'ਕਿੰਨਰ' ਉੱਤੇ ਬਣੀ ਗਹਿਣਿਆਂ ਦੀ ਮਸ਼ਹੂਰੀ ਸੋਸ਼ਲ ਮੀਡੀਆ ਉੱਤੇ ਇੰਨੀ ਚਰਚਾ 'ਚ ਕਿਉਂ

ਤਸਵੀਰ ਸਰੋਤ, BHIMA JEWELLERY
ਇੱਕ ਭਾਰਤੀ ਰਵਾਇਤੀ ਗਹਿਣਿਆਂ ਦੀ ਮਸ਼ਹੂਰੀ ਨੇ ਲੋਕਾਂ ਦਾ ਦਿਲ ਜਿੱਤ ਲਿਆ ਹੈ ਅਤੇ ਉਸਦਾ ਮੁੱਖ ਕਾਰਨ ਹੈ ਇ ਦੇ ਮਾਡਲ ਜੋ ਕਿ ਇੱਕ ਟ੍ਰਾਂਸਜੈਂਡਰ ਹਨ।
1 ਮਿੰਟ-40 ਸਕਿੰਟ ਦਾ ਇਹ ਵੀਡੀਓ ਇੱਕ ਟ੍ਰਾਂਸ ਮਹਿਲਾ ਦੇ ਪਰਿਵਰਤਨ ਦੀ ਕਹਾਣੀ ਨੂੰ ਦਿਖਾਉਂਦਾ ਹੈ - ਚਿਹਰੇ 'ਤੇ ਵਾਲਾਂ ਵਾਲੀ ਅਤੇ ਘੱਟ ਆਤਮ-ਵਿਸ਼ਵਾਸ ਵਾਲੀ ਇੱਕ ਕਿਸ਼ੋਰੀ, ਜੋ ਕਿ ਇੱਕ ਸੁੰਦਰ ਆਤਮਵਿਸ਼ਵਾਸੀ ਦੁਲਹਨ ਦੇ ਤੌਰ 'ਤੇ ਨਿੱਖਰ ਕੇ ਸਾਹਮਣੇ ਆਉਂਦੀ ਹੈ।
ਕੇਰਲਾ ਦੇ ਗਹਿਣਿਆਂ ਦੇ ਇੱਕ ਬਰਾਂਡ ਭੀਮਾ ਨੇ 22 ਸਾਲਾ ਮੀਰਾ ਸਿੰਘਾਨਿਆ ਰੇਹਾਨੀ ਨੂੰ ਆਪਣੇ ਇਸ ਇਸ਼ਤਿਹਾਰ ਵਿੱਚ ਲਿਆ ਹੈ।
ਵੀਡੀਓ ਵਿੱਚ ਦਰਸਾਇਆ ਗਿਆ ਹੈ ਕਿ ਕਿਵੇਂ ਮਾਡਲ ਨੂੰ ਉਨ੍ਹਾਂ ਦੇ ਪਰਿਵਾਰ ਨੇ ਸਵੀਕਾਰ ਕੀਤਾ ਅਤੇ ਪਿਆਰ ਦਿੱਤਾ - ਤੇ ਉਨ੍ਹਾਂ ਦੀ ਜ਼ਿੰਦਗੀ ਦਾ ਹਰ ਖਾਸ ਪਲ਼ ਪਰਿਵਾਰ ਦੁਆਰਾ ਮਿਲੇ ਸੋਨੇ ਦੇ ਗਹਿਣਿਆਂ ਨਾਲ ਸੰਵਾਰਿਆ ਗਿਆ ਹੈ।
ਪਿਓਰ ਐਜ਼ ਲਵ (ਪਿਆਰ ਵਾਂਗ ਸ਼ੁੱਧ), ਟਾਈਟਲ ਵਾਲੇ ਇਸ ਇਸ਼ਤਿਹਾਰ ਨੂੰ ਅਪ੍ਰੈਲ ਵਿੱਚ ਰਿਲੀਜ਼ ਕੀਤਾ ਗਿਆ ਸੀ।
ਜਿਸਤੋਂ ਬਾਅਦ ਇਸਨੂੰ ਯੂਟਿਊਬ 'ਤੇ 9 ਲੱਖ ਤੋਂ ਵੱਧ ਵਾਰ ਅਤੇ ਇੰਸਟਾਗ੍ਰਾਮ 'ਤੇ 1.4 ਮਿਲੀਅਨ ਵਾਰ ਵੇਖਿਆ ਗਿਆ ਹੈ। ਇਸਦੇ ਨਾਲ ਹੀ ਇਸ ਬਾਰੇ ਲੋਕਾਂ ਨੇ ਆਪਣੇ ਖਾਸ ਵਿਚਾਰ ਵੀ ਸਾਂਝਾ ਕੀਤੇ ਹਨ।
ਟਰਾਂਸਜੈਂਡਰ ਲੋਕਾਂ ਦੀਆਂ ਤਕਲੀਫ਼ਾਂ

ਤਸਵੀਰ ਸਰੋਤ, BHIMA JEWELLERY
ਦਿੱਲੀ ਯੂਨੀਵਰਸਿਟੀ ਦੀ ਸਮਾਜ ਸ਼ਾਸਤਰ ਦੀ ਵਿਦਿਆਰਥਣ ਅਤੇ ਪਾਰਟ-ਟਾਈਮ ਮਾਡਲ, ਮੀਰਾ ਬਾਰੇ ਉਨ੍ਹਾਂ ਦੇ ਪਰਿਵਾਰ ਨੂੰ ਦੋ ਸਾਲ ਪਹਿਲਾਂ ਹੀ ਪਤਾ ਲੱਗਾ।
ਮੀਰਾ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਨੇ ਪਹਿਲੀ ਵਾਰ ਇਸ ਇਸ਼ਤਿਹਾਰ ਬਾਰੇ ਸੁਣਿਆ ਤਾਂ ਉਹ "ਇਸ ਬਾਰੇ ਉਲਝਣ ਵਿੱਚ" ਸਨ।
"ਮੈਂ ਨਹੀਂ ਚਾਹੁੰਦੀ ਸੀ ਕਿ ਕੋਈ ਵਿਅਕਤੀ ਵਪਾਰਕ ਵਰਤੋਂ ਲਈ ਮੇਰੀ ਟਰਾਂਸ ਪਛਾਣ ਨੂੰ ਇਸਤੇਮਾਲ ਕਰੇ।
ਮੈਂ ਇਸ ਕਰਕੇ ਵੀ ਘਬਰਾਈ ਹੋਈ ਸੀ ਕਿ ਫਿਲਮ ਵਿੱਚ ਮੇਰਾ ਬਦਲਾਅ ਵੀ ਦਿਖਾਇਆ ਗਿਆ ਹੈ ਅਤੇ ਬਦਲਾਅ ਤੋਂ ਪਹਿਲਾਂ ਮੈਨੂੰ ਇੱਕ ਦਾੜ੍ਹੀ ਵਾਲੇ ਪੁਰਸ਼ ਦੇ ਰੂਪ ਵਿੱਚ ਦਿਖਾਇਆ ਗਿਆ ਹੈ।"
ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, "ਪਰ ਜਦੋਂ ਮੈਂ ਕਹਾਣੀ ਪੜ੍ਹੀ ਅਤੇ ਨਿਰਦੇਸ਼ਕ ਬਾਰੇ ਜਾਣਕਾਰੀ ਪ੍ਰਾਪਤ ਕੀਤੀ, ਤਾਂ ਮੈਂ ਹਾਂ ਕਹਿ ਦਿਤੀ ਅਤੇ ਮੈਨੂੰ ਖੁਸ਼ੀ ਹੈ ਕਿ ਮੈਂ ਅਜਿਹਾ ਕੀਤਾ। ਅਜਿਹਾ ਕਰਨ ਨਾਲ ਮੈਨੂੰ ਆਪਣੇ-ਆਪ ਨਾਲ ਵੀ ਹੋਰ ਸਹਿਜ ਹੋਣ ਵਿੱਚ ਮਦਦ ਮਿਲੀ।"
ਇੱਕ ਅਨੁਮਾਨ ਦੇ ਅਨੁਸਾਰ ਭਾਰਤ ਵਿੱਚ 20 ਲੱਖ ਟਰਾਂਸਜੈਂਡਰ ਲੋਕ ਹਨ, ਅਤੇ 2014 ਵਿੱਚ ਸੁਪਰੀਮ ਕੋਰਟ ਨੇ ਫੈਸਲਾ ਸੁਣਾਇਆ ਕਿ ਕਾਨੂੰਨ ਦੇ ਅਧੀਨ ਉਨ੍ਹਾਂ ਨੂੰ ਦੂਜੇ ਲਿੰਗ ਦੇ ਲੋਕਾਂ ਦੇ ਬਰਾਬਰ ਅਧਿਕਾਰ ਹਨ।
ਪਰ ਅਜੇ ਵੀ ਉਨ੍ਹਾਂ ਨਾਲ ਦੁਰਵਿਵਹਾਰ ਕੀਤਾ ਜਾਂਦਾ ਹੈ। ਬਹੁਤ ਸਾਰੇ ਟ੍ਰਾਂਸਜੈਂਡਰ ਲੋਕਾਂ ਦੇ ਪਰਿਵਾਰ ਉਨ੍ਹਾਂ ਨੂੰ ਘਰਾਂ ਤੋਂ ਬਾਹਰ ਕੱਢ ਦਿੰਦੇ ਹਨ ਅਤੇ ਬਹੁਤੇ ਅਜੇ ਵੀ ਵਿਆਹਾਂ ਜਾਂ ਬੱਚਿਆਂ ਦੇ ਜਨਮ 'ਤੇ ਨੱਚ-ਗਾ ਕੇ ਜਾਂ ਭੀਖ ਮੰਗ ਕੇ ਅਤੇ ਵੇਸਵਾ ਦੇ ਤੌਰ 'ਤੇ ਆਪਣਾ ਗੁਜ਼ਾਰਾ ਕਰਦੇ ਹਨ।
ਕੇਰਲ ਦੀ ਟਰਾਂਸਜੈਂਡਰ ਲੋਕਾਂ ਬਾਰੇ ਨੀਤੀ
ਟ੍ਰਾਂਸ ਲੋਕਾਂ ਲਈ ਕੇਰਲਾ ਭਾਰਤ ਦਾ ਸਭ ਤੋਂ ਜ਼ਿਆਦਾ ਅਨੁਕੂਲ ਸੂਬਾ ਹੈ - 2015 ਵਿੱਚ, ਲਿੰਗਕ ਘੱਟ ਗਿਣਤੀ ਸਮੂਹ ਪ੍ਰਤੀ ਕਲੰਕ ਦੀ ਭਾਵਨਾ ਅਤੇ ਭੇਦਭਾਵ ਨੂੰ ਖਤਮ ਕਰਨ ਲਈ ਟ੍ਰਾਂਸਜੈਂਡਰ ਨੀਤੀ ਲਿਆਉਣ ਵਾਲਾ ਇਹ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਸੀ।
ਪਰ ਫਿਰ ਵੀ ਭਾਰਤ ਦੇ ਹੋਰ ਸੂਬਿਆਂ ਵਾਂਗ ਕੇਰਲ ਵਿੱਚ ਟ੍ਰਾਂਸਫੋਬੀਆ ਬਣਿਆ ਰਹਿੰਦਾ ਹੈ।
ਨਵਿਆ ਰਾਓ, ਭੀਮਾ ਦੇ ਆਨਲਾਈਨ ਮਾਰਕਿਟਿੰਗ ਹੈੱਡ ਹਨ ਅਤੇ ਉਨ੍ਹਾਂ ਨੇ ਹੀ ਇਸ ਇਸ਼ਤਿਹਾਰ ਦਾ ਵਿਚਾਰ ਦਿੱਤਾ। ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ ਕਿ ਇਸ ਪ੍ਰਸਤਾਵ ਬਾਰੇ ਉਨ੍ਹਾਂ ਦੇ ਸਹਿਕਰਮੀਆਂ ਦੇ "ਡਰ ਅਤੇ ਖਦਸ਼ੇ" ਵੀ ਦਿਖਾਈ ਦਿੱਤੇ।
"ਸਾਡੇ ਪਿਛਲੇ ਸਾਰੇ ਇਸ਼ਤਿਹਾਰਾਂ ਵਿੱਚ ਖੁਸ਼ ਅਤੇ ਹੇਟਰੋਸੈਕਸ਼ੁਅਲ ਵਿਆਹੁਤਾ ਦਿਖਾਈਆਂ ਗਈਆਂ ਸਨ। ਇਸ ਲਈ ਅਸੀਂ ਇਸ ਬਾਰੇ ਚਿੰਤਤ ਸੀ ਕਿ ਲੋਕ ਇਸ ਨੂੰ ਕਿਵੇਂ ਸਮਝਣਗੇ ਅਤੇ ਇਸ ਪ੍ਰਤੀ ਕੀ ਪ੍ਰਤੀਕਿਰਿਆ ਦੇਣਗੇ।"
ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਦੀ ਹੋਮ ਸਕਰੀਨ ਉੱਤੇ ਇੰਝ ਲੈ ਕੇ ਆਓ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
"ਸਾਡੇ ਜ਼ਿਆਦਾਤਰ ਸਟੋਰ ਸੂਬੇ ਦੇ ਪੇਂਡੂ ਹਿੱਸਿਆਂ ਵਿੱਚ ਹਨ। ਸਾਨੂੰ ਪੱਕਾ ਯਕੀਨ ਨਹੀਂ ਸੀ ਕਿ ਉੱਥੋਂ ਦੇ ਲੋਕ ਇਨ੍ਹਾਂ ਮੁੱਦਿਆਂ ਨੂੰ ਲੈ ਕੇ ਕਿੰਨੇ ਕੁ ਖੁੱਲ੍ਹੇ ਹਨ।"
ਆਖਿਰ ਵਿੱਚ ਫੈਸਲਾ ਹੋਇਆ ਕਿ ਉਹ "ਇੱਕ ਸਮਾਜਿਕ ਸੰਦੇਸ਼ ਦੇਣ" ਅਤੇ "ਗੱਲਬਾਤ ਸ਼ੁਰੂ ਕਰਨ" ਵਾਲੇ ਇਸ ਮਸ਼ਹੂਰੀ ਨੂੰ ਬਣਾਉਣਗੇ।
96 ਸਾਲ ਪੁਰਾਣੇ ਗਹਿਣਿਆਂ ਦੇ ਇਸ ਬ੍ਰਾਂਡ ਦੇ ਦੱਖਣੀ ਭਾਰਤ ਵਿੱਚ ਦਰਜਨਾਂ ਸਟੋਰ ਹਨ ਅਤੇ ਇੱਕ ਸ਼ਾਖਾ ਸੰਯੁਕਤ ਅਰਬ ਅਮੀਰਾਤ ਵਿੱਚ ਵੀ ਹੈ।
ਨਵਿਆ ਰਾਓ ਦਾ ਕਹਿਣਾ ਹੈ ਕਿ ਉਹ ਚੰਗੀ ਤਰ੍ਹਾਂ ਜਾਣਦੇ ਸਨ ਕਿ ਇਹ ਇਸ਼ਤਿਹਾਰ ਉਲਟਾ ਪ੍ਰਭਾਵ ਵੀ ਦੇ ਸਕਦਾ ਹੈ।
ਗਹਿਣਿਆਂ ਦੇ ਮਸ਼ਹੂਰ ਬ੍ਰਾਂਡ ਤਨਿਸ਼ਕ ਦੇ ਪਿਛਲੇ ਸਾਲ ਆਏ ਇਸ਼ਤਿਹਾਰ ਨੂੰ ਲੈ ਕੇ ਹੋਏ ਵਿਵਾਦ ਦੀ ਯਾਦ ਨੇ ਵੀ ਡਰ ਪੈਦਾ ਕਰ ਦਿੱਤਾ - ਸੋਸ਼ਲ ਮੀਡੀਆ 'ਤੇ ਰਾਈਟ-ਵਿੰਗ ਦੇ ਵਿਰੋਧ ਤੋਂ ਬਾਅਦ ਅੰਤਰਜਾਤੀ ਜੋੜੇ ਵਾਲੇ ਉਸ ਇਸ਼ਤਿਹਾਰ ਨੂੰ ਹਟਾ ਲਿਆ ਗਿਆ ਸੀ।
ਮੀਰਾ ਦਾ ਕਹਿਣਾ ਹੈ ਕਿ ਉਹ "ਉਨ੍ਹਾਂ ਨੂੰ ਕਾਫੀ ਵਿਵਾਦ ਹੋਣ ਦਾ ਖਦਸ਼ਾ ਸੀ, ਖਾਸ ਕਰਕੇ ਕਿਉਂਕਿ ਇਸ਼ਤਿਹਾਰ ਵਿੱਚ ਇੱਕ ਹਿੰਦੂ ਵਿਆਹ ਦਿਖਾਇਆ ਗਿਆ ਹੈ, ਜੋ ਕਿ ਸਿੱਧੇ ਤੌਰ ਤੇ ਹੇਟਰੋ-ਪੈਟ੍ਰੀਆਰਕਲ ਸਿਸਟਮ ਨੂੰ ਚੁਣੌਤੀ ਦਿੰਦਾ ਹੈ"।
ਮਸ਼ਹੂਰੀ ਕਿਉਂ ‘ਕ੍ਰਾਂਤੀਕਾਰੀ’ ਹੈ?

ਤਸਵੀਰ ਸਰੋਤ, BHIMA JEWELLERY
ਪਰ ਰਾਓ ਕਹਿੰਦੇ ਹਨ "ਪਿਓਰ ਐਜ਼ ਲਵ" ਨੂੰ ਹਲਕੀ ਆਲੋਚਨਾ ਝੱਲਣੀ ਪਈ ਤੇ ਲੋਕਾਂ ਤੋਂ ਜੋ ਚੰਗੀ ਪ੍ਰਤੀਕਿਰਿਆ ਮਿਲੀ ਉਹ "ਜ਼ਬਰਦਸਤ" ਸੀ।
ਉਨ੍ਹਾਂ ਕਿਹਾ, "ਇਸ਼ਤਿਹਾਰ ਦੀ ਕੁਝ ਆਲੋਚਨਾ ਹੋਈ ਅਤੇ ਸਾਡੇ 'ਤੇ ਦੋਸ਼ ਲਾਇਆ ਗਿਆ ਸੀ ਕਿ ਅਸੀਂ ਅਜਿਹੀ ਚੀਜ਼ ਨੂੰ ਆਵਾਜ਼ ਦੇ ਰਹੇ ਹਾਂ ਜੋ ਗੈਰ ਕੁਦਰਤੀ ਹੈ ਅਤੇ ਜੋ ਸਮਾਜ ਵਿੱਚ ਨਹੀਂ ਹੋਣੀ ਚਾਹੀਦੀ।"
"ਪਰ ਸਾਡੇ ਇਨਬਾਕਸ ਸਕਾਰਾਤਮਕ ਸੰਦੇਸ਼ਾਂ ਨਾਲ ਭਰੇ ਹੋਏ ਸਨ। LGBTQI ਸਮੁਦਾਏ ਦੇ ਬਹੁਤ ਲੋਕਾਂ ਨੇ ਸਾਨੂੰ ਸੰਪਰਕ ਕੀਤਾ ਅਤੇ ਕਿਹਾ ਕਿ ਇਸ ਇਸ਼ਤਿਹਾਰ ਨੇ ਉਨ੍ਹਾਂ ਦੇ ਦਿਲ ਨੂੰ ਛੂਹ ਲਿਆ ਸੀ"।
ਇੱਕ ਵੀਡੀਓ ਪਲੇਟਫਾਰਮ ਫਾਇਰਵਰਕ ਦੇ ਬ੍ਰਾਂਡ ਰਣਨੀਤੀਕਾਰ ਅਤੇ ਲੇਖਿਕਾ ਸੁਧਾ ਪਿਲੱਈ ਨੇ ਇਸ ਇਸ਼ਤਿਹਾਰ ਨੂੰ "ਕ੍ਰਾਂਤੀਕਾਰੀ" ਦੱਸਿਆ ਹੈ।
ਉਨ੍ਹਾਂ ਕਿਹਾ, "ਮੈਂ ਇਸਨੂੰ ਇੱਕ ਮਲਿਆਲਮ ਨਿਊਜ਼ ਚੈਨਲ 'ਤੇ ਵੇਖਿਆ ਅਤੇ ਮੈਂ ਸੋਚਿਆ ਕਿ ਉਹ ਭਾਵੇਂ ਕੋਈ ਗਹਿਣੇ ਨਾ ਵੇਚਣ, ਪਰ ਜੇ ਉਹ ਲੋਕਾਂ ਦੀਆਂ ਨਜ਼ਰਾਂ ਵਿੱਚ ਆਉਣਾ ਚਾਹੁੰਦੇ ਸਨ, ਤਾਂ ਇਹ ਉਨ੍ਹਾਂ ਨੇ ਕਰ ਦਿਖਾਈਆਂ ਹੈ।"
ਉਹ ਅੱਗੇ ਕਹਿੰਦੇ ਹਨ, "ਮੈਂ ਕਦੇ ਵੀ ਕਿਸੇ ਰਵਾਇਤੀ ਬਰਾਂਡ ਨੂੰ ਅਜਿਹਾ ਕੰਮ ਕਰਦੇ ਨਹੀਂ ਵੇਖਿਆ। ਰਵਾਇਤੀ ਗਹਿਣਿਆਂ ਦੇ ਬਰਾਂਡ ਲਈ ਇਸ ਤਰ੍ਹਾਂ ਦਾ ਜੋਖ਼ਮ ਲੈਣਾ ਕ੍ਰਾਂਤੀਕਾਰੀ ਸੀ।"
ਇੰਸਟਾਗ੍ਰਾਮ 'ਤੇ, ਬਹੁਤ ਸਾਰੇ ਲੋਕਾਂ ਨੇ ਇਸ ਨੂੰ "ਸ਼ਾਨਦਾਰ" ਅਤੇ "ਖੂਬਸੂਰਤ" ਦੱਸਿਆ ਅਤੇ ਕਿਹਾ ਕਿ ਇਸ ਨੂੰ ਦੇਖ ਕੇ ਉਨ੍ਹਾਂ ਦੀਆਂ "ਅੱਖਾਂ ਨਮ" ਹੋ ਗਈਆਂ।
ਯੂਟਿਬ 'ਤੇ ਇਕ ਟਿੱਪਣੀ ਵਿੱਚ ਲਿਖਿਆ ਗਿਆ, "ਮੈਨੂੰ ਅਜਿਹਾ ਵਿਅਕਤੀ ਦੇਣ ਲਈ ਤੁਹਾਡਾ ਧੰਨਵਾ, ਜਿਸਨੂੰ ਮੈਂ ਪਰਦੇ 'ਤੇ ਵੇਖਣਾ ਚਾਹਾਂ।"
"ਤੁਸੀਂ ਇਸ ਫਿਲਮ ਲਈ ਇੱਕ ਟਰਾਂਸ ਵਿਅਕਤੀ ਨੂੰ ਚੁਣਿਆ, ਇਹ ਦੇਖ ਕੇ ਮੇਰੀਆਂ ਅੱਖਾਂ ਵਿੱਚ ਹੰਝੂ ਆ ਗਏ ... ਪਹਿਲੀ ਵਾਰ ਅਹਿਸਾਸ ਹੋਇਆ ਕਿ ਮੇਰੀ ਕਹਾਣੀ ਵੀ ਅਹਿਮੀਅਤ ਰੱਖਦੀ ਹੈ ... ਅਤੇ ਸਾਨੂੰ ਵੀ ਖੁਸ਼ ਰਹਿਣ ਦਾ ਹੱਕ ਹੈ। ਇਹ ਕਮਾਲ ਹੈ! ਭੀਮਾ।"
ਪਿੱਲਈ ਕਹਿੰਦੇ ਹਨ, ਕਿ ਭਾਰਤ ਵਿੱਚ, ਜਿੱਥੇ ਫਿਲਮਾਂ ਅਤੇ ਪ੍ਰਸਿੱਧ ਸੰਸਕ੍ਰਿਤੀ (ਪਾਪੂਲਰ ਕਲਚਰ) ਅਜੇ ਵੀ ਜਿਆਦਾਤਰ ਟ੍ਰਾਂਸਜੈਂਡਰ ਲੋਕਾਂ ਨੂੰ ਕੈਰੀਕੇਚਰ/ਹਾਸੋਹੀਣੇ ਢੰਗ ਨਾਲ ਵਿੱਚ ਪੇਸ਼ ਕਰਦੇ ਹਨ, ਇਸ ਤਰ੍ਹਾਂ ਦੇ ਵਿਗਿਆਪਨ ਪੂਰੀ ਖੇਡ ਨੂੰ ਬਦਲਣ ਵਾਲੇ ਸਾਬਿਤ ਹੋ ਸਕਦੇ ਹਨ।
"ਫਿਲਮਾਂ ਦੇ ਮੁਕਾਬਲੇ ਇਸ਼ਤਿਹਾਰ ਅਤੇ ਟੀਵੀ ਸੀਰੀਜ਼ ਬਹੁਤ ਜ਼ਿਆਦਾ ਪ੍ਰਭਾਵਸ਼ਾਲੀ ਹੁੰਦੇ ਹਨ। ਉਹ ਘਰਾਂ ਵਿੱਚ ਵਾਰ-ਵਾਰ ਦੇਖੇ ਜਾਂਦੇ ਹਨ ਅਤੇ ਲੋਕਾਂ ਦੇ ਵਿਚਾਰ ਬਦਲਣ ਦੀ ਸ਼ਕਤੀ ਰੱਖਦੇ ਹਨ। ਸ਼ੁਰੂ ਵਿੱਚ ਉਨ੍ਹਾਂ ਦਾ ਥੋੜ੍ਹਾ ਜਿਹਾ ਵਿਰੋਧ ਹੋ ਸਕਦਾ ਹੈ, ਪਰ ਉਹ ਪੂਰੀ ਬਾਜ਼ੀ ਪਲਟਣ ਵਾਲੇ ਹੋ ਸਕਦੇ ਹਨ।"
ਪਿਲੱਈ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਇਸ਼ਤਿਹਾਰ ਦੀ ਪ੍ਰਸ਼ੰਸਾ ਕੀਤੀ, ਤਾਂ ਉਨ੍ਹਾਂ ਨੂੰ ਜ਼ਿਆਦਾਤਰ ਰੂੜੀਵਾਦੀ ਭਾਰਤੀਆਂ ਅਤੇ ਗੁੱਸੇ ਭਰੇ ਟ੍ਰੋਲਸ ਤੋਂ ਪ੍ਰਤੀਕਿਰਿਆ ਦੀ ਉਮੀਦ ਸੀ।
ਉਨ੍ਹਾਂ ਨੇ ਕਿਹਾ "ਵਿਚਾਰਾਂ ਵਿੱਚ ਕੁਝ ਅੰਤਰ ਸਨ, ਪਰ ਉਨ੍ਹਾਂ ਲੋਕਾਂ ਦੀ ਗਿਣਤੀ ਬਹੁਤ ਘੱਟ ਸੀ, ਜਿਨ੍ਹਾਂ ਨੂੰ ਇਸ ਨਾਲ ਅਸਹਿਜ ਮਹਿਸੂਸ ਹੋਇਆ। 95% ਤੋਂ ਵੱਧ ਪ੍ਰਤੀਕਿਰਿਆਵਾਂ ਸਕਾਰਾਤਮਕ ਸਨ ਅਤੇ ਇਹ ਆਪਣੇ ਆਪ ਵਿੱਚ ਬਹੁਤ ਖੁਸ਼ੀ ਦੀ ਗੱਲ ਸੀ।"
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












