ਫ੍ਰੀਡਮ ਟ੍ਰੈਸ਼ਕੈਨ: ਸੋਸ਼ਲ ਮੀਡੀਆ

ਪੱਛਮੀ ਤੇ ਉੱਤਰੀ ਯੂਰਪ ਵਿੱਚ 10 ਵਿੱਚੋਂ 9 ਲੋਕ ਘੱਟੋ ਘੱਟ ਕਿਸੇ ਇੱਕ ਸੋਸ਼ਲ ਮੀਡੀਆ ਨੈੱਟਵਰਕ 'ਤੇ ਮੌਜੂਦ ਹਨ।
ਪਰ ਆਨਲਾਈਨ ਦੋਸਤਾਂ ਤੇ ਹਸਤੀਆਂ ਨੂੰ ਫੌਲੋ ਕਰਨਾ ਅਤੇ ਉਨ੍ਹਾਂ ਦੀ ਜ਼ਿੰਦਗੀ ਨਾਲ ਖੁਦ ਦੀ ਜ਼ਿੰਦਗੀ ਦੀ ਤੁਲਨਾ ਕਰਨਾ ਸਾਨੂੰ ਦੁਖੀ ਕਰ ਰਿਹਾ ਹੋ ਸਕਦਾ ਹੈ।
ਰਿਸਰਚ ਦੱਸਦੀ ਹੈ ਕਿ ਸੋਸ਼ਲ ਮੀਡੀਆ ਦਾ ਵੱਧ ਇਸਤੇਮਾਲ ਕਰਨ ਵਾਲੇ ਲੋਕ ਮਾਨਸਿਕ ਸਿਹਤ ਦੀਆਂ ਵਧੇਰੇ ਪ੍ਰੇਸ਼ਾਨੀਆਂ ਦੇ ਸ਼ਿਕਾਰ ਹੋ ਸਕਦੇ ਹਨ।
ਖਾਸ ਕਰ ਕੇ ਨੌਜਵਾਨ ਕੁੜੀਆਂ ਦਾ ਮੰਨਣਾ ਹੈ ਕਿ ਸੋਸ਼ਲ ਮੀਡੀਆ ਕਾਰਨ ਉਹ ਆਪਣੀ ਦਿੱਖ ਨੂੰ ਲੈ ਕੇ ਤਣਾਅ ਵਿੱਚ ਆ ਜਾਂਦੀਆਂ ਹਨ।
'ਗਰਲਗਾਈਡਿੰਗ' ਵੱਲੋਂ ਕੀਤੇ ਗਏ ਇੱਕ ਸਰਵੇਖਣ ਵਿੱਚ ਸਾਹਮਣੇ ਆਇਆ ਕਿ ਸੱਤ ਤੋਂ 10 ਸਾਲ ਦੀ ਉਮਰ ਤੱਕ ਦੀਆਂ ਕੁੜੀਆਂ ਨੇ ਕਿਹਾ ਕਿ ਸੋਸ਼ਲ ਮੀਡੀਆ 'ਤੇ ਸਭ ਤੋਂ ਜ਼ਰੂਰੀ ਉਨ੍ਹਾਂ ਲਈ ਇਹ ਹੈ ਕਿ ਉਹ ਕਿਹੋ ਜਿਹੀ ਦਿਖ ਰਹੀਆਂ ਹਨ ਤੇ ਉਹ ਪਰਫੈਕਟ ਨਜ਼ਰ ਆਉਣਾ ਚਾਹੁੰਦੀਆਂ ਹਨ।
ਲੋਕ ਸੋਸ਼ਲ ਮੀਡੀਆ ਦੇ ਚੰਗੇ ਪ੍ਰਭਾਵ ਦੀ ਵੀ ਗੱਲ ਕਰਦੇ ਹਨ। ਉਨ੍ਹਾਂ ਮੁਤਾਬਕ ਸੋਸ਼ਲ ਮੀਡੀਆ ਉਨ੍ਹਾਂ ਨੂੰ ਖੁਦ ਨੂੰ ਜ਼ਾਹਿਰ ਕਰਨ ਦਾ ਮੰਚ ਦਿੰਦਾ ਹੈ ਅਤੇ ਭਾਵੁਕ ਸਹਾਰਾ ਲੱਭ ਰਹੇ ਲੋਕਾਂ ਲਈ ਅਹਿਮ ਹੋ ਸਕਦਾ ਹੈ।
#MeToo ਮੂਵਮੈਂਟ ਵੀ ਸੋਸ਼ਲ ਮੀਡੀਆ ਤੋਂ ਹੀ ਸ਼ੁਰੂ ਹੋ ਕੇ ਕੌਮਾਂਤਰੀ ਪੱਧਰ ਦੀ ਲਹਿਰ ਬਣੀ ਜਿੱਥੇ ਔਰਤਾਂ ਨੇ ਸ਼ੋਸ਼ਣ ਦੀਆਂ ਕਹਾਣੀਆਂ ਆਨਲਾਈਨ ਸਾਂਝੀਆਂ ਕੀਤੀਆਂ ਸਨ। ਪੂਰੀ ਦੁਨੀਆਂ ਦੀ ਅੱਧੀ ਆਬਾਦੀ ਹੁਣ ਸੋਸ਼ਲ ਮੀਡੀਆ ਦਾ ਇਸਤੇਮਾਲ ਕਰਦੀ ਹੈ। ਫੇਸਬੁੱਕ, ਟਵਿੱਟਰ, ਇੰਸਟਾਗ੍ਰਾਮ ਤੋਂ ਲੈ ਕੇ ਏਸ਼ੀਆ ਵਿੱਚ ਵੀਬੋ, ਵੀ ਚੈਟ ਤੇ ਕਾਕਾਓਸਟੋਰੀ ਤੱਕ।











