀਕਾਰਕ ਹੈ।"
ਕਾਰਤਿਕ ਭੱਟ ਆਖਦੇ ਹਨ," ਮੋਬਾਇਲ ਫੋਨ ਨਸ਼ੇ ਦੀ ਆਦਤ ਵਰਗਾ ਬਣ ਚੁੱਕਿਆ ਹੈ। ਜੇਕਰ ਅਸੀਂ ਦਸ ਮਿੰਟ ਆਪਣਾ ਫੋਨ ਨਹੀਂ ਦੇਖਦੇ ਤਾਂ ਅਸਹਿਜ ਮਹਿਸੂਸ ਕਰਦੇ ਹਾਂ। ਸਾਨੂੰ ਆਪਣੀ ਇਸ ਆਦਤ ਤੋਂ ਛੁਟਕਾਰਾ ਪਾਉਣ ਦੀ ਲੋੜ ਹੈ।"
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post












