ਸ਼ੌਕ ਲਈ ਕੁੜੀਆਂ ਦਾ ਬਿਊਟੀ ਪਾਰਲਰ ਚਲਾਉਣ ਵਾਲੇ ਮਰਦ ਦੀ ਚੁਣੌਤੀਆਂ ਭਰੀ ਕਹਾਣੀ: #hischoice

ਉੱਤਰਾਖੰਡ ਦੇ ਛੋਟੇ ਜਿਹੇ ਸ਼ਹਿਰ ਰੂੜਕੀ ਵਿੱਚ ਸ਼ਾਇਦ ਮੈਂ ਪਹਿਲਾ ਜਾਂ ਦੂਜਾ ਮਰਦ ਸੀ ਜਿਸ ਨੇ ਕੋਈ ਲੇਡੀਜ਼ ਪਾਰਲਰ ਖੋਲ੍ਹਿਆ।
ਮੇਰੇ ਇਸ ਚੁਆਇਸ 'ਤੇ ਮੇਰੇ ਜਾਣਨ ਵਾਲੇ ਤਾਂ ਇਤਰਾਜ਼ ਚੁੱਕਦੇ ਹੀ ਸਨ, ਮਹਿਲਾ ਗਾਹਕ ਵੀ ਝਿਝਕਦੀਆਂ ਸਨ।
ਗੁਆਂਢੀ ਕਈ ਤਰੀਕੇ ਦੀਆਂ ਗੱਲਾਂ ਕਰਦੇ ਸਨ ਅਤੇ ਕਹਿੰਦੇ ਸਨ ਕਿ ਲੇਡੀਜ਼ ਪਾਰਲਰ ਤਾਂ ਕੁੜੀਆਂ ਦਾ ਕੰਮ ਹੈ।
ਕੁੜੀਆਂ ਨੂੰ ਮਨਾਉਣਾ, ਉਨ੍ਹਾਂ ਦਾ ਵਿਸ਼ਵਾਸ ਜਿੱਤਣਾ ਅਤੇ ਇਹ ਦੱਸਣਾ ਮੁਸ਼ਕਿਲ ਸੀ ਕਿ ਮੈਂ ਵੀ ਕਿਸੇ ਕੁੜੀ ਤੋਂ ਘੱਟ ਚੰਗਾ ਮੇਕਅਪ ਨਹੀਂ ਕਰਦਾ ਹਾਂ।
ਇਹ ਵੀ ਪੜ੍ਹੋ:
ਜੇ ਕੋਈ ਕੁੜੀ ਮੇਰੇ ਪਾਰਲਰ ਵਿੱਚ ਆਉਂਦੀ ਵੀ ਸੀ ਤਾਂ ਉਨ੍ਹਾਂ ਦੇ ਪਤੀ, ਭਰਾ ਜਾਂ ਪਿਤਾ ਮੈਨੂੰ ਦੇਖ ਕੇ ਰੋਕ ਦਿੰਦੇ ਅਤੇ ਕਹਿੰਦੇ, "ਇੱਥੇ ਤਾਂ ਮੁੰਡਾ ਕੰਮ ਕਰਦਾ ਹੈ।''
ਕੁੜੀਆਂ ਮੇਰੇ ਤੋਂ ਥ੍ਰੈਡਿੰਗ ਕਰਵਾਉਣ ਤੋਂ ਸਾਫ਼ ਇਨਕਾਰ ਕਰ ਦਿੰਦੀਆਂ ਸਨ। 8X10 ਦੇ ਕਮਰੇ ਵਿੱਚ ਸ਼ਾਇਦ ਇੱਕ ਮੁੰਡੇ ਦਾ ਉਨ੍ਹਾਂ ਦੇ ਬੇਹੱਦ ਕਰੀਬ ਆ ਕੇ ਕੰਮ ਕਰਨਾ ਉਨ੍ਹਾਂ ਨੂੰ ਅਸਹਿਜ ਕਰਦਾ ਸੀ।
ਮਹਿੰਦੀ ਨਾਲ ਸ਼ੁਰੂ ਹੋਈ ਗੱਲ
ਸਵਾਲ ਮੇਰੇ ਜ਼ਹਿਨ ਵਿੱਚ ਵੀ ਸਨ। ਕੀ ਕੁੜੀਆਂ ਮੇਰੇ ਨਾਲ ਇੰਨਾ ਖੁੱਲ੍ਹ ਪਾਉਣਗੀਆਂ ਜਿਵੇਂ ਇੱਕ ਪਾਰਲਰ ਵਾਲੀ ਕੁੜੀ ਨੂੰ ਆਪਣੀ ਪਸੰਦ-ਨਾਪਸੰਦ ਦੱਸਦੀਆਂ ਹਨ?
ਅਜਿਹਾ ਨਹੀਂ ਹੈ ਕਿ ਮੈਨੂੰ ਇਸ ਸਭ ਦਾ ਅੰਦਾਜ਼ਾ ਨਹੀਂ ਸੀ ਪਰ ਜਦੋਂ ਮੈਨੂੰ ਆਪਣੀ ਇੱਛਾ ਦੇ ਕੰਮ ਨੂੰ ਵਪਾਰ ਵਿੱਚ ਬਦਲਣ ਦਾ ਮੌਕਾ ਮਿਲਿਆ ਤਾਂ ਮੈਂ ਕਿਉਂ ਛੱਡਦਾ?
-----------------------------------------------------------------------------------------------------------------------------
ਬੀਬੀਸੀ ਦੀ ਖ਼ਾਸ ਸੀਰੀਜ਼ #HisChoice 10 ਭਾਰਤੀ ਮਰਦਾਂ ਦੇ ਜੀਵਨ ਦੀਆਂ ਸੱਚੀ ਕਹਾਣੀਆਂ ਦੀ ਖ਼ਾਸ ਲੜੀ ਹੈ
ਇਹ ਕਹਾਣੀਆਂ ਆਧੁਨਿਕ ਭਾਰਤੀ ਮਰਦਾਂ ਦੇ ਵਿਚਾਰ ਅਤੇ ਉਨ੍ਹਾਂ ਸਾਹਮਣੇ ਮੌਜੂਦ ਵਿਕਲਪ, ਉਨ੍ਹਾਂ ਦੀਆਂ ਇੱਛਾਵਾਂ ਅਤੇ ਮੁੱਢਲੀਆਂ ਜ਼ਰੂਰਤਾਂ ਨੂੰ ਪੇਸ਼ ਕਰਦੀਆਂ ਹਨ।
-----------------------------------------------------------------------------------------------------------------------------
ਸ਼ੁਰੂਆਤ ਦਰਅਸਲ ਕਈ ਸਾਲ ਪਹਿਲਾਂ ਮੇਰੀ ਭੈਣ ਦੇ ਵਿਆਹ ਦੌਰਾਨ ਹੋਈ। ਉਸ ਦੇ ਹੱਥਾਂ ਵਿੱਚ ਮਹਿੰਦੀ ਲਗਾਈ ਜਾ ਰਹੀ ਸੀ ਅਤੇ ਉਹ ਮਹਿੰਦੀ ਲਗਾਉਣ ਵਾਲਾ ਇੱਕੋ ਮੁੰਡਾ ਹੀ ਸੀ।
ਬਸ ਉਸ ਸ਼ਾਮ ਮੇਰੇ ਦਿਲੋ-ਦਿਮਾਗ ਵਿੱਚ ਮਹਿੰਦੀ ਦੇ ਉਹ ਡਿਜ਼ਾਈਨ ਰਚ-ਵਸ ਗਏ।

ਕੋਨ ਬਣਾਉਣਾ ਸਿੱਖਿਆ, ਕਾਗਜ਼ 'ਤੇ ਪ੍ਰੈਕਟਿਸ ਕੀਤੀ ਅਤੇ ਫਿਰ ਮੈਂ ਛੋਟੇ-ਛੋਟੇ ਬੱਚਿਆਂ ਦੇ ਹੱਥਾਂ 'ਤੇ ਮਹਿੰਦੀ ਲਗਾਉਣ ਲੱਗਾ।
ਕੁਝ ਦਿਨਾਂ ਬਾਅਦ ਜਦੋਂ ਮੇਰੇ ਘਰ ਇਸ ਬਾਰੇ ਪਤਾ ਲੱਗਿਆ ਤਾਂ ਖੂਬ ਝਿੜਕਾਂ ਪਈਆਂ।
ਪਾਪਾ ਨੇ ਸਖ਼ਤ ਲਹਿਜ਼ੇ ਵਿੱਚ ਕਿਹਾ ਕਿ ਮੈਂ ਇੱਥੇ ਕੁੜੀਆਂ ਵਰਗਾ ਕੰਮ ਕਿਉਂ ਕਰ ਰਿਹਾ ਹਾਂ। ਉਹ ਚਾਹੁੰਦੇ ਸਨ ਕਿ ਮੈਂ ਉਨ੍ਹਾਂ ਵਾਂਗ ਫੌਜ ਵਿੱਚ ਜਾਵਾਂ।
ਪਰ ਮੈਨੂੰ ਫੌਜ ਜਾਂ ਕੋਈ ਵੀ ਦੂਜੀ ਨੌਕਰੀ ਪਸੰਦ ਹੀ ਨਹੀਂ ਸੀ।
'ਮੈਂ ਨੌਕਰੀ ਵਿੱਚ ਖੁਸ਼ ਨਹੀਂ ਸੀ'
ਫਿਰ ਇੱਕ ਵਾਰ ਮੈਂ ਵਿਆਹ ਵਿੱਚ ਗਿਆ ਅਤੇ ਉੱਥੇ ਮੈਂ ਔਰਤਾਂ ਦੇ ਹੱਥਾਂ ਵਿੱਚ ਮਹਿੰਦੀ ਲਗਾਈ ਜੋ ਕਾਫ਼ੀ ਪਸੰਦ ਕੀਤੀ ਗਈ। ਇਸ ਦੇ ਲਈ ਮੈਨੂੰ 21 ਰੁਪਏ ਮਿਲੇ।
ਮੇਰੇ ਜੀਵਨ ਦੀ ਇਹ ਪਹਿਲੀ ਕਮਾਈ ਸੀ। ਮੇਰੀ ਮਾਂ ਅਤੇ ਭਰਾ-ਭੈਣ ਮੇਰੇ ਸ਼ੌਕ ਨੂੰ ਪਛਾਣ ਚੁੱਕੇ ਸਨ ਪਰ ਪਾਪਾ ਨੂੰ ਇਹ ਅਜੇ ਵੀ ਨਾਪਸੰਦ ਸੀ।
ਇਹ ਵੀ ਪੜ੍ਹੋ:
ਹਾਰ ਕੇ ਮੈਂ ਹਰਿਦੁਆਰ ਵਿੱਚ ਨੌਕਰੀ ਕਰਨ ਲੱਗਾ। ਸਵੇਰੇ ਨੌ ਤੋਂ ਪੰਜ ਵਾਲੀ ਨੌਕਰੀ। ਸਾਰੇ ਖੁਸ਼ ਸਨ ਕਿਉਂਕਿ ਮੈਂ ਮਰਦਾਂ ਵਾਲਾ ਕੰਮ ਕਰ ਰਿਹਾ ਸੀ।
ਪਰ ਮਹਿੰਦੀ ਲਗਾਉਣ ਵਾਲਾ ਮੇਰਾ ਸ਼ੌਕ, ਮੇਰੇ ਦਿਲ ਦੀ ਇੱਕ ਨੁੱਕਰੇ ਹੀ ਦਫ਼ਨ ਹੋ ਕੇ ਰਹਿ ਗਿਆ।

ਕਈ ਵਾਰ ਮੈਨੂੰ ਲੱਗਦਾ ਕਿ ਇਸ ਨੌਕਰੀ ਤੋਂ ਮੈਨੂੰ ਕੀ ਮਿਲ ਰਿਹਾ ਹੈ, ਨਾ ਤਾਂ ਬਿਹਤਰ ਪੈਸਾ ਅਤੇ ਨਾ ਹੀ ਦਿਲ ਦਾ ਸਕੂਨ।
ਇਸੇ ਵਿਚਾਲੇ ਲੰਬੀ ਬਿਮਾਰੀ ਤੋਂ ਬਾਅਦ ਪਾਪਾ ਦਾ ਦਿਹਾਂਤ ਹੋ ਗਿਆ, ਘਰ ਦਾ ਖ਼ਰਚ ਚਲਾਉਣ ਦੀ ਜ਼ਿੰਮੇਵਾਰੀ ਅਚਾਨਕ ਮੇਰੇ ਮੋਢਿਆਂ 'ਤੇ ਆ ਗਈ।
ਪਰ ਇਸੇ ਜ਼ਿੰਮੇਵਾਰੀ ਨੇ ਮੇਰੇ ਲਈ ਨਵੇਂ ਰਾਹ ਵੀ ਖੋਲ੍ਹ ਦਿੱਤੇ। ਮੈਂ ਜਦੋਂ ਵੀ ਛੁੱਟੀ 'ਤੇ ਘਰ ਆਉਂਦਾ ਤਾਂ ਵਿਆਹਾਂ ਵਿੱਚ ਮਹਿੰਦੀ ਲਗਾਉਣ ਚਲਾ ਜਾਂਦਾ ਸੀ।
ਇੱਥੇ ਮੇਰੀ ਮਹੀਨੇ ਦੀ ਤਨਖ਼ਾਹ 1500 ਰੁਪਏ ਸੀ ਅਤੇ ਦੂਜੇ ਪਾਸੇ ਵਿਆਹ ਵਿੱਚ ਮਹਿੰਦੀ ਲਗਾਉਣ ਲਈ ਮੈਨੂੰ ਕਰੀਬ 500 ਰੁਪਏ ਤੱਕ ਮਿਲ ਜਾਂਦੇ ਸਨ।
ਸ਼ਾਇਦ ਕਮਾਈ ਦਾ ਅਸਰ ਹੀ ਸੀ ਕਿ ਹੁਣ ਪਰਿਵਾਰ ਵਾਲਿਆਂ ਨੂੰ ਮੇਰਾ ਮਹਿੰਦੀ ਲਗਾਉਣਾ ਠੀਕ ਲੱਗਣ ਲੱਗਾ ਸੀ।
ਉਸੇ ਦੌਰਾਨ ਮੈਨੂੰ ਪਤਾ ਲੱਗਿਆ ਕਿ ਦਫ਼ਤਰ ਵਿੱਚ ਮੇਰਾ ਇੱਕ ਸਾਥੀ ਆਪਣੀ ਪਤਨੀ ਦੇ ਬਿਊਟੀ ਪਾਰਲਰ ਵਿੱਚ ਉਸ ਦੀ ਮਦਦ ਕਰਦਾ ਹੈ ਅਤੇ ਦੋਵੇਂ ਚੰਗਾ ਪੈਸਾ ਕਮਾ ਲੈਂਦੇ ਹਨ।
ਇਹ ਵੀ ਪੜ੍ਹੋ:
ਮੈਂ ਸੋਚਿਆ ਕਿ ਕਿਉਂ ਨਾ ਮੈਂ ਵੀ ਆਪਣਾ ਇੱਕ ਬਿਊਟੀ ਪਾਰਲਰ ਖੋਲ੍ਹਾਂ?
ਪਰ ਇਸ ਸੁਝਾਅ ਨੂੰ ਜਦੋਂ ਮੈਂ ਆਪਣੇ ਪਰਿਵਾਰ ਦੇ ਸਾਹਮਣੇ ਰੱਖਿਆ ਤਾਂ ਇੱਕਦਮ ਸਾਰਿਆਂ ਦੀਆਂ ਨਜ਼ਰਾਂ ਵਿੱਚ ਬਹੁਤ ਸਾਰੇ ਸਵਾਲ ਖੜ੍ਹੇ ਹੋਏ। ਉਹੀ 'ਕੁੜੀਆਂ ਦਾ ਕੰਮ-ਮੁੰਡਿਆਂ ਦਾ ਕੰਮ' ਵਾਲੇ ਸਵਾਲ।
ਪਰ ਤੈਅ ਕਰ ਲਓ ਤਾਂ ਰਾਹ ਖੁੱਲ੍ਹ ਹੀ ਜਾਂਦੇ ਹਨ।
ਮੇਰੇ ਮਾਮਾ ਜੀ ਦੀ ਕੁੜੀ ਬਿਊਟੀ ਪਾਰਲਰ ਦਾ ਕੰਮ ਸਿੱਖ ਰਹੀ ਸੀ। ਉਸ ਨੇ ਮੈਨੂੰ ਵੀ ਸਿਖਾਉਣਾ ਸ਼ੁਰੂ ਕਰ ਦਿੱਤਾ ਅਤੇ ਫਿਰ ਅਸੀਂ ਮਿਲ ਕੇ ਇੱਕ ਪਾਰਲਰ ਖੋਲ੍ਹਿਆ।
ਸ਼ੁਰੂਆਤੀ ਦਿਨਾਂ ਦੀਆਂ ਚੁਣੌਤੀਆਂ ਵੀ ਉਸ ਦੀ ਮਦਦ ਨਾਲ ਹੱਲ ਹੋਈਆਂ।
ਪਾਰਲਰ ਵਿੱਚ ਮੇਰੇ ਤੋਂ ਇਲਾਵਾ, ਮੇਰੀ ਭੈਣ ਯਾਨੀ ਇੱਕ ਕੁੜੀ ਦਾ ਹੋਣਾ ਮਹਿਲਾ ਕਸਟਮਰਜ਼ ਦਾ ਵਿਸ਼ਵਾਸ ਜਿੱਤਣ ਵਿੱਚ ਮਦਦਗਾਰ ਰਿਹਾ।
ਕਾਮਯਾਬੀ ਨਾਲ ਵਿਸ਼ਵਾਸ ਵਧਿਆ
ਅਸੀਂ ਆਪਣੇ ਛੋਟੇ ਜਿਹੇ ਕਮਰੇ ਵਿੱਚ ਹੀ ਪਰਦੇ ਦੀ ਕੰਧ ਬਣਾ ਦਿੱਤੀ। ਮੇਰੀ ਭੈਣ ਕੁੜੀਆਂ ਦੀ ਵੈਕਸਿੰਗ ਕਰਦੀ ਅਤੇ ਮੈਂ ਉਨ੍ਹਾਂ ਦੀ ਥ੍ਰੈਡਿੰਗ ਅਤੇ ਮੇਕਅਪ ਕਰਦਾ।
ਉਮਰ ਅਤੇ ਤਜ਼ੁਰਬੇ ਦੇ ਨਾਲ ਮੇਰਾ ਆਪਣੇ ਕੰਮ ਦੀ ਪਸੰਦ ਬਾਰੇ ਵਿਸ਼ਵਾਸ ਹੋਰ ਵੱਧ ਗਿਆ ਸੀ।
ਵਿਆਹ ਲਈ ਕੁੜੀ ਦੇਖਣ ਗਿਆ ਤਾਂ ਕੁੜੀ ਨੇ ਵੀ ਮੈਨੂੰ ਇਹੀ ਪੁੱਛਿਆ, "ਆਖਿਰ ਤੁਸੀਂ ਇਹ ਕੰਮ ਕਿਉਂ ਚੁਣਿਆ?''
ਮੇਰਾ ਜਵਾਬ ਸੀ, ਇਹ ਮੇਰੀ ਪਸੰਦ ਹੈ ਮੇਰੀ ਆਪਣੀ ਚੋਣ ਹੈ।
ਉਸ ਦਿਨ ਤੋਂ ਲੈ ਕੇ ਅੱਜ ਤੱਕ ਮੇਰੀ ਪਤਨੀ ਨੇ ਮੇਰੇ ਕੰਮ 'ਤੇ ਸਵਾਲ ਨਹੀਂ ਚੁੱਕੇ।
ਉੰਝ ਵੀ ਉਹ ਮੇਰੇ ਤੋਂ 10 ਸਾਲ ਛੋਟੀ ਹੈ, ਵੱਧ ਸਵਾਲ ਕਿਵੇਂ ਪੁੱਛਦੀ।
ਵਿਆਹ ਤੋਂ ਬਾਅਦ ਮੈਂ ਪਤਨੀ ਨੂੰ ਬਿਊਟੀ ਪਾਰਲਰ ਦਿਖਾਇਆ, ਆਪਣੇ ਗਾਹਕਾਂ ਅਤੇ ਸਟਾਫ ਨਾਲ ਵੀ ਮਿਲਵਾਇਆ।
ਮੈਂ ਚਾਹੁੰਦਾ ਸੀ ਕਿ ਉਸ ਦੇ ਮਨ ਵਿੱਚ ਕਿਸੇ ਤਰ੍ਹਾਂ ਦਾ ਕੋਈ ਸ਼ੱਕ ਨਾ ਰਹੇ।
ਪਿਛਲੇ 10 ਸਾਲਾਂ ਵਿੱਚ 8X10 ਦਾ ਉਹ ਛੋਟਾ ਜਿਹਾ ਪਾਰਲਰ ਹੁਣ ਤਿੰਨ ਕਮਰਿਆਂ ਤੱਕ ਫੈਲ ਚੁੱਕਾ ਹੈ।
ਹੁਣ ਰਿਸ਼ਤੇਦਾਰ ਵੀ ਇੱਜ਼ਤ ਕਰਦੇ ਹਨ ਅਤੇ ਮੈਨੂੰ ਮੇਹਣਾ ਦੇਣ ਵਾਲੇ ਮਰਦ ਆਪਣੇ ਘਰ ਦੀਆਂ ਔਰਤਾਂ ਨੂੰ ਮੇਰੇ ਪਾਰਲਰ ਵਿੱਚ ਖੁਦ ਛੱਡ ਕੇ ਜਾਂਦੇ ਹਨ।
(ਇਹ ਕਹਾਣੀ ਬੀਬੀਸੀ ਪੱਤਰਕਾਰ ਨਵੀਨ ਨੇਗੀਦੀ ਬਿਊਟੀ ਪਾਰਲਰ ਚਲਾਉਣ ਵਾਲੇ ਵਿਅਕਤੀ ਨਾਲ ਕੀਤੀ ਗੱਲਬਾਤ 'ਤੇ ਆਧਾਰਿਤ ਹੈ। ਇਸ ਕਹਾਣੀ ਨੂੰ ਦੱਸਣ ਵਾਲੇ ਸ਼ਖਸ ਦੀ ਪਛਾਣ ਗੁਪਤ ਰੱਖੀ ਗਈ ਹੈ। ਸੀਰੀਜ਼ ਦੀ ਪ੍ਰੋਡਿਊਸਰ ਸੁਸ਼ੀਲਾ ਸਿੰਘ ਹਨ)
ਤੁਹਾਨੂੰ ਇਹ ਵੀ ਪਸੰਦ ਆ ਸਕਦਾ ਹੈ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












