ਕਿੰਨਰ ਨਾਲ ਵਿਆਹ ਕਰਵਾਉਣ ਵਾਲੇ ਮਰਦ ਦੀ ਕਹਾਣੀ

ਮੇਰੇ ਦੋਸਤ ਅਤੇ ਮੁਹੱਲੇ ਵਾਲਿਆਂ ਨੂੰ ਲਗਦਾ ਹੈ ਕਿ ਮੈਂ ਸਿਰਫ਼ ਪੈਸੇ ਲਈ ਨਿਸ਼ਾ ਦੇ ਨਾਲ ਹਾਂ। ਉਹ ਪੈਸਾ ਕਮਾਉਂਦੀ ਹੈ ਅਤੇ ਮੈਂ ਖਰਚ ਕਰਦਾ ਹਾਂ।
ਆਮ ਲੋਕਾਂ ਨੂੰ ਵੀ ਇਹੀ ਲਗਦਾ ਹੈ ਕਿ ਖੁਸਰੇ ਪੈਸੇ ਵਾਲੇ ਹੁੰਦੇ ਹਨ। ਉਨ੍ਹਾਂ ਕੋਲ ਮੁਫ਼ਤ ਦਾ ਪੈਸਾ ਹੁੰਦਾ ਹੈ ਅਤੇ ਪਰਿਵਾਰਕ ਜ਼ਿੰਮੇਦਾਰੀਆਂ ਕਝ ਨਹੀਂ ਹੁੰਦੀਆਂ।
ਪਰ ਇਹ ਲੋਕਾਂ ਦੀ ਗ਼ਲਤਫਹਿਮੀ ਹੈ। ਇਹ ਅੱਧਾ ਸੱਚ ਹੈ।
ਇਹ ਵੀ ਪੜ੍ਹੋ:
ਮੈਂ ਅਤੇ ਨਿਸ਼ਾ ਇਸ 10x10 ਦੇ ਫੁੱਟ ਦੇ ਕਮਰੇ ਵਿੱਚ ਰਹਿੰਦੇ ਹਾਂ। ਰਾਤ ਨੂੰ ਜਦੋਂ ਕਮਰੇ ਵਿੱਚ ਹਲਕੀ ਰੋਸ਼ਨੀ ਹੁੰਦੀ ਹੈ ਤਾਂ ਕੰਧਾਂ ਦਾ ਇਹ ਕੇਸਰੀਆਂ ਰੰਗ ਮੈਨੂੰ ਚੰਗਾ ਲਗਦਾ ਹੈ।
ਸਾਡੇ ਕੋਲ ਇੱਕ ਢੋਲਕ ਹੈ, ਇੱਕ ਬਿਸਤਰਾ ਅਤੇ ਕੋਨੇ ਵਿੱਚ ਦੁਰਗਾ ਜੀ ਦੀਆਂ ਇਹ ਮੂਰਤੀਆਂ। ਨਿਸ਼ਾ ਇਨ੍ਹਾਂ ਦੀ ਪੂਜਾ ਕਰਦੀ ਹੈ।
ਨਿਸ਼ਾ ਕਹਿੰਦੀ ਹੈ ਕਿ ਜਦੋਂ ਅਸੀਂ ਆਪਣੇ ਰਿਸ਼ਤੇ ਬਾਰੇ ਆਪਣੇ ਪਰਿਵਾਰ ਵਾਲਿਆਂ ਨੂੰ ਹੀ ਨਹੀਂ ਸਮਝਾ ਸਕੇ ਤਾਂ ਲੋਕਾਂ ਨੂੰ ਇਸ ਬਾਰੇ ਸਮਝਾਉਣ ਨਾਲ ਕੀ ਬਦਲ ਜਾਵੇਗਾ।
ਇਸ ਲਈ ਘਰ ਦੇ ਲੋਕਾਂ ਬਾਰੇ ਉਹ ਬਾਹਰ ਦੇ ਲੋਕਾਂ ਨਾਲ ਘੱਟ ਹੀ ਗੱਲਬਾਤ ਕਰਦੀ ਹੈ।
ਨਿਸ਼ਾ ਮੈਨੂੰ ਕਿਸੇ ਅਦਾਕਾਰਾ ਤੋਂ ਘੱਟ ਨਹੀਂ ਲੱਗਦੀ। ਵੱਡੀਆਂ-ਵੱਡੀਆਂ ਅੱਖਾ, ਸਾਫ਼ ਰੰਗ। ਮੱਥੇ 'ਤੇ ਵੱਡੀ ਬੰਦੀ ਲਗਾਉਣ ਦਾ ਉਸ ਨੂੰ ਬਹੁਤ ਸ਼ੌਕ ਹੈ।
ਸਾਡੀ ਦੋਵਾਂ ਦੀ ਕਹਾਣੀ 12 ਸਾਲ ਪਹਿਲਾਂ ਦੋਸਤੀ ਤੋਂ ਸ਼ੁਰੂ ਹੋਈ।
ਮਾੜੀ ਸੰਗਤ
ਪਹਿਲਾਂ ਨਿਸ਼ਾ ਦਾ ਨਾਮ ਪ੍ਰਵੀਨ ਸੀ। ਅਸੀਂ ਇੱਕ ਹੀ ਮੁਹੱਲੇ ਵਿੱਚ ਰਹਿੰਦੇ ਸੀ। ਜਦੋਂ ਮੈਂ ਪ੍ਰਵੀਨ ਨੂੰ ਪਹਿਲੀ ਵਾਰ ਮਿਲਿਆ ਤਾਂ ਉਹ ਦੱਸਵੀਂ ਵਿੱਚ ਸੀ।
ਮੈਂ ਛੇਵੀਂ ਕਲਾਸ ਵਿੱਚ ਪੜ੍ਹਾਈ ਛੱਡ ਦਿੱਤੀ ਸੀ। ਮਾਂ-ਪਿਓ ਅਤੇ ਵੱਡੇ ਭਰਾ ਨੇ ਕਾਫ਼ੀ ਸਮਝਾਇਆ ਸੀ ਕਿ ਮੈਂ ਸਕੂਲ ਜਾਵਾਂ। ਪਰ ਉਨ੍ਹਾਂ ਦਿਨਾਂ ਵਿੱਚ ਅਸੀਂ ਖ਼ੁਦ ਨੂੰ ਹੀਰੋ ਸਮਝਦੇ ਸੀ।
ਅੱਜ ਮੈਂ ਭਾਵੇਂ ਹੀ ਉਸ ਨੂੰ 'ਮਾੜੀ ਸੰਗਤ' ਕਹਾਂ, ਪਰ ਜਿਨ੍ਹਾਂ ਲੋਕਾਂ ਵਿੱਚ ਮੈਂ ਉੱਠ-ਬੈਠ ਰਿਹਾ ਸੀ, ਉਨ੍ਹਾਂ ਦਾ ਮੇਰੇ ਉੱਤੇ ਕਾਫ਼ੀ ਅਸਰ ਸੀ।
-----------------------------------------------------------------------------------------------------------------------------
ਬੀਬੀਸੀ ਦੀ ਖ਼ਾਸ ਸੀਰੀਜ਼ #HisChoice 10 ਭਾਰਤੀ ਮਰਦਾਂ ਦੇ ਜੀਵਨ ਦੀਆਂ ਸੱਚੀ ਕਹਾਣੀਆਂ ਦੀ ਖ਼ਾਸ ਲੜੀ ਹੈ।
ਇਹ ਕਹਾਣੀਆਂ ਆਧੁਨਿਕ ਭਾਰਤੀ ਮਰਦਾਂ ਦੇ ਵਿਚਾਰ ਅਤੇ ਉਨ੍ਹਾਂ ਸਾਹਮਣੇ ਮੌਜੂਦ ਵਿਕਲਪ, ਉਨ੍ਹਾਂ ਦੀਆਂ ਇੱਛਾਵਾਂ ਅਤੇ ਮੁੱਢਲੀਆਂ ਜ਼ਰੂਰਤਾਂ ਨੂੰ ਪੇਸ਼ ਕਰਦੀਆਂ ਹਨ।
-----------------------------------------------------------------------------------------------------------------------------
ਉਨ੍ਹਾਂ ਵਿੱਚੋਂ ਹੀ ਕੁਝ ਲੋਕਾਂ ਨਾਲ ਮਿਲ ਕੇ ਮੈਂ ਵਿਆਹ ਵਾਲੇ ਘਰਾਂ ਵਿੱਚ ਜਾ ਕੇ 'ਘੋੜੀ', ਟੱਪੇ, ਬੰਨੇ ਅਤੇ ਕਈ ਤਰ੍ਹਾਂ ਦੇ ਲੋਕ ਗੀਤ ਗਾਉਣ ਦਾ ਕੰਮ ਸ਼ੁਰੂ ਕੀਤਾ।
16 ਸਾਲ ਦੀ ਉਮਰ ਵਿੱਚ ਮੈਂ ਆਪਣੇ ਖਰਚੇ ਖ਼ੁਦ ਚੁੱਕਣ ਦੇ ਲਾਇਕ ਹੋ ਗਿਆ ਸੀ। ਉੱਧਰ, ਪ੍ਰਵੀਨ ਬਾਹਰਵੀਂ ਕਲਾਸ ਵਿੱਚ ਆ ਗਿਆ ਸੀ।
'ਉਸ ਨੂੰ ਬੰਨ ਕੇ ਕੁੱਟਿਆ'
ਅਸੀਂ ਦੋਵੇਂ ਨਾਬਾਲਿਗ ਸੀ ਅਤੇ ਲਵ-ਰਿਲੇਸ਼ਨਸ਼ਿਪ ਵਿੱਚ ਸੀ। ਉਹ ਕੁੜੀ ਹੈ ਜਾਂ ਮੁੰਡਾ, ਇਸ ਗੱਲ ਨਾਲ ਮੈਨੂੰ ਕਦੇ ਫ਼ਰਕ ਮਹਿਸੂਸ ਨਹੀਂ ਹੋਇਆ।
ਉਨ੍ਹਾਂ ਦਾ ਖ਼ੂਬਸੂਰਤ ਹੋਣਾ ਜਾਂ ਕੁੜੀ ਵਰਗਾ ਦਿਖਣਾ, ਮੇਰੇ ਲਈ ਮਾਅਨੇ ਨਹੀਂ ਰੱਖਦਾ ਸੀ। ਸਗੋਂ ਜਦੋਂ ਮੈਂ ਅਤੇ ਪ੍ਰਵੀਨ ਮਿਲੇ ਸੀ ਤਾਂ ਉਹ ਮੁੰਡਿਆਂ ਦੀ ਤਰ੍ਹਾਂ ਹੀ ਪੈਂਟ-ਸ਼ਰਟ ਪਾਉਂਦਾ ਸੀ।
ਕਿਸੇ ਕੁੜੀ ਨਾਲ ਰਿਲੇਸ਼ਨ ਵਿੱਚ ਰਹਿਣਾ ਕਿਸ ਤਰ੍ਹਾਂ ਦਾ ਹੁੰਦਾ ਹੈ, ਇਹ ਵੀ ਮੈਨੂੰ ਇਸ ਲਈ ਪਤਾ ਹੈ ਕਿਉਂਕਿ ਪ੍ਰਵੀਨ ਤੋਂ ਪਹਿਲਾਂ ਮੈਂ ਇੱਕ ਕੁੜੀ ਨਾਲ ਦੋ ਸਾਲ ਤੱਕ ਰਿਲੇਸ਼ਨ ਵਿੱਚ ਸੀ। ਉਹ ਮੇਰੇ ਤੋਂ ਅੱਠ ਸਾਲ ਵੱਡੀ ਸੀ। ਬਾਅਦ ਵਿੱਚ ਉਸਦਾ ਵਿਆਹ ਹੋ ਗਿਆ।

ਪਰ ਪ੍ਰਵੀਨ ਨਾਲ ਹੋਣ ਦਾ ਅਹਿਸਾਸ ਮੈਨੂੰ ਸ਼ੁਰੂ ਤੋਂ ਹੀ ਚੰਗਾ ਲੱਗਿਆ। ਘਰ ਵਿੱਚ ਮੈਂ ਪਤੀ ਹਾਂ ਅਤੇ ਉਹ ਪਤਨੀ। ਅਜਿਹਾ ਇਸ ਲਈ ਹੈ ਕਿਉਂਕਿ ਪ੍ਰਵੀਨ ਦੀਆਂ ਭਾਵਨਾਵਾਂ ਸ਼ੁਰੂ ਤੋਂ ਹੀ ਕੁੜੀਆਂ ਵਾਲੀਆਂ ਸਨ।
ਉਸ ਨੂੰ ਮੇਕਅਪ ਕਰਨ ਦਾ ਬਹੁਤ ਸ਼ੌਕ ਹੈ। 12ਵੀਂ ਕਲਾਸ ਵਿੱਚ ਹੀ ਉਸ ਨੇ ਆਪਣੇ ਕੰਨਾਂ ਵਿੱਚ ਛੇਕ ਕਰਵਾ ਲਏ ਸੀ ਅਤੇ ਵਾਲ ਵਧਾਉਣ ਸ਼ੁਰੂ ਕਰ ਦਿੱਤੇ ਸਨ। ਇੱਥੋਂ ਤੱਕ ਕੋਈ ਮੁਸ਼ਕਿਲ ਨਹੀਂ ਸੀ।
ਪਰ ਜਦੋਂ ਪ੍ਰਵੀਨ ਦੇ ਘਰ ਵਾਲਿਆਂ ਨੂੰ ਪਤਾ ਲੱਗਾ ਕਿ ਉਨ੍ਹਾਂ ਦਾ ਮੁੰਡਾ ਸਮਲਿੰਗੀ ਹੈ ਅਤੇ ਉਹ ਮੇਰੇ ਨਾਲ ਰਿਲੇਸ਼ਨ ਵਿੱਚ ਹੈ ਤਾਂ ਉਨ੍ਹਾਂ ਨੇ ਰੱਸੀ ਨਾਲ ਬੰਨ ਕੇ ਉਸ ਨੂੰ ਕੁੱਟਿਆ। ਅਜਿਹਾ ਸਿਰਫ਼ ਇੱਕ ਵਾਰ ਨਹੀਂ ਹੋਇਆ।
ਉਨ੍ਹਾਂ ਨੇ ਪ੍ਰਵੀਨ ਨੂੰ ਘਰੋਂ ਕੱਢਿਆ ਤਾਂ ਨਹੀਂ, ਪਰ ਉਸ ਨੂੰ ਛੱਤ 'ਤੇ ਬਣੇ ਇੱਕ ਕਮਰੇ ਵਿੱਚ ਰਹਿਣ ਲਈ ਕਹਿ ਦਿੱਤਾ ਅਤੇ ਉੱਥੇ ਦਾ ਪਾਣੀ ਅਤੇ ਬਿਜਲੀ ਬੰਦ ਕਰ ਦਿੱਤੀ।
ਕਿੰਨਰਾਂ ਦਾ ਗਰੁੱਪ
ਉਹ ਪੜ੍ਹਾਈ ਕਰ ਸਕੇ ਇਸ ਲਈ ਉਦੋਂ ਮੈਂ ਇੱਕ ਬੈਟਰੀ ਦਾ ਇੰਤਜ਼ਾਮ ਕੀਤਾ। ਮੈਨੂੰ ਲਗਦਾ ਹੈ ਉਸ ਸਮੇਂ ਜਿਹੜੀਆਂ ਤਕਲੀਫ਼ਾਂ ਸਨ, ਉਨ੍ਹਾਂ ਨਾਲ ਅਸੀਂ ਦੋਵੇਂ ਇਕੱਠੇ ਲੜੇ ਜਿਸ ਕਾਰਨ ਸਾਡਾ ਰਿਸ਼ਤਾ ਹੋਰ ਮਜ਼ਬੂਤ ਹੋ ਗਿਆ।
ਮੈਨੂੰ ਖੁਸ਼ੀ ਹੈ ਕਿ ਪ੍ਰਵੀਨ ਮੇਰੇ ਤੋਂ ਵੱਧ ਪੜ੍ਹ-ਲਿਖ ਗਿਆ। ਮੇਰੀ ਮਾਂ ਕਹਿੰਦੀ ਸੀ ਪੜ੍ਹਨ-ਲਿਖਣ ਨਾਲ ਦੁਨੀਆਂ ਬਦਲ ਜਾਂਦੀ ਹੈ। ਪਰ ਪ੍ਰਵੀਨ ਲਈ ਦੁਨੀਆਂ ਨਹੀਂ ਬਦਲੀ।
'ਸਮਲਿੰਗੀ ਨੂੰ ਨੌਕਰੀ ਨਹੀਂ ਦੇਵਾਂਗੇ', ਅਜਿਹਾ ਕਹਿ ਕੇ ਕਈ ਲੋਕਾਂ ਨੇ ਪ੍ਰਵੀਨ ਨੂੰ ਕੰਮ ਉੱਤੇ ਰੱਖਣ ਲਈ ਨਾਂਹ ਕਰ ਦਿੱਤੀ।
ਇਸੇ ਕਾਰਨ ਪ੍ਰਵੀਨ ਨੇ ਖੁੱਸਰਿਆਂ ਦੇ ਗਰੁੱਪ ਵਿੱਚ ਸ਼ਾਮਲ ਹੋਣ ਦਾ ਫ਼ੈਸਲਾ ਕੀਤਾ ਸੀ। ਸਾਡੇ ਕੋਲ ਕੋਈ ਬਦਲ ਨਹੀਂ ਸੀ।
#HisChoice ਸੀਰੀਜ਼ ਦੀ ਬਾਕੀ ਕਹਾਣੀਆਂ ਵੀ ਪੜ੍ਹੋ:
ਮੈਂ ਜਾਣਦਾ ਸੀ ਕਿ ਖੁਸਰਿਆਂ ਦੇ ਗਰੁੱਪ ਵਿੱਚ ਸ਼ਾਮਲ ਹੋਣ ਦਾ ਮਤਲਬ, ਵਿਆਹਾਂ ਅਤੇ ਲੋਕਾਂ ਦੀ ਖੁਸ਼ੀ ਦੇ ਮੌਕਿਆਂ 'ਤੇ ਗਾਉਣਾ-ਵਜਾਉਣਾ ਅਤੇ ਪੈਸੇ ਮੰਗਣਾ ਹੈ।
ਮੈਨੂੰ ਅੱਜ ਵੀ ਯਾਦ ਹੈ ਉਹ ਦਿਨ, ਜਦੋਂ ਮੈਂ ਪਹਿਲੀ ਵਾਰ ਨਿਸ਼ਾ ਨੂੰ ਗਲੀ ਵਿੱਚ ਖੁੱਸਰਿਆਂ ਦੀ ਤਰ੍ਹਾਂ ਤਾੜੀਆਂ ਮਾਰਦੇ ਦੇਖਿਆ ਸੀ ਤਾਂ ਮੈਨੂੰ ਬਹੁਤ ਦੁਖ਼ ਹੋਇਆ ਸੀ।
ਲੋਕਾਂ ਨੇ, ਉਸਦੇ ਘਰ ਵਾਲਿਆਂ ਨੇ ਉਸ ਨੂੰ ਉਂਝ ਵੀ ਅਪਣਾਇਆ ਹੁੰਦਾ, ਉਸਦੀ ਥੋੜ੍ਹੀ ਜਿਹੀ ਵੀ ਮਦਦ ਕੀਤੀ ਹੁੰਦੀ ਤਾਂ ਉਹ ਅੱਜ ਕੁਝ ਹੋਰ ਕਰ ਰਹੀ ਹੁੰਦੀ। ਉਸ ਨੂੰ ਮਜਬੂਰੀ ਵਿਚ ਇਸ ਪੇਸ਼ੇ ਵਿੱਚ ਨਾ ਆਉਣਾ ਪੈਂਦਾ।
ਨਿਸ਼ਾ ਦੇ ਨਾਲ ਜੋ ਹੋਇਆ, ਉਸ ਨੂੰ ਲੈ ਕੇ ਸ਼ੁਰੂ ਵਿੱਚ ਮੈਨੂੰ ਥੋੜ੍ਹਾ ਗੁੱਸਾ ਆਉਂਦਾ ਸੀ। ਪਰ ਉਸਦੇ ਕੰਮ ਨੂੰ ਲੈ ਕੇ ਸ਼ਰਮਿੰਦਗੀ ਦਾ ਅਹਿਸਾਸ ਮੈਨੂੰ ਕਦੇ ਨਹੀਂ ਹੋਇਆ, ਕਿਉਂਕਿ ਉਹ ਖੁਸ਼ ਸੀ। ਅਸੀਂ ਖੁਸ਼ ਸੀ। ਖੁੱਸਰੇ ਗਰੁੱਪ ਦੀ ਮੁਖੀਆ ਨੇ ਪ੍ਰਵੀਨ ਦਾ ਨਾਮ ਬਦਲ ਕੇ ਨਿਸ਼ਾ ਰੱਖਿਆ ਸੀ।
ਮੈਂ ਇਸ ਸਭ ਵਿੱਚ ਉਸਦਾ ਸਾਥ ਦਿੱਤਾ ਪਰ ਉਸਦੇ ਵੱਡੇ ਭਰਾ ਅਤੇ ਉਸਦੇ ਪਿਤਾ ਨੇ ਕਈ ਵਾਰ ਉਸ ਨੂੰ ਕੁੱਟਿਆ। ਨਿਸ਼ਾ ਦੇ ਘਰ ਦਾ ਮਾਹੌਲ ਐਨਾ ਖ਼ਰਾਬ ਹੋ ਗਿਆ ਕਿ ਜਦੋਂ ਉਸਦੀ ਮਾਂ ਦਾ ਦੇਹਾਂਤ ਹੋਇਆ ਤਾਂ ਪਰਿਵਾਰ ਵਾਲਿਆਂ ਨੇ ਉਸ ਨੂੰ ਮੁੰਡਨ ਕਰਵਾਉਣ ਲਈ ਕਿਹਾ ਪਰ ਨਿਸ਼ਾ ਨੇ ਸਾਫ਼ ਨਾਂਹ ਕਰ ਦਿੱਤੀ।
'ਖੁਸਰਿਆਂ ਦਾ ਵਿਆਹ'
ਨਿਸ਼ਾ ਦੀ ਮਾਂ ਦੇ ਦੇਹਾਂਤ ਤੋਂ ਕੁਝ ਦਿਨ ਬਾਅਦ ਅਸੀਂ ਵਿਆਹ ਕਰਵਾ ਲਿਆ। ਸਾਡੇ ਵਿਆਹ ਨੂੰ ਲਗਭਗ 10 ਸਾਲ ਹੋ ਗਏ ਹਨ।
ਇੱਕ ਵਾਰ ਅਸੀਂ ਸਰਕਾਰੀ ਦਫ਼ਤਰ ਵਿੱਚ ਜਾ ਕੇ ਛੋਟੇ ਬਾਬੂ ਤੋਂ ਆਪਣਾ ਵਿਆਹ ਰਜਿਸਟਰ ਕਰਵਾਉਣ ਬਾਰੇ ਪੁੱਛਿਆ ਸੀ। ਉਹ ਬੋਲੇ, "ਖੁੱਸਰਿਆਂ ਦਾ ਵਿਆਹ ਰਜਿਸਟਰ ਨਹੀਂ ਹੁੰਦਾ।"
ਕਿਸੇ ਨੇ ਦੱਸਿਆ ਕਿ ਜੇਕਰ ਨਿਸ਼ਾ ਸੈਕਸ ਚੇਂਜ ਆਪ੍ਰੇਸ਼ਨ ਕਰਵਾ ਲਵੇ ਤਾਂ ਵਿਆਹ ਰਜਿਸਟਰ ਹੋ ਸਕਦਾ ਹੈ। ਪਰ ਇਹ ਸਭ ਕਰਨ ਦੀ ਲੋੜ ਸਾਨੂੰ ਮਹਿਸੂਸ ਨਹੀਂ ਹੋਈ। ਤਾਂ ਸਾਡੇ ਵਿਆਹ ਦੀ ਕੋਈ ਕਾਗਜ਼ੀ ਜਾਂ ਕਾਨੂੰਨੀ ਮਾਨਤਾ ਨਹੀਂ ਹੈ।

ਅਜਿਹਾ ਰਿਸ਼ਤਾ ਬਣਾਉਣ ਵਾਲੇ ਅਸੀਂ ਇਕੱਲੇ ਨਹੀਂ ਹਾਂ। ਨਿਸ਼ਾ ਦੇ ਗਰੁੱਪ ਵਿੱਚ ਕਰੀਬ 25 ਖੁੱਸਰੇ ਅਜਿਹੇ ਹਨ ਜਿਨ੍ਹਾਂ ਨਾਲ ਮਰਦਾਂ ਨੇ ਵਿਆਹ ਕਰਵਾਇਆ ਹੈ।
ਇਨ੍ਹਾਂ 25 ਵਿੱਚੋਂ 10 ਮਰਦ ਅਜਿਹੇ ਹਨ ਜਿਨ੍ਹਾਂ ਦਾ ਕਿਸੇ ਔਰਤ ਨਾਲ ਵੀ ਵਿਆਹ ਹੋਇਆ, ਉਨ੍ਹਾਂ ਦਾ ਪਰਿਵਾਰ ਹੈ ਅਤੇ ਬੱਚੇ ਵੀ। ਪਰ ਉਹ ਹਫ਼ਤੇ ਵਿੱਚ ਖੁਸਰੇ-ਪਾਰਟਨਰ ਨਾਲ ਰਹਿੰਦੇ ਹਨ।
ਉਸਦਾ ਕੁੜੀਆਂ ਦੀ ਤਰ੍ਹਾਂ ਪੇਸ਼ ਆਉਣਾ
ਨਿਸ਼ਾ ਅਤੇ ਮੇਰੇ ਰਿਸ਼ਤੇ ਵਿੱਚ ਇਹ ਪਹਿਲਾਂ ਤੋਂ ਹੀ ਤੈਅ ਸੀ ਕਿ ਬੰਦਾ (ਪਤੀ) ਮੈਂ ਹਾਂ ਅਤੇ ਨਿਸ਼ਾ ਮੇਰੀ ਪਤਨੀ ਹੈ। ਉਹ ਮੇਰੇ ਲਈ ਕਰਵਾਚੌਥ ਦਾ ਵਰਤ ਵੀ ਰੱਖ ਲੈਂਦੀ ਹੈ। ਤਿਆਰ ਹੁੰਦੀ ਹੈ ਤਾਂ ਮੇਰੇ ਤੋਂ ਪੁੱਛਦੀ ਹੈ ਕਿ ਉਹ ਕਿਸ ਤਰ੍ਹਾਂ ਦੀ ਲੱਗ ਰਹੀ ਹੈ।
ਪਰ ਸਾਡੇ ਵਿੱਚ ਇਹ ਨਹੀਂ ਹੈ ਕਿ ਘਰ ਵਿੱਚ ਮਰਦ ਮੈਂ ਹਾਂ ਤਾਂ ਮੇਰੀ ਹੀ ਚੱਲੇਗੀ।
ਹਰ ਛੇ ਮਹੀਨੇ ਵਿੱਚ ਖੁਸਰਾ-ਗਰੁੱਪ ਦੇ ਮੈਂਬਰ ਇੱਕ ਪਾਰਟੀ ਕਰਦੇ ਹਨ। ਇਸ ਵਿੱਚ ਸਾਰੇ ਖੁਸਰੇ ਆਪਣੇ ਪਤੀਆਂ ਨਾਲ ਆਉਂਦੇ ਹਨ।
ਨਿਸ਼ਾ ਅਤੇ ਮੈਨੂੰ ਇਹ ਪਾਰਟੀਆਂ ਬਹੁਤ ਪਸੰਦ ਹਨ। ਇਨ੍ਹਾਂ ਪਾਰਟੀਆਂ ਵਿੱਚ ਸਾਰੇ ਖ਼ੂਬ ਡਾਂਸ ਕਰਦੇ ਹਨ ਅਤੇ ਚੰਗਾ ਖਾਂਦੇ-ਪੀਂਦੇ ਹਨ।
ਇਹ ਵੀ ਪੜ੍ਹੋ:
ਮੈਨੂੰ ਇਹ ਪਾਰਟੀਆਂ ਇਸ ਲਈ ਵੀ ਪਸੰਦ ਹਨ ਕਿਉਂਕਿ ਇਸ ਵਿੱਚ ਨਿਸ਼ਾ ਇੱਕ ਖੁਸਰੇ ਦੀ ਤਰ੍ਹਾਂ ਨਹੀਂ, ਸਗੋਂ ਇੱਕ 'ਔਰਤ ਦੀ ਤਰ੍ਹਾਂ' ਪੇਸ਼ ਆਉਂਦੀ ਹੈ।
ਕਈ ਵਾਰ ਖੁਸਰੇ, ਮੁੰਡਿਆਂ ਨੂੰ ਵੀ ਛੇੜ ਦਿੰਦੇ ਹਨ। ਪਰ ਨਿਸ਼ਾ ਇਨ੍ਹਾਂ ਪਾਰਟੀਆਂ ਵਿੱਚ ਜਾਂ ਕਿਤੇ ਘੁੰਮਦੇ ਸਮੇਂ ਇਹ ਖਿਆਲ ਰੱਖਦੀ ਹੈ ਕਿ ਉਹ ਤਾੜੀਆਂ ਨਾ ਮਾਰੇ, ਗਾਲਾਂ ਨਾ ਕੱਢੇ ਅਤੇ ਖੁਸਰਿਆਂ ਵਾਲੇ ਲਹਿਜ਼ੇ ਵਿੱਚ ਲੋਕਾਂ ਨਾਲ ਉੱਚੀ ਆਵਾਜ਼ ਨਾਲ ਗੱਲ ਨਾ ਕਰੇ।
ਉਹ ਸ਼ਾਇਦ ਮੇਰੇ ਕੋਲੋ ਸ਼ਰਮਾਉਂਦੀ ਹੈ। ਇਹ ਮੈਨੂੰ ਚੰਗਾ ਲਗਦਾ ਹੈ।
ਉਲਝੇ ਰਿਸ਼ਤੇ
ਉਂਝ ਨਿਸ਼ਾ ਵਿੱਚ ਮੁੰਡਿਆਂ ਵਾਲੀ ਤਾਕਤ ਵੀ ਹੈ। ਘੜ ਵਿੱਚ ਜਦੋਂ ਮਜ਼ਾਕ 'ਚ ਸਾਡੇ ਦੋਵਾਂ ਵਿਚਾਲੇ ਹੱਥੋਪਾਈ ਹੋ ਜਾਂਦੀ ਹੈ ਤਾਂ ਉਸ ਨੂੰ ਹਰਾਉਣਾ ਸੌਖਾ ਨਹੀਂ ਹੁੰਦਾ। ਕਈ ਵਾਰ ਤਾਂ ਉਹ ਮੈਨੂੰ ਹੀ ਡਿਗਾ ਦਿੰਦੀ ਹੈ।
ਪਹਿਲਾਂ ਮੇਰੇ ਬਹੁਤ ਦੋਸਤ ਸਨ। ਪਰ ਹੁਣ ਬਹੁਤੇ ਪਿੱਛੇ ਛੁੱਟ ਗਏ ਹਨ ਕਿਉਂਕਿ ਉਹ ਮੈਨੂੰ ਖੁਸਰਿਆਂ ਨਾਲ ਦੋਸਤੀ ਕਰਵਾਉਣ ਲਈ ਕਹਿੰਦੇ ਸਨ।
ਉਨ੍ਹਾਂ ਦਾ ਦਿਮਾਗ ਸਿਰਫ਼ ਸੈਕਸ ਤੱਕ ਸੀਮਤ ਸੀ। ਉਹ ਨਾ ਤਾਂ ਖੁਸਰਿਆਂ ਨੂੰ ਲੈ ਕੇ ਗੰਭੀਰ ਸਨ ਅਤੇ ਨਾ ਹੀ ਮੇਰੀ ਸੋਚ ਸਮਝਦੇ ਸਨ।
ਨਿਸ਼ਾ ਦੇ ਗਰੁੱਪ ਦੀ ਮੁਖੀਆ ਮੈਨੂੰ ਆਪਣੇ ਜਵਾਈ ਦੀ ਤਰ੍ਹਾਂ ਇੱਜ਼ਤ ਦਿੰਦੀ ਸੀ।
ਨਿਸ਼ਾ ਨੇ ਵਿਆਹ ਤੋਂ ਪਹਿਲਾਂ ਘਰ ਛੱਡਿਆ ਸੀ। ਇਸ ਗੱਲ ਨੂੰ 10 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ। ਉਦੋਂ ਤੋਂ ਲੈ ਕੇ ਉਸ ਨੇ ਕਦੇ ਆਪਣੇ ਘਰ ਵਾਲਿਆਂ ਨਾਲ ਗੱਲਬਾਤ ਨਹੀਂ ਕੀਤੀ।
ਉਹ ਆਪਣੇ ਭਰਾ ਅਤੇ ਪਿਤਾ ਦੀ ਸ਼ਕਲ ਵੀ ਨਹੀਂ ਦੇਖਣਾ ਚਾਹੁੰਦੀ। ਖੁਸਰਾ ਹੈ ਤਾਂ ਪਿਤਾ ਦੀ ਜਾਇਦਾਦ ਉੱਤੇ ਵੀ ਉਸਦਾ ਕੋਈ ਅਧਿਕਾਰ ਨਹੀਂ ਬਚਿਆ।
ਪਿਤਾ ਤੋਂ ਬਾਅਦ ਨਿਸ਼ਾ ਦੇ ਵੱਡੇ ਭਰਾ ਨੂੰ ਦੋਵਾਂ ਦਾ ਹਿੱਸਾ ਮਿਲੇਗਾ, ਇਸ ਲਈ ਹੁਣ ਉਹ ਕਦੇ ਘਰ ਵਿੱਚ ਉਸਦੀ ਥਾਂ ਨਹੀਂ ਬਣਨ ਦੇਵੇਗਾ।
ਮੇਰੇ ਘਰ ਵਿੱਚ ਵੀ ਜ਼ਿਆਦਾਤਰ ਲੋਕ ਮੇਰੇ ਨਾਲ ਗੱਲ ਕਰਨ ਤੋਂ ਬੱਚਦੇ ਹਨ। ਸਾਡੇ ਜ਼ਿਆਦਾਤਰ ਰਿਸ਼ਤੇਦਾਰਾਂ ਨੇ ਕਿਹਾ ਕਿ ਉਹ ਮੈਨੂੰ ਉਦੋਂ ਹੀ ਮਿਲਣਗੇ, ਜਦੋਂ ਮੈਂ ਨਿਸ਼ਾ ਨੂੰ ਛੱਡ ਦਿਆਂਗਾ। ਤਾਂ ਮੈਂ ਰਿਸ਼ਤੇਦਾਰਾਂ ਨੂੰ ਹੀ ਛੱਡ ਦਿੱਤਾ।
ਵਿਆਹ ਲਈ ਕੁੜੀਆਂ ਦੇ ਰਿਸ਼ਤੇ
ਹਾਲਾਂਕਿ ਪਿਛਲੇ ਦੋ ਸਾਲਾਂ ਵਿੱਚ ਪਰਿਵਾਰ ਨੇ ਦਬਾਅ ਵਧਾਇਆ ਹੈ ਕਿ ਮੈਂ ਕਿਸੇ ਕੁੜੀ ਨਾਲ ਵਿਆਹ ਕਰਵਾ ਲਵਾਂ। ਉਨ੍ਹਾਂ ਨੂੰ ਇਹ ਲਗਦਾ ਹੈ ਕਿ ਮੇਰੇ ਵਿਚਾਰ ਬਦਲਣਗੇ।
ਉਹ ਵਿਆਹ ਲਈ ਤਿੰਨ ਕੁੜੀਆਂ ਦੇ ਰਿਸ਼ਤੇ ਲਿਆ ਚੁੱਕੇ ਹਨ। ਪਰ ਮੇਰੀ ਸ਼ਰਤ ਸੀ ਕਿ ਮੈਂ ਵਿਆਹ ਤੋਂ ਬਾਅਦ ਵੀ ਨਿਸ਼ਾ ਦਾ ਸਾਥ ਨਹੀਂ ਛੱਡਾਂਗਾ। ਇਹ ਗੱਲ ਮੈਂ ਉਨ੍ਹਾਂ ਨੂੰ ਟਾਲਣ ਲਈ ਕਹਿ ਦਿੰਦਾ ਹਾਂ।
ਉੱਥੇ ਹੀ ਵਿਆਹ ਦੀ ਗੱਲ ਵੀ ਹੁੰਦੀ ਹੈ ਤਾਂ ਨਿਸ਼ਾ ਦਾ ਡਰ ਵਧਣ ਲਗਦਾ ਹੈ ਕਿ ਕਿਤੇ ਮੈਂ ਉਸ ਨੂੰ ਛੱਡ ਕੇ ਨਾ ਚਲਾ ਜਾਵਾਂ।
ਇਹ ਵੀ ਪੜ੍ਹੋ:
ਇਸੇ ਡਰ ਕਰਕੇ ਉਹ ਮੈਨੂੰ ਫੇਸਬੁੱਕ ਅਤੇ ਵਟਸਐਪ ਵਰਤਣ ਤੋਂ ਰੋਕਦੀ ਹੈ ਤਾਂ ਕਿ ਕਿਸੇ ਹੋਰ ਕੁੜੀ ਦੇ ਚੱਕਰ ਵਿੱਚ ਨਾ ਪੈ ਜਾਵਾਂ। ਮੈਂ ਇਸ ਗੱਲ ਉੱਤੇ ਬਹੁਤ ਹੱਸਦਾ ਹਾਂ।
ਮੇਰੀ ਮਾਂ ਆਪਣੇ ਆਖ਼ਰੀ ਦਿਨਾਂ ਵਿੱਚ ਕਹਿੰਦੀ ਸੀ, "ਪੁੱਤ ਇਨ੍ਹਾਂ ਚੱਕਰਾਂ ਵਿੱਚ ਨਾ ਪੈ। ਜਵਾਨੀ ਦੇ ਨਾਲ ਸਭ ਚਲਾ ਜਾਵੇਗਾ। ਘਰ ਔਰਤ ਨਾਲ ਹੀ ਚੱਲਦਾ ਹੈ। ਤੂੰ ਸਭ ਤੋਂ ਛੋਟਾ ਹੈ। ਮੇਰੇ ਮਰਨ ਤੋਂ ਬਾਅਦ ਤੈਨੂੰ ਕੋਈ ਨਹੀਂ ਪੁੱਛੇਗਾ।"
ਦੋ ਆਖ਼ਰੀ ਖਾਹਿਸ਼ਾਂ
ਹੁਣ ਉਸਦੀ ਗੱਲ ਸਹੀ ਲੱਗਣ ਲੱਗੀ ਹੈ। ਹਾਲਾਂਕਿ ਉਸ ਵੇਲੇ ਮੈਂ ਉਨ੍ਹਾਂ ਨੂੰ ਕਿਹਾ ਸੀ, "ਮਾਂ ਇਹ ਦਿਲ ਦੀ ਲਗੀ ਹੈ, ਨਹੀਂ ਛੁੱਟ ਰਹੀ... "(ਇਹ ਕਹਿ ਕੇ ਵਿਸ਼ਾਲ ਰੋਣ ਲੱਗੇ)
ਮਾਂ ਦੇ ਜਾਣ ਤੋਂ ਬਾਅਦ ਘਰ ਵਿੱਚ ਕਿਸੇ ਨੇ ਸਿੱਧੇ ਮੂੰਹ ਮੇਰੇ ਨਾਲ ਗੱਲ ਨਹੀਂ ਕੀਤੀ। ਉਹ ਇਹ ਕਹਿ ਕੇ ਮੈਨੂੰ ਡਰਾਉਂਦੇ ਜ਼ਰੂਰ ਹਨ ਕਿ ਜਿਵੇਂ-ਜਿਵੇਂ ਬੁਢਾਪਾ ਆਵੇਗਾ, ਜ਼ਿੰਦਗੀ ਮੁਸ਼ਕਿਲ ਹੁੰਦੀ ਜਾਵੇਗੀ।
ਮੈਂ ਨਿਸ਼ਾ ਨਾਲ ਸੱਚਾ ਪਿਆਰ ਕਰਦਾ ਹਾਂ। ਮੈਂ ਇਸਦੇ ਨਾਲ ਹੀ ਪੂਰੀ ਜ਼ਿੰਦਗੀ ਗੁਜ਼ਾਰ ਦੇਵਾਂਗਾ। ਮੈਨੂੰ ਇਸ ਨਾਲ ਮਤਲਬ ਨਹੀਂ ਹੈ ਕਿ ਇਹ ਮੁੰਡਾ ਹੈ, ਕੁੜੀ ਹੈ ਜਾਂ ਫਿਰ ਖੁੱਸਰਾ। ਮੇਰਾ ਉਸ ਨਾਲ ਦਿਲ ਮਿਲਦਾ ਹੈ। ਬਸ ਇਹੀ ਹੈ।
ਮੇਰੀਆਂ ਸਿਰਫ਼ ਦੋ ਖਾਹਿਸ਼ਾਂ ਹਨ। ਇੱਕ, ਇਸ ਕਮਰੇ ਤੋਂ ਥੋੜ੍ਹਾ ਵੱਡਾ ਘਰ ਖਰੀਦਣਾ ਹੈ ਜਿੱਥੇ ਅਸੀਂ ਤਰੀਕੇ ਨਾਲ ਰਹਿ ਸਕੀਏ।
ਦੂਜਾ, ਇੱਕ ਬੱਚੇ ਨੂੰ ਗੋਦ ਲੈ ਉਸਦਾ ਵਿਆਹ ਕਰਨਾ ਹੈ। ਮੈਂ ਆਪਣੇ ਵਿਆਹ 'ਤੇ ਕੋਈ ਖਰਚਾ ਨਹੀਂ ਕਰ ਸਕਿਆ। ਬਾਰਾਤ ਵੀ ਨਹੀਂ ਦੇਖੀ ਅਤੇ ਪਾਰਟੀ ਵੀ ਨਹੀਂ ਕਰ ਸਕਿਆ।
ਹਾਲਾਂਕਿ ਨੀਸ਼ਾ ਕਿਸੇ ਬੱਚੇ ਨੂੰ ਗੋਦ ਲੈਣ ਦੇ ਖਿਆਲ ਤੋਂ ਡਰਦੀ ਹੈ। ਉਸ ਨੂੰ ਲਗਦਾ ਹੈ ਕਿ ਕਿਸੇ ਬੱਚੇ ਨੂੰ ਆਪਣੀ ਜ਼ਿੰਦਗੀ ਵਿੱਚ ਲਿਆਉਣਾ ਸੌਖਾ ਨਹੀਂ ਹੋਵੇਗਾ।
(ਇਹ ਕਹਾਣੀ ਦਿੱਲੀ ਦੇ ਰਹਿਣ ਵਾਲੇ ਵਿਸ਼ਾਲ ਕੁਮਾਰ (ਬਦਲਿਆ ਹੋਇਆ ਨਾਮ) ਨਾਲ ਬੀਬੀਸੀ ਪੱਤਰਕਾਰ ਪ੍ਰਸ਼ਾਂਤ ਚਾਹਲ ਦੀ ਗੱਲਬਾਤ 'ਤੇ ਆਧਾਰਿਤ ਹੈ। ਉਨ੍ਹਾਂ ਦੀ ਗੁਜ਼ਾਰਿਸ਼ 'ਤੇ ਕਹਾਣੀ ਦੇ ਹੋਰਾਂ ਲੋਕਾਂ ਦੇ ਨਾਮ ਬਦਲੇ ਗਏ ਹਨ।)
(ਇਹ ਕਹਾਣੀ #HisChoice ਸੀਰੀਜ਼ ਦੀ ਪੰਜਵੀ ਕਹਾਣੀ ਹੈ। ਇਸ ਸੀਰੀਜ਼ ਦੀ ਪ੍ਰੋਡਿਊਸਰ ਸੁਸ਼ੀਲਾ ਸਿੰਘ ਹੈ)












