ਸੁਖਬੀਰ ਦੀ ਲੀਡਰਸ਼ਿਪ 'ਤੇ ਖੜ੍ਹੇ ਹੋਏ ਸਵਾਲਾਂ ਦੇ ਪਿੱਛੇ ਰਹੇ ਇਹ 5 ਮੁੱਦੇ - ਨਜ਼ਰੀਆ

ਸੁਖਬੀਰ ਬਾਦਲ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਕਾਲੀ ਦਲ ਦੇ ਸੱਤਾਹੀਣ ਹੋਣ ਤੋਂ ਬਾਅਦ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਅਗਵਾਈ 'ਤੇ ਪਾਰਟੀ ਅੰਦਰੋਂ ਹੀ ਸਵਾਲ ਉਠੇ
    • ਲੇਖਕ, ਤਲਵਿੰਦਰ ਸਿੰਘ ਬੁੱਟਰ
    • ਰੋਲ, ਬੀਬੀਸੀ ਪੰਜਾਬੀ ਲਈ

ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਸੰਸਦ ਮੈਂਬਰ ਅਤੇ ਮਾਝੇ ਦੇ ਟਕਸਾਲੀ ਅਕਾਲੀ ਆਗੂ ਡਾ. ਰਤਨ ਸਿੰਘ ਅਜਨਾਲਾ ਨੇ ਅਕਾਲੀ ਦਲ ਦੀ ਪਿਛਲੇ ਦਸ ਸਾਲਾਂ ਦੀ ਕਾਰਗੁਜ਼ਾਰੀ ਦੀ ਜਾਂਚ ਦੀ ਮੰਗ ਕੀਤੀ ਹੈ।

ਜਿਸ ਤੋਂ ਬਾਅਦ ਤਕਰਬੀਨ ਇਕ ਸਦੀ ਪੁਰਾਣੀ ਪੰਜਾਬ ਦੀ ਖੇਤਰੀ ਪਾਰਟੀ ਦਾ ਵੱਕਾਰ ਸਵਾਲਾਂ ਦੇ ਘੇਰੇ 'ਚ ਆ ਗਿਆ ਹੈ।

ਸ਼੍ਰੋਮਣੀ ਅਕਾਲੀ ਦਲ ਨੇ 2007 ਤੋਂ ਲੈ ਕੇ 2017 ਤੱਕ ਲਗਾਤਾਰ ਦਸ ਸਾਲ ਪੰਜਾਬ 'ਤੇ ਰਾਜ ਕੀਤਾ ਹੈ।

ਬੇਸ਼ੱਕ ਅਕਾਲੀ ਦਲ ਦੀ ਇਸ ਲਗਾਤਾਰ ਸੱਤਾ ਪਾਰੀ ਵਿੱਚ ਪੰਜਾਬ ਦੇ ਬੁਨਿਆਦੀ ਢਾਂਚੇ ਸੜਕਾਂ, ਪੁਲਾਂ, ਬਿਜਲੀ ਉਤਪਾਦਨ ਵਰਗੇ ਖੇਤਰਾਂ ਵਿਚ ਵੱਡੇ ਪੱਧਰ 'ਤੇ ਵਿਸਥਾਰ ਹੋਇਆ।

ਪਰ ਅਕਾਲੀ ਦਲ ਦੀਆਂ ਵਿਰੋਧੀ ਪਾਰਟੀਆਂ ਦਾ ਇਲਜ਼ਾਮ ਹੈ ਕਿ ਲਗਾਤਾਰ ਦਸ ਸਾਲ ਇੱਕੋ ਪਾਰਟੀ ਦੀ ਸੱਤਾ ਹੋਣ ਕਾਰਨ ਹਾਲਾਤ ਵਿਗੜੇ ਹਨ।

ਉਨ੍ਹਾਂ ਦਾ ਇਹ ਵੀ ਇਲਜ਼ਾਮ ਰਿਹਾ ਕਿ ਰੇਤਾ, ਬਜਰੀ, ਟਰਾਂਸਪੋਰਟ, ਟੀ.ਵੀ. ਕੇਬਲ ਅਤੇ ਹੋਰ ਵਪਾਰਕ ਖੇਤਰਾਂ ਵਿੱਚ ਸੱਤਾਧਾਰੀ ਪਾਰਟੀ ਦੇ 'ਮਾਫ਼ੀਆ' ਨੇ ਪੰਜਾਬ ਦੇ ਆਮ ਲੋਕਾਂ ਦਾ ਜੀਣਾ ਬਦਤਰ ਕਰ ਛੱਡਿਆ ਸੀ।

ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦਾ ਸ਼੍ਰੋਮਣੀ ਕਮੇਟੀ, ਸ੍ਰੀ ਅਕਾਲ ਤਖ਼ਤ ਸਾਹਿਬ ਵਰਗੀਆਂ ਪੰਥਕ ਸੰਸਥਾਵਾਂ 'ਤੇ ਵੀ ਏਕਾਧਿਕਾਰ ਸੀ। ਅਕਾਲੀ ਦਲ ਦੀ ਲੀਡਰਸ਼ਿਪ 'ਤੇ ਇਨ੍ਹਾਂ ਸਿੱਖ ਸੰਸਥਾਵਾਂ ਦੇ ਵੱਕਾਰ ਨੂੰ ਢਾਹ ਲਾਉਣ ਦਾ ਦੋਸ਼ ਵੀ ਲੱਗਦਾ ਰਿਹਾ ਹੈ।

ਇਹ ਵੀ ਪੜ੍ਹੋ:

ਇਹੀ ਸਭ ਕਾਰਨ ਸਨ ਕਿ 2017 ਵਿੱਚ ਹੋਈਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬ ਦੇ ਇਤਿਹਾਸ ਵਿੱਚ ਨਮੋਸ਼ੀਜਨਕ ਹਾਰ ਦਾ ਸਾਹਮਣਾ ਕਰਨਾ ਪਿਆ।

ਸਿਆਸੀ ਵਿਰੋਧੀ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਦਿਨਾਂ ਤੋਂ ਹੀ ਅਕਾਲੀ ਦਲ 'ਤੇ ਬਹੁਤ ਸਾਰੇ ਸਵਾਲ ਖੜ੍ਹੇ ਕਰਦੇ ਆਏ ਹਨ।

SGPC

ਤਸਵੀਰ ਸਰੋਤ, Ravinder singh robin/bbc

ਤਸਵੀਰ ਕੈਪਸ਼ਨ, 2017 ਵਿਚ ਹੋਈਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬ ਦੇ ਇਤਿਹਾਸ ਵਿੱਚ ਨਮੋਸ਼ੀਜਨਕ ਹਾਰ ਦਾ ਸਾਹਮਣਾ ਕਰਨਾ ਪਿਆ

ਵਿਰੋਧੀ ਪਾਰਟੀਆਂ ਵੱਲੋਂ ਅਕਾਲੀ ਸਰਕਾਰ ਵੇਲੇ ਕੁਸ਼ਾਸਨ, ਧਰਮ 'ਤੇ ਰਾਜਨੀਤੀ ਭਾਰੂ ਬਣਾਉਣ ਸਮੇਤ ਸ਼੍ਰੋਮਣੀ ਅਕਾਲੀ ਦਲ ਵਰਗੀ ਪੰਥਕ ਪਾਰਟੀ ਨੂੰ ਪ੍ਰਕਾਸ਼ ਸਿੰਘ ਬਾਦਲ ਵੱਲੋਂ ਇਕ ਪਰਿਵਾਰਕ ਪਾਰਟੀ ਬਣਾਉਣ ਦੇ ਇਲਜ਼ਾਮ ਲਗਾਏ ਜਾਂਦੇ ਰਹੇ ਹਨ।

ਬਗ਼ਾਵਤ ਵਰਗੇ ਹਾਲਾਤ

ਅਕਾਲੀ ਦਲ ਦੇ ਸੱਤਾਹੀਣ ਹੋਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ 'ਤੇ ਪਾਰਟੀ ਅੰਦਰੋਂ ਹੀ ਸਵਾਲ ਉਠਣੇ ਸ਼ੁਰੂ ਹੋ ਗਏ ਹਨ।

ਪਿਛਲੇ ਦਿਨਾਂ ਵਿੱਚ ਤਾਂ ਪਾਰਟੀ ਅੰਦਰ ਬਗ਼ਾਵਤ ਵਰਗੇ ਹਾਲਾਤ ਪੈਦਾ ਹੋ ਗਏ ਹਨ।

ਕੁਝ ਦਿਨ ਪਹਿਲਾਂ ਮਾਝੇ ਦੇ ਤਿੰਨ ਟਕਸਾਲੀ ਆਗੂਆਂ ਰਣਜੀਤ ਸਿੰਘ ਬ੍ਰਹਮਪੁਰਾ, ਸੇਵਾ ਸਿੰਘ ਸੇਖਵਾਂ ਅਤੇ ਡਾ. ਰਤਨ ਸਿੰਘ ਅਜਨਾਲਾ ਨੇ ਪਾਰਟੀ ਦੀ ਅਗਵਾਈ 'ਤੇ ਜਿਸ ਤਰ੍ਹਾਂ ਸਵਾਲ ਖੜ੍ਹੇ ਕਰ ਦਿੱਤੇ ਸਨ ਉਸ ਤੋਂ ਸ਼੍ਰੋਮਣੀ ਅਕਾਲੀ ਦਲ ਵੱਡੇ ਸੰਕਟ 'ਚ ਘਿਰਦਾ ਨਜ਼ਰ ਆ ਰਿਹਾ ਹੈ।

ਰਤਨ ਸਿੰਘ ਅਜਨਾਲਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮਾਝੇ ਦੇ ਟਕਸਾਲੀ ਅਕਾਲੀ ਆਗੂ ਡਾ. ਰਤਨ ਸਿੰਘ ਅਜਨਾਲਾ ਵਲੋਂ ਪਿਛਲੇ ਦਸ ਸਾਲਾਂ ਦੌਰਾਨ ਅਕਾਲੀ ਦਲ ਦੀ ਕਾਰਗੁਜ਼ਾਰੀ ਦੀ ਜਾਂਚ ਦੀ ਮੰਗ

ਬੇਸ਼ੱਕ 2015 ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਡੇਰਾ ਸਿਰਸਾ ਮੁਖੀ ਨੂੰ ਮਾਫ਼ੀ ਦੇਣ, ਅਕਾਲੀ ਸਰਕਾਰ ਦੌਰਾਨ ਕਈ ਵਾਰ ਪੰਜਾਬ 'ਚ ਹੋਈਆਂ ਬੇਅਦਬੀ ਘਟਨਾਵਾਂ ਅਤੇ ਬਰਗਾੜੀ ਤੇ ਬਹਿਬਲ ਕਲਾਂ ਗੋਲੀ ਕਾਂਡ ਕਾਰਨ ਪੰਥਕ ਧਿਰਾਂ ਦੇ ਨਿਸ਼ਾਨੇ 'ਤੇ ਸ਼੍ਰੋਮਣੀ ਅਕਾਲੀ ਦਲ ਪਹਿਲਾਂ ਤੋਂ ਹੀ ਸੀ।

ਪਰ ਹੁਣ ਅਕਾਲੀ ਦਲ ਦੇ ਕੁਝ ਟਕਸਾਲੀ ਆਗੂ (ਜਿਨ੍ਹਾਂ ਵਿੱਚੋਂ ਕਈ ਇਸ ਬਾਰੇ ਜਨਤਕ ਥਾਂਵਾਂ ਤੇ ਖੁੱਲ੍ਹ ਕੇ ਨਹੀਂ ਬੋਲੇ ਹਨ) ਹੀ ਡੇਰਾ ਸਿਰਸਾ ਮੁਖੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮਾਫ਼ੀ ਦੇਣ, ਬੇਅਦਬੀ ਦੀਆਂ ਘਟਨਾਵਾਂ ਤੇ ਬਰਗਾੜੀ ਗੋਲੀ ਕਾਂਡ ਲਈ ਅਕਾਲੀ ਦਲ ਦੀ ਅਗਵਾਈ 'ਤੇ ਸਵਾਲ ਚੁੱਕਣ ਲੱਗੇ ਹਨ।

ਸਵਾਲਾਂ ਦਾ ਸਵਾਲ ਇਹ ਹੈ ਕਿ ਅਕਾਲੀ ਦਲ ਦੀ 10 ਸਾਲ ਸੱਤਾ ਪਾਰੀ ਦੌਰਾਨ ਅਜਿਹਾ ਕੀ ਹੋਇਆ ਕ ਇਹ ਟਕਸਾਲੀ ਆਗੂ ਹੁਣ ਅਕਾਲੀ ਲੀਡਰਸ਼ਿਪ ਦੀ ਕਾਰਜੁਗੁਜ਼ਾਰੀ 'ਤੇ ਸਵਾਲ ਚੁੱਕ ਰਹੇ ਹਨ।

ਜਾਂਚ ਕਿਸ ਗੱਲ ਦੀ

ਭਾਵੇਂ ਸਾਬਕਾ ਸੰਸਦ ਮੈਂਬਰ ਡਾ. ਰਤਨ ਸਿੰਘ ਅਜਨਾਲਾ ਅਕਾਲੀ ਦਲ ਦੀ ਸਰਕਾਰ ਦੇ ਦਸ ਸਾਲਾਂ ਅੰਦਰ ਜੋ ਕੁਝ ਹੋਇਆ, ਉਸ ਦੀ ਜਾਂਚ ਦੀ ਮੰਗ ਤਾਂ ਕਰ ਰਹੇ ਹਨ, ਪਰ ਉਹ ਉਸ ਸਭ ਕੁਝ ਦੀ ਤਫਸੀਲ ਦੇਣ ਲਈ ਅਜੇ ਤਿਆਰ ਨਹੀਂ ਹਨ, ਜਿਸ ਦੀ ਉਹ ਜਾਂਚ ਮੰਗਦੇ ਹਨ।

ਸੇਵਾ ਸਿੰਘ ਸੇਖਵਾਂ ਨੂੰ ਪੁੱਛਣ 'ਤੇ ਉਹ ਇੰਨਾ ਆਖ ਕੇ ਹੀ ਖਹਿੜਾ ਛੁਡਾ ਗਏ, "ਅਸੀਂ ਜੋ ਕੁਝ ਕਹਿਣ ਦੀ ਲੋੜ ਸੀ, ਉਹ ਕਹਿ ਚੁੱਕੇ ਹਾਂ ਅਤੇ ਜੋ ਕੁਝ ਹੋਰ ਕਹਿਣਾ ਹੋਵੇਗਾ ਉਹ 7 ਅਕਤੂਬਰ ਤੋਂ ਬਾਅਦ ਆਖਾਂਗੇ।''

ਸ਼੍ਰੋਮਣੀ ਅਕਾਲੀ ਦਲ ਦੀ 7 ਅਕਤੂਬਰ ਨੂੰ ਪਟਿਆਲਾ ਵਿਚ ਹੋਣ ਵਾਲੀ ਰੈਲੀ ਵਿਚ ਸ਼ਮੂਲੀਅਤ ਕਰਨ ਦੇ ਸਵਾਲ 'ਤੇ ਜਥੇਦਾਰ ਸੇਖਵਾਂ ਦਾ ਜਵਾਬ ਸੀ ਕਿ ਉਨ੍ਹਾਂ ਜੋ ਮੁੱਦੇ ਪਾਰਟੀ ਅੱਗੇ ਉਠਾਏ ਸੀ, ਉਨ੍ਹਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ।

ਇਸ ਕਰਕੇ ਮਾਝੇ ਤੋਂ ਬ੍ਰਹਮਪੁਰਾ, ਡਾ. ਅਜਨਾਲਾ ਅਤੇ ਸੇਖਵਾਂ ਪਟਿਆਲਾ ਰੈਲੀ ਵਿਚ ਨਹੀਂ ਜਾਣਗੇ।

ਇਹ ਵੀ ਪੜ੍ਹੋ:

ਕੀ ਹਨ ਕਾਰਗੁਜ਼ਾਰੀ ਸਬੰਧਿਤ ਵਿਵਾਦਿਤ ਮੁੱਦੇ?

ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਪਰਿਵਾਰਵਾਦ ਸਭ ਤੋਂ ਵੱਡਾ ਮੁੱਦਾ ਰਿਹਾ। ਭਾਵੇਂ ਕਿ ਸਰਕਾਰ ਵੇਲੇ ਪਾਰਟੀ ਅੰਦਰੋਂ ਕੋਈ ਵੱਡੇ ਤੋਂ ਵੱਡਾ ਆਗੂ ਵੀ ਇਸ ਮੁੱਦੇ 'ਤੇ ਬੋਲਣ ਲਈ ਅੱਗੇ ਨਹੀਂ ਆਇਆ।

ਸੱਤਾਹੀਣ ਹੋਣ ਤੋਂ ਬਾਅਦ ਉਹ ਸਾਰੇ ਆਗੂ ਪਾਰਟੀ ਦੀ ਅਗਵਾਈ 'ਤੇ ਸਵਾਲ ਉਠਾਉਣ ਲੱਗੇ, ਜਿਨ੍ਹਾਂ ਨੇ ਪਰਿਵਾਰਵਾਦ ਦਾ ਸੇਕ ਝੱਲਿਆ।

SEWA SINGH SEKHWAN

ਤਸਵੀਰ ਸਰੋਤ, Ravinder Robin/BBC

ਤਸਵੀਰ ਕੈਪਸ਼ਨ, ਸੇਵਾ ਸਿੰਘ ਸੇਖਵਾਂ ਮੁਤਾਬਕ ਜੋ ਉਨ੍ਹਾਂ ਨੇ ਕਹਿਣਾ ਸੀ ਉਹ ਕਹਿ ਚੁੱਕੇ ਹਨ ਅਤੇ ਜੋ ਕੁਝ ਹੋਰ ਕਹਿਣਾ ਹੋਵੇਗਾ ਉਹ 7 ਅਕਤੂਬਰ ਤੋਂ ਬਾਅਦ ਕਹਿਣਗੇ
  • ਪ੍ਰਕਾਸ਼ ਸਿੰਘ ਬਾਦਲ 'ਤੇ ਵੱਡਾ ਇਲਜ਼ਾਮ ਹੈ ਕਿ ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਪਾਰਟੀ ਦੇ ਸਾਰੇ ਟਕਸਾਲੀ ਅਕਾਲੀ ਆਗੂਆਂ ਨੂੰ ਨਜ਼ਰਅੰਦਾਜ਼ ਕਰਕੇ ਆਪਣੇ ਪੁੱਤਰ ਸੁਖਬੀਰ ਸਿੰਘ ਬਾਦਲ ਨੂੰ ਦਿੱਤੀ। ਉਸ ਵੇਲੇ ਤੋਂ ਹੀ ਪਾਰਟੀ ਅੰਦਰ ਪਰਿਵਾਰਵਾਦ ਟਕਸਾਲੀ ਆਗੂਆਂ ਉੱਤੇ ਭਾਰੂ ਹੋ ਗਿਆ ਸੀ।
  • ਅਕਾਲੀ ਦਲ ਦੇ 10 ਸਾਲਾ ਰਾਜ ਦੌਰਾਨ ਪੰਜਾਬ ਵਜ਼ਾਰਤ 'ਚ ਸਭ ਤੋਂ ਵੱਧ ਮੰਤਰੀ ਅਤੇ ਸਭ ਤੋਂ ਵੱਧ ਮਹਿਕਮੇ ਬਾਦਲ ਪਰਿਵਾਰ ਜਾਂ ਉਨ੍ਹਾਂ ਦੇ ਰਿਸ਼ਤੇਦਾਰਾਂ ਕੋਲ ਹੀ ਸਨ। 2012 'ਚ ਜਦੋਂ ਦੂਜੀ ਵਾਰ ਅਕਾਲੀ ਸਰਕਾਰ ਬਣੀ ਤਾਂ ਮੰਤਰੀ ਮੰਡਲ ਵਿਚ ਚਾਰ ਮੰਤਰੀ ਸਿਰਫ਼ ਬਾਦਲ ਪਰਿਵਾਰ ਦੇ ਹੀ ਸਨ। ਭਾਵੇਂ ਸੀਨੀਅਰ ਅਕਾਲੀ ਆਗੂ ਉਸ ਵੇਲੇ ਖੁੱਲ੍ਹ ਕੇ ਇਸ ਦਾ ਵਿਰੋਧ ਨਹੀਂ ਕਰ ਸਕੇ ਪਰ ਇਸ ਗੱਲ ਨੇ ਉਨ੍ਹਾਂ ਨੂੰ ਆਮ ਲੋਕਾਂ ਵਿੱਚ ਮਖੌਲ ਦਾ ਪਾਤਰ ਬਣਾ ਦਿੱਤਾ।
ਪ੍ਰਕਾਸ਼ ਸਿੰਘ ਬਾਦਲ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਕਾਲੀ ਵਜ਼ਾਰਤ ਵਿਚ 20 ਮਹਿਕਮੇ ਬਾਦਲ ਪਰਿਵਾਰ ਦੇ ਚਾਰ ਮੰਤਰੀਆਂ ਕੋਲ ਸਨ।
  • 2014 'ਚ ਲੋਕ ਸਭਾ ਚੋਣਾਂ ਦੌਰਾਨ ਅਕਾਲੀ ਦਲ ਦੀ ਭਾਈਵਾਲ ਭਾਜਪਾ ਸੱਤਾ 'ਚ ਆਈ। ਸ਼੍ਰੋਮਣੀ ਅਕਾਲੀ ਦਲ ਦੇ ਚਾਰ ਸੰਸਦ ਮੈਂਬਰਾਂ ਬਣੇ। ਜੇਤੂ ਆਗੂਆਂ ਵਿੱਚੋਂ ਰਣਜੀਤ ਸਿੰਘ ਬ੍ਰਹਮਪੁਰਾ ਵਰਗੇ ਟਕਸਾਲੀ ਆਗੂ ਨੂੰ ਦਰਕਿਨਾਰ ਕਰਕੇ ਬਾਦਲ ਪਰਿਵਾਰ ਦੀ ਨੂੰਹ ਹਰਸਿਮਰਤ ਕੌਰ ਬਾਦਲ ਨੂੰ ਕੇਂਦਰ ਦੀ ਵਜ਼ਾਰਤ ਦਿਵਾਈ ਗਈ। ਇਸ ਨੇ ਵੀ ਪਾਰਟੀ ਅੰਦਰ ਟਕਸਾਲੀ ਆਗੂਆਂ ਨੂੰ ਵੱਡਾ ਸੇਕ ਲਾਇਆ।
  • ਸ਼੍ਰੋਮਣੀ ਅਕਾਲੀ ਦਲ ਅਤੇ ਸਰਕਾਰ ਵਿਚ ਸੱਤਾ ਦਾ ਸਾਰਾ ਕੇਂਦਰੀਕਰਨ ਬਾਦਲ ਪਰਿਵਾਰ ਕੋਲ ਹੋਣ ਦਾ ਸਿਆਸੀ ਖੇਤਰ ਤੋਂ ਇਲਾਵਾ ਧਾਰਮਿਕ ਖੇਤਰ 'ਚ ਵੀ ਪ੍ਰਭਾਵ ਪਿਆ। ਸ਼੍ਰੋਮਣੀ ਕਮੇਟੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਪੂਰੀ ਤਰ੍ਹਾਂ ਬਾਦਲ ਪਰਿਵਾਰ ਦਾ ਹੀ ਏਕਾਧਿਕਾਰ ਰਿਹਾ। ਸਤੰਬਰ 2015 'ਚ ਡੇਰਾ ਸਿਰਸਾ ਮੁਖੀ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਣ ਦੇ ਮਾਮਲੇ 'ਚ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮਾਫ਼ੀ ਦਿੱਤੀ ਗਈ। ਬਾਦਲਾਂ 'ਤੇ ਇਹ ਇਲਜ਼ਾਮ ਲੱਗੇ ਕਿ ਸਿੱਖਾਂ ਦੇ ਭਾਰੀ ਵਿਰੋਧ ਦੇ ਬਾਵਜੂਦ ਉਨ੍ਹਾਂ ਆਪਣੇ ਸਿਆਸੀ ਹਿਤਾਂ ਲਈ ਆਪਣੇ ਪ੍ਰਭਾਵ ਦੀ ਦੁਰਵਰਤੋਂ ਕਰਦੇ ਹੋਏ ਡੇਰਾ ਸਿਰਸਾ ਮੁਖੀ ਨੂੰ ਮਾਫੀ ਦਿਵਾਈ। ਹਾਲਾਂਕਿ ਅਕਾਲ ਤਖ਼ਤ ਦੇ ਜਥੇਦਾਰ ਤੇ ਬਾਦਲ ਪਰਿਵਾਰ ਦੇ ਮੈਂਬਰ ਇਨ੍ਹਾਂ ਸਾਰੇ ਇਲਜ਼ਾਮਾਂ ਤੋਂ ਸਿਰੇ ਤੋਂ ਖਾਰਿਜ਼ ਕਰਦੇ ਆਏ ਹਨ। ਪੰਥ ਦੀ ਭਾਰੀ ਵਿਰੋਧਤਾ ਕਾਰਨ ਇਸ ਮਾਫ਼ੀ ਦੇ ਫ਼ੈਸਲੇ ਨੂੰ ਜਥੇਦਾਰਾਂ ਵਲੋਂ ਵਾਪਸ ਲੈ ਲਿਆ ਗਿਆ।
  • ਜੂਨ 2015 'ਚ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੇ ਚੋਰੀ ਹੋਣ ਅਤੇ ਅਕਤੂਬਰ 2015 ਵਿੱਚ ਇਸੇ ਸਰੂਪ ਦੇ ਪਿੰਡ ਬਰਗਾੜੀ ਵਿੱਚ ਅੰਗ ਪਾੜ ਕੇ ਸੁੱਟਣ ਦੀ ਘਟਨਾ ਦੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕਰਨ 'ਚ ਪੁਲਿਸ ਨਾਕਾਮ ਰਹੀ। ਇਸੇ ਦੇ ਰੋਸ ਵਿੱਚ ਧਰਨਾ ਦੇ ਰਹੀਆਂ ਸਿੱਖ ਸੰਗਤਾਂ 'ਤੇ ਪੁਲਿਸ ਵੱਲੋਂ ਗੋਲੀ ਚਲਾਉਣ ਅਤੇ ਦੋ ਨੌਜਵਾਨਾਂ ਦੀ ਮੌਤ ਦੀ ਘਟਨਾ ਨੇ ਅਕਾਲੀ ਦਲ ਦੀ ਸਰਕਾਰ ਖ਼ਿਲਾਫ਼ ਲੋਕਾਂ ਦਾ ਰੋਹ ਪ੍ਰਚੰਡ ਕਰ ਦਿੱਤਾ ਸੀ।

ਉਪਰੋਕਤ 5 ਅਜਿਹੇ ਮੁੱਦੇ ਹਨ, ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਸਾਖ਼ ਨੂੰ ਨਾ ਸਿਰਫ਼ ਵਿਰੋਧੀਆਂ ਵਲੋਂ ਹੀ, ਸਗੋਂ ਪਾਰਟੀ ਦੇ ਅੰਦਰੋਂ ਵੀ ਵੱਡਾ ਧੱਕਾ ਲਾਇਆ।

ਕਾਰਨ ਤਾਂ ਹੋਰ ਵੀ ਬਹੁਤ ਹੋਣਗੇ ਪਰ ਮੁੱਢਲੇ ਤੌਰ 'ਤੇ ਉਪਰੋਕਤ 5 ਕਾਰਨ ਮੁੱਖ ਹਨ, ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਲਈ ਇਸ ਵੇਲੇ ਹੋਂਦ ਦਾ ਖ਼ਤਰਾ ਖੜ੍ਹਾ ਕੀਤਾ ਹੋਇਆ ਹੈ।

ਅਕਾਲੀ ਦਲ ਵੱਲੋਂ ਫੁਟ ਤੋਂ ਇਨਕਾਰ

ਉਧਰ, ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਤੇ ਜਨਰਲ ਸਕੱਤਰ ਡਾ. ਦਲਜੀਤ ਸਿੰਘ ਚੀਮਾ ਦਾ ਕਹਿਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਵਿਚ ਕੋਈ ਸੰਕਟ ਨਹੀਂ ਹੈ, ਪਾਰਟੀ ਵਿਚ ਪੂਰਨ ਏਕਾ ਹੈ।

ਡਾ. ਦਲਜੀਤ ਸਿੰਘ ਚੀਮਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਤੇ ਜਨਰਲ ਸਕੱਤਰ ਡਾ. ਦਲਜੀਤ ਸਿੰਘ ਚੀਮਾ ਵੱਲੋਂ ਪਾਰਟੀ ਵਿੱਚ ਫੁੱਟ ਤੋਂ ਇਨਕਾਰ

ਉਨ੍ਹਾਂ ਕਿਹਾ, "ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਸਾਰੀ ਪਾਰਟੀ ਚੱਟਾਨ ਵਾਂਗ ਖੜ੍ਹੀ ਹੈ ਅਤੇ 7 ਅਕਤੂਬਰ ਦੀ ਰੈਲੀ ਸਾਰੇ ਸਵਾਲਾਂ ਨੂੰ ਖ਼ਤਮ ਕਰ ਦੇਵੇਗੀ।''

ਬਾਗ਼ੀ ਸੁਰਾਂ ਵਾਲੇ ਪਾਰਟੀ ਆਗੂਆਂ ਬਾਰੇ ਉਨ੍ਹਾਂ ਕਿਹਾ ਕਿ ਸਾਰਿਆਂ ਨੂੰ ਆਪਣੀ ਗੱਲ ਕਹਿਣ ਦਾ ਹੱਕ ਹੈ ਪਰ ਇਸ ਦਾ ਮਤਲਬ ਇਹ ਨਹੀਂ ਸਮਝਿਆ ਜਾਣਾ ਚਾਹੀਦਾ ਕਿ ਪਾਰਟੀ ਵਿਚ ਕੋਈ ਫੁੱਟ ਹੈ।

ਇਹ ਵੀ ਪੜ੍ਹੋ:

ਤੁਹਾਨੂੰ ਇਹ ਵੀ ਪਸੰਦ ਆ ਸਕਦਾ ਹੈ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)