ਬਾਬਰੀ ਮਸਜਿਦ ਵਿਵਾਦ: ਭਾਰਤੀ ਸਿਆਸਤ ਨੂੰ ਉਂਗਲਾਂ 'ਤੇ ਨਚਾਉਣ ਵਾਲਾ 'ਕਾਲਾ ਬਾਂਦਰ' - ਬਲਾਗ

ਬਾਬਰੀ ਮਸਜਿਦ

ਤਸਵੀਰ ਸਰੋਤ, Getty Images/BBC

ਤਸਵੀਰ ਕੈਪਸ਼ਨ, ਰਾਮ ਜਨਮ ਭੂਮੀ ਵਿਵਾਦ ਵਿੱਚ ਕਾਲੇ ਬਾਂਦਰ ਦੀ ਭੂਮਿਕਾ ਦਾ ਜ਼ਿਕਰ 'ਯੁੱਧ ਵਿੱਚ ਅਯੁੱਧਿਆ' ਨਾਮ ਦੀ ਕਿਤਾਬ ਵਿੱਚ ਆਇਆ ਹੈ
    • ਲੇਖਕ, ਰਾਜੇਸ਼ ਜੋਸ਼ੀ
    • ਰੋਲ, ਰੇਡੀਓ ਐਡੀਟਰ, ਬੀਬੀਸੀ ਹਿੰਦੀ

ਵੰਡ ਤੋਂ ਬਾਅਦ ਜਿਸ ਇੱਕ ਮੁੱਦੇ ਨੇ ਭਾਰਤ ਵਿੱਚ ਹਿੰਦੂਆਂ ਅਤੇ ਮੁਸਲਮਾਨਾਂ ਵਿਚਾਲੇ ਸ਼ੱਕ ਅਤੇ ਕੁੜੱਤਣ ਨੂੰ ਅਸਮਾਨ ਤੱਕ ਪਹੁੰਚਾ ਦਿੱਤਾ ਉਹ ਹੈ ਰਾਮ ਜਨਮ ਭੂਮੀ ਅਤੇ ਬਾਬਰੀ ਮਸਜਿਦ ਵਿਵਾਦ।

ਕਿਹਾ ਜਾਂਦਾ ਹੈ ਕਿ ਜੇਕਰ ਫੈਜ਼ਾਬਾਦ ਜ਼ਿਲ੍ਹਾ ਅਦਾਲਤ 1 ਫਰਵਰੀ 1986 ਨੂੰ ਵਿਵਾਦਤ ਥਾਂ ਦਾ ਤਾਲਾ ਖੋਲਣ ਦਾ ਹੁਕਮ ਨਾ ਦਿੰਦੀ ਤਾਂ ਇਹ ਵਿਵਾਦ ਐਨਾ ਭਿਆਨਕ ਨਾ ਸਾਬਤ ਹੁੰਦਾ।

ਕਾਰ ਸੇਵਕਾਂ 'ਤੇ ਗੋਲੀਆਂ ਨਾ ਚਲਾਈਆਂ ਜਾਂਦੀਆਂ, ਦੇਸ ਭਰ ਵਿੱਚ ਫਿਰਕੂ ਮਾਹੌਲ ਨਾ ਵਿਗੜਦਾ ਅਤੇ ਆਖ਼ਰਕਾਰ 6 ਦਸੰਬਰ 1992 ਨੂੰ ਬਾਬਰੀ ਮਸਜਿਦ ਨਹੀਂ ਢਾਹੀ ਜਾਂਦੀ।

ਨਫ਼ਰਤ, ਅਵਿਸ਼ਵਾਸ ਅਤੇ ਹਿੰਸਾ ਨਾਲ ਨੱਕੋ-ਨੱਕ ਭਰੇ ਬੰਨ੍ਹ ਦੇ ਗੇਟ ਖੋਲ੍ਹਣ ਲਈ ਕਿਸ ਨੂੰ ਜ਼ਿੰਮੇਵਾਰ ਠਹਿਰਾਇਆ ਜਾਵੇ ਜਾਂ ਵਕੀਲ ਉਮੇਸ਼ ਚੰਦਰ ਪਾਂਡਿਆ ਨੂੰ ਜਿਨ੍ਹਾਂ ਨੇ ਤਾਲਾ ਖੋਲ੍ਹਣ ਲਈ ਅਰਜ਼ੀ ਦਿੱਤੀ, ਫ਼ੈਜ਼ਾਬਾਦ ਦੇ ਜ਼ਿਲ੍ਹਾ ਜੱਜ ਕ੍ਰਿਸ਼ਨਾ ਮੋਹਨ ਪਾਂਡਿਆ ਨੂੰ ਜਿਨ੍ਹਾਂ ਨੇ ਤਾਲਾ ਖੋਲ੍ਹਣ ਦੇ ਹੁਕਮ ਦਿੱਤੇ ਸਨ।

ਕੀ ਵਿਸ਼ਵ ਹਿੰਦੂ ਪਰਿਸ਼ਦ ਦੇ ਅਸ਼ੋਕ ਸਿੰਘਲ ਇਸ ਲਈ ਜਿੰਮੇਵਾਰ ਹਨ ਜਿਨ੍ਹਾਂ ਨੇ ਬਾਬਰੀ ਮਸਜਿਦ ਨੂੰ ਹਿੰਦੂਆਂ ਦੀ ਗੁਲਾਮੀ ਦਾ ਪ੍ਰਤੀਕ ਦੱਸ ਕੇ ਲੱਖਾਂ ਕਾਰਸੇਵਕਾਂ ਦੇ ਦਿਲਾਂ ਵਿੱਚ ਨਫ਼ਰਤ ਭਰੀ।

ਇਸ ਲਈ ਭਾਜਪਾ ਦੇ ਲਾਲ ਕ੍ਰਿਸ਼ਨ ਅਡਵਾਨੀ ਜਿੰਮੇਵਾਰ ਹਨ ,ਜਿਹੜੇ ਰਥ ਲੈ ਕੇ ਨਿਕਲ ਪਏ ਸਨ, ਜਾਂ ਫੇਰ ਰਾਜੀਵ ਗਾਂਧੀ ਜਿਨ੍ਹਾਂ ਨੇ ਆਪਣੇ ਸਲਾਹਕਾਰਾਂ ਦੇ ਕਹਿਣ 'ਤੇ ਤਾਲਾ ਖੁਲ੍ਹਵਾਉਣ ਵਿੱਚ ਮਦਦ ਕੀਤੀ ਅਤੇ ਬਾਅਦ ਵਿੱਚ ਰਾਮ ਮੰਦਿਰ ਦਾ ਨੀਂਹ-ਪੱਥਰ ਰਖਵਾਇਆ।

ਇਹ ਵੀ ਪੜ੍ਹੋ:

ਜਾਂ ਫਿਰ ਉਸ ਸਭ ਦੇ ਲਈ ਉਹ ਕਾਲਾ ਬਾਂਦਰ ਜ਼ਿੰਮੇਵਾਰ ਹੈ ਜਿਹੜਾ ਫ਼ੈਜ਼ਾਬਾਦ ਦੀ ਜ਼ਿਲ੍ਹਾ ਅਦਾਲਤ ਦੀ ਛੱਤ 'ਤੇ ਫਲੈਗ-ਪੋਸਟ ਫੜ ਕੇ ਭੁੱਖਾ-ਪਿਆਸਾ ਬੈਠਾ ਰਿਹਾ ਅਤੇ ਜਿਸਦੀ 'ਬ੍ਰਹਮ ਪ੍ਰੇਰਨਾ' ਤੋਂ ਪ੍ਰਭਾਵਿਤ ਹੋ ਕੇ ਜ਼ਿਲ੍ਹਾ ਜੱਜ ਕ੍ਰਿਸ਼ਨਮੋਹਨ ਪਾਂਡਿਆ ਨੇ ਬਾਬਰੀ ਮਸਜਿਦ-ਰਾਮ ਜਨਮ ਭੂਮੀ ਦਾ ਤਾਲਾ ਖੋਲ੍ਹਣ ਦਾ ਫ਼ੈਸਲਾ ਲਿਖਿਆ?

ਰਾਮ ਜਨਮ ਭੂਮੀ ਵਿਵਾਦ ਵਿੱਚ ਕਾਲੇ ਬਾਂਦਰ ਦੀ ਭੂਮਿਕਾ ਦਾ ਜ਼ਿਕਰ 'ਯੁੱਧ ਵਿੱਚ ਅਯੁੱਧਿਆ' ਨਾਮ ਦੀ ਕਿਤਾਬ ਵਿੱਚ ਆਇਆ ਹੈ।

ਇਸ ਕਿਤਾਬ ਨੂੰ ਅਯੁੱਧਿਆ ਵਿਵਾਦ ਦੀਆਂ ਪੰਜ ਇਤਿਹਾਸਕ ਤਰੀਕਾਂ ਦੇ ਚਸ਼ਮਦੀਦ ਰਹੇ ਪੱਤਰਕਾਰ ਹੇਮੰਤ ਸ਼ਰਮਾ ਨੇ ਲਿਖਿਆ ਹੈ।

ਇਹ ਪੰਜ ਅਹਿਮ ਤਾਰੀਕਾਂ ਸਨ, ਮਸਜਿਦ ਵਿੱਚ ਚੁੱਪਚਾਪ ਮੂਰਤੀਆਂ ਰੱਖਣਾ, ਮਸਜਿਦ-ਜਨਮ ਭੂਮੀ ਦਾ ਤਾਲਾ ਖੋਲ੍ਹਿਆ ਜਾਣਾ, ਰਾਜੀਵ ਗਾਂਧੀ ਦੇ ਦੌਰ ਵਿੱਚ ਮੰਦਿਰ ਦਾ ਨੀਂਹ ਪੱਥਰ, ਮੁਲਾਇਮ ਸਿੰਘ ਯਾਦਵ ਦੀ ਸਰਕਾਰ ਦੇ ਦੌਰਾਨ ਕਾਰਸੇਵਕਾਂ ਉੱਤੇ ਗੋਲੀਆਂ ਚਲਾਉਣ ਦੀ ਘਟਨਾ ਅਤੇ ਉਸ ਤੋਂ ਬਾਅਦ 6 ਦਸੰਬਰ ਨੂੰ ਬਾਬਰੀ ਮਸਜਿਦ ਨੂੰ ਤੋੜਨਾਂ।

ਉਨ੍ਹਾਂ ਨੇ ਲਿਖਿਆ ਹੈ ਕਿ ਇਸ ਵਿਵਾਦ ਦੀਆਂ ਪੰਜ ਵਿੱਚੋਂ ਚਾਰ ਇਤਿਹਾਸਕ ਤਰੀਕਾਂ ਦੇ ਉਹ ਚਸ਼ਮਦੀਦ ਗਵਾਹ ਰਹੇ ਹਨ ਅਤੇ ਇਹ ਕਿਤਾਬ ਉਨ੍ਹਾਂ ਅੱਖੀਂ ਦੇਖੀਆਂ ਘਟਨਾਵਾਂ ਦਾ ਦਸਤਾਵੇਜ਼ ਹੈ।

ਅਮਿਤ ਸ਼ਾਹ ਨੇ ਜੋੜ ਦਿੱਤੀ ਇੱਕ ਹੋਰ ਤਰੀਕ

ਹੁਣ ਇਨ੍ਹਾਂ ਪੰਜ ਮਹੱਤਵਪੂਰਨ ਤਰੀਕਾਂ ਵਿੱਚ ਇੱਕ ਹੋਰ ਤਰੀਕ ਜੋੜੀ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਮਿਤ ਸ਼ਾਹ ਨੇ।

ਦਿੱਲੀ ਵਿੱਚ ਇਸ ਕਿਤਾਬ ਦੇ ਪੰਜ-ਸਿਤਾਰਾ ਲੋਕ ਅਰਪਣ ਸਮਾਗਮ ਵਿੱਚ ਅਮਿਤ ਸ਼ਾਹ ਮੁੱਖ ਮਹਿਮਾਨ ਸਨ। ਉਨ੍ਹਾਂ ਨੇ ਕਿਤਾਬ ਦੀ ਤਾਰੀਫ਼ ਕਰਦੇ ਹੋਏ ਕਿਹਾ- ਇਸ ਵਿੱਚ ਇੱਕ ਹੋਰ ਛੇਵੀਂ ਤਰੀਕ ਜੋੜੀ ਜਾਣੀ ਚਾਹੀਦੀ ਸੀ ਜਦੋਂ (ਬਾਬਰ ਦੇ ਸੈਨਾਪਤੀ ਨੇ) 'ਰਾਮ ਮੰਦਿਰ ਜਨਮ ਭੂਮੀ ਨੂੰ ਤੋੜਿਆ ਗਿਆ ਸੀ।'

ਹੇਮੰਤ ਸ਼ਰਮਾ

ਤਸਵੀਰ ਸਰੋਤ, Rajesh Joshi/BBC

ਤਸਵੀਰ ਕੈਪਸ਼ਨ, 'ਯੁੱਧ ਵਿੱਚ ਅਯੋਧਿਆ' ਨਾਮ ਦੀ ਕਿਤਾਬ ਦੇ ਲੇਖਕ ਹੇਮੰਤ ਸ਼ਰਮਾ

ਜਿਸ ਕਿਤਾਬ ਨੂੰ ਲੋਕ ਅਰਪਣ ਸੰਘ ਚਾਲਕ ਮੋਹਨ ਭਾਗਵਤ ਕਰ ਰਹੇ ਹੋਣ, ਸਮਾਰੋਹ ਦੀ ਪ੍ਰਧਾਨਗੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਕਰ ਰਹੇ ਹੋਣ ਅਤੇ ਮੁੱਖ ਮਹਿਮਾਨ ਭਾਜਪਾ ਪ੍ਰਧਾਨ ਅਮਿਤ ਸ਼ਾਹ ਹੋਣ ਤਾਂ ਇਹ ਅੰਦਾਜ਼ਾ ਲਗਾਉਣਾ ਮੁਸ਼ਕਿਲ ਨਹੀਂ ਹੈ ਕਿ ਕਿਤਾਬ ਸੰਘ ਪਰਿਵਾਰ ਅਤੇ ਉਸਦੀ ਸਿਆਸਤ ਨੂੰ ਪੂਰੀ ਤਰ੍ਹਾਂ ਮਾਫ਼ਿਕ ਆਉਂਦੀ ਹੈ।

ਅਯੁੱਧਿਆ ਦੇ ਤੱਥ ਭਾਵੇਂ ਹੀ ਜੋ ਹੋਣ, ਕਿਤਾਬ ਵਿੱਚ ਉਨ੍ਹਾਂ ਨੂੰ ਇਸ ਤਰ੍ਹਾਂ ਪੇਸ਼ ਕੀਤਾ ਗਿਆ ਹੈ, ਜਿਸ ਨਾਲ ਸੰਘ ਪਰਿਵਾਰ ਸਹਿਮਤ ਹਨ।

ਹਾਲਾਂਕਿ ਕਿਤਾਬ ਉੱਤੇ ਹਿੰਦੀ ਦੇ 'ਖੱਬੇ-ਪੱਖੀ ਆਲੋਚਕ' ਨਾਮਵਰ ਸਿੰਘ ਨੇ ਵੀ ਗੰਗਾ ਜਲ ਛਿੜਕਿਆ ਹੈ। ਉਨ੍ਹਾਂ ਨੇ ਕਿਤਾਬ ਦੇ ਪਿਛਲੇ ਕਵਰ ਉੱਤੇ ਲਿਖਿਆ ਹੈ- ''ਰਾਮ ਅਤੇ ਉਨ੍ਹਾਂ ਦੀ ਜਨਮ ਭੂਮੀ 'ਤੇ ਅਜਿਹੀ ਪ੍ਰਮਾਣਿਕ ਕਿਤਾਬ ਪਹਿਲਾਂ ਕਦੇ ਨਹੀਂ ਆਈ।"

ਕਿਤਾਬ ਦੇ ਲੇਖਕ ਨੇ ਪੂਰੀ ਇਮਾਨਦਾਰੀ ਨਾਲ ਲਿਖਿਆ ਹੈ, "ਆਪਣਾ ਇਹ ਦਾਅਵਾ ਬੜਬੋਲਾਪਣ ਹੋਵੇਗਾ ਕਿ ਇਹ ਕਿਤਾਬ ਅਯੁੱਧਿਆ ਦੇ ਸੱਚ ਦਾ ਸੌ ਟਕਾ ਸ਼ੁੱਧ ਦਸਤਾਵੇਜ਼ ਹੋਵੇਗੀ।"

ਇਤਿਹਾਸਕ ਪੜਤਾਲ ਹੋਵੇ ਨਾ ਹੋਵੇ, ਸੌ ਟਕਾ ਸ਼ੁੱਧ ਦਸਤਾਵੇਜ਼ ਹੋਣ ਨਾ ਹੋਣ- ਪਰ ਇਹ ਲੇਖਕ ਦੀ ਨਿੱਜੀ ਆਸਥਾ ਦਾ ਇਮਾਨਦਾਰ ਦਸਤਾਵੇਜ਼ ਜ਼ਰੂਰ ਹੈ।

ਲੇਖਕ ਦਾ ਕਹਿਣਾ ਹੈ, 'ਅਪੀਲ, ਵਿਕਾਰ ਤੋਂ ਪਰੇ, ਜੋ ਦੇਖਿਆ, ਸਭ ਲਿਖ ਦਿੱਤਾ, ਪਰ ਸ਼ੁਰੂਆਤ ਤੋਂ ਅਖ਼ੀਰ ਤੱਕ ਪੂਰੀ ਕਿਤਾਬ ਵਿੱਚ ਬਾਬਰੀ ਮਸਜਿਦ ਨੂੰ 'ਵਿਵਾਦਤ ਢਾਂਚਾ' ਹੀ ਲਿਖਿਆ ਗਿਆ ਹੈ।'

'ਜਦਕਿ ਪੂਰਾ ਵਿਵਾਦ ਹੀ ਇਸ ਗੱਲ ਉੱਤੇ ਕੇਂਦਰਿਤ ਹੈ ਕਿ 1526 ਵਿੱਚ ਜਿਸ ਇਮਾਰਤ ਦਾ ਨਿਰਮਾਣ ਕੀਤਾ ਗਿਆ ਉਸ ਨੂੰ ਮੁਸਲਮਾਨ ਮਸਜਿਦ ਮੰਨਦੇ ਹਨ ਅਤੇ ਹਿੰਦੂ ਕਹਿੰਦੇ ਹਨ ਕਿ ਮੰਦਿਰ ਨੂੰ ਤੋੜ ਕੇ ਮਸਜਿਦ ਬਣਾਈ ਗਈ ਸੀ।'

'ਬਹੁਤ ਸਾਰੇ ਲੋਕ ਜੇਕਰ ਉਸ ਨੂੰ ਜਨਮ ਭੂਮੀ ਮੰਨਦੇ ਹਨ ਤਾਂ ਬਹੁਤ ਸਾਰੇ ਲੋਕ ਮੰਨਦੇ ਹਨ ਕਿ 6 ਦਸੰਬਰ 1992 ਤੱਕ ਉਸ ਥਾਂ 'ਤੇ ਮਸਜਿਦ ਖੜ੍ਹੀ ਸੀ, ਜਿਸਦੇ ਅੰਦਰ 1949 ਵਿੱਚ ਚੁੱਪ-ਚਪੀਤੇ ਮੂਰਤੀਆਂ ਰੱਖ ਕੇ ਭਜਨ-ਕੀਰਤਨ ਸ਼ੁਰੂ ਕੀਤਾ ਗਿਆ।'

ਮੋਹਨ ਭਾਗਵਤ

ਤਸਵੀਰ ਸਰੋਤ, European Photopress Agency

ਤਸਵੀਰ ਕੈਪਸ਼ਨ, ਮੋਹਨ ਭਾਗਵਤ ਪੰਜਵੀ ਤਰੀਕ ਦਾ ਵੀ ਜ਼ਿਕਰ ਕਰਦੇ ਹਨ

ਸੰਘ ਪਰਿਵਾਰ ਬਾਬਰੀ ਮਸਜਿਦ ਨੂੰ ਵਿਵਾਦਤ ਢਾਂਚਾ ਕਹਿੰਦਾ ਆਇਆ ਹੈ। ਮਸਜਿਦ ਢਾਹੁਣ ਤੋਂ ਬਾਅਦ ਸੰਸਦ ਵਿੱਚ ਹੋਈ ਹਰ ਬਹਿਸ ਵਿੱਚ ਜਦੋਂ-ਜਦੋਂ ਬਾਬਰੀ ਮਸਜਿਦ ਕਿਹਾ ਗਿਆ ਉਦੋਂ-ਉਦੋਂ ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਉਸ ਨੂੰ ਬਾਬਰੀ ਢਾਂਚਾ ਜਾਂ ਵਿਵਾਦਤ ਢਾਂਚਾ ਕਹਿਣ 'ਤੇ ਅੜ ਗਏ।

ਉਨ੍ਹਾਂ ਦੀ ਦਲੀਲ ਸੀ ਕਿ ਜੇਕਰ ਉੱਥੇ ਸਾਲਾਂ ਤੋਂ ਨਮਾਜ਼ ਨਹੀਂ ਪੜ੍ਹੀ ਜਾ ਰਹੀ ਸੀ ਤਾਂ ਉਸ ਨੂੰ ਮਸਜਿਦ ਕਿਉਂ ਕਿਹਾ ਜਾਵੇ?

'ਵੀ.ਪੀ ਸਿੰਘ ਘਾਗ ਸਿਆਸਤਦਾਨ'

ਪਰ ਸਿਰਫ਼ ਇੱਕ ਉਦਾਹਰਣ ਭਰ ਨਾਲ 'ਯੁੱਧ ਵਿੱਚ ਅਯੁੱਧਿਆ' ਕਿਤਾਬ ਦਾ ਝੁਕਾਅ ਸਿੱਧ ਨਹੀਂ ਹੁੰਦਾ। ਇਸ ਕਿਤਾਬ ਵਿੱਚ ਆਏ-ਗਏ ਸਿਆਸੀ ਵਿਅਕਤੀਆਂ ਦੇ ਚਰਿੱਤਰ ਚਿਤਰਣ ਤੋਂ ਵੀ ਪਤਾ ਲਗਦਾ ਹੈ ਕਿ ਲੇਖਕ ਦੀ ਨਜ਼ਰ ਵਿੱਚ ਕੌਣ ਧੋਖੇਬਾਜ਼ ਅਤੇ ਦੂਹਰੇ ਚਰਿੱਤਰ ਵਾਲਾ ਹੈ ਅਤੇ ਕਿਹੜੀ-ਕਿਹੜੀ ਸ਼ਖਸੀਅਤ ਰਾਮਲਲਾ ਦੀ ਮੁਕਤੀ ਦੇ ਲਈ ਆਪਣੀ ਇਤਿਹਾਸਕ ਭੂਮਿਕਾ ਨਿਭਾ ਰਹੀ ਸੀ।

ਕਿਤਾਬ ਦੇ ਮੁਤਾਬਕ ਵਿਸ਼ਵਨਾਥਨ ਪ੍ਰਤਾਪ ਸਿੰਘ 'ਘਾਗ ਸਿਆਸਤਦਾਨ' ਹਨ ਤਾਂ ਰਾਜੀਵ ਗਾਂਧੀ 'ਚਮਚਿਆਂ ਨਾਲ ਘਿਰੇ' ਅਤੇ 'ਕੋਈ ਵਿਚਾਰ ਨਾ ਰੱਖਣ ਵਾਲੇ' ਨੇਤਾ ਅਤੇ ਪੀਵੀ ਨਰਸਿਮਹਾ ਰਾਓ ਦੀ ਸਰਕਾਰ 'ਚਾਲਬਾਜ਼ ਅਤੇ ਹੰਕਾਰੀ' ਹੈ।ਆਜ਼ਮ ਖ਼ਾਨ ਦੀ 'ਜ਼ੁਬਾਨ ਛੁਰੀ ਦੀ ਤਰ੍ਹਾਂ ਚੱਲਦੀ ਹੈ'।

ਜਿਸ ਰਾਸ਼ਟਰੀ ਸਵੈਮ ਸੇਵਕ ਸੰਘ, ਵਿਸ਼ਵ ਹਿੰਦੂ ਪਰਿਸ਼ਦ ਅਤੇ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਨੇ 'ਨਫ਼ਰਤ ਅਤੇ ਬਦਲੇ ਦੀ ਭਾਵਨਾ ਨਾਲ ਭਰੇ' ਲੱਖਾਂ ਕਾਰ ਸੇਵਕਾਂ ਨੂੰ ਗੋਲਬੰਦ ਕਰਕੇ ਅਯੁੱਧਿਆ ਕੂਚ ਕਰਨ ਲਈ ਉਕਸਾਇਆ ਉਨ੍ਹਾਂ ਲਈ ਕਿਤਾਬ ਵਿੱਚ ਜਾਂ ਤਾਂ ਤਾਰੀਫ਼ ਹੈ, ਜਾਂ ਫਿਰ ਜਿੱਥੇ ਸਖ਼ਤ ਨਿੰਦਾ ਦੀ ਗੁੰਜਾਇਸ਼ ਹੈ, ਉੱਥੇ ਉਨ੍ਹਾਂ ਬਾਰੇ ਸਾਫ਼ ਰਾਇ ਜ਼ਾਹਰ ਨਹੀਂ ਕੀਤੀ ਗਈ।

ਇਹ ਵੀ ਪੜ੍ਹੋ:

ਇਸ ਕਿਤਾਬ ਵਿੱਚ ਇਸ ਗੱਲ ਨੂੰ ਸੰਖੇਪ ਰੂਪ ਵਿੱਚ ਲਿਖਿਆ ਗਿਆ ਹੈ ਕਿ ਵਿਵਾਦਤ ਥਾਂ ਦਾ ਤਾਲਾ ਖੁਲ੍ਹਵਾਉਣ ਤੋਂ ਲੈ ਕੇ ਬਾਬਰੀ ਮਸਜਿਦ ਦੇ ਢਹਿਣ ਤੱਕ ਕਾਂਗਰਸ ਪਾਰਟੀ ਨੇ ਕੀ-ਕੀ ਪੈਂਤੜੇ ਵਰਤੇ ਅਤੇ ਕਿਸ ਤਰ੍ਹਾਂ ਹਿੰਦੂਤਵ ਦੀ ਲਹਿਰ ਉੱਤੇ ਸਵਾਰ ਹੋਣ ਦੀ ਕੋਸ਼ਿਸ਼ ਕੀਤੀ।

ਇੱਕ ਰਿਪੋਰਟਰ ਦਾ ਬਾਰੀਕ ਨਜ਼ਰ ਨਾਲ ਵੇਖੀਆਂ ਗਈਆਂ ਘਟਨਾਵਾਂ ਦਾ ਪਰਤ-ਦਰ-ਪਰਤ ਬਿਓਰਾ ਦੇਣ ਵਿੱਚ ਪੂਰੀ ਇਮਾਨਦਾਰੀ ਵਰਤਣਾ ਇਸ ਕਿਤਾਬ ਦੀ ਤਾਕਤ ਹੈ।

ਕੋਈ ਹਿੰਦੀ ਭਾਸ਼ਾ ਪਾਠਕ ਜੇਕਰ ਮੰਦਿਰ-ਮਸਜਿਦ ਵਿਵਾਦ ਨਾਲ ਜੁੜੀਆਂ ਤਮਾਮ ਜਾਣਕਾਰੀਆਂ ਨੂੰ ਹਾਸਲ ਕਰਨਾ ਚਾਹੁੰਦਾ ਹੈ ਤਾਂ ਇਸ ਕਿਤਾਬ ਵਿੱਚ ਸਭ ਕੁਝ ਮਿਲੇਗਾ।

ਖ਼ਾਸ ਤੌਰ 'ਤੇ ਬਾਬਰੀ ਮਸਜਿਦ ਢਾਹੇ ਜਾਣ ਤੋਂ ਪਹਿਲਾਂ, ਉਸ ਦਿਨ ਅਤੇ ਉਸ ਤੋਂ ਬਾਅਦ ਪਲ ਪਲ ਦੀ ਜਾਣਕਾਰੀ ਹੇਮੰਤ ਸ਼ਰਮਾ ਨੇ ਪੂਰੀ ਇਮਾਨਦਾਰੀ ਨਾਲ ਸਭ ਦੇ ਸਾਹਮਣੇ ਰੱਖੀ ਹੈ।

ਇਸ ਕਿਤਾਬ ਤੋਂ ਪਤਾ ਲਗਦਾ ਹੈ ਕਿ ਕਾਂਗਰਸ ਨੇ ਕਿਵੇਂ ਆਪਣੇ ਕਾਰਨਾਮਿਆਂ ਨਾਲ ਭਾਰਤੀ ਜਨਤਾ ਪਾਰਟੀ ਨੂੰ ਅਤੇ ਫਿਰਕੂ ਸਿਆਸਤ ਨੂੰ ਉੱਤਰ-ਭਾਰਤ ਵਿੱਚ ਆਪਣੇ ਪੈਰ ਪਸਾਰਣ ਦਾ ਮੌਕਾ ਦਿੱਤਾ।

ਹੇਮੰਤ ਯਾਦ ਕਰਵਾਉਂਦੇ ਹਨ ਕਿ ਫਿਰਕੂ ਰਾਜਨੀਤੀ ਲਈ ਸੰਘ ਪਰਿਵਾਰ ਅਤੇ ਭਾਜਪਾ ਨੂੰ ਹੀ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ ਕਿਉਂਕਿ 1981 ਵਿੱਚ ਮੀਨਾਕਸ਼ੀਪੁਰਮ 'ਚ ਧਰਮ ਪਰਿਵਰਤਨ ਦੀ ਘਟਨਾ ਤੋਂ ਬਾਅਦ ਡਾਕਟਰ ਕਰਨ ਸਿੰਘ ਅਤੇ ਦਾਊਦਿਆਲ ਖੰਨਾ ਵਰਗੇ ਕਾਂਗਰਸੀ ਲੀਡਰ ਵਿਸ਼ਵ ਹਿੰਦੂ ਪਰਿਸ਼ਦ ਇਕੱਠੇ ਹਿੰਦੂ ਸਮਾਜ ਨੂੰ ਇੱਕਜੁਟ ਕਰਨ ਦੀ ਮੁਹਿੰਮ ਵਿੱਚ ਜੁੱਟ ਗਏ।

ਬਾਬਰੀ ਮਸਜਿਦ

ਤਸਵੀਰ ਸਰੋਤ, BBC EDWARDS

ਤਸਵੀਰ ਕੈਪਸ਼ਨ, ਕੇਂਦਰ ਸਰਕਾਰ ਦੇ ਹੁਕਮ 'ਤੇ ਸਥਾਨਕ ਪ੍ਰਸ਼ਾਸਨ ਨੇ ਅਦਾਲਤ ਨੂੰ ਭਰੋਸਾ ਦਿਵਾਇਆ ਕਿ ਤਾਲਾ ਖੁੱਲ੍ਹਣ ਨਾਲ ਕਾਨੂੰਨ-ਪ੍ਰਬੰਧ ਖਰਾਬ ਨਹੀਂ ਹੋਵੇਗਾ

ਸੱਤਾ ਪੱਖ ਅਤੇ ਵਿਰੋਧੀ ਧਿਰ ਦੇ ਅੰਦਰੂਨੀ ਹਲਕਿਆਂ ਤੱਕ ਲੇਖਕ ਦੀ ਪਹੁੰਚ ਕਾਰਨ ਵੀ ਉਨ੍ਹਾਂ ਦੇ ਕਈ ਮੁਸ਼ਕਿਲ ਕੰਮ ਸੌਖੇ ਹੋਏ ਹੋਣਗੇ।

ਇਹ ਸਚਾਈ ਹੈ ਕਿ ਰਾਜੀਵ ਗਾਂਧੀ ਨੇ ਮੁਸਲਮਾਨਾਂ ਨੂੰ ਖੁਸ਼ ਕਰਨ ਲਈ ਸ਼ਾਹਬਾਨੋ ਮਾਮਲੇ ਵਿੱਚ ਸੁਪਰੀਮ ਕੋਰਟ ਦੇ ਫ਼ੈਸਲੇ ਨੂੰ ਸੰਸਦ ਵਿੱਚ ਕਾਨੂੰਨ ਬਣਾ ਕੇ ਪਲਟ ਦਿੱਤਾ। ਪਰ ਫਿਰ ਹਿੰਦੂਆਂ ਦੇ ਭੜਕਣ ਦੇ ਖਤਰੇ ਨੂੰ ਦੇਖਦੇ ਹੋਏ ਇੱਕ ਤੋਂ ਬਾਅਦ ਇੱਕ ਕਈ ਅਜਿਹੇ ਕੰਮ ਕੀਤੇ ਜਿਸ ਨਾਲ ਉਨ੍ਹਾਂ ਦੀ ਸਿਆਸੀ ਦ੍ਰਿਸ਼ਟੀ ਦੀਆਂ ਸੀਮਾਵਾਂ ਸਪੱਸ਼ਟ ਹੋ ਗਈਆਂ।

ਕਿਤਾਬ ਵਿੱਚ ਕਾਂਗਰਸ ਦੀਆਂ ਇਨ੍ਹਾਂ ਸਾਰੀਆਂ ਹਰਕਤਾਂ ਬਾਰੇ ਵਿਸਥਾਰ ਵਿੱਚ ਦੱਸਿਆ ਗਿਆ ਹੈ। ਹਾਲਾਂਕਿ, ਜਦੋਂ ਬਾਬਰੀ ਮਸਜਿਦ ਦਾ ਤਾਲਾ ਖੁਲ੍ਹਵਾਉਣ ਦੀ ਕੋਈ ਲੋੜ ਨਹੀਂ ਸੀ, ਕੇਂਦਰ ਸਰਕਾਰ ਦੇ ਹੁਕਮ 'ਤੇ ਸਥਾਨਕ ਪ੍ਰਸ਼ਾਸਨ ਨੇ ਅਦਾਲਤ ਨੂੰ ਭਰੋਸਾ ਦਿਵਾਇਆ ਕਿ ਤਾਲਾ ਖੁੱਲ੍ਹਣ ਨਾਲ ਕਾਨੂੰਨ-ਪ੍ਰਬੰਧ ਖਰਾਬ ਨਹੀਂ ਹੋਵੇਗਾ। ਇਸ ਲਈ ਤਾਲਾ ਖੋਲ੍ਹ ਦਿੱਤਾ ਜਾਵੇ।

ਹੇਮੰਤ ਸ਼ਰਮਾ ਨੂੰ ਕੇਂਦਰ ਸਰਕਾਰ ਦੀ ਮਿਲੀਭਗਤ ਦੀ ਜਾਣਕਾਰੀ ਕਾਂਗਰਸ ਦੇ ਲੀਡਰਾਂ ਤੋਂ ਹੀ ਮਿਲ ਰਹੀ ਸੀ। ਉਨ੍ਹਾਂ ਨੇ ਲਿਖਿਆ ਹੈ, "ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਵੀਰ ਬਹਾਦੁਰ ਸਿੰਘ ਨੇ ਮੈਨੂੰ ਖ਼ੁਦ ਦੱਸਿਆ ਸੀ ਕਿ ਦਿੱਲੀ ਤੋਂ ਸਿੱਧੇ ਹੁਕਮ ਆ ਰਹੇ ਅਤੇ ਕਮਿਸ਼ਨਰ ਨੂੰ ਸਿੱਧਾ ਕਿਹਾ ਜਾ ਰਿਹਾ ਸੀ ਕਿ ਇਸ ਗੱਲ ਦੇ ਸਾਰੇ ਉਪਾਅ ਕੀਤੇ ਜਾਣ ਕਿ ਤਾਲਾ ਖੋਲ੍ਹਣ ਦੀ ਅਰਜ਼ੀ ਮਨਜ਼ੂਰ ਹੋਵੇ।''

ਹੇਮੰਤ ਲਿਖਦੇ ਹਨ, "ਇਹ ਧਾਰਨਾ ਗ਼ਲਤ ਹੈ ਕਿ ਰਾਮ ਜਨਮ ਸਥਾਨ ਨੂੰ ਲੈ ਕੇ ਭਾਜਪਾ ਜਾਂ ਜਨਸੰਘ ਨੇ ਹੀ ਲੜਾਈਆਂ ਲੜੀਆਂ ਜਾਂ ਮੰਦਿਰ ਨਿਰਮਾਣ ਲਈ ਸਿਰਫ਼ ਉਨ੍ਹਾਂ ਦੀ ਹੀ ਵੱਚਨਬੱਧਤਾ ਰਹੀ।

ਮੇਰਾ ਨਤੀਜਾ ਹੈ ਕਿ ਪੂਰੇ ਵਿਵਾਦ ਅਤੇ ਅੰਦੋਲਨ ਦੇ ਪਿੱਛੇ ਕਾਂਗਰਸ ਮਜ਼ਬੂਤੀ ਨਾਲ ਰਹੀ। ਕਾਂਗਰਸ ਦੀ ਨੀਤੀ ਆਜ਼ਾਦੀ ਦੇ ਬਾਅਦ ਤੋਂ ਹੀ ਮੰਦਰ ਸਮਰਥਕ ਰਹੀ। 6 ਦਸੰਬਰ 1992 ਦੇ ਢਹਿਣ ਲਈ ਭਾਜਪਾ ਤੋਂ ਕਿਤੇ ਜ਼ਿਆਦਾ ਕੇਂਦਰ ਦੀ ਕਾਂਗਰਸ ਸਰਕਾਰ ਜ਼ਿੰਮੇਦਾਰ ਰਹੀ ਹੈ।"

ਸਥਾਈ ਮੰਦਿਰ ਦੀ ਬੁਨਿਆਦ ਅਤੇ ਧੋਖਾ

ਇਹ ਵੀ ਓਨਾ ਹੀ ਸੱਚ ਹੈ ਕਿ ਬਾਬਰੀ ਮਸਜਿਦ ਨੂੰ ਤੋੜ ਕੇ ਉੱਥੇ ਅਸਥਾਈ ਮੰਦਿਰ ਬਣਾਉਣ ਦੀ ਨੀਂਹ ਹੀ ਧੋਖੇ ਦੇ ਆਧਾਰ 'ਤੇ ਰੱਖੀ ਗਈ। ਧੋਖੇ ਦੀ ਇਹ ਖੇਡ ਉਸ ਤੋਂ ਵੀ ਬਹੁਤ ਪਹਿਲਾਂ ਦੀ ਚਲੀ ਆ ਰਹੀ ਸੀ।

ਇਹ ਵੀ ਪੜ੍ਹੋ:

ਕਿਸ ਨੇ ਕਿਸ ਨੂੰ ਧੋਖਾ ਦਿੱਤਾ? ਕੀ ਵਿਸ਼ਵ ਹਿੰਦੂ ਪਰਿਸ਼ਦ ਨੇ ਪ੍ਰਧਾਨ ਮੰਤਰੀ ਨਰਸਿਮਾਹ ਰਾਓ ਬਾਬਰੀ ਮਸਜਿਦ ਨੂੰ ਢਹਿੰਦਾ ਵੇਖ ਭਾਜਪਾ ਨੂੰ ਧੋਖਾ ਦੇ ਰਹੇ ਸਨ?

ਕੀ ਆਰਐਸਐਸ ਨੇ ਕਲਿਆਣ ਸਿੰਘ ਨੂੰ ਧੋਖਾ ਦਿੱਤਾ ਜਿਹੜਾ 6 ਦਸੰਬਰ ਦੀ ਸਵੇਰ ਇਸ ਗੱਲ ਉੱਤੇ ਹੈਰਾਨ ਸਨ ਕਿ ਬਾਬਰੀ ਮਸਜਿਦ ਤੋੜਨ ਦੀ ਯੋਜਨਾ ਉਨ੍ਹਾਂ ਨੂੰ ਕਿਉਂ ਨਹੀਂ ਦੱਸੀ ਗਈ?

ਕੀ ਕਲਿਆਣ ਸਿੰਘ ਦੀ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਬਾਬਰੀ ਮਸਜਿਦ ਨੂੰ ਨੁਕਸਾਨ ਨਾ ਪਹੁੰਚਣ ਦਾ ਹਲਫ਼ਨਾਮਾ ਦੇ ਕੇ ਨਿਆਂ ਪਾਲਿਕਾ ਨੂੰ ਧੋਖਾ ਦਿੱਤਾ?

ਕੀ ਨਰਸਿਮਾ ਰਾਓ ਲੁਕੇ ਹੋਏ ਹਿੰਦੂਤਵਵਾਦੀ ਸਨ ਜਿਨ੍ਹਾਂ ਨੇ ਕਾਂਗਰਸ ਪਾਰਟੀ ਨੂੰ ਧੋਖਾ ਦਿੱਤਾ? ਕੀ ਕਾਰਸੇਵਕਾਂ ਨੇ ਆਪਣੇ ਸੰਗਠਨ ਆਰਐਸਐਸ ਨੂੰ ਧੋਖਾ ਦਿੱਤਾ ਅਤੇ ਬਿਨਾਂ ਕਿਸੇ ਯੋਜਨਾ ਦੇ ਬਾਬਰੀ ਮਸਜਿਦ ਤੋੜ ਦਿੱਤੀ?

ਜਾਂ ਫਿਰ ਰਾਸ਼ਟਰੀ ਸਵੈਮ ਸੇਵਕ ਸੰਘ ਨੇ ਧੋਖੇ ਦੀ ਬੁਨਿਆਦ ਉੱਤੇ ਹਿੰਦੂਆਂ ਨੂੰ ਹਿੰਸਕ ਕੀਤਾ ਅਤੇ ਪੂਰੇ ਦੇਸ ਨੂੰ ਆਪਣੇ ਪਿਆਰੇ ਸਵੈਮ ਸੇਵਕ ਲਾਲ ਕ੍ਰਿਸ਼ਨ ਅਡਵਾਨੀ ਦੇ ਜ਼ਰੀਏ ਫਿਰਕੂਵਾਦ ਦੀ ਅੱਗ ਵਿੱਚ ਧੱਕ ਦਿੱਤਾ?

ਪਰ ਇਸ ਸਵਾਲ ਦਾ ਜਵਾਬ ਲੱਭਿਆ ਜਾਣਾ ਅਜੇ ਬਾਕੀ ਹੈ ਕਿ ਇਹ ਕਾਲਾ ਬਾਂਦਰ ਕੌਣ ਹੈ ਜਿਹੜੇ ਐਨੇ ਸਾਲਾਂ ਤੋਂ ਭਾਰਤੀ ਸਿਆਸਤ ਨੂੰ ਆਪਣੀ ਧੁਨ 'ਤੇ ਨਚਾਉਂਦਾ ਆ ਰਿਹਾ ਹੈ?

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)