ਕੋਰੋਨਾਵਾਇਰਸ ਕੋਵਿਡ ਵੈਕਸੀਨ: ਭਾਰਤ ਵਿੱਚ ਲਗਾਏ ਜਾ ਰਹੇ ਕੋਵਿਡ-19 ਟੀਕਿਆਂ ਬਾਰੇ ਅਸੀਂ ਕੀ ਜਾਣਦੇ ਹਾਂ

ਤਸਵੀਰ ਸਰੋਤ, Reuters
ਦੇਸ਼ ਵਿੱਚ 21 ਜੂਨ, 2021 ਤੋਂ ਨਵੀਂ ਵੈਕਸੀਨ ਪਾਲਿਸੀ ਲਾਗੂ ਹੋ ਗਈ ਹੈ।
ਭਾਰਤ ਵਿੱਚ ਟੀਕਾਕਰਣ ਦੀ ਤੇਜ਼ ਰਫਤਾਰ ਨਾਲ, ਉਪਲੱਬਧ ਟੀਕਿਆਂ ਦੀ ਗਿਣਤੀ ਵਿੱਚ ਵੀ ਵਾਧਾ ਹੋਇਆ ਹੈ।
ਭਾਰਤ ਵਿੱਚ ਹੁਣ ਤੱਕ ਕੋਰੋਨਾਵਇਰਸ ਦੇ ਅੱਠ ਟੀਕਿਆਂ ਨੂੰ ਮਨਜ਼ੂਰੀ ਮਿਲ ਚੁੱਕੀ ਹੈ ਜਿਨ੍ਹਾਂ ਵਿੱਚੋਂ ਪੰਜ ਟੀਕੇ ਭਾਰਤ ਵਿੱਚ ਹੀ ਵਿਕਸਿਤ ਕੀਤੇ ਗਏ ਹਨ।
ਇਹ ਵੀ ਪੜ੍ਹੋ:
ਦੇਸ਼ ਦੀ ਡਰੱਗ ਰੈਗੂਲੇਟਰੀ ਬਾਡੀ ਨੇ ਮੰਨਿਆ ਹੈ ਕਿ ਰੂਸ ਵਿਚ ਵਿਕਸਤ ਕੀਤੀ ਗਈ ਕੋਰੋਨਾ ਵੈਕਸੀਨ ਸਪੂਤਨਿਕ ਵੀ ਸੁਰੱਖਿਅਤ ਹੈ। ਇਹ ਵੈਕਸੀਨ ਉਸੇ ਤਰ੍ਹਾਂ ਕੰਮ ਕਰਦੀ ਹੈ ਜਿਵੇਂ ਆਕਸਫੋਰਡ-ਐਸਟਰਾਜ਼ੇਨੇਕਾ ਦੀ ਕੋਵੀਸ਼ਿਲਡ ਕਰਦੀ ਹੈ।
ਸਾਈਂਸ ਜਰਨਲ 'ਦਿ ਲੈਂਸੈਂਟ' ਵਿਚ ਪ੍ਰਕਾਸ਼ਤ ਅੰਤਮ ਪੜਾਅ ਦੇ ਟ੍ਰਾਇਲ ਦੇ ਨਤੀਜਿਆਂ ਦੇ ਅਨੁਸਾਰ, ਸਪੁਤਨਿਕ ਵੀ ਕੋਵਿਡ -19 ਦੇ ਵਿਰੁੱਧ ਲਗਭਗ 92 ਪ੍ਰਤੀਸ਼ਤ ਮਾਮਲਿਆਂ ਵਿਚ ਸੁਰੱਖਿਆ ਪ੍ਰਦਾਨ ਕਰਦਾ ਹੈ।
ਇਨ੍ਹਾਂ ਟੀਕਿਆਂ ਦੀ ਪ੍ਰਵਾਨਗੀ ਨਾਲ, ਹੁਣ ਕੋਵਿਡ -19 ਤੋਂ ਬਚਾਅ ਲਈ ਚਾਰ ਵੈਕਸੀਨ ਉਪਲਬਧ ਹਨ।
ਸੀਰਮ ਇੰਸਟੀਚਿਊਟ ਆਫ਼ ਇੰਡੀਆ ਅਤੇ ਆਕਸਫੋਰਡ-ਐਸਟਰਾਜ਼ੇਨੇਕਾ ਦੇ ਸਹਿਯੋਗ ਨਾਲ ਬਣੀ ਕੋਵਿਸ਼ਿਲਡ, ਭਾਰਤ ਬਾਇਓਟੈਕ ਦੀ ਕੋਵੈਕਸੀਨ, ਰੂਸ ਦੀ ਸਪੁਤਨਿਕ ਵੀ ਅਤੇ ਮਾਡਰਨਾ।
ਮੋਡਰਨਾ ਵੈਕਸੀਨ ਕਿੰਨੀ ਪ੍ਰਭਾਵਸ਼ਾਲੀ ਹੈ?
ਮੋਡਰਨਾ ਵੈਕਸੀਨ ਇਕ ਆਰਐਨਏ ਵੈਕਸੀਨ ਹੈ, ਜੋ ਸਰੀਰ ਦੀ ਰੋਗ ਪ੍ਰਤੀਰੋਧ ਸਮਰਥਾ ਨੂੰ ਕਿਰਿਆਸ਼ੀਲ ਕਰਨ ਲਈ ਵਾਇਰਸ ਦੇ ਜੈਨੇਟਿਕ ਕੋਡ ਦੇ ਇਕ ਹਿੱਸੇ ਨੂੰ ਇਨਜੈਕਟ ਕਰਦੀ ਹੈ।
30,000 ਲੋਕਾਂ 'ਤੇ ਕੀਤੇ ਗਏ ਟ੍ਰਾਇਲ ਵਿਚ, ਇਹ ਪਾਇਆ ਗਿਆ ਕਿ ਮੋਡਰਨਾ ਵੈਕਸੀਨ ਗੰਭੀਰ ਕੋਵਿਡ ਦੇ ਵਿਰੁੱਧ ਲਗਭਗ 95% ਸੁਰੱਖਿਆ ਪ੍ਰਦਾਨ ਕਰਦੀ ਹੈ।
ਭਾਰਤ ਦੀ ਕੇਂਦਰ ਸਰਕਾਰ ਨੇ ਭਾਰਤ ਵਿਚ ਮੋਡਰਨਾ ਵੈਕਸੀਨ ਦੀ ਵਰਤੋਂ ਨੂੰ ਮਨਜ਼ੂਰੀ ਦੇ ਦਿੱਤੀ ਹੈ।
29 ਜੂਨ ਨੂੰ ਇਹ ਜਾਣਕਾਰੀ ਦਿੰਦਿਆਂ ਨੀਤੀ ਆਯੋਗ ਦੇ ਮੈਂਬਰ ਹੈਲਥ ਡਾਕਟਰ ਵੀ ਕੇ ਪੌਲ ਨੇ ਕਿਹਾ ਕਿ ਇਹ ਪ੍ਰਵਾਨਗੀ ਸੀਮਤ ਵਰਤੋਂ ਲਈ ਹੈ, ਜਿਸ ਨੂੰ ਐਮਰਜੈਂਸੀ ਵਰਤੋਂ ਲਈ ਵੀ ਪ੍ਰਵਾਨਗੀ ਦਿੱਤੀ ਜਾ ਸਕਦੀ ਹੈ।

ਤਸਵੀਰ ਸਰੋਤ, Getty Images
ਉਨ੍ਹਾਂ ਦੇ ਅਨੁਸਾਰ, ਇਹ ਅੰਤਰਰਾਸ਼ਟਰੀ ਪੱਧਰ 'ਤੇ ਵਿਕਸਤ ਪਹਿਲੀ ਵੈਕਸੀਨ ਹੈ ਜਿਸਦੀ ਵਰਤੋਂ ਭਾਰਤ ਵਿੱਚ ਕੀਤੀ ਜਾ ਸਕਦੀ ਹੈ।
ਡਾ. ਪੌਲ ਨੇ ਕਿਹਾ ਕਿ ਅਸੀਂ ਸਪੁਤਨਿਕ ਨੂੰ ਅਸੀਂ ਸਾਂਝੀ ਵੈਕਸੀਨ ਮੰਨਦੇ ਹਾਂ ਕਿਉਂਕਿ ਇਸ ਦੇ ਨਿਰਮਾਣ ਦਾ ਅਧਾਰ ਭਾਰਤ ਵਿਚ ਵੀ ਬਣ ਗਿਆ ਹੈ ਅਤੇ ਇਥੇ ਇਹ ਬਣਨੀ ਸ਼ੁਰੂ ਹੋ ਗਈ ਹੈ।
ਇਸ ਅਰਥ ਵਿਚ, ਮੋਡਰਨਾ ਭਾਰਤ ਆਉਣ ਵਾਲੀ ਪਹਿਲੀ ਅੰਤਰਰਾਸ਼ਟਰੀ ਵੈਕਸੀਨ ਹੈ ਕਿਉਂਕਿ ਇਹ ਸਿੱਧਾ ਆਵੇਗੀ ਅਤੇ ਇਥੋਂ ਦੇ ਲੋਕਾਂ ਨੂੰ ਲਗਾਈ ਜਾਵੇਗੀ। ਉਨ੍ਹਾਂ ਕਿਹਾ ਕਿ ਸਾਨੂੰ ਉਮੀਦ ਹੈ ਕਿ ਮੋਡੇਰਨਾ ਵੀ ਜਲਦੀ ਹੀ ਭਾਰਤ ਵਿਚ ਬਣਨੀ ਸ਼ੁਰੂ ਕਰ ਦਿੱਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਭਾਰਤ ਵਿੱਚ ਮੋਡਰਨਾ ਦੇ ਵੱਖਰੇ ਟ੍ਰਾਇਲ ਦੀ ਜ਼ਰੂਰਤ ਨਹੀਂ ਹੈ। ਹਾਲਾਂਕਿ, ਪਹਿਲੀਆਂ 100 ਖੁਰਾਕਾਂ ਦੀ ਨਿਗਰਾਨੀ ਕੀਤੀ ਜਾਏਗੀ।
ਉਨ੍ਹਾਂ ਕਿਹਾ ਕਿ ਮੋਡਰਨਾ ਵੈਕਸੀਨ ਨੂੰ ਸੱਤ ਮਹੀਨਿਆਂ ਲਈ -25 ਤੋਂ -50 ਡਿਗਰੀ ਤੱਕ ਸਟੋਰ ਕੀਤਾ ਜਾ ਸਕਦਾ ਹੈ। ਜੇ ਵੈਕਸੀਨ ਦੀ ਵਾਈਲ ਖੁੱਲ੍ਹੀ ਨਹੀਂ ਹੈ, ਤਾਂ ਇਸ ਨੂੰ 2 ਤੋਂ 8 ਡਿਗਰੀ ਤਾਪਮਾਨ ਵਿਚ 30 ਦਿਨਾਂ ਲਈ ਰੱਖਿਆ ਜਾ ਸਕਦਾ ਹੈ।
ਉਨ੍ਹਾਂ ਨੇ ਦੱਸਿਆ ਸੀ ਕਿ ਕੁਝ ਕੰਮ ਅਜੇ ਬਾਕੀ ਹਨ ਜੋ ਪੂਰੀਆਂ ਹੋ ਰਹੇ ਹਨ ਪਰ ਲਾਇਸੈਂਸ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ।
ਮੋਡਰਨਾ ਨੇ ਇਹ ਵੀ ਦੱਸਿਆ ਹੈ ਕਿ ਅਮਰੀਕੀ ਸਰਕਾਰ ਇਸ ਟੀਕੇ ਦੀ ਇੱਕ ਨਿਸ਼ਚਤ ਖੁਰਾਕ ਭਾਰਤ ਸਰਕਾਰ ਨੂੰ ਕੋਵੈਕਸ ਪ੍ਰੋਗਰਾਮ ਅਧੀਨ ਵਰਤਣ ਲਈ ਦੇਵੇਗੀ।
ਇਸ ਵੈਕਸੀਨ ਨੂੰ ਅਮਰੀਕੀ ਕੰਪਨੀ ਮੋਡਰਨਾ ਨੇ ਬਣਾਈ ਹੈ ਅਤੇ ਭਾਰਤ ਵਿਚ ਸਿਪਲਾ ਕੰਪਨੀ ਨਾਲ ਭਾਈਵਾਲੀ ਕੀਤੀ ਹੈ।
ਮੋਡਰਨਾ ਵੈਕਸੀਨ ਦੀ ਵੀ ਦੋ ਡੋਜ਼ ਲੱਗਦੀ ਅਤੇ ਪਹਿਲੀ ਅਤੇ ਦੂਜੀ ਖੁਰਾਕ ਦੇ ਵਿਚਕਾਰ 4 ਹਫਤਿਆਂ ਦਾ ਅੰਤਰ ਹੁੰਦਾ ਹੈ।
ਵੀਕੇ ਪੌਲ ਨੇ ਇਹ ਵੀ ਦੱਸਿਆ ਸੀ ਕਿ ਇਸ ਤੋਂ ਇਲਾਵਾ ਹੋਰ ਟੀਕਾ ਕੰਪਨੀਆਂ ਨਾਲ ਗੱਲਬਾਤ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ। ਖ਼ਾਸਕਰ ਇਹ ਕੋਸ਼ਿਸ਼ ਫਾਈਜ਼ਰ ਅਤੇ ਜੌਹਨਸਨ ਅਤੇ ਜੌਹਨਸਨ ਨਾਲ ਕੀਤੀ ਜਾ ਰਹੀ ਹੈ। ਇਸ ਦੀ ਪ੍ਰਕਿਰਿਆ ਜਾਰੀ ਹੈ।
ਯੂਰਪੀਅਨ ਯੂਨੀਅਨ ਅਤੇ ਅਮਰੀਕਾ ਦੇ ਰੈਗੂਲੇਟਰਾਂ ਨੇ ਮੋਡਰਨਾ ਵੈਕਸੀਨ ਨੂੰ ਪਹਿਲਾਂ ਹੀ ਪ੍ਰਵਾਨਗੀ ਦੇ ਦਿੱਤੀ ਹੈ।
ਸਪੁਤਿਨਕ ਵੀ ਬਾਰੇ ਅਸੀਂ ਕੀ ਜਾਣਦੇ ਹਾਂ
ਸਪੁਤਨਿਕ ਵੀ ਟੀਕਾ ਮੌਸਕੋ ਦੇ ਗਮਾਲੇਆ ਸੰਸਥਾ ਵੱਲੋਂ ਤਿਆਰ ਕੀਤਾ ਗਿਆ ਹੈ। ਇਸ ਦੇ ਅੰਤਿਮ ਟਰਾਇਲ ਦੇ ਨਤੀਜੇ ਆਉਣ ਤੋਂ ਪਹਿਲਾਂ ਹੀ ਇਹ ਕੁਝ ਵਿਵਾਦਾਂ 'ਚ ਘਿਰ ਗਿਆ ਸੀ।
ਪਰ ਵਿਗਿਆਨੀਆਂ ਦਾ ਕਹਿਣਾ ਹੈ ਕਿ ਇਸ ਦੇ ਫਾਇਦੇ ਹੁਣ ਸਾਹਮਣੇ ਦਿਖਾਈ ਦੇ ਰਹੇ ਹਨ।
ਇਸ 'ਚ ਇੱਕ ਠੰਡੀ ਤਰ੍ਹਾਂ ਦੇ ਵਾਇਰਸ ਦੀ ਵਰਤੋਂ ਕੀਤੀ ਗਈ ਹੈ, ਜੋ ਕਿ ਨੁਕਸਾਨ ਨਹੀਂ ਪਹੁੰਚਾਉਂਦਾ।

ਤਸਵੀਰ ਸਰੋਤ, Reuters
ਇਹ ਸਿਰਫ਼ ਕੋਰੋਨਾਵਾਇਰਸ ਦੇ ਇੱਕ ਛੋਟੇ ਜਿਹੇ ਹਿੱਸੇ ਨੂੰ ਸਰੀਰ ਤੱਕ ਪਹੁੰਚਾਉਣ ਦਾ ਕੰਮ ਕਰਦਾ ਹੈ। ਇਸ ਤਰ੍ਹਾਂ ਨਾਲ ਇਹ ਸਰੀਰ ਨੂੰ ਵਾਇਰਸ ਦੇ ਜੈਨੇਟਿਕ ਕੋਡ ਦੇ ਇੱਕ ਹਿੱਸੇ ਨਾਲ ਸੁਰੱਖਿਅਤ ਕਰਵਾਉਂਦਾ ਹੈ ਅਤੇ ਨਾਲ ਹੀ ਖ਼ਤਰੇ ਦੀ ਪਛਾਣ ਕਰਨ ਅਤੇ ਉਸ ਨਾਲ ਨਜਿੱਠਣ ਦੀ ਤਰਕੀਬ ਵੀ ਦੱਸਦਾ ਹੈ।
ਕੋਰੋਨਾ ਦੇ ਜੈਨੇਟਿਕ ਕੋਡ ਦਾ ਇੱਕ ਅੰਸ਼ ਜਦੋਂ ਸਰੀਰ ਵਿੱਚ ਜਾਂਦਾ ਹੈ ਤਾਂ ਇਮਿਊਨ ਸਿਸਟਮ ਬਿਨਾਂ ਸ਼ਰੀਰ ਨੂੰ ਬੀਮਾਰ ਕੀਤੇ ਇਸ ਖ਼ਤਰੇ ਨੂੰ ਪਛਾਣ ਕੇ ਲੜਨਾ ਸਿੱਖ ਜਾਂਦਾ ਹੈ।
ਟੀਕਾ ਲਗਵਾਉਣ ਤੋਂ ਬਾਅਦ ਸਰੀਰ ਐਂਟੀਬਾਡੀਜ਼ ਜਾਂ ਪ੍ਰਤੀਰੋਧਕ ਸ਼ਕਤੀ ਵਧਾਉਣੀ ਸ਼ੁਰੂ ਕਰ ਦਿੰਦਾ ਹੈ, ਖ਼ਾਸ ਕਰਕੇ ਕੋਰੋਨਾਵਾਇਸਰ ਦੇ ਅਨੁਕੂਲ।
ਇਸ ਦਾ ਮਤਲਬ ਇਹ ਹੈ ਕਿ ਜਦੋਂ ਵੀ ਸਰੀਰ ਕੋਵਿਡ-19 ਦਾ ਸ਼ਿਕਾਰ ਹੁੰਦਾ ਹੈ ਤਾਂ ਉਸ ਸਮੇਂ ਇਮਿਊਨ ਸਿਸਟਮ ਕੋਰੋਨਾਵਾਇਰਸ ਨਾਲ ਲੜਣ ਦੀ ਤਾਕਤ ਰੱਖਦਾ ਹੈ।
ਇਸ ਟੀਕੇ ਨੂੰ ਦੋ ਤੋਂ ਅੱਠ ਡਿਗਰੀ ਸੈਲਸੀਅਸ ਦੇ ਤਪਮਾਨ 'ਤੇ ਸਟੋਰ ਕੀਤਾ ਜਾਂਦਾ ਹੈ, ਜਿਸ ਨਾਲ ਕਿ ਇਸ ਨੂੰ ਕਿਤੇ ਵੀ ਲੈ ਕੇ ਜਾਣਾ ਜਾਂ ਸਟੋਰ ਕਰਨਾ ਸੌਖਾ ਹੋ ਜਾਂਦਾ ਹੈ। ਇੱਕ ਆਮ ਫਰਿੱਜ ਤਕਰੀਬਨ 3-5 ਡਿਗਰੀ ਸੈਲਸੀਅਸ ਤਾਪਮਾਨ ਰੱਖਦਾ ਹੈ।
ਰਿਪੋਰਟਾਂ ਅਨੁਸਾਰ ਰੂਸੀ ਡਾਇਰੈਕਟ ਇਨਵੈਸਟਮੈਂਟ ਫੰਡ (ਆਰਡੀਆਈਐਫ), ਜੋ ਕਿ ਇਸ ਵੈਕਸੀਨ ਦੀ ਮਾਰਕਿਟਿੰਗ ਕਰ ਰਿਹਾ ਹੈ, ਨੇ ਭਾਰਤ 'ਚ ਸਪੁਤਨਿਕ ਵੀ ਦੀਆਂ 750 ਮਿਲੀਅਨ ਖੁਰਾਕਾਂ ਦੇ ਉਤਪਾਦਨ ਲਈ ਛੇ ਘਰੇਲੂ ਟੀਕਾ ਨਿਰਮਾਤਾਵਾਂ ਨਾਲ ਇਕਰਾਰ ਕੀਤਾ ਹੈ।
ਟੀਕੇ ਦੀ ਦੂਜੀ ਖੁਰਾਕ ਹੋਰਨਾਂ ਨਾਲੋਂ ਵੱਖਰੀ
ਪਰ ਹੋਰਨਾਂ ਟੀਕਿਆਂ ਦੀ ਦੂਜੀ ਖੁਰਾਕ ਦੇ ਉਲਟ ਇਸ ਦੀ ਦੂਜੀ ਖੁਰਾਕ ਕੁਝ ਵੱਖਰੀ ਹੈ।
ਸਪੁਤਨਿਕ ਵੀ ਪਹਿਲੀ ਅਤੇ ਦੂਜੀ ਖੁਰਾਕ ਲਈ ਦੋ ਟੀਕਿਆਂ ਦੀ ਵਰਤੋਂ ਕਰਦਾ ਹੈ, ਇੰਨ੍ਹਾਂ 'ਚ ਬਹੁਤ ਘੱਟ ਫ਼ਰਕ ਹੁੰਦਾ ਹੈ ਅਤੇ ਪਹਿਲੀ ਖੁਰਾਕ ਤੋਂ 21 ਦਿਨਾਂ ਬਾਅਦ ਦੂਜੀ ਖੁਰਾਕ ਦਿੱਤੀ ਜਾਂਦੀ ਹੈ। ਦੋਵੇਂ ਹੀ ਖੁਰਾਕਾਂ ਕੋਰੋਨਾਵਾਇਰਸ ਦੇ ਵੱਖ-ਵੱਖ 'ਸਪਾਈਕ' ਨੂੰ ਨਿਸ਼ਾਨਾ ਬਣਾਉਂਦੀਆਂ ਹਨ।
ਇਹ ਮੰਨਿਆ ਜਾਂਦਾ ਹੈ ਕਿ ਦੋ ਹੀ ਵੱਖ-ਵੱਖ ਫਾਰਮੂਲਿਆਂ ਦੀ ਵਰਤੋਂ ਕਰਨ ਨਾਲ ਇਮਿਊਨ ਸਿਸਟਮ ਵਧੇਰੇ ਮਜ਼ਬੂਤ ਹੁੰਦਾ ਹੈ ਜਦੋਂਕਿ ਇੱਕ ਹੀ ਤਰ੍ਹਾਂ ਦੇ ਟੀਕਿਆਂ ਦੀ ਦੋ ਵਾਰ ਵਰਤੋਂ ਕਰਨ ਨਾਲ ਉੰਨਾ ਪ੍ਰਭਾਵ ਦੇਖਣ ਨੂੰ ਨਹੀਂ ਮਿਲਦਾ। ਦੋ ਵੱਖ-ਵੱਖ ਫਾਰਮੂਲੇ ਲੰਮੇ ਸਮੇਂ ਤੱਕ ਸੁਰੱਖਿਆ ਵੀ ਦਿੰਦੇ ਹਨ।
ਟਰਾਇਲ ਦੌਰਾਨ ਇਹ ਵੈਕਸੀਨ ਪ੍ਰਭਾਵਸ਼ਾਲੀ ਤਾਂ ਸਿੱਧ ਹੋਇਆ ਅਤੇ ਨਾਲ ਹੀ ਕਿਸੇ ਵੀ ਤਰ੍ਹਾਂ ਦਾ ਗੰਭੀਰ ਰਿਐਕਸ਼ਨ ਨਹੀਂ ਹੋਇਆ।

ਤਸਵੀਰ ਸਰੋਤ, Reuters
ਕਿਸੇ ਵੀ ਵੈਕਸੀਨ ਦਾ ਕੋਈ ਨਾ ਕੋਈ ਮਾੜਾ ਪ੍ਰਭਾਵ ਪੈਣ ਦੀ ਉਮੀਦ ਬਣੀ ਰਹਿੰਦੀ ਹੈ, ਪਰ ਇਹ ਜ਼ਿਆਦਾ ਮਾਰੂ ਨਹੀਂ ਹੁੰਦੇ ਹਨ।
ਕੁਝ ਹਲਕੇ ਲੱਛਣ ਜਿਵੇਂ ਕਿ ਬਾਂਹ 'ਚ ਅਕੜਨ, ਥਕਾਵਟ ਅਤੇ ਥੋੜਾ ਜਿਹਾ ਬੁਖਾਰ ਆਦਿ ਹੁੰਦਾ ਹੈ।
ਜਿਸ ਸਮੂਹ ਨੂੰ ਟੀਕਾ ਲਾਇਆ ਗਿਆ ਉਸ 'ਚ ਕੋਈ ਵੀ ਮੌਤ ਜਾਂ ਭਿਆਨਕ ਬਿਮਾਰੀ ਨਹੀਂ ਦੇਖੀ ਗਈ।
ਰੂਸ ਦੇ ਨਾਲ-ਨਾਲ ਸਪੁਤਨਿਕ ਦੀ ਵਰਤੋਂ ਅਰਜਨਟੀਨਾ, ਫਲਸਤੀਨੀ ਇਲਾਕਿਆਂ, ਵੈਨੇਜ਼ੁਏਲਾ, ਹੰਗਰੀ, ਸੰਯੁਕਤ ਅਰਬ ਅਮੀਰਾਤ ਅਤੇ ਇਰਾਨ ਸਮੇਤ ਹੋਰ ਕਈ ਦੇਸਾਂ 'ਚ ਕੀਤੀ ਜਾ ਰਹੀ ਹੈ।
ਭਾਰਤ 'ਚ ਸਪੁਤਿਨਕ ਵੀ ਦੀ ਪਹੁੰਚ 'ਚ ਅਜੇ ਕੁਝ ਹਫ਼ਤਿਆਂ ਦਾ ਸਮਾਂ ਹੈ ਅਤੇ ਉਦੋਂ ਤੱਕ ਦੇਸ 'ਚ ਕੋਵੈਕਸੀਨ ਅਤੇ ਕੋਵੀਸ਼ੀਲਡ ਨਾਲ ਹੀ ਅੱਗੇ ਵੱਧਣਾ ਹੋਵੇਗਾ।
ਅਸੀਂ ਕੋਵੈਕਸੀਨ ਬਾਰੇ ਕੀ ਕੁਝ ਜਾਣਦੇ ਹਾਂ
ਕੋਵੈਕਸੀਨ ਇੱਕ ਗ਼ੈਰ-ਸਰਗਰਮ (ਇਨਐਕਟਿਵ) ਟੀਕਾ ਹੈ, ਜਿਸ ਦਾ ਮਤਲਬ ਇਹ ਹੈ ਕਿ ਇਹ ਮਾਰੇ ਗਏ ਕੋਰੋਨਾਵਾਇਰਸ ਤੋਂ ਬਣਿਆ ਹੈ, ਜਿਸ ਨਾਲ ਇਸ ਨੂੰ ਸਰੀਰ 'ਚ ਸੁਰੱਖਿਅਤ ਢੰਗ ਨਾਲ ਲਗਾਇਆ ਜਾ ਸਕਦਾ ਹੈ।
ਭਾਰਤ ਬਾਇਓਟੈਕ ਜੋ ਕਿ 24 ਸਾਲ ਪੁਰਾਣੀ ਟੀਕਾ ਬਣਾਉਣ ਵਾਲੀ ਕੰਪਨੀ ਹੈ ਅਤੇ ਹੁਣ ਤੱਕ 16 ਟੀਕੇ ਬਣਾ ਚੁੱਕੀ ਹੈ ਅਤੇ 123 ਦੇਸਾਂ ਨੂੰ ਬਰਾਮਦ ਵੀ ਕਰ ਰਹੀ ਹੈ, ਨੇ ਭਾਰਤ ਦੇ ਨੈਸ਼ਨਲ ਇੰਸਟੀਚਿਊਟ ਆਫ਼ ਵਾਇਰੋਲੋਜੀ ਵੱਲੋਂ ਵੱਖ ਕੀਤੇ ਗਏ ਕੋਰੋਨਾਵਾਇਰਸ ਦੇ ਨਮੂਨੇ ਦੀ ਵਰਤੋਂ ਕਰਕੇ ਇਸ ਨੂੰ ਤਿਆਰ ਕੀਤਾ ਹੈ।
ਜਦੋਂ ਇਸ ਨੂੰ ਲਗਾਇਆ ਜਾਂਦਾ ਹੈ ਤਾਂ ਇਮਿਊਨ ਸੈੱਲ ਮਰੇ ਹੋਏ ਵਾਇਰਸ ਦੀ ਪਛਾਣ ਕਰ ਸਕਦੇ ਹਨ ਅਤੇ ਇਮਿਊਨ ਸਿਸਟਮ ਨੂੰ ਮਹਾਂਮਾਰੀ ਦੇ ਵਾਇਰਸ ਵਿਰੁੱਧ ਐਂਟੀਬਾਡੀਜ਼ ਬਣਾਉਣ ਲਈ ਪ੍ਰੇਰਿਤ ਕਰਦੇ ਹਨ।

ਤਸਵੀਰ ਸਰੋਤ, Getty Images
ਚਾਰ ਹਫ਼ਤਿਆਂ ਦੇ ਅੰਤਰਾਲ 'ਚ ਦੋ ਖੁਰਾਕਾਂ ਦਿੱਤੀਆਂ ਜਾਂਦੀਆਂ ਹਨ। ਇਸ ਟੀਕੇ ਨੂੰ ਦੋ ਤੋਂ ਅੱਠ ਡਿਗਰੀ ਸੈਲਸੀਅਸ ਤੱਕ ਸਟੋਰ ਕੀਤਾ ਜਾ ਸਕਦਾ ਹੈ।
ਇਸ ਦੇ ਤੀਜੇ ਪੜਾਅ ਦੇ ਸ਼ੁਰੂਆਤੀ ਨਤੀਜਿਆਂ ਦੇ ਅਨੁਸਾਰ ਇਸ ਟੀਕੇ ਦੀ ਕਾਰਜਕੁਸ਼ਲਤਾ ਦਰ 81 ਫੀਸਦ ਹੈ।
ਭਾਰਤ ਦੇ ਰੈਗੂਲੇਟਰਾਂ ਨੇ ਜਨਵਰੀ ਮਹੀਨੇ ਹੀ ਇਸ ਟੀਕੇ ਨੂੰ ਐਮਰਜੈਂਸੀ ਮਨਜ਼ੂਰੀ ਦੇ ਦਿੱਤੀ ਸੀ ਜਦੋਂਕਿ ਉਸ ਸਮੇਂ ਇਸ ਵੈਕਸੀਨ ਦੇ ਟਰਾਇਲ ਦਾ ਤੀਜਾ ਪੜਾਅ ਅਜੇ ਜਾਰੀ ਸੀ।
ਇਸ ਕਾਰਨ ਹੀ ਕਈ ਤਰ੍ਹਾਂ ਦੇ ਸ਼ੱਕ ਅਤੇ ਮਾਹਰਾਂ ਦੇ ਸਵਾਲ ਸਾਹਮਣੇ ਆਏ ਸਨ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਕੋਵੋਵੈਕਸ ਅਤੇ ਕੋਰਬੇਵੈਕਸ ਬਾਰੇ ਸਾਨੂੰ ਕੀ ਕੁਝ ਪਤਾ ਹੈ
ਕੋਰਬੇਵੈਕਸ ਨੂੰ ਭਾਰਤ ਦੀ ਦਵਾਈ ਨਿਰਮਾਤਾ ਕੰਪਨੀ ਬਾਇਓਲੌਜੀਕਲ ਈ ਨੇ ਅਮਰੀਕੀ ਕੰਪਨੀ ਡਾਇਨਾਵੈਕਸ ਅਤੇ ਬੇਲੋਰ ਕਾਲਜ ਆਫ਼ ਮੈਡੀਸਨ ਦੇ ਸਹਿਯੋਗ ਨਾਲ ਵਿਕਸਿਤ ਕੀਤਾ ਹੈ।
ਇਹ ਭਾਰਤ ਦੀ ਪਹਿਲੀ ਰੀਕੌਂਬੀਨੈਂਟ ਪ੍ਰੋਟੀਨ ਸਬ-ਯੂਨਿਟ ਵੈਕਸੀਨ ਹੈ। ਕੇਂਦਰੀ ਸਿਹਤ ਮੰਤਰੀ ਮੰਸੁੱਖ ਮੰਡਾਵੀਆ ਨੇ ਦੱਸਿਆ ਕਿ ਇਸ ਵਿੱਚ ਕੋਰੋਨਾਵਇਰਸ ਦੇ "ਸਪਾਇਕ ਪ੍ਰੋਟੀਨ" ਦੀ ਵਰਤੋਂ ਕੀਤੀ ਗਈ ਹੈ। ਇਹ ਉਹੀ ਪ੍ਰੋਟੀਨ ਹੈ ਜਿਸ ਦੀ ਵਰਤੋਂ ਕਰਕੇ ਵਾਇਰਸ ਮਨੁੱਖੀ ਸਰੀਰ ਵਿੱਚ ਦਾਖ਼ਲ ਹੁੰਦਾ ਹੈ।
ਜਦੋਂ ਇਸ ਪ੍ਰੋਟੀਨ ਨੂੰ ਟੀਕੇ ਰਾਹੀਂ ਅੰਦਰ ਦਾਖ਼ਲ ਕੀਤਾ ਜਾਂਦਾ ਹੈ ਤਾਂ ਸਰੀਰ ਇਸ ਖ਼ਿਲਾਫ਼ ਰੱਖਿਆ ਪ੍ਰਣਾਲੀ ਨੰ ਸਰਗਰਮ ਕਰਦਾ ਹੈ।
ਕੋਵੋਵੈਕਸ, ਨੋਵੋਵੈਕਸ ਦਾ ਦੇਸੀ ਰੂਪ ਹੈ, ਜਿਸ ਦਾ ਸੀਰਮ ਇੰਸਟੀਚਿਊਟ ਆਫ਼ ਇੰਡੀਆ ਵੱਲੋਂ ਉਤਪਾਦਨ ਕੀਤਾ ਜਾਵੇਗਾ।
ਸੀਰਮ ਇੰਸਟੀਚਿਊਟ ਹੀ ਆਕਸਫੋਰਡ-ਐਸਟਰਾਜ਼ੈਨਿਕਾ ਵੈਕਸੀਨ ਵੀ ਤਿਆਰ ਕਰ ਰਿਹਾ ਹੈ, ਜਿਸ ਨੂੰ ਕੋਵੀਸ਼ੀਲਡ ਵਜੋਂ ਜਾਣਿਆਂ ਜਾਂਦਾ ਹੈ।
ਕੰਪਨੀ ਮੁਤਾਬਕ ਕੋਵੀਸ਼ੀਲਡ ਵੈਕਸੀਨ ਬਾਅਦ ਦੇ ਪੜਾਵਾਂ ਵਿੱਚ ਅਮਰੀਕੀ ਸੂਬਿਆਂ ਵਿੱਚ 90% ਤੱਕ ਕਾਰਗਰ ਪਾਇਆ ਗਿਆ ਸੀ।
ਪੂਰੀ ਖ਼ਬਰ ਪੜ੍ਹਨ ਲਈ ਕਲਿੱਕ ਕਰੋ।


ਕੋਵੈਕਸੀਨ ਦੇ ਨਿਰਮਾਤਾ ਅਤੇ ਡਰੱਗ ਰੈਗੂਲੇਟਰਾਂ ਨੇ ਇਸ ਦੀ ਪੈਰਵੀ ਕੀਤੀ ਅਤੇ ਕਿਹਾ ਕਿ ਇਹ ਇੱਕ ਸੁਰੱਖਿਅਤ ਟੀਕਾ ਹੈ ਅਤੇ ਪ੍ਰਤੀਰੋਧਕ ਸ਼ਕਤੀ ਨੂੰ ਵੀ ਮਜ਼ਬੂਤ ਕਰਦਾ ਹੈ।
ਭਾਰਤ ਬਾਇਓਟੈਕ ਨੇ ਕਿਹਾ ਸੀ ਕਿ ਭਾਰਤ ਦੇ ਕਲੀਨਿਕਲ ਟਰਾਇਲ ਕਾਨੂੰਨਾਂ ਤਹਿਤ 'ਦੇਸ 'ਚ ਕਿਸੇ ਵੀ ਗੰਭੀਰ ਜਾਂ ਮਾਰੂ ਬੀਮਾਰੀ ਨਾਲ ਨਜਿੱਠਣ ਲਈ ਤਿਆਰ ਕੀਤੀ ਜਾ ਰਹੀ ਮੈਡੀਕਲ ਸਹੂਲਤ ਦੇ ਟਰਾਇਲ ਦੇ ਦੂਜੇ ਪੜਾਅ ਤੋਂ ਬਾਅਦ ਉਸ ਨੂੰ ਵਰਤਣ ਦੀ ਇਜਾਜ਼ਤ ਹੈ।
ਇਸ ਨੇ ਫਰਵਰੀ ਮਹੀਨੇ ਤੱਕ ਵੈਕਸੀਨ ਲਈ ਪ੍ਰਭਾਵੀ ਅੰਕੜੇ ਮੁਹੱਈਆ ਕਰਾਉਣ ਦਾ ਵਾਅਦਾ ਕੀਤਾ ਸੀ, ਜੋ ਕਿ ਹੁਣ ਮੁਕੰਮਲ ਹੋ ਗਿਆ ਹੈ।
ਕੋਵੀਸ਼ੀਲਡ ਦੀ ਸਥਿਤੀ ਕੀ ਹੈ
ਭਾਰਤ 'ਚ ਓਕਸਫੋਰਡ-ਐਸਟਰਾਜ਼ੇਨੇਕਾ ਵੈਕਸੀਨ ਦਾ ਉਤਪਾਦਨ ਦੁਨੀਆਂ ਦੇ ਸਭ ਤੋਂ ਵੱਡੇ ਵੈਕਸੀਨ ਨਿਰਮਾਤਾ ਸੀਰਮ ਇੰਸਟੀਚਿਊਟ ਆਫ਼ ਇੰਡੀਆ ਵੱਲੋਂ ਕੀਤਾ ਗਿਆ ਹੈ। ਸੀਰਮ ਦਾ ਕਹਿਣਾ ਹੈ ਕਿ ਉਹ ਇੱਕ ਮਹੀਨੇ 'ਚ 6 ਕਰੋੜ ਤੋਂ ਵੀ ਵੱਧ ਖੁਰਾਕਾਂ ਦਾ ਉਤਪਾਦਨ ਕਰ ਰਿਹਾ ਹੈ।
ਇਹ ਟੀਕਾ ਚਿੰਪਾਂਜ਼ੀ ਦੇ ਇੱਕ ਜ਼ੁਕਾਮ ਦੇ ਵਾਇਰਸ (ਐਡੀਨੋਵਾਇਰਸ) ਦੇ ਕਮਜ਼ੋਰ ਸੰਸਕਰਣ ਤੋਂ ਬਣਿਆ ਹੈ। ਇਸ 'ਚ ਕੋਰੋਨਾਵਾਇਰਸ ਨਾਲ ਨਜਿੱਠਣ ਲਈ ਕੁਝ ਸੋਧ ਕੀਤੀ ਗਈ ਹੈ। ਹਾਂਲਾਕਿ ਜਦੋਂ ਇਹ ਸਰੀਰ ਵਿੱਚ ਲਾਇਆ ਜਾਂਦਾ ਹੈ ਤਾਂ ਇਸ ਨਾਲ ਕੋਈ ਬੀਮਾਰੀ ਨਹੀਂ ਹੁੰਦੀ।
ਜਦੋਂ ਇਹ ਟੀਕਾ ਕਿਸੇ ਮਰੀਜ਼ ਨੂੰ ਲਗਾਇਆ ਜਾਂਦਾ ਹੈ ਤਾਂ ਇਹ ਸਭ ਤੋਂ ਪਹਿਲਾਂ ਇਮਿਊਨ ਸਿਸਟਮ ਨੂੰ ਐਂਟੀਬਾਡੀਜ਼ ਬਣਾਉਣ ਲਈ ਤਿਆਰ ਕਰਦਾ ਹੈ ਅਤੇ ਕਿਸੇ ਵੀ ਕੋਰੋਨਾਵਾਇਰਸ ਇਨਫੈਕਸ਼ਨ ਨਾਲ ਨਜਿੱਠਣ ਲਈ ਮਜ਼ਬੂਤੀ ਦਿੰਦਾ ਹੈ।

ਤਸਵੀਰ ਸਰੋਤ, Getty Images
ਇਸ ਦੀਆਂ ਦੋ ਖੁਰਾਕਾਂ 'ਚ ਪਹਿਲਾਂ 6 ਤੋਂ 8 ਹਫ਼ਤਿਆਂ ਦਾ ਸਮਾਂ ਤੈਅ ਕੀਤਾ ਗਿਆ ਸੀ ਜੋ ਹੁਣ ਬਦਲ ਕੇ 12-16 ਹਫ਼ਤਿਆਂ ਦਾ ਸਮਾਂ ਹੋ ਗਿਆ ਹੈ ਅਤੇ ਇਸ ਨੂੰ ਦੋ ਤੋਂ ਅੱਠ ਡਿਗਰੀ ਸੈਲੀਅਸ ਤਾਮਮਾਨ ਵਿੱਚ ਸੁਰੱਖਿਅਤ ਸਟੋਰ ਕੀਤਾ ਜਾ ਸਕਦਾ ਹੈ।
ਫਾਈਜ਼ਰ-ਬਾਇਓਟੈੱਕ ਵੱਲੋਂ ਬਣਾਏ ਟੀਕੇ ਨੂੰ ਮੌਜੂਦਾ ਸਮੇਂ ਕਈ ਦੇਸਾਂ 'ਚ ਲਗਾਇਆ ਜਾ ਰਿਹਾ ਹੈ ਅਤੇ ਇਸ ਨੂੰ -70 ਡਿਗਰੀ ਸੈਲਸੀਅਸ 'ਤੇ ਸਟੋਰ ਕਰਨਾ ਬਹੁਤ ਜ਼ਰੂਰੀ ਹੈ।
ਸਿਰਫ਼ ਸੀਮਤ ਸਮੇਂ ਲਈ ਹੀ ਇਸ ਨੂੰ ਇੱਕ ਥਾਂ ਤੋਂ ਦੂਜੀ ਥਾਂ ਤੱਕ ਭੇਜਿਆ ਜਾ ਸਕਦਾ ਹੈ। ਭਾਰਤ 'ਚ ਇਸ ਲਈ ਇੱਕ ਖਾਸ ਚੁਣੌਤੀ ਹੈ ਕਿਉਂਕਿ ਇੱਥੇ ਗਰਮੀਆਂ ਦਾ ਤਾਪਮਾਨ 50 ਡਿਗਰੀ ਸੈਲਸੀਅਸ ਤੱਕ ਪਹੁੰਚ ਜਾਂਦਾ ਹੈ।
ਕੋਵੀਸ਼ੀਲਡ ਕਿੰਨਾ ਅਸਰਦਾਰ
ਓਕਸਫੋਰਡ-ਐਸਟਰਾਜ਼ੇਨੇਕਾ ਵੈਕਸੀਨ ਦੇ ਕੌਮਾਂਤਰੀ ਟਰਾਇਲਾਂ ਤੋਂ ਪਤਾ ਲੱਗਿਆ ਹੈ ਕਿ ਜਦੋਂ ਕਿਸੇ ਵਿਅਕਤੀ ਨੂੰ ਪਹਿਲਾਂ ਇਸ ਦੀ ਅੱਧੀ ਖੁਰਾਕ ਅਤੇ ਬਾਅਦ 'ਚ ਪੂਰੀ ਖੁਰਾਕ ਦਿੱਤੀ ਗਈ ਤਾਂ ਇਹ 90 ਫੀਸਦ ਅਸਰਦਾਰ ਸੀ।
ਪਰ ਇਸ ਅੱਧੀ ਅਤੇ ਫਿਰ ਪੂਰੀ ਖੁਰਾਕ ਨੂੰ ਮਨਜ਼ੂਰ ਕੀਤੇ ਜਾਣ ਪਿੱਛੇ ਕੋਈ ਸਪਸ਼ਟ ਅੰਕੜੇ ਮੌਜੂਦ ਨਹੀਂ ਹਨ।
ਹਾਲਾਂਕਿ ਜੋ ਅੰਕੜੇ ਛਾਪੇ ਨਹੀਂ ਹੋਏ ਹਨ, ਉਨ੍ਹਾਂ ਮੁਤਾਬਕ ਪਹਿਲੀ ਅਤੇ ਦੂਜੀ ਖੁਰਾਕ ਦਰਮਿਆਨ ਲੰਮਾ ਸਮਾਂ ਪਾਉਣ ਨਾਲ ਟੀਕੇ ਦਾ ਅਸਰ ਵੱਧ ਜਾਂਦਾ ਹੈ।
ਇੱਕ ਛੋਟੇ ਸਮੂਹ ਨੂੰ ਇਸ ਢੰਗ ਨਾਲ ਹੀ ਟੀਕਾ ਲਗਾਇਆ ਗਿਆ ਸੀ ਅਤੇ ਪਹਿਲੀ ਖੁਰਾਕ ਤੋਂ ਬਾਅਦ 70 ਫੀਸਦ ਅਸਰਦਾਰ ਪਾਇਆ ਗਿਆ।

ਤਸਵੀਰ ਸਰੋਤ, Reuters
ਸੀਰਮ ਇੰਸਟੀਚਿਊਟ ਆਫ਼ ਇੰਡੀਆ ਦਾ ਕਹਿਣਾ ਹੈ ਕਿ ਕੋਵੀਸ਼ੀਲਡ ਬਹੁਤ ਪ੍ਰਭਾਵਸ਼ਾਲੀ ਹੈ ਅਤੇ ਬ੍ਰਾਜ਼ੀਲ ਤੇ ਬ੍ਰਿਟੇਨ 'ਚ ਹੋਏ ਤੀਜੇ ਪੜਾਅ ਦੇ ਟਰਾਇਲ ਦੇ ਨਤੀਜਿਆਂ ਦਾ ਸਮਰਥਨ ਕਰਦਾ ਹੈ।
ਕਲੀਨਿਕਲ ਟਰਾਇਲ ਇੱਕ ਤਿੰਨ ਪੜਾਅ ਵਾਲੀ ਪ੍ਰਕਿਰਿਆ ਹੈ, ਜਿਸ ਦਾ ਮਕਸਦ ਇਹ ਤੈਅ ਕਰਨਾ ਹੁੰਦਾ ਹੈ ਕਿ ਕੀ ਟੀਕਾ ਵਧੀਆ ਪ੍ਰਤੀਰੋਧਕ ਪ੍ਰਤੀਕਰਮ ਪੈਦਾ ਕਰਦਾ ਹੈ ਜਾਂ ਫਿਰ ਇਸ ਦੇ ਮਾੜੇ ਅਸਰ ਸਾਹਮਣੇ ਆਉਂਦੇ ਹਨ।
ਪਰ ਮਰੀਜ਼ਾਂ ਦੇ ਅਧਿਕਾਰ ਸਮੂਹ, ਆਲ ਇੰਡੀਆ ਡਰੱਗ ਐਕਸ਼ਨ ਨੈਟਵਰਕ ਦਾ ਕਹਿਣਾ ਹੈ ਕਿ ਇਸ ਨੂੰ ਮਨਜ਼ੂਰੀ ਜਲਦਬਾਜ਼ੀ 'ਚ ਦਿੱਤੀ ਗਈ ਸੀ।
ਇਸ ਦੇ ਨਿਰਮਾਤਾਵਾਂ ਨੇ ਭਾਰਤੀਆਂ 'ਤੇ ਪੂਰਾ ਅਧਿਐਨ ਵੀ ਨਹੀਂ ਕੀਤਾ ਹੈ।
ਭਾਰਤ ਵਿੱਚ ਬਣ ਰਹੇ ਹੋਰ ਵੈਕਸੀਨ
ਭਾਰਤ 'ਚ ਆਪਣੇ ਟੀਕੇ ਦੀ ਸੁਰੱਖਿਆ ਅਤੇ ਕਾਰਕੁਸ਼ਲਤਾ ਦੀ ਜਾਂਚ ਕਰਨ ਵਾਲੇ ਕੁਝ ਹੋਰ ਉਮੀਦਵਾਰ ਮੌਜੂਦ ਹਨ, ਜੋ ਕਿ ਵੱਖ-ਵੱਖ ਪੜਾਅ 'ਤੇ ਟਰਾਇਲ ਕਰਨ 'ਚ ਰੁੱਝੇ ਹੋਏ ਹਨ। ਇਹ ਹਨ:-
• ਜ਼ਾਈਕੋਵ-ਡੀ: ਇਹ ਅਹਿਮਦਾਬਾਦ ਸਥਿਤ ਜ਼ਾਇਡਸ-ਕੈਡਿਲਾ ਵੱਲੋਂ ਬਣਾਈ ਜਾ ਰਹੀ ਹੈ।
• ਹੈਦਰਾਬਾਦ ਸਥਿਤ ਬਾਇਓਲੋਜੀਕਲ ਈ ਵੱਲੋਂ ਇੱਕ ਵੈਕਸੀਨ ਬਣਾਈ ਜਾ ਰਹੀ ਹੈ, ਜੋ ਕਿ ਭਾਰਤ ਦੀ ਪਹਿਲੀ ਨਿੱਜੀ ਟੀਕਾ ਬਣਾਉਣ ਵਾਲੀ ਕੰਪਨੀ ਹੈ। ਇਹ ਕੰਪਨੀ ਅਮਰੀਕਾ ਦੇ ਡਾਇਨਾਵੈਕਸ ਅਤੇ ਬੇਲੋਰ ਕਾਲਜ ਆਫ਼ ਮੈਡੀਸੀਨ ਨਾਲ ਮਿਲ ਕੇ ਇਸ ਟੀਕੇ ਨੂੰ ਬਣਾ ਰਹੀ ਹੈ।
• ਪੁਣੇ ਅਧਾਰਤ ਜੇਨੋਵਾ ਕੰਪਨੀ ਵੱਲੋਂ ਐੱਚਜੀਸੀਓ 19 ਨਾਂਅ ਦਾ ਟੀਕਾ ਸੀਏਟਲ ਸਥਿਤ ਐੱਚਡੀਟੀ ਬਾਇਓਟੈਕ ਕਾਰਪੋਰੇਸ਼ਨ ਦੇ ਸਹਿਯੋਗ ਨਾਲ ਬਣਾਇਆ ਜਾ ਰਿਹਾ ਹੈ।
• ਭਾਰਤ ਬਾਇਓਟੈਕ ਵੱਲੋਂ ਇੱਕ ਨੱਕ ਤੋਂ ਲੈਣ ਵਾਲਾ ਟੀਕਾ ਤਿਆਰ ਕੀਤਾ ਜਾ ਰਿਹਾ ਹੈ।
• ਸੀਰਮ ਇੰਸਟੀਚਿਊਟ ਆਫ਼ ਇੰਡੀਆ ਅਤੇ ਅਮਰੀਕਾ ਵੈਕਸੀਨ ਵਿਕਾਸ ਕੰਪਨੀ ਨੋਵਾਵੈਕਸ ਵੱਲੋਂ ਇੱਕ ਦੂਜਾ ਟੀਕਾ ਵਿਕਸਤ ਕੀਤਾ ਜਾ ਰਿਹਾ ਹੈ।
ਭਾਰਤ ਤੋਂ ਕਿਹੜੇ ਦੇਸ ਟੀਕੇ ਚਾਹੁੰਦੇ ਹਨ
ਭਾਰਤ ਨੇ ਲਾਤੀਨੀ ਅਮਰੀਕਾ, ਕੈਰੇਬੀਅਨ, ਏਸ਼ੀਆ ਅਤੇ ਅਫ਼ਰੀਕਾ ਦੇ 86 ਦੇਸਾਂ ਨੂੰ ਟੀਕਿਆਂ ਦੀਆਂ 6.4 ਕਰੋੜ ਖੁਰਾਕਾਂ ਭੇਜੀਆਂ ਹਨ।
ਇੰਨ੍ਹਾਂ 'ਚ ਯੂਕੇ, ਕੈਨੇਡਾ, ਬ੍ਰਾਜ਼ੀਲ ਅਤੇ ਮੈਕਸੀਕੋ ਦੇਸ ਵੀ ਸ਼ਾਮਲ ਹਨ। ਕੋਵੀਸ਼ੀਲਡ ਅਤੇ ਕੋਵੈਕਸੀਨ ਦੋਵੇਂ ਹੀ ਟੀਕੇ ਜਾਂ ਤਾਂ ਤੋਹਫ਼ੇ ਦੇ ਰੂਪ 'ਚ ਜਾਂ ਫਿਰ ਕਿਸੇ ਵਪਾਰਕ ਸਮਝੌਤੇ ਦੇ ਤਹਿਤ ਬਰਾਮਦ ਕੀਤੇ ਗਏ ਹਨ।
ਇਸ ਤੋਂ ਇਲਾਵਾ ਕੋਵੈਕਸ ਯੋਜਨਾ ਤਹਿਤ ਭਾਰਤ ਦੂਜੇ ਦੇਸਾਂ ਤੱਕ ਇੰਨ੍ਹਾਂ ਦੀ ਪਹੁੰਚ ਸੰਭਵ ਕਰ ਰਿਹਾ ਹੈ।
ਦੱਸਣਯੋਗ ਹੈ ਕਿ ਕੋਵੈਕਸ ਯੋਜਨਾ ਦੀ ਅਗਵਾਈ ਵਿਸ਼ਵ ਸਿਹਤ ਸੰਗਠਨ ਵੱਲੋਂ ਕੀਤੀ ਜਾ ਰਹੀ ਹੈ।
ਉਮੀਦ ਕੀਤੀ ਜਾ ਰਹੀ ਹੈ ਕਿ ਇੱਕ ਸਾਲ ਤੋਂ ਵੀ ਘੱਟ ਸਮੇਂ 'ਚ 190 ਦੇਸਾਂ ਦੇ ਲੋਕਾਂ ਲਈ ਦੋ ਬਿਲੀਅਨ ਤੋਂ ਵੀ ਵੱਧ ਖੁਰਾਕਾਂ ਮੁਹੱਈਆ ਕਰਵਾਈਆਂ ਜਾਣਗੀਆਂ।
ਪਰ ਮਾਰਚ ਮਹੀਨੇ ਭਾਰਤ ਨੇ ਓਕਸਫੋਰਡ-ਐਸਟਰਾਜ਼ੇਨੇਕਾ ਟੀਕੇ ਦੀ ਬਰਾਮਦ 'ਤੇ ਅਸਥਾਈ ਰੋਕ ਲਗਾ ਦਿੱਤੀ ਹੈ।
ਭਾਰਤ ਸਰਕਾਰ ਨੇ ਕਿਹਾ ਹੈ ਕਿ ਦੇਸ 'ਚ ਲਗਾਤਾਰ ਵੱਧ ਰਹੇ ਕੋਵਿਡ-19 ਦੇ ਮਾਮਲਿਆਂ ਦਾ ਮਤਲਬ ਹੈ ਕਿ ਟੀਕੇ ਦੀ ਮੰਗ 'ਚ ਵੀ ਵਾਧਾ ਹੋ ਸਕਦਾ ਹੈ।
ਇਸ ਲਈ ਘਰੇਲੂ ਮੰਗ ਨੂੰ ਪੂਰਾ ਕਰਨ ਲਈ ਹੀ ਇਸ ਅਸਥਾਈ ਰੋਕ ਦਾ ਐਲਾਨ ਕੀਤਾ ਗਿਆ ਹੈ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












