ਕੋਰੋਨਾਵਾਇਰਸ: 5G ਟਾਵਰਾਂ ਤੋਂ ਕੋਵਿਡ ਫ਼ੈਲਣ ਦੀਆਂ ਅਫ਼ਵਾਹਾਂ ਦਾ ਪੂਰਾ ਮਾਮਲਾ ਜਾਣੋ

ਕੋਰੋਨਾਵਾਇਰਸ

ਤਸਵੀਰ ਸਰੋਤ, Getty Images

    • ਲੇਖਕ, ਅਰਵਿੰਦ ਛਾਬੜਾ
    • ਰੋਲ, ਬੀਬੀਸੀ ਪੱਤਰਕਾਰ

ਸੋਸ਼ਲ ਮੀਡੀਆ 'ਤੇ ਪਿਛਲੇ ਕੁਝ ਦਿਨਾਂ ਤੋਂ ਅਫ਼ਵਾਹਾਂ ਹਨ ਕਿ 5G ਤਕਨੀਕ ਕਾਰਨ ਕੋਰੋਨਾਵਾਇਰਸ ਫੈਲ ਰਿਹਾ ਹੈ।

ਵੱਖ-ਵੱਖ ਸੋਸ਼ਲ ਮੀਡੀਆ ਪਲੇਟਫ਼ਾਰਮਾਂ 'ਤੇ ਅਜਿਹੇ ਕਈ ਸੰਦੇਸ਼ ਫੈਲਾਏ ਜਾ ਰਹੇ ਹਨ ਕਿ 5G ਮੋਬਾਈਲ ਟਾਵਰਾਂ ਦੇ ਟਰਾਇਲ ਕਾਰਨ ਕਰੋਨਾ ਵਾਇਰਸ ਦੀ ਦੂਜੀ ਲਹਿਰ ਆਈ ਹੈ।

ਇਨ੍ਹਾਂ ਅਫ਼ਵਾਹਾਂ ਦੇ ਚਲਦਿਆਂ ਪੰਜਾਬ ਅਤੇ ਹਰਿਆਣਾ ਵਿੱਚ ਟੈਲੀਫ਼ੋਨ ਟਾਵਰਾਂ ਨੂੰ ਨਿਸ਼ਾਨਾ ਵੀ ਬਣਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ:

ਬੀਬੀਸੀ ਪੰਜਾਬੀ ਨੇ ਇਸ ਬਾਰੇ ਪੀਜੀਆਈ ਚੰਡੀਗੜ੍ਹ ਦੇ ਕਮਿਊਨਿਟੀ ਮੈਡੀਸਨ ਤੇ ਪਬਲਿਕ ਹੈਲਥ ਦੇ ਡਾ. ਰਵਿੰਦਰ ਖੈਵਾਲ ਨਾਲ ਗੱਲਬਾਤ ਕੀਤੀ।

ਉਨ੍ਹਾਂ ਕਿਹਾ ਕਿ ਕੋਵਿਡ 19 ਅਤੇ 5G ਨੈੱਟਵਰਕ ਦਾ ਕੋਈ ਸਬੰਧ ਨਹੀਂ ਹੈ ਅਤੇ ਵਾਇਰਸ ਰੇਡੀਓ ਤਰੰਗਾਂ ਜਾਂ ਮੋਬਾਈਲ ਨੈੱਟਵਰਕਾਂ ਰਾਹੀਂ ਨਹੀਂ ਫ਼ੈਲ ਸਕਦਾ।

Dr Ravinder Khaiwal

ਤਸਵੀਰ ਸਰੋਤ, Dr Khaiwal

ਤਸਵੀਰ ਕੈਪਸ਼ਨ, ਡਾ. ਰਵਿੰਦਰ ਖੈਵਾਲ

''ਲੋਕਾਂ ਨੂੰ ਅਜਿਹੀ ਅਧਾਰਹੀਣ ਗ਼ਲਤ ਜਾਣਕਾਰੀ ਨੂੰ ਸੱਚ ਨਹੀਂ ਮੰਨਣਾ ਚਾਹੀਦਾ ਹੈ।"

ਉਨ੍ਹਾਂ ਨੇ ਕਿਹਾ ਕਿ ਇਹ ਸੋਸ਼ਲ ਮੀਡੀਆ 'ਤੇ ਚੱਲ ਰਿਹਾ ਹੈ ਕਿ 5G ਦੇ ਕਾਰਨ ਕੋਵਿਡ ਫੈਲ ਰਿਹਾ ਹੈ।

"ਅਸੀਂ ਕੁਝ ਲੋਕਾਂ ਨਾਲ ਗੱਲ ਵੀ ਕੀਤੀ ਜੋ ਅਜਿਹਾ ਮੰਨਦੇ ਸਨ। ਮੇਰੇ ਆਪਣੇ ਪਰਿਵਾਰ ਦੇ ਕੁਝ ਮੈਂਬਰ ਇਸ ਦਾ ਯਕੀਨ ਕਰਦੇ ਹਨ ਕਿਉਂਕਿ ਉਨ੍ਹਾਂ ਨੂੰ ਇਸ ਬਾਰੇ ਜਾਣਕਾਰੀ ਨਹੀਂ ਹੈ।''

''ਵੇਖੋ, ਇਹ 5G ਕਈ ਦੇਸ਼ਾਂ ਵਿੱਚ ਸ਼ੁਰੂ ਹੋ ਚੁੱਕਾ ਹੈ ਜਿੱਥੇ ਕੋਵਿਡ ਦੇ ਬਹੁਤ ਘੱਟ ਮਾਮਲੇ ਹਨ। ਇਸ ਲਈ, ਇਹ ਕਹਿਣਾ ਕਿ ਇਹ ਭਾਰਤ ਵਿੱਚ 5G ਕਰਕੇ ਹੈ, ਗ਼ਲਤ ਹੋਵੇਗਾ।''

5ਜੀ

ਬਹੁਤ ਸਾਰੀਆਂ ਕੌਮਾਂਤਰੀ ਏਜੰਸੀਆਂ ਨੇ ਕੋਵਿਡ ਅਤੇ 5G ਦੇ ਵਿਚਕਾਰ ਇਸ ਸਬੰਧ ਨੂੰ ਖ਼ਾਰਜ ਕੀਤਾ ਹੈ।

ਵਿਸ਼ਵ ਸਿਹਤ ਸੰਗਠਨ ਨੇ ਵੀ ਇਹ ਕਿਹਾ ਹੈ ਕਿ ਦੋਵਾਂ ਵਿੱਚ ਕੋਈ ਸਬੰਧ ਨਹੀਂ ਹੈ।

5G ਦੀ ਟੈਸਟਿੰਗ ਭਾਰਤ ਵਿੱਚ ਸ਼ੁਰੂ ਵੀ ਨਹੀਂ ਕੀਤੀ ਗਈ ਹੈ।

ਇਹ ਪੁੱਛਣ 'ਤੇ ਫਿਰ ਕੀ ਕਾਰਨ ਹੈ ਕਿ ਲੋਕ ਇਸ ਗੱਲ ਦਾ ਯਕੀਨ ਕਰ ਰਹੇ ਹਨ ਤਾਂ ਉਨ੍ਹਾਂ ਨੇ ਕਿਹਾ, ''ਲੋਕ ਤਕਨੀਕ ਤੋਂ ਅਕਸਰ ਡਰਦੇ ਹਨ ਤੇ ਇਸ ਦਾ ਕੁਝ ਸ਼ਰਾਰਤੀ ਲੋਕ ਫ਼ਾਇਦਾ ਚੁੱਕਦੇ ਹਨ, ਜਿਵੇਂ ਪ੍ਰਮਾਣੂ ਪਲਾਂਟ।''

''ਆਮ ਲੋਕ ਰੇਡੀਏਸ਼ਨ ਨੂੰ ਬਹੁਤਾ ਨਹੀਂ ਸਮਝਦੇ। ਕੋਵਿਡ -19 ਇੱਕ ਦੂਜੇ ਤੋਂ ਫੈਲਦੀ ਹੈ ਜਦਕਿ ਰੇਡੀਏਸ਼ਨ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਤੱਕ ਨਹੀਂ ਫੈਲਦੀ।''

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਸ਼ਰਾਰਤੀ ਅਨਸਰਾਂ ਵੱਲੋਂ ਮੋਬਾਈਲ ਟਾਵਰਾਂ ਨੂੰ ਨੁਕਸਾਨ

ਕੁਝ ਦਿਨ ਪਹਿਲਾਂ ਹਰਿਆਣਾ ਦੇ ਮੁੱਖ ਸਕੱਤਰ ਨੇ ਅਧਿਕਾਰੀਆਂ ਨੂੰ ਪੱਤਰ ਲਿਖ ਕੇ ਸ਼ਰਾਰਤੀ ਅਨਸਰਾਂ ਵੱਲੋਂ ਮੋਬਾਈਲ ਟਾਵਰਾਂ ਨੂੰ ਹੋਏ ਨੁਕਸਾਨ ਬਾਰੇ ਚਾਨਣਾ ਪਾਇਆ ਸੀ।

ਚਿੱਠੀ ਵਿੱਚ ਹਰਿਆਣਾ ਦੇ ਡਿਪਟੀ ਕਮਿਸ਼ਨਰਾਂ ਅਤੇ ਜ਼ਿਲ੍ਹਾ ਪੁਲਿਸ ਮੁਖੀਆਂ ਨੂੰ 5 ਜੀ ਨੈੱਟਵਰਕ ਤਕਨੀਕ ਨਾਲ ਜੋੜਨ ਵਾਲੀਆਂ ਅਫ਼ਵਾਹਾਂ ਫੈਲਾਉਣ ਵਾਲੇ ਲੋਕਾਂ ਵਿਰੁੱਧ ਸਖ਼ਤ ਅਤੇ ਤੁਰੰਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।

ਇਹ ਵੀ ਪੜ੍ਹੋ:

ਮੁੱਖ ਸਕੱਤਰ ਵਿਜੇ ਵਰਧਨ ਨੇ ਡਿਪਟੀ ਕਮਿਸ਼ਨਰਾਂ ਅਤੇ ਪੁਲਿਸ ਮੁਖੀਆਂ ਨੂੰ ਭੇਜੇ ਪੱਤਰ ਵਿੱਚ ਅਧਿਕਾਰੀਆਂ ਨੂੰ ਟੈਲੀਫ਼ੋਨ ਟਾਵਰਾਂ ਦੇ ਹੋਏ ਨੁਕਸਾਨ ਦੀ ਜਾਣਕਾਰੀ ਦਿੱਤੀ।

ਉਨ੍ਹਾਂ ਨੇ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਟੈਲੀਕਾਮ ਅਤੇ ਇਸ ਨਾਲ ਸਬੰਧਤ ਬੁਨਿਆਦੀ ਢਾਂਚੇ ਦੀ ਸੁਰੱਖਿਆ ਕੀਤੀ ਜਾਵੇ।

ਉਨ੍ਹਾਂ ਨੇ ਲਿਖਿਆ ਕਿ ਜਿਵੇਂ ਕਿ ਲੋਕਾਂ ਨੇ ਕੋਰੋਨਾਵਾਇਰਸ ਕਾਰਨ ਹੋਈਆਂ ਜਾਨਾਂ ਅਤੇ ਸਿਹਤ ਸਮੱਸਿਆਵਾਂ ਦਾ ਕਾਰਨ 5G ਟਾਵਰਾਂ ਦੀ ਜਾਂਚ ਨੂੰ ਦੱਸਿਆ ਹੈ।

ਇਸ ਨਾਲ ਸੂਬੇ ਵਿੱਚ ਕੁਝ ਘਟਨਾਵਾਂ ਹੋਈਆਂ ਜਿਸ ਦੇ ਸਿੱਟੇ ਵਜੋਂ ਮੋਬਾਈਲ ਟਾਵਰ / ਨੈੱਟਵਰਕ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ।

ਮੋਬਾਈਲ

ਤਸਵੀਰ ਸਰੋਤ, Getty Images

ਖ਼ਬਰ ਏਜੰਸੀ ਪੀਟੀਆਈ ਦੀ ਰਿਪੋਰਟ ਅਨੁਸਾਰ ਦੂਰਸੰਚਾਰ ਵਿਭਾਗ ਨੇ ਦੇਸ਼ ਵਿੱਚ 5G ਟਰਾਇਲ ਸ਼ੁਰੂ ਕਰਨ ਲਈ ਦੂਰਸੰਚਾਰ ਆਪਰੇਟਰਾਂ ਨੂੰ ਸਪੈਕਟ੍ਰਮ ਜਾਰੀ ਕਰ ਦਿੱਤਾ ਹੈ।

ਰਿਪੋਰਟ ਅਨੁਸਾਰ ਇਹ ਟਰਾਇਲ ਵੱਖ-ਵੱਖ ਥਾਵਾਂ 'ਤੇ ਦਿੱਲੀ, ਮੁੰਬਈ, ਕੋਲਕਾਤਾ, ਬੰਗਲੁਰੂ, ਗੁਜਰਾਤ, ਹੈਦਰਾਬਾਦ ਸਮੇਤ ਹੋਰ ਥਾਵਾਂ' ਤੇ ਆਯੋਜਿਤ ਕੀਤੇ ਜਾਣਗੇ।

ਸੂਤਰਾਂ ਦੇ ਹਵਾਲੇ ਨਾਲ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਕਿਸੇ ਵੀ ਦੂਰਸੰਚਾਰ ਆਪਰੇਟਰ ਨੂੰ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਕੇਂਦਰੀ ਸ਼ਾਸਤ ਪ੍ਰਦੇਸ਼ ਵਿੱਚ ਸਪੈਕਟ੍ਰਮ ਨਹੀਂ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)