ਆਰਿਅਨ ਖ਼ਾਨ ਨੂੰ ਕਿਸਾਨਾਂ ਨਾਲੋਂ ਜ਼ਿਆਦਾ ਕਵਰੇਜ ਕਿਉਂ ਮਿਲੀ

ਤਸਵੀਰ ਸਰੋਤ, Getty Images
- ਲੇਖਕ, ਗੀਤਾ ਪਾਂਡੇ
- ਰੋਲ, ਬੀਬੀਸੀ ਪੱਤਰਕਾਰ
ਭਾਰਤ ਇਨ੍ਹਾਂ ਦਿਨੀਂ ਦੋ ਪੁੱਤਰਾਂ ਦੀ ਕਹਾਣੀ ਅਤੇ ਉਨ੍ਹਾਂ ਬਾਰੇ ਜਾਣਨ ਲਈ ਉਤਸੁਕ ਹੈ।
ਪਹਿਲੇ ਹਨ, ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਦੇ 23 ਸਾਲਾ ਪੁੱਤਰ ਆਰਿਅਨ ਖਾਨ, ਜਿਨ੍ਹਾਂ ਨੂੰ ਐਤਵਾਰ ਸਵੇਰੇ ਇੱਕ ਪਾਰਟੀ ਵਿੱਚ ਮਨੋਰੰਜਨ ਲਈ ਕਥਿਤ ਤੌਰ 'ਤੇ ਡਰੱਗ ਲੈਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ।
ਦੂਜੇ ਹਨ ਭਾਰਤ ਦੇ ਜੂਨੀਅਰ ਗ੍ਰਹਿ ਮੰਤਰੀ ਦੇ ਪੁੱਤਰ ਆਸ਼ੀਸ਼ ਮਿਸ਼ਰਾ, ਜਿਨ੍ਹਾਂ 'ਤੇ ਇਲਜ਼ਾਮ ਹੈ ਕਿ ਉਨ੍ਹਾਂ ਨੇ ਆਪਣੇ ਡਰਾਈਵਰ ਨੂੰ ਆਦੇਸ਼ ਦਿੱਤਾ ਕਿ ਉਹ ਆਪਣੇ ਤੇਜ਼ ਰਫ਼ਤਾਰ ਵਾਹਨ ਨਾਲ ਵਿਰੋਧ ਕਰਨ ਵਾਲੇ ਕਿਸਾਨਾਂ ਦੇ ਸਮੂਹ ਵਿੱਚ ਟੱਕਰ ਮਾਰਨ ਜਿਸ ਦੇ ਨਤੀਜੇ ਵਜੋਂ ਕਈ ਮੌਤਾਂ ਹੋਈਆਂ ਅਤੇ ਕਈ ਜ਼ਖਮੀ ਹੋਏ।
ਖਾਨ ਅਤੇ ਮਿਸ਼ਰਾ ਦੋਵਾਂ ਨੇ ਆਪਣੇ ਵਿਰੁੱਧ ਲੱਗੇ ਇਲਜ਼ਾਮਾਂ ਤੋਂ ਇਨਕਾਰ ਕੀਤਾ ਹੈ ਅਤੇ ਦੋਵੇਂ ਮਾਮਲੇ ਕਿਸੇ ਵੀ ਤਰ੍ਹਾਂ ਇੱਕ-ਦੂਜੇ ਨਾਲ ਜੁੜੇ ਹੋਏ ਨਹੀਂ ਹਨ।
ਪਰ ਜਿਸ ਤਰੀਕੇ ਨਾਲ ਦੋਵਾਂ ਨੌਜਵਾਨਾਂ ਨੂੰ ਲੈ ਕੇ ਕਾਨੂੰਨੀ ਕਾਰਵਾਈ ਹੋਈ ਹੈ ਅਤੇ ਮੀਡੀਆ ਦਾ ਜ਼ਿਆਦਾ ਧਿਆਨ ਖਾਨ ਕੇਸ ਵੱਲ ਵਧੇਰੇ ਹੈ।
ਇਸ ਨੇ ਪ੍ਰੈਸ ਦੇ ਏਜੰਡੇ 'ਤੇ ਕੁਝ ਸਵਾਲ ਖੜ੍ਹੇ ਕਰ ਦਿੱਤੇ ਹਨ ਅਤੇ ਕੁਝ ਹੱਦ ਤੱਕ "ਬਾਲੀਵੁੱਡ ਨੂੰ ਬਦਨਾਮ ਕਰਨ" ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ ਹੈ।
ਇਹ ਵੀ ਪੜ੍ਹੋ-
ਡਰੱਗ ਦਾ 'ਪਰਦਾਫਾਸ਼'
ਖਾਨ ਨੂੰ ਇੱਕ ਕਰੂਜ਼ (ਸਮੁੰਦਰੀ ਜਹਾਜ਼) ਤੋਂ ਉਤਾਰਿਆ ਗਿਆ ਜੋ ਕਿ ਖਾਨ ਅਤੇ ਉਨ੍ਹਾਂ ਦੇ ਪਰਿਵਾਰ ਦੇ ਰਿਹਾਇਸ਼ੀ ਸ਼ਹਿਰ ਮੁੰਬਈ ਤੋਂ ਸੈਲਾਨੀਆਂ ਦੀ ਪਸੰਦੀਦਾ ਥਾਂ ਗੋਆ ਜਾ ਰਿਹਾ ਸੀ।

ਤਸਵੀਰ ਸਰੋਤ, ANI
ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ), ਜਿਸ ਨੇ ਕਈ ਹੋਰਾਂ ਸਮੇਤ ਖਾਨ ਨੂੰ ਗ੍ਰਿਫਤਾਰ ਕੀਤਾ, ਨੇ ਕਿਹਾ ਕਿ ਉਨ੍ਹਾਂ ਨੂੰ "ਗੈਰਕਨੂੰਨੀ ਪਦਾਰਥਾਂ ਦੇ ਕਬਜ਼ੇ, ਇਸਤੇਮਾਲ ਅਤੇ ਵਿਕਰੀ ਨਾਲ ਸੰਬੰਧਿਤ" ਕਾਨੂੰਨਾਂ ਦੇ ਤਹਿਤ ਹਿਰਾਸਤ ਵਿੱਚ ਲਿਆ ਗਿਆ ਹੈ। 23 ਸਾਲਾ ਖਾਨ ਨੂੰ 7 ਅਕਤੂਬਰ ਤੱਕ ਹਿਰਾਸਤ ਵਿੱਚ ਭੇਜਿਆ ਗਿਆ ਹੈ।
ਵਿਸ਼ਲੇਸ਼ਕਾਂ ਨੇ ਕਿਹਾ, ਖਾਨ ਦੀ ਗ੍ਰਿਫਤਾਰੀ ਦੇ ਕਾਗਜ਼ਾਂ ਦੇ ਅਧਾਰ 'ਤੇ, ਜਿਨ੍ਹਾਂ ਅਨੁਸਾਰ ਡਰੱਗ ਦੀ ਮਾਤਰਾ ਇੰਨੀ ਘੱਟ ਸੀ ਕਿ ਉਨ੍ਹਾਂ ਨੂੰ ਹਿਰਾਸਤ ਵਿੱਚ ਰੱਖਣ ਦਾ ਅਸਲ ਵਿੱਚ ਕੋਈ ਕਾਰਨ ਨਹੀਂ ਸੀ।
ਉਨ੍ਹਾਂ ਦੇ ਵਕੀਲ ਸਤੀਸ਼ ਮਾਨਸ਼ਿੰਦੇ ਨੇ ਦੋਸ਼ਾਂ ਤੋਂ ਸਖ਼ਤ ਇਨਕਾਰ ਕੀਤਾ ਹੈ।
ਐਤਵਾਰ ਨੂੰ ਜ਼ਮਾਨਤ ਦੀ ਸੁਣਵਾਈ ਦੌਰਾਨ ਉਨ੍ਹਾਂ ਨੇ ਮੈਜਿਸਟ੍ਰੇਟ ਨੂੰ ਦੱਸਿਆ ਕਿ ਜਦੋਂ ਖਾਨ "ਕਰੂਜ਼ 'ਤੇ ਸਵਾਰ ਹੋਏ ਉਸ ਵੇਲੇ ਉਨ੍ਹਾਂ ਦੀ ਦੋ ਵਾਰ ਜਾਂਚ ਕੀਤੀ ਗਈ ਸੀ" ਅਤੇ "ਉਨ੍ਹਾਂ ਕੋਲ ਕੋਈ ਗ਼ੈਰ-ਕਾਨੂੰਨੀ ਸਾਮਾਨ ਨਹੀਂ ਮਿਲਿਆ ਸੀ" ਅਤੇ "ਇਸ ਗੱਲ ਦਾ ਕੋਈ ਸਬੂਤ ਨਹੀਂ ਸੀ ਕਿ ਉਨ੍ਹਾਂ ਨੇ ਕੋਈ ਡਰੱਗ ਖਾਧਾ ਸੀ।"
ਪ੍ਰਦਰਸ਼ਨ, ਤੇਜ਼ ਗਤੀ ਵਾਲੀ ਕਾਰ ਅਤੇ ਮੌਤਾਂ
ਦੂਜੀ ਘਟਨਾ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਹਿਯੋਗੀ ਮੰਤਰੀ ਅਜੈ ਮਿਸ਼ਰਾ ਦੇ ਬੇਟੇ ਆਸ਼ੀਸ਼ ਮਿਸ਼ਰਾ ਨਾਲ ਜੁੜੀ ਹੈ। ਇਹ ਘਟਨਾ ਉਦੋਂ ਵਾਪਰੀ ਜਦੋਂ ਉੱਤਰ ਪ੍ਰਦੇਸ਼ ਦੇ ਲਖੀਮਪੁਰ ਜ਼ਿਲ੍ਹੇ ਵਿੱਚ ਉਨ੍ਹਾਂ ਦੇ ਕਾਰਾਂ ਦੇ ਕਾਫਲੇ ਵਿੱਚੋਂ ਇੱਕ ਕਾਰ ਕਥਿਤ ਤੌਰ 'ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਸਮੂਹ ਵਿੱਚ ਜਾ ਟਕਰਾਈ।
ਕੁੱਲ ਮਿਲਾ ਕੇ, ਇਸ ਘਟਨਾ ਵਿੱਚ ਅੱਠ ਲੋਕ ਮਾਰੇ ਗਏ। ਖੇਤ ਯੂਨੀਅਨਾਂ ਨੇ ਕਿਹਾ ਕਿ ਦੋ ਪ੍ਰਦਰਸ਼ਨਕਾਰੀਆਂ ਦੀ ਭੱਜਣ ਸਮੇਂ ਮੌਤ ਹੋ ਗਈ, ਦੋ ਹੋਰ ਜੋ ਜ਼ਖਮੀ ਹੋ ਗਏ ਸਨ।
ਇਨ੍ਹਾਂ ਨੇ ਬਾਅਦ ਵਿੱਚ ਹਸਪਤਾਲ ਵਿੱਚ ਦਮ ਤੋੜ ਦਿੱਤਾ ਅਤੇ ਪ੍ਰਦਰਸ਼ਨਕਾਰੀਆਂ ਦੀ ਭੀੜ ਨੇ ਤਿੰਨ ਭਾਜਪਾ ਵਰਕਰਾਂ ਅਤੇ ਡਰਾਈਵਰ ਦੀ ਕੁੱਟਮਾਰ ਕੀਤੀ, ਉਨ੍ਹਾਂ ਦੀ ਵੀ ਮੌਤ ਹੋ ਗਈ।
ਸ਼ੁਰੂਆਤੀ ਰਿਪੋਰਟਾਂ ਵਿੱਚ ਆਸ਼ੀਸ਼ ਮਿਸ਼ਰਾ ਦੇ ਹਵਾਲੇ ਨਾਲ ਕਿਹਾ ਗਿਆ ਕਿ ਉਹ ਪ੍ਰਦਰਸ਼ਨਕਾਰੀਆਂ ਦੁਆਰਾ ਕੁੱਟਮਾਰ ਤੋਂ ਬਚਣ ਲਈ ਖੇਤਾਂ ਵਿੱਚੋਂ ਭੱਜ ਰਹੇ ਸਨ।
ਬਾਅਦ ਵਿੱਚ ਉਨ੍ਹਾਂ ਨੇ ਕਿਹਾ ਕਿ ਉਹ ਘਟਨਾ ਵੇਲੇ ਕਾਰ ਵਿੱਚ ਹੀ ਨਹੀਂ ਸੀ, ਉਨ੍ਹਾਂ ਦੇ ਇਸ ਦਾਅਵੇ ਦਾ ਉਨ੍ਹਾਂ ਦੇ ਪਿਤਾ ਨੇ ਵੀ ਸਮਰਥਨ ਕੀਤਾ ਹੈ।
ਵਿਰੋਧੀ ਪਾਰਟੀਆਂ ਅਤੇ ਕਿਸਾਨ ਯੂਨੀਅਨਾਂ ਦੇ ਵਿਰੋਧ ਤੋਂ ਬਾਅਦ ਪੁਲਿਸ ਨੇ ਆਖਰਕਾਰ ਸੋਮਵਾਰ ਸਵੇਰੇ ਜਾਂਚ ਸ਼ੁਰੂ ਕੀਤੀ ਅਤੇ ਪਿਤਾ-ਪੁੱਤਰ 'ਤੇ ਇਲਜ਼ਾਮ ਲਗਾਏ ਗਏ।
ਉੱਤਰ ਪ੍ਰਦੇਸ਼ ਦੇ ਉੱਤਰੀ ਰਾਜ ਦੇ ਸਾਬਕਾ ਪੁਲਿਸ ਅਧਿਕਾਰੀ ਵਿਕਰਮ ਸਿੰਘ ਨੇ ਕਿਹਾ, "ਸ਼ਿਕਾਇਤ ਦਰਜ ਕਰਨ ਵਿੱਚ ਪੁਲਿਸ ਦੀ ਝਿਜਕ ਅਤੇ ਦੇਰੀ ਮੁਆਫੀ ਯੋਗ ਨਹੀਂ ਹੈ।"
ਉਨ੍ਹਾਂ ਕਿਹਾ, "ਲਖੀਮਪੁਰ ਦੀ ਘਟਨਾ ਬਹੁਤ ਜ਼ਿਆਦਾ ਗੰਭੀਰ ਹੈ ਕਿਉਂਕਿ ਇਸ ਵਿੱਚ ਜਾਨੀ ਨੁਕਸਾਨ ਸ਼ਾਮਲ ਹੈ, ਪਰ ਸੁਰਖੀਆਂ ਖਾਨ ਦੀ ਗ੍ਰਿਫਤਾਰੀ ਨੇ ਬਟੋਰੀਆਂ ਹਨ।"
ਮੀਡੀਆ ਦੀ ਕਵਰੇਜ
ਪੂਰਾ ਐਤਵਾਰ ਕੁਝ ਟੀਵੀ ਟੈਨਲਾਂ ਨੇ ਖ਼ਾਨ ਪਰਿਵਾਰ ਹੀ ਦਿਖਾਇਆ।
ਪੁਲਿਸ ਆਰਿਅਨ ਨੂੰ ਜਿਵੇਂ-ਜਿਵੇਂ ਇੱਕ ਤੋਂ ਦੂਜੀ ਇਮਾਰਤ ਵਿੱਚ ਲੈ ਕੇ ਜਾ ਰਹੀ ਸੀ, ਟੀਵੀ ਚੈਨਲ ਬਸ ਦਿਖਾ ਰਹੇ ਸਨ।
ਆਰਿਅਨ ਦੀ ਗ੍ਰਿਫ਼ਤਾਰੀ ਦਾ ਮੀਮੋ ਟੀਵੀ ਉੱਪਰ ਦਿਖਾਇਆ ਗਿਆ ਤੇ ਵਟਸਐਪ 'ਤੇ ਖੁੱਲ੍ਹ ਕੇ ਸਾਂਝਾ ਕੀਤਾ ਗਿਆ।
ਇੱਕ ਐਂਕਰ ਨੇ ਆਰਿਅਨ ਦੀ ਗ੍ਰਿਫ਼ਤਾਰੀ ਨੂੰ "ਰੇਵ ਪਾਰਟੀ ਦਾ ਇੱਕ ਵੱਡਾ ਖੁਲਾਸਾ'' ਦੱਸਿਆ ਜਦ ਕਿ ਇੱਕ ਹੋਰ ਨੇ ਮੰਗ ਕੀਤੀ ਕਿ "ਬੌਲੀਵੁੱਡ ਅਤੇ ਨਸ਼ਿਆਂ ਦਾ ਨੈਕਸਸ'' ਹੁਣ ਖ਼ਤਮ ਹੋਣਾ ਚਾਹੀਦਾ ਹੈ।

ਤਸਵੀਰ ਸਰੋਤ, Getty Images
ਇਹ ਚੈਨਲ ਅਤੇ ਇਨ੍ਹਾਂ ਉੱਪਰ ਆਏ ਮਹਿਮਾਨ ਲਗਾਤਾਰ ਆਰਿਅਨ ਦੇ ਮਾਪਿਆਂ ਨੂੰ ਮੁੰਡੇ ਦੇ ਮਾੜੇ ਪਾਲਣ-ਪੋਸ਼ਣ ਲਈ ਭੰਡ ਰਹੇ ਸਨ।
ਟਵਿੱਟਰ ਉੱਪਰ ਆਰਿਅਨ ਦਾ ਨਾਮ #BollywoodDruggies ਅਤੇ #BollyDruggiesShamingNation ਟਰੈਂਡ ਕਰਦਾ ਰਿਹਾ।
ਹਾਲਾਂਕਿ ਲਖੀਮਪੁਰ ਖੀਰੀ ਦੀ ਘਟਨਾ ਦੇ ਚੌਵੀ ਘੰਟੇ ਬੀਤ ਜਾਣ ਤੋਂ ਬਾਅਦ ਵੀ ਮਿਸ਼ਰਾ ਪਰਿਵਾਰ ਨੂੰ ਪੁਲਿਸ ਸਟੇਸ਼ਨ ਨਹੀਂ ਬੁਲਾਇਆ ਗਿਆ, ਟੀਵੀ ਚੈਨਲਾਂ ਉਪਰ ਇਸ ਦੀ ਕਵਰੇਜ ਵੀ ਬਹੁਤੀ ਨਹੀਂ ਦਿਖਾਈ ਗਈ।
ਭਾਰਤੀ ਨਿਊਜ਼ ਮੀਡੀਆ ਦੇ ਮਸ਼ਹੂਰ ਐਂਕਰ ਉਨ੍ਹਾਂ ਦੀ ਗ੍ਰਿਫ਼ਤਾਰੀ ਦੀ ਮੰਗ ਤੋਂ ਝਿਜਕਦੇ ਰਹੇ ਸਗੋਂ ਉਨ੍ਹਾਂ ਨੇ ਹਿੰਸਾ ਲਈ ਕਿਸਾਨਾਂ ਨੂੰ ਜ਼ਿੰਮੇਵਾਰ ਦੱਸਿਆ, ਜੋ ਕਿ ਤਿੰਨ ਖੇਤੀ ਕਾਨੂੰਨਾ ਦੇ ਵਿਰੋਧ ਵਿੱਚ ਉੱਤਰੀ ਭਾਰਤ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਲਗਭਗ ਇੱਕ ਸਾਲ ਤੋਂ ਪ੍ਰਦਰਸ਼ਨ ਕਰ ਰਹੇ ਹਨ।
ਸੋਮਵਾਰ ਨੂੰ ਇੱਕ ਹੈਸ਼ਟੈਗ ਜੋ ਟਵਿੱਟਰ ਉੱਪਰ ਘੰਟਿਆਂਬੱਧੀ ਟਰੈਂਡ ਕਰ ਰਿਹਾ ਸੀ ਉਸ ਵਿੱਚ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਗਈ ਸੀ ਕਿ "ਕਿਸਾਨਾਂ ਤੇ ਪ੍ਰਦਰਸ਼ਨਕਾਰੀਆਂ ਨੂੰ ਡੰਡਿਆਂ ਨਾਲ ਕੁੱਟਿਆ'' ਜਾਵੇ।
ਸਟਾਰ ਦਾ ਪੁੱਤਰ ਬਨਾਮ ਅਨਜਾਣ
ਸਾਬਕਾ ਪੱਤਰਕਾਰ ਜੌਹਨ ਥੌਮਸ ਕਹਿੰਦੇ ਹਨ ਕਿ ਨਸ਼ੇ ਦੇ ਖੁਲਾਸੇ ਵਾਲੀ ਕਵਰੇਜ ਬਹੁਤ ਜ਼ਿਆਦਾ ਸੀ ਪਰ "ਸਾਡੇ ਅੱਖਾਂ 'ਤੇ ਅਧਾਰਤ ਅਤੇ ਧਿਆਨ ਖਿੱਚਣ ਵਾਲੀਆਂ ਸੁਰਖੀਆਂ ਵਾਲੀ ਪੱਤਰਕਾਰੀ'' ਵਿੱਚ ਇਸ ਦੀ ਉਮੀਦ ਸੀ।
ਸਟਾਰ ਦੇ ਪੁੱਤਰ ਦੀ ਸਟਾਰ ਵੈਲੀਊ ਨੇ ਕਵਰੇਜ ਨੂੰ ਪ੍ਰਭਾਵਿਤ ਕੀਤਾ। ਇਸ ਨੇ ਟੀਵੀ ਅਤੇ ਪ੍ਰਿੰਟ ਦੇ ਗਾਹਕਾਂ ਨੂੰ ਵੀ ਆਪਣੇ ਵੱਲ ਖਿੱਚਿਆ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਉਨ੍ਹਾਂ ਦਾ ਕਹਿਣਾ ਹੈ, "ਦੂਜੇ ਪਾਸੇ ਸਿਆਸਤਦਾਨ ਦੇ ਪੁੱਤਰ ਨੂੰ ਅਤੇ ਨਾਹੀ ਉਸ ਦੇ ਪਿਤਾ ਨੂੰ ਪੂਰੇ ਦੇਸ਼ ਵਿੱਚ ਕੋਈ ਜਾਣਦਾ ਸੀ। ਮੋਦੀ ਸਰਕਾਰ ਦੇ ਇੱਕ ਜੂਨੀਅਰ ਮੰਤਰੀ ਬਾਰੇ ਕੌਣ ਜਾਣਦਾ ਹੈ?''
ਸਿੰਘ ਦਾ ਕਹਿਣਾ ਹੈ ਕਿ ਜਿਵੇਂ ਆਰਿਅਨ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਲੈ ਕੇ ਜਾਂਦਿਆਂ ਦਿਖਾਇਆ ਗਿਆ ਉਹ ਬੌਲੀਵੁੱਡ ਨੂੰ ਬਦਨਾਮ ਕਰਨ ਦੀ ਇੱਕ ਸੋਚੀ-ਸਮਝੀ ਸਾਜਿਸ਼ ਦਾ ਹਿੱਸਾ ਸੀ।
ਉਹ ਪਿਛਲੇ ਸਾਲ ਰਿਆ ਚੱਕਰਵਰਤੀ ਦਾ ਮਾਮਲਾ ਯਾਦ ਕਰਵਾਉਂਦੇ ਹਨ ਜਿਨ੍ਹਾਂ ਨੂੰ ਉਨ੍ਹਾਂ ਦੇ ਸਾਥੀ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਮੀਡੀਆ ਕਰੂਰਤਾ ਦਾ ਨਿਸ਼ਾਨਾ ਬਣਾਇਆ ਗਿਆ ਸੀ।
ਰਿਆ ਖ਼ਿਲਾਫ਼ ਲਗਾਏ ਜਾ ਰਹੇ ਇਲਜ਼ਾਮਾਂ ਵਿੱਚ ਕੋਈ ਸੱਚਾਈ ਨਹੀਂ ਸੀ ਪਰ ਇਸ ਨੇ ਰਿਆ ਦਾ ਅਕਸ ਮਿੱਟੀ ਵਿੱਚ ਮਿਲਾ ਦਿੱਤਾ।
''ਇਹ ਇੱਕ ਜ਼ਮਾਨਤੀ ਅਪਰਾਧ ਸੀ ਤਾਂ ਐੱਨਸੀਬੀ ਨੇ ਉਸ ਦਾ ਰਿਮਾਂਡ ਕਿਉਂ ਮੰਗਿਆ? ਇਸ ਤੋਂ ਇਲਾਵਾ ਉਨ੍ਹਾਂ ਨੂੰ ਮੁੰਡੇ ਦੀ ਪਛਾਣ ਉਜਾਗਰ ਨਹੀਂ ਕਰਨੀ ਚਾਹੀਦੀ ਅਤੇ ਨਾ ਹੀ ਮੀਡੀਆ ਨੂੰ ਇਹ ਆਗਿਆ ਹੋਣੀ ਚਾਹੀਦੀ ਹੈ ਕਿ ਉਹ ਉਸ ਦੀ ਪੈੜ ਨੱਪੇ ਅਤੇ ਗ੍ਰਿਫ਼ਤਾਰੀ ਤੋਂ ਬਾਅਦ ਉਸ ਦੇ ਹਰ ਕਦਮ ਬਾਰੇ ਰਿਪੋਰਟ ਕਰੇ।''
ਉਨ੍ਹਾਂ ਦਾ ਕਹਿਣਾ ਹੈ ਕਿ 'ਨੌਜਵਾਨਾਂ ਵੱਲੋਂ ਨਸ਼ੇ ਕਰਨਾ ਇੱਕ ''ਮਨੁੱਖੀ ਦੁਖਾਂਤ'' ਹੈ ਤੇ ਅਧਿਕਾਰੀਆਂ ਨੂੰ ਕੁਝ ''ਸੰਵੇਦਨਸ਼ੀਲਤਾ ਦਿਖਾਉਣੀ ਚਾਹੀਦੀ ਸੀ।''
ਉਹ ਕਹਿੰਦੇ ਹਨ, ''ਨਸ਼ੇ ਖ਼ਤਮ ਨਹੀਂ ਕੀਤੇ ਜਾ ਸਕਦੇ, ਇਸ ਲਈ ਨਸ਼ੇ ਦੀ ਲਤ ਵਾਲੇ ਅਭਾਗੇ ਲੋਕਾਂ ਨੂੰ ਨਸ਼ਾ ਮੁਕਤੀ ਕੇਂਦਰਾਂ ਵਿੱਚ ਭੇਜ ਕੇ ਨਜਿੱਠਿਆ ਜਾਣਾ ਚਾਹੀਦਾ ਹੈ ਤਾਂ ਜੋ ਨਸ਼ੀਲੇ ਪਦਾਰਥਾਂ ਦੇ ਪੀੜਤਾਂ ਦਾ ਪੁਨਰਵਾਸ ਹੋ ਸਕੇ।"
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2













