ਕੋਰੋਨਾਵਾਇਰਸ: ਬੱਚਿਆਂ ਨੂੰ ਹੋ ਰਹੀ ਐਮਆਈਐਸ-ਸੀ ਬਿਮਾਰੀ ਆਖਰ ਹੈ ਕੀ ਤੇ ਕੀ ਹਨ ਇਸ ਦੇ ਲੱਛਣ

ਕੋਰੋਨਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਦਿ ਲੈਂਸੇਟ' ਦੇ ਅਨੁਸਾਰ ਬੱਚਿਆਂ 'ਚ ਹੋਣ ਵਾਲਾ ਐਮਆਈਐਸ-ਸੀ ਇੱਕ ਅਜਿਹਾ ਗੰਭੀਰ ਰੋਗ ਹੈ, ਜਿਸ ਨੂੰ ਫਿਲਹਾਲ ਕੋਵਿਡ-19 ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ (ਸੰਕੇਤਕ ਤਸਵੀਰ)
    • ਲੇਖਕ, ਪ੍ਰਸ਼ਾਂਤ ਚਾਹਲ
    • ਰੋਲ, ਬੀਬੀਸੀ ਪੱਤਰਕਾਰ

ਚਾਰ ਸਾਲ ਦੇ ਅਮਨ ਨੂੰ ਕਾਹਲੀ-ਕਾਹਲੀ 'ਚ ਗਾਜ਼ੀਆਬਾਦ ਦੇ ਇੱਕ ਨਿੱਜੀ ਹਸਪਤਾਲ 'ਚ ਭਰਤੀ ਕਰਵਾਉਣਾ ਪਿਆ। ਡਾਕਟਰਾਂ ਨੇ ਕਿਹਾ ਕਿ ਬਿਨ੍ਹਾਂ ਸਮਾਂ ਗੁਆਏ ਉਸ ਨੂੰ ਇਲਾਜ ਦੇ ਲਈ ਬੱਚਿਆਂ ਦੇ ਆਈਸੀਯੂ 'ਚ ਭਰਤੀ ਕਰਨਾ ਪਵੇਗਾ।

ਡਾਕਟਰਾਂ ਨੂੰ ਅਮਨ ਦੀਆਂ ਰਿਪੋਰਟਾਂ 'ਚ ਕੁਝ ਗੜਬੜੀ ਵਿਖਾਈ ਦਿੱਤੀ ਜਿਸ ਲਈ ਉਹ ਬਹੁਤ ਚਿੰਤਤ ਵੀ ਸਨ।

ਅਮਨ ਦੀ ਮਾਂ ਪੂਜਾ ਦੱਸਦੀ ਹੈ, "ਅਮਨ ਨੂੰ ਪਿਛਲੇ ਦੋ ਹਫ਼ਤਿਆਂ ਤੋਂ ਹਲਕਾ ਬੁਖ਼ਾਰ (ਲਗਭਗ 99 ਡਿਗਰੀ) ਸੀ। ਇਸ ਦੇ ਨਾਲ ਹੀ ਅੱਖਾਂ 'ਚ ਖਾਰਿਸ਼ ਹੋ ਰਹੀ ਸੀ ਅਤੇ ਹਸਪਤਾਲ 'ਚ ਭਰਤੀ ਹੋਣ ਤੋਂ ਪਹਿਲਾਂ ਉਸ ਦੇ ਢਿੱਡ 'ਚ ਵੀ ਦਰਦ ਸ਼ੁਰੂ ਹੋ ਗਿਆ ਸੀ।"

ਇਹ ਵੀ ਪੜ੍ਹੋ-

"ਇਸ ਤੋਂ ਇਲਾਵਾ ਉਸ ਦੀਆਂ ਬਾਕੀ ਗਤੀਵਿਧੀਆਂ ਠੀਕ ਸਨ ਅਤੇ ਸਰੀਰਕ ਤੌਰ 'ਤੇ ਕੋਈ ਹੋਰ ਪਰੇਸ਼ਾਨੀ ਨਹੀਂ ਵਿਖਾਈ ਦੇ ਰਹੀ ਸੀ।"

ਪਰ ਜਦੋਂ ਅਮਨ ਦੇ ਪਿਤਾ ਸੂਰਜ ਨੂੰ ਡਾਕਟਰਾਂ ਨੇ ਦੱਸਿਆ, "ਲਾਗ ਲੱਗਣ ਦੇ ਕਾਰਨ ਅਮਨ ਦੇ ਦਿਲ ਦੇ ਇੱਕ ਹਿੱਸੇ 'ਚ ਸੋਜ (ਇਨਫਲਾਮੇਸ਼ਨ) ਆ ਗਈ ਹੈ" ਤਾਂ ਉਹ ਬਹੁਤ ਹੀ ਹੈਰਾਨ ਹੋਏ।

ਡਾਕਟਰਾਂ ਨੇ ਕਿਹਾ, "ਅਮਨ ਨੂੰ ਐਮਆਈਐਸ-ਸੀ ਨਾਂਅ ਦੀ ਸਮੱਸਿਆ ਹੋ ਗਈ ਹੈ।"

ਦੁਨੀਆ ਦੇ ਸਭ ਤੋਂ ਮਸ਼ਹੂਰ ਮੈਡੀਕਲ ਰਸਾਲਿਆਂ 'ਚੋਂ ਇਕ 'ਦਿ ਲੈਂਸੇਟ' ਦੇ ਅਨੁਸਾਰ ਬੱਚਿਆਂ 'ਚ ਹੋਣ ਵਾਲਾ 'ਮਲਟੀਸਿਸਟਮ ਇਨਫਲਾਮੇਟਰੀ ਸਿੰਡਰੋਮ' ਐਮਆਈਐਸ-ਸੀ ਇੱਕ ਅਜਿਹਾ ਗੰਭੀਰ ਰੋਗ ਹੈ, ਜਿਸ ਨੂੰ ਫਿਲਹਾਲ ਕੋਵਿਡ-19 (ਸਾਰਸ-ਕੋਵਿਡ-2) ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ।

ਕੋਰੋਨਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਡਾ.ਅਜੀਤ ਮੁਤਾਬਕ ਜਿਵੇਂ-ਜਿਵੇਂ ਲੋਕ ਕੋਰੋਨਾ ਤੋਂ ਠੀਕ ਹੋ ਰਹੇ ਹਨ, ਬੱਚਿਆਂ 'ਚ ਐਮਆਈਐਸ-ਸੀ ਦੇ ਮਾਮਲੇ ਵੱਧ ਜਾ ਰਹੇ ਹਨ (ਸੰਕੇਤਕ ਤਸਵੀਰ)

ਸੂਰਜ ਪੇਸ਼ੇ ਵੱਜੋਂ ਅਧਿਆਪਕ ਹਨ। ਅਮਨ ਦੇ ਬਿਮਾਰ ਹੋਣ ਤੋਂ ਪਹਿਲਾਂ ਉਨ੍ਹਾਂ ਦਾ ਪੂਰਾ ਪਰਿਵਾਰ ਕੋਰੋਨਾ ਲਾਗ ਨਾਲ ਪ੍ਰਭਾਵਿਤ ਹੋਇਆ ਸੀ।

ਮਈ ਦੇ ਦੂਜੇ ਹਫ਼ਤੇ ਹੀ ਪੂਰੇ ਪਰਿਵਾਰ ਨੇ ਇਲਾਜ ਤੋਂ ਬਾਅਦ ਆਪਣਾ ਏਕਾਂਤਵਾਸ ਦਾ ਸਮਾਂ ਮੁਕੰਮਲ ਕੀਤਾ ਸੀ ਅਤੇ ਬਾਅਦ 'ਚ ਉਨ੍ਹਾਂ ਦੀ ਕੋਵਿਡ ਰਿਪੋਰਟ ਨੈਗਟਿਵ ਆਈ ਸੀ।

ਕੋਰੋਨਾ ਦੀ ਲਾਗ ਦੌਰਾਨ ਪਰਿਵਾਰ ਦੇ ਬਾਕੀ ਮੈਂਬਰਾਂ ਦੇ ਉਲਟ, ਅਮਨ ਨੂੰ ਅੱਖਾਂ 'ਚ ਇਨਫੈਕਸ਼ਨ ਤੋਂ ਇਲਾਵਾ ਹੋਰ ਕੋਈ ਗੰਭੀਰ ਲੱਛਣ ਨਹੀਂ ਆਏ ਸਨ।

ਅਮਨ ਦੀ ਆਰਟੀ-ਪੀਸੀਆਰ ਰਿਪੋਰਟ ਨੈਗਟਿਵ ਸੀ, ਪਰ ਐਂਟੀਬਾਡੀ ਟੈਸਟ ਦੌਰਾਨ ਅਮਨ ਦੇ ਸਰੀਰ 'ਚ ਵਾਧੂ ਮਾਤਰਾ 'ਚ ਕੋਵਿਡ ਦੀ ਐਂਟੀਬਾਡੀ ਮਿਲੀ ਸੀ।

ਅਮਨ ਦਾ ਇਲਾਜ ਕਰ ਰਹੇ ਨਵਜੰਮੇ ਅਤੇ ਬਾਲ ਰੋਗ ਮਾਹਰ ਡਾਕਟਰ ਅਜੀਤ ਕੁਮਾਰ ਨੇ ਦੱਸਿਆ, "ਅਮਨ ਦੀ ਈਸੀਜੀ ਰਿਪੋਰਟ ਸਹੀ ਨਹੀਂ ਸੀ। ਉਸ ਦੀ ਈਕੋ ਰਿਪੋਰਟ ਵੀ ਠੀਕ ਨਹੀਂ ਸੀ। ਕੁਝ ਹੋਰ ਹੈਲਥ ਮਾਰਕਰ ਵੀ ਹਿੱਲੇ ਹੋਏ ਸਨ, ਜਿੰਨ੍ਹਾਂ ਦਾ ਇਸ ਉਮਰ 'ਚ ਅਚਾਨਕ ਉੱਪਰ-ਥੱਲੇ ਹੋਣਾ ਚਿੰਤਾ ਦਾ ਵਿਸ਼ਾ ਹੈ।"

ਪਿਛਲੇ ਕੁਝ ਦਿਨਾਂ 'ਚ ਮਾਮਲਿਆਂ 'ਚ ਹੋਇਆ ਵਾਧਾ

ਡਾ.ਅਜੀਤ ਨੇ ਦੱਸਿਆ, "ਜਿਵੇਂ-ਜਿਵੇਂ ਲੋਕ ਕੋਰੋਨਾ ਤੋਂ ਠੀਕ ਹੋ ਰਹੇ ਹਨ, ਬੱਚਿਆਂ 'ਚ ਐਮਆਈਐਸ-ਸੀ ਦੇ ਮਾਮਲੇ ਵੱਧ ਜਾ ਰਹੇ ਹਨ। ਇਹ ਮੁੱਖ ਤੌਰ 'ਤੇ ਕੋਰੋਨਾ ਦੀ ਲਾਗ ਤੋਂ ਬਾਅਦ ਦੀ ਸਥਿਤੀ ਹੈ।"

ਕੋਰੋਨਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇਸ ਦੇ ਹੋਣ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੈ (ਸੰਕੇਤਕ ਤਸਵੀਰ)

"ਹਾਲਾਂਕਿ ਬੱਚਿਆਂ 'ਚ ਇਹ ਬਿਮਾਰੀ ਘੱਟ ਹੋ ਰਹੀ ਹੈ। ਪਰ ਜਿਹੜੇ ਬੱਚੇ ਇਸ ਦੀ ਗ੍ਰਿਫਤ 'ਚ ਆ ਰਹੇ ਹਨ, ਉਨ੍ਹਾਂ 'ਚ ਇਸ ਦੇ ਹੋਣ ਦਾ ਕਾਰਨ ਪਤਾ ਨਹੀਂ ਲੱਗਿਆ ਹੈ। ਇਸ ਵਾਰ ਦੀ ਲਹਿਰ 'ਚ ਕੋਰੋਨਾ ਦੀ ਲਾਗ ਦੇ ਵਧੇਰੇ ਮਾਮਲੇ ਆਏ ਹਨ, ਇਸ ਲਈ ਬੱਚੇ ਵੀ ਇਸ ਵਾਰ ਵਧੇਰੇ ਪ੍ਰਭਾਵਿਤ ਹੋਏ ਹਨ।"

ਡਾ.ਅਜੀਤ ਕੁਮਾਰ ਦੇ ਹਸਪਤਾਲ 'ਚ ਬੱਚਿਆਂ ਲਈ ਛੇ ਆਈਸੀਯੂ ਬੈੱਡ ਮੌਜੂਦ ਹਨ ਅਤੇ ਉਨ੍ਹਾਂ 'ਚੋਂ ਜ਼ਿਆਦਾਤਰ 'ਤੇ ਐਮਆਈਐਸ-ਸੀ ਦੇ ਹੀ ਮਰੀਜ਼ ਹਨ।

ਮੀਡੀਆ ਰਿਪੋਰਟਾਂ ਅਨੁਸਾਰ ਦਿੱਲੀ ਰਾਜਧਾਨੀ ਖੇਤਰ 'ਚ ਹੁਣ ਤੱਕ ਤਕਰੀਬਨ 200 ਮਾਮਲੇ ਸਾਹਮਣੇ ਆਏ ਹਨ।

ਨਿਊਜ਼ ਏਜੰਸੀ ਏਐਨਆਈ ਦੇ ਅਨੁਸਾਰ ਭਾਰਤ ਦੇ ਵੱਖ-ਵੱਖ ਸੂਬਿਆਂ 'ਚ ਬੱਚਿਆਂ 'ਚ ਐਮਆਈਐਸ-ਸੀ ਦੇ ਵਧ ਰਹੇ ਮਾਮਲਿਆਂ ਕਰਕੇ ਚਿੰਤਾ ਦੀ ਸਥਿਤੀ ਬਣ ਰਹੀ ਹੈ।

ਇਸ ਸਬੰਧ 'ਚ ਇੰਡੀਅਨ ਅਕੈਡਮੀ ਆਫ਼ ਪੀਡੀਐਟ੍ਰਿਕ ਇੰਟੈਂਸਿਵ ਕੇਅਰ ਨੇ ਕਿਹਾ ਹੈ ਕਿ ਪਿਛਲੇ ਕੁਝ ਦਿਨਾਂ 'ਚ ਐਮਆਈਐਸ-ਸੀ ਦੇ ਮਾਮਲਿਆਂ 'ਚ ਵਾਧਾ ਦਰਜ ਕੀਤਾ ਗਿਆ ਹੈ।

ਸੰਸਥਾ ਦੇ ਅਨੁਸਾਰ ਐਮਆਈਐਸ-ਸੀ ਦੇ ਵੱਧ ਰਹੇ ਮਾਮਲਿਆਂ 'ਚ 4 ਤੋਂ 18 ਸਾਲ ਦੇ ਉਹ ਬੱਚੇ ਸ਼ਾਮਲ ਹਨ, ਜਿੰਨ੍ਹਾਂ ਨੂੰ ਕੋਰੋਨਾ ਹੋ ਚੁੱਕਿਆ ਹੈ। ਹਾਲਾਂਕਿ ਕੁਝ ਮਾਮਲਿਆਂ 'ਚ ਤਾਂ ਛੇ ਮਹੀਨੇ ਦੇ ਬੱਚੇ ਵੀ ਇਸ ਬਿਮਾਰੀ ਦੇ ਸ਼ਿਕਾਰ ਹੋਏ ਹਨ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਕਿਵੇਂ ਕੀਤੀ ਜਾਵੇ ਐਮਆਈਐਸ-ਸੀ ਦੀ ਪਛਾਣ ?

ਅਮਰੀਕੀ ਸੰਗਠਨ ਸੈਂਟਰਜ਼ ਫ਼ਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰਿਵੇਂਸ਼ਨ, ਸੀਡੀਸੀ ਮਈ 2020 ਤੋਂ ਇਸ ਬਿਮਾਰੀ ਦਾ ਅਧਿਐਨ ਕਰ ਰਹੀ ਹੈ।

ਸੀਡੀਸੀ ਦੇ ਅਨੁਸਾਰ ਐਮਆਈਐਸ-ਸੀ ਇੱਕ ਬਹੁਤ ਹੀ ਘੱਟ ਹੋਣ ਵਾਲੀ ਪਰ ਖ਼ਤਰਨਾਕ ਬਿਮਾਰੀ ਹੈ, ਜਿਸ ਨੂੰ ਕਿ ਕੋਵਿਡ-19 ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ।

ਇਸ ਬਿਮਾਰੀ ਨਾਲ ਬੱਚਿਆਂ ਦੇ ਦਿਲ, ਫੇਫੜੇ, ਗੁਰਦੇ, ਆਂਦਰਾ/ਆਂਤੜੀਆਂ, ਦਿਮਾਗ ਅਤੇ ਅੱਖਾਂ ਪ੍ਰਭਾਵਤ ਹੋ ਸਕਦੀਆਂ ਹਨ।

ਅਮਰੀਕੀ ਖੋਜਕਰਤਾਵਾਂ ਅਨੁਸਾਰ ਐਮਆਈਐਸ-ਸੀ ਹੋਣ 'ਤੇ ਕੁਝ ਬੱਚਿਆਂ 'ਚ ਗਰਦਨ ਦਾ ਦਰਦ, ਸਰੀਰ 'ਤੇ ਧੱਫੜ, ਅੱਖਾਂ 'ਚ ਲਾਲਗੀ ਦਾ ਵੱਧਣਾ ਅਤੇ ਹਰ ਸਮੇਂ ਥਕਾਵਟ ਵਰਗੀਆਂ ਸ਼ਿਕਾਇਤਾਂ ਵੀ ਵੇਖੀਆਂ ਗਈਆਂ ਹਨ।

ਕੋਰੋਨਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਭਾਰਤ ਵਿੱਚ ਇਸ ਕਾਰਨ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ (ਸੰਕੇਤਕ ਤਸਵੀਰ)

ਸੰਸਥਾ ਮੁਤਾਬਕ ਇਸ ਗੱਲ 'ਤੇ ਧਿਆਨ ਦੇਣ ਵਾਲੀ ਗੱਲ ਹੈ ਕਿ ਸਾਰੇ ਬੱਚਿਆਂ 'ਚ ਐਮਆਈਐਸ-ਸੀ ਦੇ ਲੱਛਣ ਇਕ ਸਮਾਨ ਨਹੀਂ ਹੋ ਸਕਦੇ ਹਨ। ਅਮਰੀਕਾ 'ਚ ਜੂਨ 2020 ਤੋਂ ਇਸ ਬਿਮਾਰੀ ਨਾਲ ਪੀੜ੍ਹਤ ਕਈ ਮਾਮਲੇ ਸਾਹਮਣੇ ਆਏ ਹਨ।

ਛੋਟੇ-ਛੋਟੇ ਲੱਛਣਾਂ ਨਾਲ ਹੁੰਦੀ ਹੈ ਸ਼ੂਰੂਆਤ

ਲੈਂਸੇਟ ਨੇ ਆਪਣੀ ਰਿਪੋਰਟ 'ਚ ਲਿਖਿਆ ਹੈ ਕਿ ਇਸ ਦੀ ਸ਼ੁਰੂਆਤ ਛੋਟੇ-ਛੋਟੇ ਲੱਛਣਾਂ ਨਾਲ ਹੁੰਦੀ ਹੈ।

"ਖੋਜਕਰਤਾਵਾਂ ਨੇ ਪਾਇਆ ਕਿ ਇਸ ਬਿਮਾਰੀ ਤੋਂ ਬਾਅਦ ਹਸਪਤਾਲ 'ਚ ਔਸਤਨ 7-8 ਦਿਨ ਦਾ ਸਮਾਂ ਲੱਗਿਆ ਸੀ। ਸਾਰੇ ਹੀ ਬੱਚਿਆਂ ਨੂੰ ਬੁਖਾਰ ਸੀ। ਤਕਰੀਬਨ 73% ਬੱਚਿਆਂ ਨੂੰ ਢਿੱਡ 'ਚ ਦਰਦ ਜਾਂ ਦਸਤ ਦੀ ਸ਼ਿਕਾਇਤ ਸੀ ਅਤੇ 68% ਬੱਚਿਆਂ ਨੂੰ ਉਲਟੀਆਂ ਵੀ ਹੋ ਰਹੀਆਂ ਸਨ।"

ਦੁਨੀਆ ਦੀਆਂ ਹੋਰ ਵੱਡੀਆਂ ਸੰਸਥਾਵਾਂ ਵੱਲੋਂ ਦੱਸੇ ਗਏ ਲੱਛਣਾਂ ਤੋਂ ਇਲਾਵਾ, ਬ੍ਰਿਟੇਨ ਦੇ ਮਸ਼ਹੂਰ ਮੈਡੀਕਲ ਰਸਾਲੇ 'ਦ ਬੀਐਮਜੇ' ਨੇ ਕੰਜਕਟਿਵਾਇਟਿਸ ਮਤਲਬ ਕਿ ਅੱਖਾਂ ਦੀ ਲਾਗ ਨੂੰ ਵੀ ਐਮਆਈਐਸ-ਸੀ ਦਾ ਇਕ ਵੱਡਾ ਲੱਛਣ ਮੰਨਿਆ ਹੈ।

ਦਿ ਬੀਐਮਜੇ, ਦੁਨੀਆ ਦੇ ਸਭ ਤੋਂ ਪੁਰਾਣੇ ਮੈਡੀਕਲ ਰਸਾਲਿਆਂ 'ਚੋਂ ਇੱਕ ਹੈ। ਉਸ ਵੱਲੋਂ ਜਾਰੀ ਰਿਪੋਰਟ ਅਨੁਸਾਰ, ਕਈ ਵਾਰ ਐਮਆਈਐਸ-ਸੀ ਦੇ ਲੱਛਣ ਕਾਵਾਸਾਕੀ ਬਿਮਾਰੀ ਵਰਗੇ ਹੋਣ ਦੇ ਕਾਰਨ ਇੰਨ੍ਹਾਂ ਦੋਵਾਂ ਬਿਮਾਰੀਆਂ ਨੂੰ ਜੋੜ ਕੇ ਵੇਖਿਆ ਜਾ ਰਿਹਾ ਹੈ।

ਪਰ ਐਮਆਈਐਸ-ਸੀ ਇਕ ਵੱਖਰੀ ਕਿਸਮ ਦੀ ਬਿਮਾਰੀ ਹੈ। ਇਸ ਬਿਮਾਰੀ ਦੇ ਮਰੀਜ਼ਾਂ 'ਚ ਦਿਲ ਅਤੇ ਅੰਤੜੀਆਂ ਨਾਲ ਜੁੜੀਆਂ ਸਮੱਸਿਆਵਾਂ ਵੇਖਣ ਨੂੰ ਮਿਲਦੀਆਂ ਹਨ, ਜੋ ਕਿ ਕਾਵਾਸਾਕੀ ਬਿਮਾਰੀ ਦੇ ਲੱਛਣਾਂ ਤੋਂ ਵੱਖ ਹਨ।

ਕੋਰੋਨਾਵਾਇਰਸ
ਕੋਰੋਨਾਵਾਇਰਸ

ਖੋਜਕਰਤਾਵਾਂ ਅਨੁਸਾਰ ਐਮਆਈਐਸ-ਸੀ ਲਗਾਤਾਰ ਵੱਧਣ ਵਾਲੀ ਬਿਮਾਰੀ ਹੈ, ਜਿਸ ਦੀ ਸ਼ੁਰੂਆਤ ਛੋਟੇ-ਛੋਟੇ ਲੱਛਣਾਂ ਤੋਂ ਹੁੰਦੀ ਹੈ।

ਪਰ ਜੇਕਰ ਸਮਾਂ ਰਹਿੰਦਿਆਂ ਇਸ ਦਾ ਇਲਾਜ ਨਾ ਕੀਤਾ ਜਾਵੇ ਤਾਂ ਇਹ ਬਹੁਤ ਤੇਜ਼ੀ ਨਾਲ ਵੱਧਦੀ ਹੈ ਅਤੇ ਕੁਝ ਹੀ ਦਿਨਾਂ 'ਚ ਸਰੀਰ ਦੇ ਕਈ ਅੰਗ ਪ੍ਰਭਾਵਤ ਹੋ ਜਾਂਦੇ ਹਨ ਅਤੇ ਫਿਰ ਕੰਮ ਕਰਨਾ ਹੀ ਬੰਦ ਕਰ ਦਿੰਦੇ ਹਨ।

ਬੱਚਿਆਂ 'ਤੇ ਇਸ ਬਿਮਾਰੀ ਦਾ ਕਿੰਨਾ ਪ੍ਰਭਾਵ ਹੈ?

ਅਮਰੀਕੀ ਸੰਸਥਾ ਸੀਡੀਸੀ ਦੇ ਖੋਜਕਰਤਾ ਅਜੇ ਤੱਕ ਇਸ ਸਬੰਧੀ ਜਾਣਕਾਰੀ ਨਹੀਂ ਇੱਕਠੀ ਕਰ ਪਾਏ ਹਨ ਕਿ ਕਿਹੜੇ ਬੱਚੇ ਇਸ ਬਿਮਾਰੀ ਨਾਲ ਵਧੇਰੇ ਪ੍ਰਭਾਵਿਤ ਹੋ ਰਹੇ ਹਨ ਅਤੇ ਇਸ ਦਾ ਕਾਰਨ ਕੀ ਹੈ।

ਹਾਲਾਂਕਿ ਜਿੰਨ੍ਹਾਂ ਬੱਚਿਆਂ 'ਚ ਐਮਆਈਐਸ-ਸੀ ਦੇ ਲੱਛਣ ਪਾਏ ਗਏ ਹਨ, ਉਹ ਜਾਂ ਤਾਂ ਪਹਿਲਾਂ ਕੋਵਿਡ-19 ਦੀ ਲਾਗ ਦੀ ਲਪੇਟ 'ਚ ਆਏ ਹਨ ਜਾਂ ਫਿਰ ਕਿਸੇ ਅਜਿਹੇ ਦੇ ਸੰਪਰਕ 'ਚ ਆਏ ਸਨ, ਜਿਸ ਨੂੰ ਕੋਵਿਡ-19 ਹੋਇਆ ਸੀ।

ਸੀਡੀਸੀ ਦੇ ਖੋਜਕਰਤਾਵਾਂ ਨੇ ਕਿਹਾ, "ਅਜੇ ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਹੈ ਕਿ ਕਿਸ ਬਿਮਾਰੀ ਨਾਲ ਪ੍ਰਭਾਵਿਤ ਬੱਚਿਆਂ ਨੂੰ ਇਸ ਦਾ ਵਧੇਰੇ ਖ਼ਤਰਾ ਹੋ ਸਕਦਾ ਹੈ ਜਾਂ ਫਿਰ ਕਿਸ ਕਿਸਮ ਦੀ ਸਿਹਤ ਵਾਲੇ ਬੱਚੇ ਇਸ ਦਾ ਸ਼ਿਕਾਰ ਹੋ ਸਕਦੇ ਹਨ ਅਤੇ ਕਿਸ ਨੂੰ ਐਮਆਈਐਸ-ਸੀ ਹੋਣ ਦੀ ਸੂਰਤ 'ਚ ਪਹਿਲਾਂ ਇਲਾਜ ਮੁਹੱਈਆ ਕਰਵਾਇਆ ਜਾਣਾ ਚਾਹੀਦਾ ਹੈ।"

ਕੋਰੋਨਾ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਸੀਡੀਸੀ ਦੇ ਅਨੁਸਾਰ ਐਮਆਈਐਸ-ਸੀ ਇੱਕ ਬਹੁਤ ਹੀ ਘੱਟ ਹੋਣ ਵਾਲੀ ਪਰ ਖ਼ਤਰਨਾਕ ਬਿਮਾਰੀ ਹੈ (ਸੰਕੇਤਕ ਤਸਵੀਰ)

ਹਾਲਾਂਕਿ ਲੈਂਸੇਟ ਦੇ ਖੋਜਕਰਤਾਵਾਂ ਨੇ ਐਮਆਈਐਸ-ਸੀ ਨਾਲ ਪੀੜ੍ਹਤ ਕੁਝ ਬੱਚਿਆਂ ਦਾ ਅਧਿਐਨ ਕਰਕੇ ਇਹ ਦੱਸਣ ਦਾ ਯਤਨ ਜ਼ਰੂਰ ਕੀਤਾ ਹੈ ਕਿ ਇਹ ਬਿਮਾਰੀ ਆਖ਼ਰ ਕਿਸ ਤਰ੍ਹਾਂ ਨਾਲ ਪ੍ਰਭਾਵਿਤ ਕਰ ਰਹੀ ਹੈ।

ਲੈਂਸੇਟ ਵੱਲੋਂ ਕੀਤੀ ਖੋਜ 'ਚ ਪਾਇਆ ਗਿਆ ਹੈ ਕਿ ਇਸ ਬਿਮਾਰੀ ਵਾਲੇ ਸਾਰੇ ਬੱਚਿਆਂ ਦੇ ਸੀਆਰਪੀ ਅਤੇ ਆਈਐਸਆਰ ਵਰਗੇ ਖੂਨ ਦੇ ਕੁਝ ਬੁਨਿਆਦੀ ਟੈਸਟਾਂ ਦੀਆਂ ਰਿਪੋਰਟਾਂ ਖਰਾਬ ਆਈਆਂ ਹਨ।

ਇਸ ਤੋਂ ਇਲਾਵਾ ਬਹੁਤ ਸਾਰੇ ਬੱਚਿਆਂ ਦੇ ਡੀ-ਡਾਈਮਰ ਅਤੇ ਦਿਲ ਨਾਲ ਸਬੰਧਤ ਟੈਸਟਾਂ ਦੀਆਂ ਰਿਪੋਰਟਾਂ ਵੀ ਠੀਕ ਨਹੀਂ ਆਈਆਂ ਹਨ।

ਇਸ ਅਧਿਐਨ ਦੌਰਾਨ ਖੋਜਕਰਤਾਵਾਂ ਨੇ ਵੇਖਿਆ ਕਿ 54% ਬੱਚਿਆਂ ਦੀ ਈਸੀਜੀ ਜਾਂਚ ਦੀ ਰਿਪੋਰਟ ਵੀ ਠੀਕ ਨਹੀਂ ਆਈ ਸੀ।

ਲੈਂਸੇਟ ਦੀ ਰਿਪੋਰਟ ਅਨੁਸਾਰ, ਐਮਆਈਐਸ-ਸੀ ਦਾ ਸ਼ਿਕਾਰ ਹੋਏ 22% ਬੱਚਿਆਂ ਨੂੰ ਵੈਂਟੀਲੇਟਰ ਦੀ ਜ਼ਰੂਰਤ ਪਈ ਸੀ ਅਤੇ ਜਿੰਨ੍ਹਾਂ ਬੱਚਿਆਂ 'ਚ ਇਸ ਬਿਮਾਰੀ ਦੀ ਪੁਸ਼ਟੀ ਹੋਈ ਹੈ, ਉਨ੍ਹਾਂ 'ਚੋਂ 71% ਨੂੰ ਆਈਸੀਯੂ 'ਚ ਭਰਤੀ ਕਰਵਾਉਣਾ ਪਿਆ ਹੈ। ਉੱਥੇ ਹੀ ਐਮਆਈਐਸ-ਸੀ ਦਾ ਸ਼ਿਕਾਰ ਹੋਏ ਬੱਚਿਆਂ 'ਚੋਂ 1.7% ਬੱਚਿਆਂ ਦੀ ਮੌਤ ਵੀ ਹੋਈ ਹੈ।

ਲੈਂਸੇਟ ਅਨੁਸਾਰ ਐਮਆਈਐਸ-ਸੀ ਇਕ ਸੰਭਾਵਤ ਤੌਰ 'ਤੇ ਮਾਰੂ ਬਿਮਾਰੀ ਹੈ, ਪਰ ਸਮਾਂ ਰਹਿੰਦਿਆਂ ਇਸ ਦੀ ਪਛਾਣ ਅਤੇ ਸਹੀ ਇਲਾਜ ਨਾਲ ਵਧੇਰੇਤਰ ਬੱਚਿਆਂ ਨੂੰ ਬਚਾਇਆ ਜਾ ਸਕਦਾ ਹੈ। ਹਾਲਾਂਕਿ ਇਸ ਬਿਮਾਰੀ ਦੇ ਲੰਮੇ ਸਮੇਂ ਦੇ ਨਤੀਜਿਆਂ ਬਾਰੇ ਕੁਝ ਪਤਾ ਨਹੀਂ ਹੈ।

ਐਮਆਈਐਸ-ਸੀ ਦੇ ਖ਼ਤਰੇ ਨੂੰ ਕਿਵੇਂ ਘਟਾਇਆ ਜਾ ਸਕਦਾ ਹੈ?

ਇੰਡੀਅਨ ਅਕੈਡਮੀ ਆਫ਼ ਪੀਡੀਐਟ੍ਰਿਕ ਇੰਟੈਂਸਿਵ ਕੇਅਰ ਦਾ ਇਹ ਮੰਨਣਾ ਹੈ ਕਿ ਸਹੀ ਸਮੇਂ 'ਤੇ ਐਮਆਈਐਸ-ਸੀ ਦੀ ਪਛਾਣ ਕਰਨ ਅਤੇ ਉਸ ਦਾ ਇਲਾਜ ਕਰਨ ਨਾਲ ਇਸ ਦੇ ਜੋਖਮ ਨੂੰ ਕਿਸੇ ਹੱਦ ਤੱਕ ਘਟਾਇਆ ਜਾ ਸਕਦਾ ਹੈ।

ਕੋਰੋਨਾਵਾਇਰਸ

ਤਸਵੀਰ ਸਰੋਤ, EPA

ਤਸਵੀਰ ਕੈਪਸ਼ਨ, ਬਿਮਾਰੀ ਨਾਲ ਬੱਚਿਆਂ ਦੇ ਦਿਲ, ਫੇਫੜੇ, ਗੁਰਦੇ, ਆਂਦਰਾ/ਆਂਤੜੀਆਂ, ਦਿਮਾਗ ਅਤੇ ਅੱਖਾਂ ਪ੍ਰਭਾਵਤ ਹੋ ਸਕਦੀਆਂ ਹਨ (ਸੰਕੇਤਕ ਤਸਵੀਰ)

ਮੈਡੀਕਲ ਰਸਾਲੇ 'ਦ ਬੀਐਮਜੇ' ਦੇ ਅਨੁਸਾਰ ਐਮਆਈਐਸ-ਸੀ ਨਾਲ ਪੀੜ੍ਹਤ ਵਧੇਰੇਤਰ ਬੱਚਿਆਂ ਦਾ ਇਲਾਜ 'ਇੰਟਰਾਵੇਨਜ਼ ਇਮਿਊਨੋਗਲੋਬੂਲਿਨ' ਅਤੇ ਸਟੀਰੌਇਡਜ਼ ਦੀ ਮਦਦ ਨਾਲ ਕੀਤਾ ਜਾਂਦਾ ਹੈ।

ਹਾਲਾਂਕਿ ਇਸ ਬਾਰੇ ਜਾਣਕਾਰੀ ਹਾਸਲ ਨਹੀਂ ਹੈ ਕਿ ਇਸ ਇਲਾਜ ਦਾ ਬੱਚਿਆਂ 'ਤੇ ਕਿੰਨਾ ਕੁ ਅਨੁਕੂਲ ਅਸਰ ਹੈ।

ਪਰ ਇਸ ਬਿਮਾਰੀ ਦੇ ਲੱਛਣਾਂ ਦੀ ਸਹੀ ਪਛਾਣ ਦਾ ਮਹੱਤਵ ਸਮਝਾਂਦਿਆਂ ਸੰਸਥਾ ਨੇ ਕਿਹਾ ਹੈ ਕਿ ਜਿਹੜੇ ਮਾਪੇ, ਖਾਸ ਕਰਕੇ ਕੋਰੋਨਾ ਲਾਗ ਨਾਲ ਪ੍ਰਭਾਵਤ ਹੋ ਚੁੱਕੇ ਪਰਿਵਾਰ, ਆਪਣੇ ਬੱਚਿਆਂ 'ਚ ਐਮਆਈਐਸ-ਸੀ ਦੇ ਲੱਛਣਾਂ ਨੂੰ ਵੇਖਣ ਤਾਂ ਉਹ ਤੁਰੰਤ ਡਾਕਟਰ ਨਾਲ ਸਲਾਹ ਜ਼ਰੂਰ ਕਰਨ।

ਸੰਸਥਾ ਮੁਤਾਬਕ ਘੱਟ ਲਾਗਤ ਵਾਲੇ ਖੂਨ ਦੇ ਟੈਸਟਾਂ, ਜਿਵੇਂ ਕਿ ਸੀਵੀਸੀ, ਈਐਸਆਰ ਅਤੇ ਸੀਆਰਪੀ ਦੀ ਮਦਦ ਨਾਲ ਵੀ ਇਸ ਦਾ ਪਤਾ ਲਗਾਇਆ ਜਾ ਸਕਦਾ ਹੈ।

ਗਰੀਬ ਪਰਿਵਾਰ ਸੀਆਰਪੀ ਵਰਗੇ ਤੁਲਨਾਤਮਕ ਤੌਰ 'ਤੇ ਸਸਤੇ ਟੈਸਟ ਦੀ ਮਦਦ ਨਾਲ ਇਸ ਬਾਰੇ ਜਾਣ ਸਕਦੇ ਹਨ।

ਬਾਲ ਰੋਗ ਮਾਹਰ ਡਾ. ਅਜੀਤ ਕੁਮਾਰ ਮੁਤਾਬਕ ਹੁਣ ਅਮਨ ਪੂਰੀ ਤਰ੍ਹਾਂ ਖ਼ਤਰੇ ਤੋਂ ਬਾਹਰ ਹੈ ਅਤੇ ਉਸ ਨੂੰ ਹਸਪਤਾਲ ਤੋਂ ਛੁੱਟੀ ਵੀ ਮਿਲ ਗਈ ਹੈ। ਹਾਲਾਂਕਿ ਕੁਝ ਸਮਾਂ ਉਸ ਨੂੰ ਦਵਾਈ ਜ਼ਰੂਰ ਲੈਣੀ ਪਵੇਗੀ, ਪਰ ਅਮਨ ਦੇ ਮਾਮਲੇ 'ਚ ਡਾਕਟਰਾਂ ਦੀ ਵੱਡੀ ਚਿੰਤਾ ਹੁਣ ਖ਼ਤਮ ਹੋ ਗਈ ਹੈ।

"ਅਮਨ ਦਾ ਸਹੀ ਸਮੇਂ 'ਤੇ ਹਸਪਤਾਲ 'ਚ ਪਹੁੰਚਣਾ ਉਸ ਲਈ ਫਾਇਦੇਮੰਦ ਰਿਹਾ ਹੈ। ਕਿਉਂਕਿ ਜੇ ਥੋੜੀ ਵੀ ਦੇਰ ਹੁੰਦੀ ਤਾਂ ਸਰੀਰ ਦੇ ਕਈ ਅੰਗਾਂ 'ਚ ਖੂਨ ਜੰਮਣ ਦੀ ਸ਼ਿਕਾਇਤ ਆ ਸਕਦੀ ਸੀ ਅਤੇ ਉਸ ਸਥਿਤੀ ਨਾਲ ਨਜਿੱਠਣਾ ਵਧੇਰੇ ਮੁਸ਼ਕਲ ਵਾਲਾ ਹੁੰਦਾ।"

"ਅਜਿਹਾ ਵੇਖਿਆ ਗਿਆ ਹੈ ਕਿ ਉਸ ਸਥਿਤੀ 'ਚ ਅਸੀਂ 100 ਬੱਚਿਆਂ ਦੇ ਪਿੱਛੇ ਇੱਕ ਬੱਚੇ ਨੂੰ ਗਵਾ ਬੈਠਦੇ ਹਾਂ।"

ਸੰਸਥਾ ਦੇ ਅਨੁਸਾਰ ਭਾਰਤ 'ਚ 26 % ਆਬਾਦੀ 14 ਸਾਲ ਤੋਂ ਘੱਟ ਉਮਰ ਦੀ ਹੈ ਅਤੇ ਇਸ 'ਚ ਅੱਧੀ ਆਬਾਦੀ ਦੀ ਉਮਰ ਪੰਜ ਸਾਲ ਤੋਂ ਵੀ ਘੱਟ ਹੈ।

ਕੁਝ ਮਾਹਰਾਂ ਨੇ ਤਾਂ ਅਜਿਹਾ ਵੀ ਕਿਹਾ ਕਿ ਭਾਰਤ 'ਚ ਕੋਰੋਨਾ ਦੀ ਤੀਜੀ ਲਹਿਰ ਸੰਭਾਵਤ ਤੌਰ 'ਤੇ ਬੱਚਿਆਂ ਨੂੰ ਵਧੇਰੇ ਪ੍ਰੇਸ਼ਾਨ ਕਰ ਸਕਦੀ ਹੈ। ਅਜਿਹੇ 'ਚ ਬਾਲ ਰੋਗ ਮਾਹਰ ਬੱਚਿਆਂ 'ਚ ਲੱਛਣਾਂ 'ਤੇ ਖਾਸ ਧਿਆਨ ਦੇਣ ਨੂੰ ਬਹੁਤ ਮਹੱਤਵਪੂਰਨ ਸਮਝ ਰਹੇ ਹਨ।

ਇਸ ਰਿਪੋਰਟ 'ਚ ਅਮਨ ਬਦਲਿਆ ਹੋਇਆ ਨਾਮ ਹੈ। ਪਰਿਵਾਰ ਦੀ ਗੁਜ਼ਾਰਿਸ਼ 'ਤੇ ਉਨ੍ਹਾਂ ਦਾ ਨਾਂਅ ਗੁਪਤ ਰੱਖਿਆ ਗਿਆ ਹੈ।

ਇਹ ਵੀ ਪੜ੍ਹੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)