ਸਮਾਜ ਤੋਂ ਬੇਪ੍ਰਵਾਹ, ਰੀਤਾਂ ਤੋਂ ਪਰੇ - ਸਫ਼ਲ ਪ੍ਰੇਮ ਕਹਾਣੀ

ਪ੍ਰੀਤੀਸ਼ਾ ਅਤੇ ਪ੍ਰੇਮ
    • ਲੇਖਕ, ਵਿਗਨੇਸ਼ ਏ
    • ਰੋਲ, ਪੱਤਰਕਾਰ, ਬੀਬੀਸੀ ਤੇਲਗੂ

ਜਦੋਂ ਵਿਆਹ ਦੀ ਗੱਲ ਆਉਂਦੀ ਹੈ ਤਾਂ ਸਾਰੇ ਲੋਕ ਇਸ ਨੂੰ ਧੂਮਧਾਮ ਨਾਲ ਮਨਾਉਣਾ ਚਾਹੁੰਦੇ ਹਨ। ਚੇਨਈ ਵਿੱਚ ਉਸ ਦੁਪਹਿਰ ਹੋਏ ਇੱਕ ਵਿਆਹ ਵਿੱਚ ਕਈ ਖ਼ਾਸ ਗੱਲਾਂ ਸਨ।

ਸਭ ਤੋਂ ਪਹਿਲਾਂ ਤਾਂ ਇਹ ਕਿ ਇਹ ਬਿਨਾਂ ਕਿਸੇ ਤਿਆਰੀ ਅਤੇ ਦਿਖਾਵੇ ਦੇ ਹੋਇਆ।

ਦੂਜੀ ਖ਼ਾਸ ਗੱਲ ਇਹ ਸੀ ਕਿ ਇਹ ਵਿਆਹ ਬਿਨਾਂ ਰਿਵਾਜ਼ਾਂ ਦੇ ਹੋਇਆ।

ਇਹ ਵਿਆਹ ਸੀ ਪ੍ਰੀਤੀਸ਼ਾ ਅਤੇ ਪ੍ਰੇਮ ਕੁਮਾਰਨ ਦਾ।

ਪ੍ਰੀਤੀਸ਼ਾ ਮੁੰਡਾ ਪੈਦਾ ਹੋਈ ਸੀ ਜਦੋਂ ਕਿ ਕੁਮਾਰਨ ਕੁੜੀ।

ਕੌਮਾਂਤਰੀ ਔਰਤ ਦਿਵਸ ਮੌਕੇ ਚੇਨਈ ਵਿੱਚ ਦੋਵਾਂ ਨੇ 'ਆਤਮ-ਸਨਮਾਨੀ' ਵਿਆਹ ਕਰਵਾਇਆ।

ਪ੍ਰੀਤੀਸ਼ਾ ਨੇ ਬੀਬੀਸੀ ਨੂੰ ਕਿਹਾ, "ਮੈਂ ਮੁੰਡੇ ਦੇ ਰੂਪ ਵਿੱਚ ਜਨਮ ਲਿਆ ਸੀ ਪਰ ਜਦੋਂ ਮੈਂ 14 ਸਾਲ ਦੀ ਹੋਈ ਤਾਂ ਮੈਨੂੰ ਲੱਗਾ ਕਿ ਮੇਰੇ ਅੰਦਰ ਕੁਝ ਕੁੜੀ ਵਰਗਾ ਹੈ।"

ਆਤਮ-ਸਨਮਾਨੀ ਵਿਆਹ, ਬਿਨਾਂ ਰਿਵਾਜ਼ਾਂ ਵਾਲੇ ਵਿਆਹ ਨੂੰ ਕਿਹਾ ਜਾਂਦਾ ਹੈ। ਤਰਕਸ਼ੀਲ ਪੇਰਿਆਰ ਨੇ ਇਹ ਪਰੰਪਰਾ ਸ਼ੁਰੂ ਕੀਤੀ ਸੀ।

ਇਹ ਉਨ੍ਹਾਂ ਲੋਕਾਂ ਲਈ ਹੈ ਜੋ ਕਿਸੇ ਜਾਤ ਜਾਂ ਧਾਰਮਿਕ ਰੀਤੀ ਰਿਵਾਜ਼ਾਂ ਨਾਲ ਆਪਣਾ ਵਿਆਹ ਨਹੀਂ ਕਰਾਉਣਾ ਚਾਹੁੰਦੇ।

ਕੀ ਹੈ ਪ੍ਰੀਤੀਸ਼ਾ ਦੀ ਕਹਾਣੀ?

ਛੇ ਸਾਲ ਪਹਿਲਾਂ ਪ੍ਰੀਤੀਸ਼ਾ ਅਤੇ ਪ੍ਰੇਮ ਫੇਸਬੁਕ ਉੱਤੇ ਦੋਸਤ ਬਣੇ। ਉਨ੍ਹਾਂ ਦੀ ਦੋਸਤੀ ਬਾਅਦ ਵਿੱਚ ਪਿਆਰ ਵਿੱਚ ਬਦਲ ਗਈ।

ਤਾਮਿਲਨਾਡੂ ਵਿੱਚ ਤੀਰੁਨੇਲਵੇਲੀ ਦੇ ਕਲਿਆਣੀਪੁਰਮ ਪਿੰਡ ਵਿੱਚ 1988 ਵਿੱਚ ਜੰਮੀ ਪ੍ਰੀਤੀਸ਼ਾ ਆਪਣੇ ਮਾਪਿਆਂ ਦੀ ਤੀਜੀ ਔਲਾਦ ਹਨ।

ਪ੍ਰੀਤੀਸ਼ਾ

ਸਕੂਲ ਦੌਰਾਨ ਪ੍ਰੀਤੀਸ਼ਾ ਨੂੰ ਸਟੇਜ 'ਤੇ ਨਾਟਕ ਖੇਡਣਾ ਪਸੰਦ ਸੀ ਅਤੇ ਅੱਜ ਉਹ ਇੱਕ ਪ੍ਰੋਫੈਸ਼ਨਲ ਸਟੇਜ ਆਰਟਿਸਟ ਅਤੇ ਐਕਟਿੰਗ ਟਰੇਨਰ ਹੈ।

ਪ੍ਰੀਤੀਸ਼ਾ ਕਹਿੰਦੀ ਹੈ, "ਇਹ 2004 ਜਾਂ 2005 ਦੀ ਗੱਲ ਹੈ ਜਦੋਂ ਮੈਂ ਆਪਣੇ ਰਿਸ਼ਤੇਦਾਰ ਨੂੰ ਮਿਲਣ ਪਾਂਡੀਚਰੀ ਗਈ, ਤਾਂ ਮੈਨੂੰ ਸੁਧਾ ਨਾਂ ਦੀ ਇੱਕ ਟਰਾਂਸਜੈਂਡਰ ਨੂੰ ਮਿਲਣ ਦਾ ਮੌਕਾ ਮਿਲਿਆ। ਉਨ੍ਹਾਂ ਤੋਂ ਮੈਨੂੰ ਕੱਡਲੂਰ ਦੀ ਪੂੰਗੋਡੀ ਬਾਰੇ ਵਿੱਚ ਪਤਾ ਲੱਗਾ। .

ਪੂੰਗੋਡੀਅੰਮਾ (ਪੂੰਗੋਡੀ ਨੂੰ ਪ੍ਰੀਤੀਸ਼ਾ ਮਾਂ ਦੀ ਤਰ੍ਹਾਂ ਸੰਬੋਧਿਤ ਕਰਦੀ ਹੈ ਇਸ ਲਈ ਪੂੰਗੋਡੀ ਮਾਂ ਬੁਲਾਉਂਦੀ ਹੈ) ਅਤੇ ਤਾਮਿਲਨਾਡੂ ਦੇ ਕੁਝ ਹੋਰ ਟਰਾਂਸਜੈਂਡਰ ਪੁਣੇ ਵਿੱਚ ਇੱਕ ਕਿਰਾਏ ਦੇ ਮਕਾਨ ਵਿੱਚ ਰਹਿੰਦੇ ਸਨ।

ਉਨ੍ਹਾਂ ਨੂੰ ਪਤਾ ਲੱਗਾ ਕਿ ਉਸ ਮਕਾਨ ਵਿੱਚ ਰਹਿਣ ਵਾਲੇ ਜ਼ਿਆਦਾਤਰ ਟਰਾਂਸਜੈਂਡਰ ਜਾਂ ਤਾਂ ਭੀਖ ਮੰਗਦੇ ਸਨ ਜਾਂ ਵੇਸਵਾ ਸਨ। ਪ੍ਰੀਤੀਸ਼ਾ ਅਜਿਹਾ ਕੁਝ ਵੀ ਨਹੀਂ ਕਰਨਾ ਚਾਹੁੰਦੀ ਸੀ।

ਸੁਧਾ ਦੀ ਸਲਾਹ ਨਾਲ ਉਨ੍ਹਾ ਟਰੇਨ ਵਿੱਚ ਚਾਬੀਆਂ ਵਾਲੀ ਜ਼ੰਜੀਰਾਂ ਅਤੇ ਮੋਬਾਈਲ ਫ਼ੋਨ ਵੇਚਣਾ ਸ਼ੁਰੂ ਕੀਤਾ।

ਕਈ ਟਰਾਂਸਜੈਂਡਰਾਂ ਨੇ ਇਸ ਦਾ ਵਿਰੋਧ ਕੀਤਾ ਕਿ ਉਹ ਭੀਖ ਮੰਗਣ ਦਾ ਕੰਮ ਕਰਦੇ ਹਨ ਅਤੇ ਜੇ ਮੈਂ ਚੀਜ਼ਾਂ ਵੇਚਾਂਗੀ ਤਾਂ ਲੋਕ ਉਨ੍ਹਾਂ ਨੂੰ ਸਵਾਲ ਪੁੱਛਣਗੇ।

ਲਿੰਗ ਬਦਲਣ ਲਈ ਸਰਜਰੀ

ਲੋਕਲ ਟਰੇਨਾਂ ਵਿੱਚ ਚੀਜ਼ਾਂ ਵੇਚਣ ਉੱਤੇ ਰੋਕ ਦੇ ਬਾਵਜੂਦ ਉਹ ਛੋਟੇ ਜਿਹੇ ਕੰਮ-ਕਾਜ ਨੂੰ ਸ਼ੁਰੂ ਕਰਨ ਵਿੱਚ ਕਾਮਯਾਬ ਰਹੇ।

ਇਸ ਤੋਂ ਸਾਨੂੰ ਹਰ ਦਿਨ 300-400 ਰੁਪਏ ਕਮਾਉਣ ਵਿੱਚ ਮਦਦ ਮਿਲਦੀ ਸੀ।

ਪ੍ਰੀਤੀਸ਼ਾ

17 ਸਾਲ ਦੀ ਉਮਰ ਵਿੱਚ ਉਨ੍ਹਾਂ ਨੇ ਆਪਣੀ ਕਮਾਈ ਦੇ ਪੈਸੇ ਨਾਲ ਲਿੰਗ ਤਬਦੀਲੀ ਦੀ ਸਰਜਰੀ ਕਰਵਾ ਲਈ।

ਪ੍ਰੀਤੀਸ਼ਾ ਨੇ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਨੇ ਉਸ ਸਰਜਰੀ ਤੋਂ ਬਾਅਦ ਉਨ੍ਹਾਂ ਨੂੰ ਸਵੀਕਾਰ ਕਰ ਲਿਆ ਅਤੇ ਹੁਣ ਉਹ ਆਪਣੇ ਪਰਿਵਾਰ ਦੇ ਸੰਪਰਕ ਵਿੱਚ ਹਨ।

ਬਾਅਦ ਵਿੱਚ ਉਹ ਦਿੱਲੀ ਵਿੱਚ ਇੱਕ ਟਰਾਂਸਜੈਂਡਰ ਆਰਟ ਕਲੱਬ ਨਾਲ ਜੁੜ ਗਈ।

ਤਿੰਨ-ਚਾਰ ਸਾਲ ਬਾਅਦ ਉਹ ਵਾਪਸ ਚੇਨਈ ਪਰਤ ਆਈ।

ਪ੍ਰੀਤੀਸ਼ਾ ਕਹਿੰਦੀ ਹੈ, "ਜਦੋਂ ਮੈਂ ਚੇਨਈ ਵਿੱਚ ਅਦਾਕਾਰੀ ਕਰਨੀ ਸ਼ੁਰੂ ਕੀਤੀ ਤਾਂ ਮੇਰੀ ਮੁਲਾਕਾਤ ਮਣਿਕੁੱਟੀ ਅਤੇ ਜੇਯਾਰਮਣ ਨਾਲ ਹੋਈ। ਉਨ੍ਹਾਂ ਨਾਲ ਹੋਈ ਦੋਸਤੀ ਨਾਲ ਮੇਰੀ ਅਦਾਕਾਰੀ ਹੋਰ ਨਿੱਖਰ ਗਈ।

ਕੀ ਹੈ ਪ੍ਰੇਮ ਕਹਾਣੀ?

ਪ੍ਰੇਮ ਕੁਮਾਰਨ ਦਾ ਜਨਮ ਤਾਮਿਲਨਾਡੂ ਦੇ ਇਰੋਡ ਜ਼ਿਲ੍ਹੇ ਵਿੱਚ 1991 ਵਿੱਚ ਇੱਕ ਕੁੜੀ ਦੇ ਰੂਪ ਵਿੱਚ ਹੋਇਆ ਸੀ।

ਜਦੋਂ ਉਹ ਬਾਲਗ ਹੋਏ ਤਾਂ ਉਨ੍ਹਾਂ ਨੂੰ ਲੱਗਾ ਕਿ ਉਨ੍ਹਾਂ ਔਰਤ ਸਰੀਰ ਵਿੱਚ ਇੱਕ ਪੁਰਖ ਦੀ ਭਾਵਨਾ ਹੈ। ਪਰ ਉਨ੍ਹਾਂ ਦੀ ਮਾਂ ਨੇ ਇਸ ਨੂੰ ਖ਼ਾਰਜ ਕਰ ਦਿੱਤਾ।

ਪ੍ਰੀਤੀਸ਼ਾ ਅਤੇ ਪ੍ਰੇਮ

ਪ੍ਰੇਮ ਨੇ ਇੱਕ ਕੁੜੀ ਦੇ ਰੂਪ ਵਿੱਚ ਕਾਲਜ ਵਿੱਚ ਦਾਖਲਾ ਲਿਆ। ਕਾਲਜ ਦੇ ਦਿਨਾਂ ਵਿੱਚ ਉਹ ਇੱਕ ਦੁਰਘਟਨਾ ਵਿੱਚ ਜ਼ਖ਼ਮੀ ਹੋ ਗਏ ਅਤੇ ਉਨ੍ਹਾਂ ਨੂੰ ਅੱਗੇ ਦੀ ਪੜਾਈ ਛੱਡਣੀ ਪਈ।

2012 ਵਿੱਚ ਪ੍ਰੇਮ ਲਿੰਗ ਬਦਲਣ ਦੇ ਆਪ੍ਰੇਸ਼ਨ ਦੀ ਜਾਣਕਾਰੀ ਲੈਣ ਚੇਨਈ ਆਏ। ਉਹ ਪ੍ਰੀਤੀਸ਼ਾ ਅਤੇ ਉਨ੍ਹਾਂ ਦੇ ਦੋਸਤਾਂ ਦੇ ਨਾਲ ਰਹੇ।

ਇਹ ਇਨ੍ਹਾਂ ਦੋਵਾਂ ਦੀ ਪਹਿਲੀ ਮੁਲਾਕਾਤ ਸੀ ਅਤੇ ਫਿਰ ਦੋਵੇਂ ਚੰਗੇ ਦੋਸਤ ਬਣ ਗਏ।

ਇਸ ਦੌਰਾਨ ਉਹ ਪ੍ਰੀਤੀਸ਼ਾ ਕੋਲ ਦੋ-ਤਿੰਨ ਦਿਨਾਂ ਲਈ ਰਹੇ ਸਨ।

ਉਨ੍ਹਾਂ ਪ੍ਰੀਤੀਸ਼ਾ ਨੂੰ ਆਪਣੀ ਇੱਛਾ ਦੱਸੀ। ਉਨ੍ਹਾਂ ਪ੍ਰੇਮ ਨੂੰ ਉਸ ਦੇ ਜੈਂਡਰ ਨੂੰ ਅਪਣਾਉਣ ਲਈ ਪ੍ਰੋਤਸਾਹਿਤ ਕੀਤਾ ਜਿਸ ਵਿੱਚ ਉਹ ਸਹਿਜ ਮਹਿਸੂਸ ਕਰਦੇ ਸਨ।

ਦੋਵੇਂ ਸੋਸ਼ਲ ਮੀਡੀਆ ਦੇ ਜਰੀਏ ਇੱਕ ਦੂਜੇ ਨਾਲ ਜੁੜੇ ਰਹੇ ਅਤੇ ਕਦੇ-ਕਦੇ ਮਿਲਦੇ ਰਹੇ।

ਪ੍ਰੇਮ ਨੇ ਆਪਣੇ ਟਰਾਂਸਜੈਂਡਰ ਦੋਸਤਾਂ ਨਾਲ ਲਿੰਗ ਤਬਦੀਲੀ ਸਰਜਰੀ ਬਾਰੇ ਵਿੱਚ ਪੁੱਛਿਆ।

ਪ੍ਰੇਮ ਨੇ ਬੀਬੀਸੀ ਨੂੰ ਕਿਹਾ ਕਿ 2016 ਵਿੱਚ ਉਨ੍ਹਾਂ ਨੇ ਆਪਣੇ ਇੱਕ ਸ਼ੁੱਭਚਿੰਤਕ ਦੀ ਮਦਦ ਨਾਲ ਚੇਨਈ ਵਿੱਚ ਲਿੰਗ ਤਬਦੀਲੀ ਸਰਜਰੀ ਕਰਵਾਈ। ਉਨ੍ਹਾਂ ਦੇ ਪਰਿਵਾਰ ਨੂੰ ਇਸ ਦੀ ਜਾਣਕਾਰੀ ਨਹੀਂ ਸੀ।

ਇੱਕ ਦਿਨ ਪ੍ਰੀਤੀਸ਼ਾ ਨੇ ਪ੍ਰੇਮ ਨੂੰ ਇੱਕ ਗੱਲ ਪੁੱਛੀ, "ਕੀ ਅਸੀਂ ਦੋਵੇਂ ਇਕੱਠੇ ਰਹਿ ਸਕਦੇ ਹਾਂ?"

ਪ੍ਰੀਤੀਸ਼ਾ ਅਤੇ ਪ੍ਰੇਮ

ਪ੍ਰੇਮ ਨੂੰ ਹਾਲਾਂਕਿ ਹੈਰਾਨੀ ਹੋਈ, ਪਰ ਉਨ੍ਹਾਂ ਉਸੇ ਵੇਲੇ ਇਸ ਪ੍ਰਸਤਾਵ ਨੂੰ ਸਵੀਕਾਰ ਕਰ ਲਿਆ ਤੇ ਉਨ੍ਹਾਂ ਦੀ ਦੋਸਤੀ ਪਿਆਰ ਵਿੱਚ ਬਦਲ ਗਈ। .

ਜਦੋਂ ਦੋਵਾਂ ਨੇ ਵਿਆਹ ਕੀਤਾ

ਇਹ ਦੋਵੇਂ ਚੇਨਈ ਸਥਿਤ ਪੇਰਿਆਰ ਆਤਮ-ਸਨਮਾਨੀ ਵਿਆਹ ਕੇਂਦਰ ਪੁੱਜੇ।

ਕੌਮਾਂਤਰੀ ਔਰਤ ਦਿਵਸ ਨੂੰ ਦੋਵਾਂ ਨੇ ਕੁਝ ਗਵਾਹਾਂ ਦੀ ਹਾਜ਼ਰੀ ਵਿੱਚ ਵਿਆਹ ਕਰਵਾ ਲਿਆ।

ਦੋਨਾਂ ਨੇ ਜੀਵਨ ਭਰ ਇੱਕ-ਦੂਜੇ ਦੇ ਨਾਲ ਰਹਿਣ ਦਾ ਪ੍ਰਣ ਕੀਤਾ।

ਉਨ੍ਹਾਂ ਕਿਸੇ ਰਿਵਾਜ ਨੂੰ ਨਹੀਂ ਮੰਨਿਆ ਜਿਵੇਂ ਕਿ ਮੰਗਲ-ਸੂਤਰ ਵਗ਼ੈਰਾ।

ਪ੍ਰੀਤੀਸ਼ਾ ਕਹਿੰਦੀ ਹੈ, "ਕੁਝ ਲੋਕ ਸਾਨੂੰ ਪਰੇਸ਼ਾਨ ਕਰਦੇ ਹਨ। ਮੇਰੇ ਗੁਆਂਢੀ ਸਾਨੂੰ ਇੱਥੋਂ ਜਾਣ ਲਈ ਕਹਿੰਦੇ ਹਨ। ਹਾਲਾਂਕਿ ਸਾਡਾ ਮਕਾਨ ਮਾਲਕ ਸਾਨੂੰ ਸਮਝਦਾ ਹੈ ਅਤੇ ਸਾਡਾ ਸਮਰਥਨ ਵੀ ਕਰਦਾ ਹੈ।"

ਦੋਵਾਂ ਨੂੰ ਆਰਥਿਕ ਸਮੱਸਿਆ ਨਾਲ ਵੀ ਜੂਝਣਾ ਪੈ ਰਿਹਾ ਹੈ।

ਪ੍ਰੀਤੀਸ਼ਾ ਨੇ ਬੀਬੀਸੀ ਨੂੰ ਕਿਹਾ, "ਮੈਂ ਪ੍ਰੇਮ ਦੀ ਪੜ੍ਹਾਈ ਪੂਰੀ ਕਰਵਾਵਾਂਗੀ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)