ਫ੍ਰੀਡਮ ਟ੍ਰੈਸ਼ਕੈਨ: ਝਾੜੂ

ਹਾਲਾਂਕਿ ਸਮਾਜ ਦੇ ਕਈ ਹਿੱਸਿਆਂ ਵਿਚ ਲਿੰਗ ਅਨੁਸਾਰ ਵਿਤਕਰਾ ਕਰਨ ਵਾਲੀਆਂ ਭੂਮਿਕਾਵਾਂ ਨੂੰ ਚੁਣੌਤੀ ਦਿੱਤੀ ਗਈ ਹੈ।
ਫਿਰ ਵੀ ਘਰ ਨੂੰ ਸਾਫ਼-ਸੁੱਥਰਾ ਰੱਖਣ ਬਾਬਤ ਸਮਾਜਿਕ ਤੌਰ 'ਤੇ ਇੱਕ ਦਬਾਅ ਬਣਿਆ ਹੋਇਆ ਹੈ, ਜਿਸ ਕਾਰਨ ਘਰੇਲੂ ਕਾਰਜ ਪਾਰਟ-ਟਾਈਮ ਜਾਂ ਫੁੱਲ-ਟਾਈਮ ਦਾ ਕੰਮ ਬਣ ਜਾਂਦੇ ਹਨ।
ਸਾਲ 2016 ਵਿਚ ਬ੍ਰਿਟੇਨ ਵਿਚ ਕੀਤੇ ਗਏ ਇੱਕ ਸਰਵੇਖਣ ਤੋਂ ਪਤਾ ਲੱਗਾ ਕਿ ਔਸਤ ਤੌਰ 'ਤੇ ਗੈਰ-ਅਦਾਇਗੀ ਵਾਲੇ 60 ਫੀਸਦੀ ਤੋਂ ਵੀ ਜ਼ਿਆਦਾ ਕੰਮ ਔਰਤਾਂ ਵੱਲੋਂ ਕੀਤੇ ਜਾਂਦੇ ਹਨ। ਇਨ੍ਹਾਂ ਕੰਮਾਂ ਵਿਚ ਘਰੇਲੂ ਕਾਰਜ ਸ਼ਾਮਿਲ ਹਨ।
ਜੇਕਰ ਪੂਰੀ ਦੁਨੀਆਂ ਵਿਚ ਅਦਾਇਗੀ ਅਤੇ ਗੈਰ-ਅਦਾਇਗੀ ਵਾਲੇ ਕੰਮ ਦੀ ਕੁਲ ਮਿਲਾ ਕੇ ਗੱਲ ਕੀਤੀ ਜਾਵੇ ਤਾਂ ਸੰਯੁਕਤ ਰਾਸ਼ਟਰ ਦੇ ਅੰਕੜਿਆਂ 'ਤੇ ਨਜ਼ਰ ਮਾਰੀ ਜਾ ਸਕਦੀ ਹੈ।
ਇਨ੍ਹਾਂ ਅੰਕੜਿਆਂ ਮੁਤਾਬਕ ਵਿਕਸਿਤ ਦੇਸਾਂ ਵਿਚ ਔਰਤਾਂ ਆਦਮੀਆਂ ਦੇ ਮੁਕਾਬਲੇ ਔਸਤਨ ਰੋਜ਼ 30 ਮਿੰਟ ਵੱਧ ਕੰਮ ਕਰਦੀਆਂ ਹਨ। ਵਿਕਾਸਸ਼ੀਲ ਦੇਸਾਂ ਵਿਚ ਇਹ ਪਾੜਾ ਵਧ ਕੇ 50 ਮਿੰਟ ਦਾ ਹੋ ਜਾਂਦਾ ਹੈ।
ਇਸਦਾ ਮਤਲਬ ਜੇਕਰ ਮਹਿਲਾਵਾਂ ਹਰ ਰੋਜ਼ 8 ਘੰਟੇ ਸੌਂਦੀਆਂ ਹਨ ਤਾਂ ਉਨ੍ਹਾਂ ਕੋਲ ਆਦਮੀਆਂ ਦੇ ਮੁਕਾਬਲੇ 19 ਦਿਨ ਘੱਟ ਹਨ।
ਘਰੇਲੂ ਕੰਮ, ਜਿਵੇਂ ਕਿ ਸਾਫ਼-ਸਫ਼ਾਈ ਕਰਨਾ ਰਿਵਾਇਤੀ ਤੌਰ 'ਤੇ ਔਰਤਾਂ ਦੀ ਹੀ ਜ਼ਿੰਮੇਵਾਰੀ ਮੰਨੀ ਜਾਂਦੀ ਹੈ।











