ਕਸ਼ਮੀਰ: 'ਮੇਰਾ ਪੁੱਤ ਫੌਜੀ ਸੀ ਉਹ ਮਰਿਆ ਹੈ ਤਾਂ ਸ਼ਹੀਦ ਕਹੋ, ਜੇ ਅੱਤਵਾਦੀਆਂ ਨਾਲ ਰਲ਼ ਗਿਆ ਤਾਂ ਵੀ ਐਲਾਨੋ'

ਮਨਜ਼ੂਰ ਅਹਿਮਦ ਵਾਗੇ

ਤਸਵੀਰ ਸਰੋਤ, Abid Bhat

ਤਸਵੀਰ ਕੈਪਸ਼ਨ, ਪਿਛਲੇ 9 ਮਹੀਨਿਆਂ ਤੋਂ ਮਨਜ਼ੂਰ ਅਹਿਮਦ ਆਪਣੇ ਪੁੱਤਰ ਦੀ ਭਾਲ ਕਰ ਰਹੇ ਹਨ
    • ਲੇਖਕ, ਜਹਾਂਗੀਰ ਅਲੀ
    • ਰੋਲ, ਸ੍ਰੀਨਗਰ ਤੋਂ ਬੀਬੀਸੀ ਲਈ

ਪਿਛਲੇ ਸਾਲ ਅਗਸਤ ਮਹੀਨੇ ਇੱਕ ਭਾਰਤੀ ਫੌਜੀ ਨੂੰ ਭਾਰਤ ਸ਼ਾਸਿਤ ਕਸ਼ਮੀਰ 'ਚ ਕੁਝ ਵਿਅਕਤੀਆਂ ਵੱਲੋਂ ਅਗਵਾ ਕਰ ਲਿਆ ਗਿਆ ਸੀ। ਉਸ ਦੇ ਪਰਿਵਾਰ ਦਾ ਮੰਨਣਾ ਹੈ ਕਿ ਉਹ ਹੁਣ ਜ਼ਿੰਦਾ ਨਹੀਂ ਹੈ।

ਪਰ ਉਸ ਦੇ ਪਿਤਾ ਆਪਣੇ ਪੁੱਤਰ ਦੀ ਭਾਲ ਲਗਾਤਾਰ ਕਰ ਰਹੇ ਹਨ।

ਮਨਜ਼ੂਰ ਅਹਿਮਦ ਵਾਗੇ ਨੇ ਜਦੋਂ ਪਹਿਲੀ ਵਾਰ ਆਪਣੇ ਬੇਟੇ ਦੇ ਅਗਵਾ ਹੋਣ ਦੀ ਖ਼ਬਰ ਸੁਣੀ ਸੀ ਤਾਂ ਉਸ ਤੋਂ ਇੱਕ ਦਿਨ ਬਾਅਦ ਪੁਲਿਸ ਨੂੰ ਉਸ ਦੀ ਕਾਰ ਦੇ ਸੜੇ ਹੋਏ ਟੁਕੜੇ ਹਾਸਲ ਹੋਏ ਸਨ।

ਇਹ ਵੀ ਪੜ੍ਹੋ:

ਤਕਰੀਬਨ 15 ਕਿਲੋਮੀਟਰ ਦੀ ਦੂਰੀ 'ਤੇ ਲਹੂ ਲੁਹਾਣ ਹਲਕੇ ਭੂਰੇ ਰੰਗ ਦੀ ਕਮੀਜ਼ ਅਤੇ ਕਾਲੀ ਟੀ-ਸ਼ਰਟ ਦੇ ਟੁਕੜੇ ਇੱਕ ਸੇਬ ਦੇ ਬਗ਼ੀਚੇ ਤੋਂ ਪ੍ਰਾਪਤ ਹੋਏ ਸਨ। ਫਿਰ ਇਹ ਮਾਮਲਾ ਰਫ਼ਾ ਦਫ਼ਾ ਹੋ ਗਿਆ।

2 ਅਗਸਤ, 2020 ਦੀ ਸ਼ਾਮ ਨੂੰ 24 ਸਾਲਾ ਸ਼ਕੀਰ ਮਨਜ਼ੂਰ ਈਦ ਦੇ ਜਸ਼ਨਾਂ 'ਚ ਸ਼ਾਮਲ ਹੋਣ ਲਈ ਹਿਮਾਲਿਆ ਖੇਤਰ ਦੇ ਸੇਬ ਉਗਾਉਣ ਵਾਲੇ ਜ਼ਿਲ੍ਹਾ ਸ਼ੋਪੀਆਂ ਸਥਿਤ ਆਪਣੇ ਘਰ ਕੁਝ ਸਮੇਂ ਲਈ ਆਇਆ ਸੀ।

ਕਸ਼ਮੀਰੀ ਮੁਸਲਿਮ ਸ਼ਕੀਰ ਦੇ ਪਰਿਵਾਰ ਵਾਲਿਆਂ ਅਨੁਸਾਰ ਉਹ ਭਾਰਤੀ ਫੌਜ 'ਚ ਸੇਵਾਵਾਂ ਨਿਭਾ ਰਿਹਾ ਸੀ ਅਤੇ ਵਾਪਸ ਆਪਣੇ ਬੇਸ 'ਤੇ ਪਰਤ ਰਿਹਾ ਸੀ। ਜੋ ਕਿ ਲਗਭਗ 17 ਕਿਮੀ. ਘਰ ਤੋਂ ਦੂਰ ਸੀ। ਰਸਤੇ 'ਚ ਹੀ ਵੱਖਵਾਦੀਆਂ ਨੇ ਉਸ ਦੀ ਕਾਰ ਰੋਕੀ ਸੀ।

ਸ਼ਕੀਰ ਮਨਜ਼ੂਰ

ਤਸਵੀਰ ਸਰੋਤ, Manzoor family

ਤਸਵੀਰ ਕੈਪਸ਼ਨ, ਅਗਸਤ 2020 ਵਿੱਚ ਸ਼ਕੀਰ ਮਨਜ਼ੂਰ ਅਗਵਾ ਹੋਏ ਸਨ

ਸ਼ਕੀਰ ਦੇ ਛੋਟੇ ਭਰਾ ਸ਼ਾਹਨਵਾਜ਼ ਮਨਜ਼ੂਰ ਨੇ ਚਸ਼ਮਦੀਦ ਗਵਾਹਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਉਨ੍ਹਾਂ 'ਚੋਂ ਕੁਝ ਲੋਕ ਉਸ 'ਤੇ ਭਾਰੀ ਪਏ ਅਤੇ ਕਾਰ ਭਜਾ ਦਿੱਤੀ ਗਈ। ਫਿਰ ਕਿਸੇ ਨੂੰ ਵੀ ਪਤਾ ਨਾ ਲੱਗਾ ਕਿ ਉਹ ਕਿੱਥੇ ਗਏ ਸਨ।

ਸ਼ਾਹਨਵਾਜ਼ ਕਾਨੂੰਨ ਦਾ ਵਿਦਿਆਰਥੀ ਹੈ ਅਤੇ ਦੱਸਦਾ ਹੈ ਕਿ ਜਦੋਂ ਉਹ ਮੋਟਰਸਾਈਕਲ 'ਤੇ ਆਪਣੇ ਘਰ ਵਾਪਸ ਪਰਤ ਰਿਹਾ ਸੀ ਤਾਂ ਉਸ ਸਮੇਂ ਉਸ ਨੇ ਸ਼ਕੀਰ ਦੀ ਕਾਰ ਦੂਜੇ ਪਾਸੇ ਤੋਂ ਆਉਂਦੀ ਵੇਖੀ। ਉਸ ਸਮੇਂ ਕਾਰ 'ਚ ਕਈ ਅਜਨਬੀ ਬੈਠੇ ਹੋਏ ਸਨ।

ਸ਼ਾਹਨਵਾਜ਼ ਨੇ ਆਪਣਾ ਮੋਟਰਸਾਈਕਲ ਰੋਕ ਕੇ ਚੀਕਦਿਆਂ ਕਿਹਾ, "ਤੁਸੀਂ ਕਿੱਥੇ ਜਾ ਰਹੇ ਹੋ?"

ਉਸ ਦੇ ਭਰਾ ਨੇ ਕਿਹਾ, "ਮੇਰਾ ਪਿੱਛਾ ਨਾ ਕਰਨਾ ਅਤੇ ਉਸ ਨੇ ਕਾਰ ਭਜਾ ਲਈ।"

ਸ਼ਕੀਰ ਨੂੰ ਅਗਵਾ ਹੋਏ ਨੂੰ 9 ਮਹੀਨਿਆਂ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਅਤੇ ਉਨ੍ਹਾਂ ਦੇ ਪਿਤਾ ਮਨਜ਼ੂਰ ਅੱਜ ਵੀ ਸ਼ਕੀਰ ਦੀ ਲਾਸ਼ ਦੀ ਭਾਲ ਕਰ ਰਹੇ ਹਨ।

ਉਨ੍ਹਾਂ ਨੂੰ ਜਿੱਥੋਂ ਸ਼ਕੀਰ ਦੇ ਫਟੇ ਕੱਪੜੇ ਮਿਲੇ ਸਨ, ਉਸ ਪਿੰਡ ਤੋਂ ਲੈ ਕੇ 50 ਕਿਮੀ. ਤੋਂ ਵੀ ਵੱਧ ਦੇ ਖੇਤਰ 'ਚ ਉਸ ਦੀ ਭਾਲ ਕੀਤੀ। ਇਸ ਸਭ 'ਚ ਹਰੇ ਭਰੇ ਬਗ਼ੀਚੇ, ਜਲ ਸਰੋਤ, ਸੰਘਣੇ ਜੰਗਲ ਅਤੇ ਪਿੰਡ ਵੀ ਸ਼ਾਮਲ ਹਨ।

ਸ਼ਾਹਨਵਾਜ਼ ਨੇ ਆਪਣੇ ਪਿਤਾ ਦੀ ਮਦਦ ਲਈ ਪਿਛਲੇ ਸਾਲ ਕਾਲਜ ਛੱਡ ਦਿੱਤਾ ਸੀ। ਉਨ੍ਹਾਂ ਨੇ ਹਿਮਾਲਿਆ ਦੇ ਗਲੇਸ਼ੀਅਰਾਂ ਨਾਲ ਬਣੇ ਨਾਲਿਆਂ ਨੂੰ ਖੋਦਣ ਲਈ ਖੁਦਾਈ ਕਰਨ ਵਾਲਿਆਂ ਦਾ ਇੰਤਜ਼ਾਮ ਵੀ ਕੀਤਾ।

ਸ਼ਾਹਨਵਾਜ਼ ਨੇ ਦੱਸਿਆ, "ਜਦੋਂ ਵੀ ਅਸੀਂ ਕਿਸੇ ਨਵੀਂ ਥਾਂ ਦੀ ਖੋਜ ਕਰਦੇ ਹਾਂ ਤਾਂ ਸਾਡੇ ਦੋਸਤ-ਮਿੱਤਰ , ਗੁਆਂਢੀ ਵੀ ਕਹੀਆਂ ਚੁੱਕ ਕੇ ਸਾਡੀ ਮਦਦ ਲਈ ਆਉਂਦੇ ਹਨ।''

ਕਸ਼ਮੀਰ

ਤਸਵੀਰ ਸਰੋਤ, Abid Bhat

ਸ਼ਕੀਰ ਦੇ ਲਾਪਤਾ ਹੋਣ ਤੋਂ ਕੁਝ ਦਿਨ ਬਾਅਦ ਹੀ ਪਰਿਵਾਰ ਵਾਲਿਆਂ ਨੂੰ ਇਕ ਲਾਸ਼ ਮਿਲੀ, ਪਰ ਉਹ ਪਿੰਡ ਦੇ ਇਕ ਬਜ਼ੁਰਗ ਵਿਅਕਤੀ ਦੀ ਸੀ, ਜਿਸ ਨੂੰ ਕਿ ਵੱਖਵਾਦੀਆਂ ਨੇ ਅਗਵਾ ਕਰਨ ਤੋਂ ਬਾਅਦ ਮਾਰ ਦਿੱਤਾ ਸੀ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਸਥਾਨਕ ਪੁਲਿਸ ਦੇ ਮੁਖੀ ਦਿਲਬਾਗ ਸਿੰਘ ਨੇ ਹਾਲ 'ਚ ਹੀ ਕਿਹਾ ਸੀ ਕਿ ਸ਼ਕੀਰ ਦੀ ਭਾਲ ਅਜੇ ਖ਼ਤਮ ਨਹੀਂ ਹੋਈ ਹੈ। ਹਾਲਾਂਕਿ ਉਨ੍ਹਾਂ ਨੇ ਜਾਂਚ ਸਬੰਧੀ ਵੇਰਵੇ ਦੇਣ ਤੋਂ ਇਨਕਾਰ ਕਰ ਦਿੱਤਾ ਹੈ।

ਬੀਬੀਸੀ ਨੇ ਇਸ ਮਾਮਲੇ ਬਾਰੇ ਟਿੱਪਣੀ ਲੈਣ ਲਈ ਸਥਾਨਕ ਪੁਲਿਸ ਮੁਖੀ, ਡਿਪਟੀ ਇੰਸਪੈਕਟਰ ਜਨਰਲ (ਕਸ਼ਮੀਰ) ਵਿਜੇ ਕੁਮਾਰ ਤੱਕ ਪਹੁੰਚ ਕਰਨ ਦਾ ਯਤਨ ਕੀਤਾ, ਪਰ ਉਨ੍ਹਾਂ ਨੇ ਕੋਈ ਜਵਾਬ ਨਾ ਦਿੱਤਾ।

ਸਥਾਨਕ ਕਾਨੂੰਨਾਂ ਮੁਤਾਬਕ ਇੱਕ ਵਿਅਕਤੀ ਦੇ ਲਾਪਤਾ ਹੋਣ ਤੋਂ ਸੱਤ ਸਾਲ ਬਾਅਦ ਉਸ ਨੂੰ ਮਰਿਆ ਐਲਾਨ ਦਿੱਤਾ ਜਾਂਦਾ ਹੈ। ਅਧਿਕਾਰਤ ਦਸਤਾਵੇਜ਼ਾਂ 'ਚ ਸ਼ਕੀਰ ਲਾਪਤਾ ਹੀ ਹੈ। ਇਸ ਦੁੱਖ ਦੀ ਘੜੀ 'ਚ ਵਾਗੇ ਪਰਿਵਾਰ ਆਪਣੇ ਆਪ ਨੂੰ ਠੱਗਿਆ ਤੇ ਬੇਇੱਜ਼ਤ ਹੋਇਆ ਮਹਿਸੂਸ ਕਰ ਰਿਹਾ ਹੈ।

ਉਨ੍ਹਾਂ ਦਾ ਕਹਿਣਾ ਹੈ, "ਮੇਰੇ ਪੁੱਤਰ ਨੇ ਦੇਸ਼ ਦੀ ਖ਼ਾਤਰ ਆਪਣੀ ਜਾਨ ਕੁਰਬਾਨ ਕਰ ਦਿੱਤੀ। ਜੇਕਰ ਉਹ ਅੱਤਵਾਦੀਆਂ 'ਚ ਸ਼ਾਮਲ ਹੋ ਗਿਆ ਹੈ ਤਾਂ ਸਰਕਾਰ ਨੂੰ ਜਨਤਕ ਤੌਰ 'ਤੇ ਇਹ ਸਭ ਕਹਿਣ ਦਿਓ। ਜੇ ਉਹ ਦਹਿਸ਼ਤਗਰਦਾਂ ਦੀ ਗੋਲੀ ਦਾ ਸ਼ਿਕਾਰ ਹੋ ਗਿਆ ਹੈ ਤਾਂ ਫਿਰ ਉਸ ਦੀ ਸ਼ਹਾਦਤ ਨੂੰ ਮਾਨਤਾ ਕਿਉਂ ਨਹੀਂ ਦੇ ਰਹੇ ਹਨ।"

ਕਸ਼ਮੀਰ 'ਚ ਲਗਾਤਾਰ ਜਾਰੀ ਤਣਾਅ ਦੌਰਾਨ ਲੋਕਾਂ ਦਾ ਬਿਨ੍ਹਾਂ ਕਿਸੇ ਸੁਰਾਗ, ਨਿਸ਼ਾਨ ਦੇ ਲਾਪਤਾ ਹੋਣਾ ਅਸਧਾਰਨ ਨਹੀਂ ਹੈ। ਪਿਛਲੇ 20 ਸਾਲਾਂ 'ਚ ਇਸ ਖੇਤਰ 'ਚ ਭਾਰਤੀ ਸ਼ਾਸਨ ਦੇ ਖ਼ਿਲਾਫ਼ ਵਿਦਰੋਹ ਦੌਰਾਨ ਹਜ਼ਾਰਾਂ ਹੀ ਲੋਕ ਲਾਪਤਾ ਹੋਏ ਹਨ। ਜਿੰਨ੍ਹਾਂ ਦਾ ਬਾਅਦ 'ਚ ਕੋਈ ਥੋਹ ਪਤਾ ਵੀ ਨਹੀਂ ਲੱਗਿਆ।

ਪਰ ਸ਼੍ਰੀਨਗਰ ਦੇ ਮੁੱਖ ਸ਼ਹਿਰ ਤੋਂ ਤਕਰੀਬਨ 80 ਕਿਮੀ. ਦੂਰ ਸਥਿਤ ਸ਼ੋਪੀਆਂ 'ਚ ਭਾਰੀ ਫੌਜ ਦੀ ਤੈਨਾਤੀ ਹੈ ਅਤੇ ਅਜਿਹੇ 'ਚ ਇੱਕ ਜਵਾਨ ਦਾ ਹੀ ਲਾਪਤਾ ਹੋਣਾ ਬਹੁਤ ਹੀ ਹਿੰਮਤ ਵਾਲਾ ਕੰਮ ਹੈ।

ਕਸ਼ਮੀਰ

ਤਸਵੀਰ ਸਰੋਤ, Abid Bhat

ਵਾਗੇ ਜੋ ਕਿ ਇੱਕ ਮੱਧ ਵਰਗੀ ਕਿਸਾਨ ਹਨ, ਉਹ ਕਈ ਕਸ਼ਮੀਰੀ ਪਰਿਵਾਰਾਂ ਨੂੰ ਦਰਪੇਸ਼ ਆ ਰਹੀਆਂ ਮੁਸ਼ਕਲਾਂ ਦੀ ਮਿਸਾਲ ਹਨ। ਇਹ ਉਹ ਪਰਿਵਾਰ ਹਨ ਜਿੰਨ੍ਹਾਂ ਦੇ ਆਦਮੀ ਦੇਸ਼ ਦੀ ਰੱਖਿਆ ਲਈ ਸੇਵਾਵਾਂ ਨਿਭਾਉਂਦੇ ਆਪਣੀਆਂ ਜਾਨਾਂ ਤੱਕ ਦੇ ਦਿੰਦੇ ਹਨ।

ਉਹ ਇੰਨ੍ਹਾਂ ਸੁਰੱਖਿਆ ਬਲਾਂ ਨਾਲ ਕੰਮ ਕਰਨ ਲਈ ਕੁਝ ਸਥਾਨਕ ਲੋਕਾਂ ਦੇ ਸਮਾਜਿਕ ਬਾਇਕਾਟ ਦਾ ਜ਼ੋਖਮ ਵੀ ਚੁੱਕਦੇ ਹਨ। ਦੂਜੇ ਪਾਸੇ ਉਨ੍ਹਾਂ 'ਚੋਂ ਕਈਆਂ ਦਾ ਕਹਿਣਾ ਹੈ ਕਿ ਭਾਰਤੀ ਸੁਰੱਖਿਆ ਬਲ ਉਨ੍ਹਾਂ 'ਤੇ ਪੂਰਾ ਭਰੋਸਾ ਨਹੀਂ ਕਰਦੇ ਹਨ।

ਵਾਗੇ ਦਾ ਕਹਿਣਾ ਹੈ ਕਿ ਉਸ ਨੇ ਆਪਣੇ ਬੇਟੇ ਨੂੰ ਫੌਜ 'ਚ ਭਰਤੀ ਨਾ ਹੋਣ ਬਾਰੇ ਚੇਤਾਵਨੀ ਵੀ ਦਿੱਤੀ ਸੀ।

"ਪਰ ਉਸ ਨੇ ਮੇਰੀ ਇੱਕ ਨਾ ਸੁਣੀ। ਉਸ ਦੇ ਸਿਰ 'ਤੇ ਤਾਂ ਫੌਜ 'ਚ ਭਰਤੀ ਹੋਣ ਦਾ ਭੂਤ ਸਵਾਰ ਸੀ। ਉਸ ਨੇ ਕਦੇ ਵੀ ਹਿੰਦੂ ਜਾਂ ਮੁਸਲਮਾਨ 'ਚ ਫਰਕ ਨਹੀਂ ਕੀਤਾ ਸੀ।"

ਸ਼ਕੀਰ ਦਾ ਪਰਿਵਾਰ ਹੁਣ ਧਾਰਮਿਕ ਸੰਤਾਂ ਅਤੇ ਅਸਥਾਨਾਂ 'ਤੇ ਸ਼ਕੀਰ ਦੀ ਕੋਈ ਖ਼ਬਰ ਮਿਲਣ ਦੀ ਮੰਨਤਾ ਮੰਗ ਰਿਹਾ ਹੈ।

ਸ਼੍ਰੀਨਗਰ 'ਚ ਜਦੋਂ ਦੁਪਹਿਰ ਦੇ ਸਮੇਂ ਜਦੋਂ ਮੈਂ ਵਾਗੇ ਨੂੰ ਮਿਲਦਾ ਹਾਂ ਤਾਂ ਉਹ ਬਹੁਤ ਥੱਕੇ ਹੋਏ ਵਿਖਾਈ ਦੇ ਰਹੇ ਸਨ।

ਉਹ ਉਸ ਸਮੇਂ ਇਕ ਫਕੀਰ ਨੂੰ ਮਿਲ ਕੇ ਆਏ ਸਨ, ਜੋ ਕਿ 'ਬ੍ਰਹਮ ਗਿਆਨੀ' ਹੋਣ ਦਾ ਦਾਅਵਾ ਕਰਦਾ ਹੈ ਅਤੇ ਸ਼ਕੀਰ ਨੂੰ ਲੱਭਣ 'ਚ ਉਨ੍ਹਾਂ ਦੀ ਮਦਦ ਕਰ ਸਕਦਾ ਹੈ।

ਵਾਗੇ ਨੇ ਆਪਣੀ ਪਤਨੀ ਆਇਸ਼ਾ ਨੂੰ ਕਿਹਾ, "ਇੰਨ੍ਹਾਂ ਧਾਰਮਿਕ ਸਾਧੂ-ਸੰਤਾ ਤੋਂ ਤਾਂ ਹੁਣ ਮੇਰਾ ਵਿਸ਼ਵਾਸ ਵੀ ਉੱਠਣਾ ਸ਼ੁਰੂ ਹੋ ਗਿਆ ਹੈ।"

ਕਸ਼ਮੀਰ

ਤਸਵੀਰ ਸਰੋਤ, Abid Bhat

ਤਸਵੀਰ ਕੈਪਸ਼ਨ, ਸ਼ਕੀਰ ਮਨਜ਼ੂਰ ਦੀ ਮਾਂ ਆਇਸ਼ਾ ਵਾਗੇ

ਵਾਗੇ ਨੇ ਗੁੱਸੇ 'ਚ ਆ ਕੇ ਕਿਹਾ ਕਿ ਫਕੀਰ ਦਾ ਕਹਿਣਾ ਹੈ ਕਿ ਜਿੱਥੇ ਸ਼ਕੀਰ ਦੇ ਕੱਪੜੇ ਮਿਲੇ ਸਨ, ਉਸ ਜਗ੍ਹਾ 'ਤੇ ਭਾਲ ਕਰੋ। ਕੀ ਅਸੀਂ ਪਹਿਲਾਂ ਹੀ ਅਜਿਹਾ ਨਹੀਂ ਕਰ ਚੁੱਕੇ ਹਾਂ।

ਸ਼ਕੀਰ ਦੀ ਮਾਂ ਆਇਸ਼ਾ ਵਾਗੇ ਨੇ ਕਿਹਾ, "ਉੱਤਰੀ ਕਸ਼ਮੀਰ ਤੋਂ ਦੱਖਣੀ ਕਸ਼ਮੀਰ ਤੱਕ ਕੋਈ ਅਜਿਹਾ ਫਕੀਰ ਨਹੀਂ ਜਿਸ ਕੋਲ ਅਸੀਂ ਨਾ ਗਏ ਹੋਈਏ। ਮੇਰੀਆਂ ਧੀਆਂ ਨੇ ਆਪਣੇ ਗਹਿਣੇ ਤੱਕ ਤੀਰਥ ਅਸਥਾਨਾਂ 'ਤੇ ਦਾਨ ਕਰ ਦਿੱਤੇ ਹਨ।"

ਵਾਗੇ ਦਾ ਕਹਿਣਾ ਹੈ ਕਿ ਹੁਣ ਜਦੋਂ ਫਿਰ ਉਨ੍ਹਾਂ ਨੂੰ ਕੋਈ ਨਵੀਂ ਸੂਚਨਾ, ਸੁਰਾਗ ਮਿਲੇਗਾ ਤਾਂ ਉਹ ਖੁਦਾਈ ਮੁੜ ਸ਼ੁਰੂ ਕਰ ਦੇਣਗੇ।

"ਰੱਬ ਨੇ ਮੈਨੂੰ ਬਹੁਤ ਦਿੱਤਾ ਹੈ। ਅਸੀਂ ਜਾਣਦੇ ਹਾਂ ਕਿ ਜਿਸ ਦਿਨ ਉਸ ਦੇ ਲਹੂ-ਲੁਹਾਣ ਕੱਪੜੇ ਮਿਲੇ ਸਨ, ਉਸ ਦਿਨ ਹੀ ਉਹ ਮਰ ਗਿਆ ਸੀ। ਅਸੀਂ ਉਸ ਦੀਆਂ ਅੰਤਿਮ ਰਮਸਾਂ ਦੀ ਨਮਾਜ਼ ਅਦਾ ਕੀਤੀ ਹੈ।"

"ਪਰ ਜਦੋਂ ਤੱਕ ਮੇਰੇ ਸਰੀਰ 'ਚ ਜਾਨ ਹੈ, ਮੈਂ ਉਦੋਂ ਤੱਕ ਉਸ ਦੀ ਭਾਲ ਕਰਦਾ ਰਹਾਂਗਾ।"

ਇਹ ਵੀ ਪੜ੍ਹੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)