ਵਿਸ਼ਵ ਦੌਰੇ ’ਤੇ ਨਿਕਲਿਆ ਜਰਮਨ ਜੋੜਾ ਲਾਹੌਰ ’ਚ ਕਿਵੇਂ ਫਸਿਆ, ਭਾਰਤ ਆਉਣ ’ਚ ਕੀ ਮੁਸ਼ਕਿਲਾਂ
- ਲੇਖਕ, ਮੁਨਾਜ਼ਾ ਅਨਵਰ
- ਰੋਲ, ਬੀਬੀਸੀ ਉਰਦੂ, ਲਾਹੌਰ
35 ਸਾਲਾ ਡੋਮੀਨੀਕਾ ਮਾਰੀਆ 20 ਸਾਲ ਦੀ ਉਮਰ ਤੋਂ ਦੁਨੀਆਂ ਘੁੰਮਣ ਦਾ ਸੁਪਨਾ ਵੇਖ ਰਹੀ ਹੈ। ਪਰ ਉਸ ਵੱਲੋਂ ਬਣਾਈ ਗਈ ਹਰ ਯੋਜਨਾ ਅਸਫ਼ਲ ਹੋ ਗਈ ਜਾਂ ਫਿਰ ਉਹ ਅਮਲ 'ਚ ਹੀ ਨਹੀਂ ਆ ਸਕੀ।
ਫ਼ਿਰ ਡੋਮੀਨੀਕਾ ਦੀ ਮੁਲਾਕਾਤ ਸਾਥੀ ਕਲਾਕਾਰ ਉਵੇ ਨਾਲ ਹੋਈ ਅਤੇ ਦੋਵਾਂ ਨੂੰ ਪਿਆਰ ਹੋ ਗਿਆ। ਵਿਆਹ ਤੋਂ ਬਾਅਦ ਡੋਮੀਨੀਕਾ ਦੇ ਸੁਪਨਿਆਂ ਨੂੰ ਖੰਬ ਲੱਗ ਗਏ ਸਨ। ਚਾਰ ਸਾਲ ਪਹਿਲਾਂ ਇਸ ਜੋੜੇ ਨੇ ਬਵੇਰੀਆ ਸਥਿਤ ਆਪਣੇ ਘਰ ਤੋਂ ਦੁਨੀਆਂ ਦੀ ਸੈਰ ਦਾ ਆਗਾਜ਼ ਕੀਤਾ, ਜਿਸ ਨੂੰ ਉਹ 'ਵਰਲਡ ਟੂਰ ਵਿਦ ਲਵ' ਦਾ ਨਾਂਅ ਦਿੰਦੇ ਹਨ।
ਹੁਣ ਇਹ ਜੋੜਾ ਜਰਮਨੀ ਤੋਂ 5 ਹਜ਼ਾਰ ਕਿਮੀ. ਦੂਰ ਹੈ ਅਤੇ ਉਨ੍ਹਾਂ ਦਾ ਇਹ ਸਫ਼ਰ ਕੋਰੋਨਾਵਾਇਰਸ ਮਹਾਮਾਰੀ ਦੇ ਕਾਰਨ ਰੁਕਿਆ ਹੋਇਆ ਹੈ। ਇਸ ਸਮੇਂ ਉਹ ਪਾਕਿਸਤਾਨ ਦੇ ਲਾਹੌਰ ਸ਼ਹਿਰ ਦੀਆਂ ਸੜਕਾਂ 'ਤੇ ਰਹਿ ਰਹੇ ਹਨ।
ਇਹ ਵੀ ਪੜ੍ਹੋ:
ਉਨ੍ਹਾਂ 'ਤੇ ਜਾਸੂਸ ਹੋਣ ਦਾ ਦੋਸ਼ ਵੀ ਲੱਗਾ, ਸੋਸ਼ਲ ਮੀਡੀਆ 'ਤੇ ਕਈ ਕਿਆਸ ਲਗਾਏ ਗਏ ਅਤੇ ਸਥਾਨਕ ਲੋਕਾਂ ਲਈ ਉਹ ਉਤਸੁਕਤਾ ਦਾ ਕਾਰਨ ਬਣੇ।
ਹਾਲ ਹੀ ਦੇ ਸਾਲਾਂ 'ਚ ਪਾਕਿਸਤਾਨ ਰਾਹੀਂ ਯਾਤਰਾ ਕਰਨਾ ਕਿਸੇ ਜ਼ੋਖਿਮ ਨਾਲੋਂ ਘੱਟ ਨਹੀਂ ਹੈ। ਪਿਛਲੇ ਇੱਕ ਦਹਾਕੇ 'ਚ ਬਹੁਤ ਸਾਰੇ ਯਾਤਰੀ ਅਗਵਾ ਕੀਤਾ ਗਏ ਹਨ।
ਕੁਝ ਸਮਾਂ ਪਹਿਲਾਂ ਸਥਾਨਕ ਪੁਲਿਸ ਦਾ ਧਿਆਨ ਉਨ੍ਹਾਂ 'ਤੇ ਗਿਆ ਅਤੇ ਇੱਕ ਦਿਨ ਉਨ੍ਹਾਂ ਨੇ ਇਸ ਜੋੜੇ ਦੀ ਕਾਰ ਨੂੰ ਆਪਣੇ ਕਬਜ਼ੇ ਹੇਠ ਲੈ ਲਿਆ। ਉਸ ਸਮੇਂ ਡੋਮੀਨੀਕਾ ਅਤੇ ਉਨ੍ਹਾਂ ਦੇ ਪਤੀ ਉੱਥੇ ਮੌਜੂਦ ਨਹੀਂ ਸੀ।

ਤਸਵੀਰ ਸਰੋਤ, Dominika Maria
ਬਾਅਦ 'ਚ ਲਾਹੌਰ ਦੇ ਸਹਾਇਕ ਕਮਿਸ਼ਨਰ ਨਾਲ ਚਾਰ ਘੰਟਿਆਂ ਤੱਕ ਚੱਲੀ ਗੱਲਬਾਤ ਤੋਂ ਬਾਅਦ, ਉਹ ਦੋਵੇਂ ਸ਼ਹਿਰ 'ਚ ਇੱਕ ਨਵੀਂ ਜਗ੍ਹਾ 'ਤੇ ਜਾਣ ਲਈ ਸਹਿਮਤ ਹੋ ਗਏ ਸਨ।
ਲਾਹੌਰ ਸ਼ਹਿਰ ਦੇ ਸਹਾਇਕ ਕਮਿਸ਼ਨਰ, ਫੈਜ਼ਾਨ ਅਹਿਮਦ ਨੇ ਬੀਬੀਸੀ ਨੂੰ ਦੱਸਿਆ ਕਿ ਇਹ ਜੋੜਾ "ਗੈਰ-ਕਾਨੂੰਨੀ ਢੰਗ'' ਨਾਲ ਪਾਕਿਸਤਾਨ 'ਚ ਰਹਿ ਰਿਹਾ ਸੀ।
ਉਨ੍ਹਾਂ ਕਿਹਾ, "ਇਮੀਗ੍ਰੇਸ਼ਨ ਅਥਾਰਟੀ, ਫੈਡਰਲ ਜਾਂਚ ਏਜੰਸੀ, ਕਸਟਮ ਵਿਭਾਗ ਅਤੇ ਸਬੰਧਤ ਸਫ਼ਾਰਤਖ਼ਾਨੇ ਨਾਲ ਸਲਾਹ ਮਸ਼ਵਰਾ ਕੀਤਾ ਗਿਆ ਹੈ।"
ਮਸ਼ਵਰੇ 'ਚ ਇਸ ਗੱਲ 'ਤੇ ਚਰਚਾ ਕੀਤੀ ਗਈ ਕਿ ਇਸ ਜੋੜੇ ਨੂੰ ਜਰਮਨੀ ਵਾਪਸ ਭੇਜ ਦਿੱਤਾ ਜਾਵੇ ਜਾਂ ਫਿਰ ਇਨ੍ਹਾਂ ਨੂੰ ਆਪਣੀ ਅਗਲੀ ਮੰਜ਼ਿਲ ਵੱਲ ਜਾਣ ਦੀ ਮਨਜ਼ੂਰੀ ਦੇ ਦਿੱਤੀ ਜਾਵੇ।
ਡੋਮੀਨੀਕਾ ਲਈ ਇਹ ਯਾਤਰਾ ਇੱਕ ਆਰਟ ਪ੍ਰੋਜੈਕਟ ਹੈ। ਉਨ੍ਹਾਂ ਨੇ ਆਪਣੀ ਯਾਤਰਾ ਦਾ ਸਫ਼ਰ ਜਰਮਨੀ ਤੋਂ ਸ਼ੁਰੂ ਕੀਤਾ ਅਤੇ ਬਾਅਦ 'ਚ ਪੋਲੈਂਡ, ਚੈੱਕ ਗਣਰਾਜ, ਆਸਟਰੀਆ, ਹੰਗਰੀ, ਰੋਮਾਨੀਆ, ਬੁਲਗਾਰੀਆ, ਤੁਰਕੀ, ਇਰਾਕ, ਈਰਾਨ ਤੋਂ ਹੁੰਦੇ ਹੋਏ ਉਹ ਹੁਣ ਪਾਕਿਸਤਾਨ 'ਚ ਮੌਜੂਦ ਹਨ। ਇਸ ਤੋਂ ਬਾਅਦ ਉਹ ਭਾਰਤ ਆਉਣ ਵਾਲੇ ਸਨ।
ਡੋਮੀਨੀਕਾ ਨੇ ਕਿਹਾ ਕਿ ਉਹ ਸਚੁਮੱਚ ਇਰਾਕ ਅਤੇ ਈਰਾਨ ਵਰਗੇ ਦੇਸ਼ਾਂ 'ਚੋਂ ਯਾਤਰਾ ਕਰਨ ਦੇ ਜੋਖ਼ਿਮ ਬਾਰੇ ਚਿੰਤਤ ਨਹੀਂ ਸਨ।
"ਜੇਕਰ ਅਸੀਂ ਆਪਣੇ ਮਨ ਅੰਦਰ ਦੇ ਚਾਅ ਨੂੰ ਪੂਰਾ ਕਰਨ ਦਾ ਯਤਨ ਨਹੀਂ ਕਰਾਂਗੇ ਤਾਂ ਅਸੀਂ ਸਿਰਫ ਬੈੱਡ 'ਤੇ ਬੈਠੇ ਰਹਿ ਜਾਵਾਂਗੇ ਅਤੇ ਸਭ ਕੁਝ ਸਾਡੇ ਹੱਥ 'ਚੋਂ ਖੁੱਸ ਜਾਵੇਗਾ।"
"ਇਸ ਸਫ਼ਰ ਦੌਰਾਨ ਸਾਨੂੰ ਇਰਾਕ, ਈਰਾਨ ਅਤੇ ਪਾਕਿਸਤਾਨ 'ਚ ਕਈ ਵਧੀਆ ਲੋਕ ਮਿਲੇ ਅਤੇ ਉਨ੍ਹਾਂ ਨਾਲ ਹੋਈ ਮੁਲਾਕਾਤ ਨੇ ਸਾਨੂੰ ਨਾ ਭੁੱਲਣਯੋਗ ਤਜ਼ਰਬੇ ਦਾ ਅਹਿਸਾਸ ਕਰਵਾਇਆ ਹੈ।"
ਤੁਰਕੀ 'ਚ ਉਨ੍ਹਾਂ ਦਾ ਇਕ ਦੋਸਤ ਬਣ ਗਿਆ ਸੀ ਅਤੇ ਉਹ ਹੀ ਉਨ੍ਹਾਂ ਨੂੰ ਪਾਕਿਸਤਾਨ ਲੈ ਕੇ ਆਇਆ ਸੀ। ਉਸ ਨੇ ਉਨ੍ਹਾਂ ਨੂੰ ਇਸਲਾਮਾਬਾਦ 'ਚ ਆਪਣੇ ਘਰ 'ਚ ਆਉਣ ਦਾ ਸੱਦਾ ਦਿੱਤਾ ਅਤੇ ਨਾਲ ਹੀ ਪਹਿਲਾ ਅਸਥਾਈ ਵੀਜ਼ਾ ਹਾਸਲ ਕਰਨ 'ਚ ਵੀ ਮਦਦ ਕੀਤੀ ਸੀ।

ਤਸਵੀਰ ਸਰੋਤ, Dominika Maria
ਇਹ ਦੋਵੇਂ ਅਪ੍ਰੈਲ 2020 ਦੇ ਅਖੀਰ 'ਚ ਈਰਾਨ ਤੋਂ ਤਫ਼ਤਾਨ ਸਰਹੱਦ ਰਾਹੀਂ ਪਾਕਿਸਤਾਨ ਦੇ ਕੋਇਟਾ ਪਹੁੰਚੇ ਸਨ। ਉਨ੍ਹਾਂ ਦਾ ਇਰਾਦਾ ਆਪਣੇ ਨਵੇਂ ਦੋਸਤ ਨੂੰ ਮਿਲਣ ਦਾ ਸੀ। ਪਰ ਪਾਕਿਸਤਾਨ 'ਚ ਗੱਡੀ ਚਲਾਉਣ ਸਬੰਧੀ ਲੋੜੀਂਦੇ ਦਸਤਾਵੇਜ਼ਾਂ ਦੀ ਘਾਟ ਕਰਕੇ ਉਹ ਇੱਥੇ ਹੀ ਫਸ ਗਏ।
ਇਸ ਜੋੜੇ ਨੇ ਕੋਇਟਾ ਦੇ ਕਸਟਮ ਦਫ਼ਤਰ ਵਿਖੇ 10 ਦਿਨ ਬਿਤਾਏ ਅਤੇ ਬਾਅਦ 'ਚ ਇੰਨ੍ਹਾਂ ਨੂੰ ਇਸਲਾਮਾਬਾਦ ਭੇਜ ਦਿੱਤਾ ਗਿਆ ਸੀ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇੱਕ ਸਾਲ ਦੀ ਉਡੀਕ ਤੋਂ ਬਾਅਦ ਡੋਮੀਨੀਕਾ ਅਤੇ ਉਵੇ ਨੇ ਭਾਰਤੀ ਵੀਜ਼ੇ ਲਈ ਅਰਜ਼ੀ ਦਿੱਤੀ ਅਤੇ ਉਨ੍ਹਾਂ ਦੀ ਅਰਜ਼ੀ ਮਨਜ਼ੂਰ ਵੀ ਹੋ ਗਈ ਸੀ। ਪਰ ਜਦੋਂ ਉਹ ਦੋਵੇਂ ਕਾਗਜ਼ਾਤ ਲੈਣ ਲਈ ਗਏ ਤਾਂ ਅਧਿਕਾਰੀਆਂ ਨੇ ਕਿਹਾ ਕਿ 'ਇਹ ਸੰਭਵ ਨਹੀਂ' ਹੈ।
ਉਨ੍ਹਾਂ ਨੇ ਆਪਣੇ ਵੀਜ਼ਾ ਸਬੰਧੀ ਦਿੱਕਤਾਂ ਨੂੰ ਸੁਲਝਾਉਣ ਲਈ ਯਤਨ ਸ਼ੁਰੂ ਕੀਤਾ ਅਤੇ ਇਸ 'ਚ ਇੱਕ ਹੋਰ ਲੰਮੇ ਸਮੇਂ ਦਾ ਇੰਤਜ਼ਾਰ ਸ਼ੁਰੂ ਹੋਇਆ।
ਆਖਰਕਾਰ ਪਿਛਲੇ ਸਾਲ ਜੁਲਾਈ ਮਹੀਨੇ ਇਸ ਜੋੜੇ ਨੂੰ ਲੋੜੀਂਦੇ ਕਾਗਜ਼ਾਤ ਹਾਸਲ ਹੋ ਹੀ ਗਏ ਅਤੇ ਉਨ੍ਹਾਂ ਨੇ ਭਾਰਤ ਆਉਣ ਲਈ ਲਾਹੌਰ ਤੋਂ ਸਰਹੱਦ ਤੱਕ ਦਾ ਸਫ਼ਰ ਤੈਅ ਕੀਤਾ। ਪਰ ਇੱਥੇ ਕੁਝ ਹੋਰ ਮੁਸ਼ਕਲ ਉਨ੍ਹਾਂ ਦੇ ਰਾਹ ਦਾ ਅੜਿੱਕਾ ਬਣ ਗਈ। ਉਹ ਸੀ ਵਿਸ਼ਵ ਵਿਆਪੀ ਫੈਲੀ ਮਹਾਮਾਰੀ।
ਡੋਮੀਨੀਕਾ ਨੇ ਕਿਹਾ , "ਜਿਵੇਂ ਹੀ ਅਸੀਂ ਵਾਹਗਾ ਸਰਹੱਦ 'ਤੇ ਪਹੁੰਚੇ ਤਾਂ ਉਸ ਸਮੇਂ ਭਾਰਤ ਨੇ ਵਿਦੇਸ਼ੀ ਲੋਕਾਂ ਦੇ ਦੇਸ਼ 'ਚ ਦਾਖਲੇ 'ਤੇ ਪਾਬੰਦੀ ਲਗਾ ਦਿੱਤੀ ਸੀ"।
ਮੁਫ਼ਤ ਵੰਡ ਰਹੇ ਹਨ ਸੂਪ
ਉਹ ਦੋਵੇਂ ਜਾਣੇ ਮੁੜ ਲਾਹੌਰ ਪਰਤ ਆਏ ਅਤੇ ਇੱਕ ਗੋਦਾਮ 'ਚ ਰਹਿਣ ਲੱਗੇ। ਇਸ ਤੋਂ ਬਾਅਦ ਉਹ ਟੂਰਿਸਟ ਇਨ ਹੋਟਲ ਦੀ ਕਾਰ ਪਾਰਕਿੰਗ 'ਚ ਰਹਿਣ ਲੱਗੇ। ਕਿਸੇ ਪਾਸੇ ਨਾ ਜਾਣ ਦੀ ਸਥਿਤੀ 'ਚ ਉਨ੍ਹਾਂ ਨੂੰ ਕੁਝ ਕਰਨ ਦੀ ਜ਼ਰੂਰਤ ਮਹਿਸੂਸ ਹੋਈ।
ਲਾਹੌਰ ਜੋ ਕਿ ਹੁਣ ਉਨ੍ਹਾਂ ਦਾ ਅਸਥਾਈ ਘਰ ਬਣ ਗਿਆ ਸੀ, ਉਸ ਲਈ ਕੁਝ ਕਰਨ ਦੀ ਇੱਛਾ ਦੇ ਚੱਲਦਿਆਂ ਡੋਮੀਨੀਕਾ ਅਤੇ ਉਵੇ ਨੇ ਜ਼ਰੂਰਤਮੰਦ ਲੋਕਾਂ ਲਈ ਸੂਪ ਬਣਾਉਣ ਲਈ ਸਮੱਗਰੀ ਇੱਕਠੀ ਕਰਨੀ ਸ਼ੂਰੂ ਕੀਤੀ।

ਤਸਵੀਰ ਸਰੋਤ, Dominika Maria
ਇਸ ਸਭ ਲਈ ਉਨ੍ਹਾਂ ਨੇ ਆਪਣੇ 11 ਮੁਲਕਾਂ ਦੇ ਦੌਰੇ ਦੌਰਾਨ ਹਾਸਲ ਤਜ਼ਰਬੇ ਦੀ ਵਰਤੋਂ ਕੀਤੀ।
ਡੋਮੀਨੀਕਾ ਦਾ ਕਹਿਣਾ ਹੈ, "ਸਾਨੂੰ ਸਰਦੀਆਂ ਦੇ ਮੌਸਮ 'ਚ ਗਰਮਾ ਗਰਮ ਸੂਪ ਪੀਣਾ ਬਹੁਤ ਪਸੰਦ ਹੈ ਅਤੇ ਸਾਨੂੰ ਲੱਗਿਆ ਕਿ ਸ਼ਾਇਦ ਦੂਜੇ ਲੋਕ ਵੀ ਅਜਿਹਾ ਹੀ ਮਹਿਸੂਸ ਕਰ ਸਕਦੇ ਹਨ।"
ਇਸ ਜੋੜੇ ਨੇ ਹਰ ਐਤਵਾਰ ਨੂੰ ਸੂਪ ਬਣਾਉਣਾ ਸ਼ੁਰੂ ਕੀਤਾ ਅਤੇ ਲੋੜਵੰਦ ਲੋਕਾਂ ਤੱਕ ਪਹੁੰਚਾਇਆ।
ਡੋਮੀਨੀਕਾ ਨੇ ਕਿਹਾ ਕਿ ਕੋਈ ਵੀ ਇੱਥੇ ਆ ਕੇ ਖਾ ਸਕਦਾ ਹੈ ਅਤੇ ਜੇਕਰ ਕੋਈ ਦਾਨ ਕਰਨਾ ਚਾਹੁੰਦਾ ਹੈ ਤਾਂ ਉਹ ਕਰ ਸਕਦਾ ਹੈ।
ਡੋਮੀਨੀਕਾ ਅਤੇ ਉਵੇ ਅਜੇ ਵੀ ਵਾਹਗਾ ਸਰਹੱਦ ਰਾਹੀਂ ਭਾਰਤ ਜਾਣ ਦਾ ਸੁਪਨਾ ਵੇਖ ਰਹੇ ਹਨ।
ਡੋਮੀਨੀਕਾ ਦਾ ਕਹਿਣਾ ਹੈ, "ਅਸੀਂ ਬਹੁਤ ਨਜ਼ਦੀਕ ਹਾਂ। ਅਸੀਂ ਇਸ ਲਈ ਲੰਮਾ ਪੈਂਡਾ ਤੈਅ ਕੀਤਾ ਅਤੇ ਨਾਲ ਹੀ ਪਿਛਲੇ ਲੰਮੇ ਸਮੇਂ ਤੋਂ ਇਸ ਘੜੀ ਦੀ ਉਡੀਕ 'ਚ ਹਾਂ।"
ਭਾਰਤ 'ਚ ਕੋਰੋਨਾਵਾਇਰਸ ਦੀ ਦੂਜੀ ਲਹਿਰ ਦੇ ਮੱਦੇਨਜ਼ਰ ਉਨ੍ਹਾਂ ਦੀ ਇਹ ਯਾਤਰਾ ਕੁਝ ਸਮੇਂ ਲਈ ਰੁੱਕ ਗਈ ਹੈ। ਇਸ ਦੇ ਨਾਲ ਹੀ ਇਹ ਸੰਭਾਵਨਾ ਵੀ ਮੌਜੂਦ ਹੈ ਕਿ ਉਨ੍ਹਾਂ ਨੂੰ ਪਾਕਿਸਤਾਨ ਤੋਂ ਹੀ ਜਰਮਨੀ ਵਾਪਸ ਭੇਜ ਦਿੱਤਾ ਜਾਵੇਗਾ।
ਇਹ ਦੋਵੇਂ ਮੌਜੂਦਾ ਸਮੇਂ ਉਹ ਲਾਹੌਰ 'ਚ ਹੀ ਫਸੇ ਹੋਏ ਹਨ ਅਤੇ ਆਪਣੀ ਵਿਸ਼ਵ ਯਾਤਰਾ ਦੇ ਅਗਲੇ ਮੁਲਕ ਬਾਰੇ ਉਤਸੁਕ ਹਨ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2













