ਕਾਲੀ, ਚਿੱਟੀ ਅਤੇ ਪੀਲੀ ਫੰਗਸ ਕੀ ਹੈ ਅਤੇ ਇਨ੍ਹਾਂ ਦੇ ਇਨਫੈਕਸ਼ਨ ਨੂੰ ਕਿਵੇਂ ਪਛਾਣੀਏ

ਫੰਗਲ ਇਨਫੈਕਸ਼ਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪਹਿਲਾ ਸਿਰਫ਼ ਬਲੈਕ ਅਤੇ ਵ੍ਹਾਈਟ ਫੰਗਸ ਦੇ ਮਾਮਲੇ ਸਾਹਮਣੇ ਆਏ ਸਨ
    • ਲੇਖਕ, ਕਮਲੇਸ਼
    • ਰੋਲ, ਬੀਬੀਸੀ ਪੱਤਰਕਾਰ

ਭਾਰਤ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਕੁਝ ਘੱਟ ਹੋਣੇ ਸ਼ੁਰੂ ਹੀ ਹੋਏ ਸਨ ਕਿ ਹੁਣ ਲੋਕਾਂ 'ਤੇ ਕਈ ਤਰ੍ਹਾਂ ਦੀ ਫੰਗਲ ਇਨਫੈਕਸ਼ਨ ਦਾ ਖ਼ਤਰਾ ਮੰਡਰਾਉਣ ਲੱਗਿਆ ਹੈ।

ਪਹਿਲਾਂ ਤਾਂ ਬਲੈਕ ਫੰਗਸ ਅਤੇ ਵ੍ਹਾਈਟ ਫੰਗਸ ਦੇ ਮਾਮਲੇ ਹੀ ਸਾਹਮਣੇ ਆਏ ਸਨ, ਪਰ ਹੁਣ ਯੈਲੋ ਫੰਗਸ ਦਾ ਇੱਕ ਮਾਮਲਾ ਆਉਣ ਦੇ ਬਾਅਦ ਲੋਕਾਂ ਵਿੱਚ ਡਰ ਹੋਰ ਵਧ ਗਿਆ ਹੈ।

ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਵਿੱਚ ਹਰਸ਼ ਈਐੱਨਟੀ ਹਸਪਤਾਲ ਵਿੱਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿਸ ਵਿੱਚ ਤਿੰਨ ਤਰ੍ਹਾਂ ਦੇ ਫੰਗਲ ਇਨਫੈਕਸ਼ਨ ਪਾਏ ਗਏ, ਬਲੈਕ ਫੰਗਸ, ਵ੍ਹਾਈਟ ਫੰਗਸ ਅਤੇ ਯੈਲੋ ਫੰਗਸ।

ਇਹ ਵੀ ਪੜ੍ਹੋ-

ਹਰਸ਼ ਈਐੱਨਟੀ ਦੇ ਮੁਖੀ ਡਾ. ਬੀਪੀਐੱਸ ਤਿਆਗੀ ਦੱਸਦੇ ਹਨ ਕਿ ਇਹ ਆਪਣੀ ਤਰ੍ਹਾਂ ਦਾ ਬਹੁਤ ਦੁਰਲੱਭ ਮਾਮਲਾ ਹੈ।

ਉਨ੍ਹਾਂ ਕੋਲ ਆਏ 59 ਸਾਲ ਦੇ ਮਰੀਜ਼ ਦੀ ਜਦੋਂ ਜਾਂਚ ਕੀਤੀ ਗਈ ਤਾਂ ਉਸ ਵਿੱਚ ਯੈਲੋ ਫੰਗਸ ਮਿਲਿਆ ਜਿਸ ਨੂੰ ਮੈਡੀਕਲ ਭਾਸ਼ਾ ਵਿੱਚ ਮਿਊਕਰ ਸੈਪਟਿਕਸ ਕਹਿੰਦੇ ਹਨ।

ਡਾਕਟਰ ਬੀਪੀਐੱਸ ਤਿਆਗੀ ਦੱਸਦੇ ਹਨ, ''ਇਹ ਫੰਗਸ ਆਮ ਤੌਰ 'ਤੇ ਰੇਪਟਾਈਲਜ ਯਾਨੀ ਰੇਂਗਣ ਵਾਲੇ ਜਾਨਵਰਾਂ ਵਿੱਚ ਪਾਈ ਜਾਂਦੀ ਹੈ। ਜਿੰਨਾ ਮੈਂ ਪੜ੍ਹਿਆ ਅਤੇ ਦੂਜੇ ਡਾਕਟਰਾਂ ਨਾਲ ਗੱਲ ਕੀਤੀ ਤਾਂ ਇਹ ਆਪਣੀ ਤਰ੍ਹਾਂ ਦਾ ਪਹਿਲਾ ਮਾਮਲਾ ਹੈ। ਇਸ ਮਰੀਜ਼ ਵਿੱਚ ਬਲੈਕ ਅਤੇ ਵ੍ਹਾਈਟ ਫੰਗਸ ਵੀ ਪਾਈ ਗਈ ਹੈ।''

ਸੰਜੇ ਨਗਰ ਨਿਵਾਸੀ ਇਸ ਮਰੀਜ਼ ਨੂੰ ਕੋਰੋਨਾ ਹੋਇਆ ਸੀ, ਪਰ ਉਹ ਆਕਸੀਜਨ 'ਤੇ ਨਹੀਂ ਸੀ, ਪਰ ਉਨ੍ਹਾਂ ਨੂੰ ਫੇਫੜਿਆਂ ਦੇ ਸੰਕਰਮਣ ਕਾਰਨ ਸਟੀਰੋਇਡ ਦਿੱਤੇ ਗਏ ਸਨ। ਮਰੀਜ਼ ਨੂੰ ਡਾਇਬਟੀਜ਼ ਵੀ ਹੈ।

ਫੰਗਲ ਇਨਫੈਕਸ਼ਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਹੁਣ ਯੈਲੋ ਫੰਗਸ ਦਾ ਇੱਕ ਮਾਮਲਾ ਆਉਣ ਦੇ ਬਾਅਦ ਲੋਕਾਂ ਵਿੱਚ ਡਰ ਹੋਰ ਵਧ ਗਿਆ ਹੈ

ਡਾਕਟਰ ਤਿਆਗੀ ਨੇ ਦੱਸਿਆ, ''ਮਰੀਜ਼ ਨੂੰ 8-10 ਦਿਨਾਂ ਤੋਂ ਕਮਜ਼ੋਰੀ ਸੀ। ਹਲਕਾ ਬੁਖਾਰ ਸੀ। ਭੁੱਖ ਘੱਟ ਲੱਗ ਰਹੀ ਸੀ, ਨੱਕ ਤੋਂ ਕਾਲਾ-ਲਾਲ ਰਿਸਾਵ ਹੋ ਰਿਹਾ ਸੀ ਅਤੇ ਨੱਕ ਦੇ ਆਸਪਾਸ ਸੈਂਸੇਸ਼ਨ ਘੱਟ ਸੀ। ਉਨ੍ਹਾਂ ਦੀ ਐਂਡੋਸਕੋਪੀ ਵਿੱਚ ਇਸ ਫੰਗਲ ਇਨਫੈਕਸ਼ਨ ਬਾਰੇ ਪਤਾ ਲੱਗਿਆ। ਇਸ ਦੇ ਬਾਅਦ ਉਨ੍ਹਾਂ ਦਾ ਤੁਰੰਤ ਅਪਰੇਸ਼ਨ ਕੀਤਾ ਗਿਆ।''

''ਇਸ ਫੰਗਲ ਇਨਫੈਕਸਨ ਨੂੰ ਮਿਊਕਰਮਾਇਕੋਸਿਸ ਦੀ ਸ਼੍ਰੇਣੀ ਦਾ ਕਹਿ ਸਕਦੇ ਹਾਂ। ਮਿਊਕਰਮਾਇਕੋਸਿਸ ਵਿੱਚ ਜੋ ਮਿਊਕੋਰੇਲਜ (ਫੰਗਸ) ਹੁੰਦੇ ਹਨ, ਉਹ ਕਈ ਵਾਰ ਇਸ ਤਰ੍ਹਾਂ ਦਾ ਰੰਗ ਲੈ ਲੈਂਦੇ ਹਨ।''

ਰੰਗ ਨਹੀਂ ਫੰਗਸ ਦੀ ਕਿਸਮ ਹੈ ਜ਼ਰੂਰੀ

ਇਸ ਤੋਂ ਪਹਿਲਾਂ ਬਲੈਕ ਫੰਗਸ ਅਤੇ ਵ੍ਹਾਈਟ ਫੰਗਸ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ।

ਕੁਝ ਰਾਜਾਂ ਵਿੱਚ ਕੋਰੋਨਾ ਦੇ ਮਾਮਲੇ ਘੱਟ ਹੋਣ ਹੀ ਲੱਗੇ ਸਨ ਕਿ ਬਲੈਕ ਫੰਗਸ ਨੇ ਜ਼ੋਰ ਫੜ ਲਿਆ। ਇਸ ਨੂੰ ਮਿਊਕਰਮਾਇਕੋਸਿਸ ਵੀ ਕਹਿੰਦੇ ਹਨ।

ਪਹਿਲਾਂ ਗੁਜਰਾਤ, ਮਹਾਰਾਸ਼ਟਰ ਅਤੇ ਫਿਰ ਕਰਨਾਟਕ, ਦਿੱਲੀ, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਵਿੱਚ ਵੀ ਬਲੈਕ ਫੰਗਸ ਜ਼ੋਰ ਦਿਖਾਉਣ ਲੱਗੀ।

ਹਸਪਤਾਲਾਂ ਵਿੱਚ ਅਲੱਗ ਤੋਂ ਮਿੳਊਕਰਮਾਇਕੋਸਿਸ ਵਾਰਡ ਬਣਾਉਣੇ ਪਏ।

ਫੰਗਲ ਇਨਫੈਕਸ਼ਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕੁਝ ਰਾਜਾਂ ਵਿੱਚ ਕੋਰੋਨਾ ਦੇ ਮਾਮਲੇ ਘੱਟ ਹੋਣ ਹੀ ਲੱਗੇ ਸਨ ਕਿ ਬਲੈਕ ਫੰਗਸ ਨੇ ਜ਼ੋਰ ਫੜ ਲਿਆ

ਇਸ ਦੇ ਬਾਅਦ ਬਿਹਾਰ ਵਿੱਚ ਚਾਰ ਵ੍ਹਾਈਟ ਫੰਗਸ ਦੇ ਮਾਮਲੇ ਸਾਹਮਣੇ ਆ ਗਏ। ਫਿਰ ਕੁਝ ਮਾਮਲੇ ਉੱਤਰ ਪ੍ਰੇਦਸ਼ ਤੋਂ ਵੀ ਆਏ।

ਇਨ੍ਹਾਂ ਤਿੰਨੋਂ ਫੰਗਲ ਇਨਫੈਕਸ਼ਨ ਨੂੰ ਲੈ ਕੇ ਲੋਕਾਂ ਵਿੱਚ ਡਰ ਬਣਿਆ ਹੋਇਆ ਹੈ, ਪਰ ਡਰਨ ਤੋਂ ਬਿਹਤਰ ਹੈ ਕਿ ਤੁਸੀਂ ਇਨ੍ਹਾਂ ਫੰਗਲ ਇਨਫੈਕਸ਼ਨ ਬਾਰੇ ਜਾਣੋ ਅਤੇ ਖੁਦ ਨੂੰ ਉਸ ਤੋਂ ਬਚਾਓ।

ਇਸ ਸਬੰਧ ਵਿੱਚ ਦਿੱਲੀ ਏਮਜ਼ ਦੇ ਨਿਰਦੇਸ਼ਕ ਰਣਦੀਪ ਗੁਲੇਰੀਆ ਨੇ ਵੀ ਸਿਹਤ ਮੰਤਰਾਲੇ ਦੀ ਪ੍ਰੈੱਸ ਕਾਨਫਰੰਸ ਵਿੱਚ ਜਾਣਕਾਰੀ ਦਿੱਤੀ। ਉਨ੍ਹਾਂ ਨੇ ਸਭ ਤੋਂ ਪਹਿਲਾਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਫੰਗਲ ਇਨਫੈਕਸਨ ਨੂੰ ਰੰਗ ਦੇ ਨਾਂ ਨਾਲ ਨਹੀਂ, ਬਲਕਿ ਉਸ ਦੇ ਮੈਡੀਕਲ ਨਾਂ ਨਾਲ ਸੰਬੋਧਨ ਕਰਨਾ ਚਾਹੀਦਾ ਹੈ, ਨਹੀਂ ਤਾਂ ਇਸ ਨਾਲ ਭਰਮ ਫੈਲ ਸਕਦਾ ਹੈ।

ਉਨ੍ਹਾਂ ਨੇ ਕਿਹਾ, ''ਫੰਗਲ ਇਨਫੈਕਸ਼ਨ ਲਈ ਕਈ ਸ਼ਬਦ ਵਰਤੇ ਜਾਂਦੇ ਹਨ ਬਲੈਕ ਫੰਗਸ, ਵ੍ਹਾਈਟ ਫੰਗਸ, ਯੈਲੋ ਫੰਗਸ। ਇਹ ਸਮਝਣਾ ਜ਼ਰੂਰੀ ਹੈ ਕਿ ਕਈ ਸ਼ਬਦ ਗੁੰਮਰਾਹ ਕਰਨ ਵਾਲੇ ਹਨ ਜਿਨ੍ਹਾਂ ਨਾਲ ਉਲਝਣ ਹੋ ਸਕਦੀ ਹੈ। ਫੰਗਸ ਅਲੱਗ-ਅਲੱਗ ਅੰਗਾਂ 'ਤੇ ਅਲੱਗ ਰੰਗ ਦਾ ਹੋ ਸਕਦਾ ਹੈ, ਪਰ ਅਸੀਂ ਇੱਕ ਹੀ ਫੰਗਸ ਨੂੰ ਅਲੱਗ-ਅਲੱਗ ਨਾਂ ਦੇ ਦਿੰਦੇ ਹਾਂ।''

ਜਿਨ੍ਹਾਂ ਦੀ ਇਮਊਨਿਟੀ ਘੱਟ ਹੁੰਦੀ ਹੈ, ਉਨ੍ਹਾਂ ਵਿੱਚ ਅਸੀਂ ਜ਼ਿਆਦਾਤਰ ਇਹ ਤਿੰਨ ਇਨਫੈਕਸ਼ਨ ਦੇਖਦੇ ਹਾਂ-ਮਿਊਕਰਮਾਇਕੋਸਿਸ, ਕੈਨਡੀਡਾ ਜਾਂ ਐਸਪਰਜਿਲਸ ਫੰਗਲ ਇਨਫੈਕਸ਼ਨ ਹਨ। ਮਿਊਕਰਮਾਇਕੋਸਿਸ ਦੇ ਸਭ ਤੋਂ ਜ਼ਿਆਦਾ ਮਾਮਲੇ ਹਨ। ਇਹ ਵਾਤਾਵਰਣ ਵਿੱਚ ਪਾਇਆ ਜਾਂਦਾ ਹੈ। ਇਹ ਸੰਕਰਮਣ ਨਹੀਂ ਹੈ। ਇਹ 92-95 ਪ੍ਰਤੀਸ਼ਤ ਉਨ੍ਹਾਂ ਮਰੀਜ਼ਾਂ ਵਿੱਚ ਮਿਲਿਆ ਹੈ ਜਿਨ੍ਹਾਂ ਨੂੰ ਡਾਇਬਟੀਜ਼ ਹੈ ਜਾਂ ਜਿਨ੍ਹਾਂ ਦੇ ਇਲਾਜ ਵਿੱਚ ਸਟੇਰੋਇਡ ਦੀ ਵਰਤੋਂ ਹੋਈ ਹੈ।''

ਵੀਡੀਓ ਕੈਪਸ਼ਨ, Coronavirus: ਕਾਲੀ ਫੰਗਸ ਕੀ ਹੈ ਅਤੇ ਕਿਵੇਂ ਹੁੰਦੀ ਹੈ

ਗੁਰੂਗ੍ਰਾਮ ਵਿੱਚ ਫੌਰਟਿਸ ਮੈਮੋਰੀਅਲ ਰਿਸਰਚ ਇੰਸਟੀਚਿਊਟ ਵਿੱਚ ਹੋਮਾਟੋਲੌਜੀ ਦੇ ਪ੍ਰਿੰਸੀਪਲ ਡਾਇਰੈਕਟਰ ਡਾਕਟਰ ਰਾਹੁਲ ਭਾਰਗਵ ਵੀ ਬਿਮਾਰੀ ਨੂੰ ਰੰਗ ਦੇ ਆਧਾਰ 'ਤੇ ਨਾਂ ਦੇਣ ਨੂੰ ਗਲਤ ਦੱਸਦੇ ਹਨ।

ਡਾਕਟਰ ਰਾਹੁਲ ਨੇ ਦੱਸਿਆ, ''ਫੰਗਸ ਦਾ ਅੰਦਰੂਨੀ ਕੋਈ ਰੰਗ ਨਹੀਂ ਹੁੰਦਾ। ਮਿਊਕਰ ਗਰੁੱਪ ਦੀ ਫੰਗਸ ਰਾਇਜ਼ੋਪਸ ਜਦੋਂ ਸਰੀਰ ਵਿੱਚ ਸੈਲਾਂ ਨੂੰ ਮਾਰਦੀ ਹੈ ਤਾਂ ਉਨ੍ਹਾਂ 'ਤੇ ਆਪਣੇ ਕਾਲੇ ਰੰਗ ਦੀ ਕੈਪ ਛੱਡ ਜਾਂਦੀ ਹੈ ਕਿਉਂਕਿ ਉਹ ਮਰੇ ਹੋਏ ਸੈਲ ਹੁੰਦੇ ਹਨ।''

''ਇਸ ਫੰਗਸ ਨੂੰ ਜਦੋਂ ਮੂੰਹ, ਨੱਕ ਤੋਂ ਕੱਢ ਕੇ ਮਾਇਕਰੋਸਕੋਪ ਵਿੱਚ ਦੇਖਿਆ ਗਿਆ ਤਾਂ ਉਸ ਦੇ ਕਿਨਾਰਿਆਂ 'ਤੇ ਫੰਗਸ ਦਿਖੀ ਅਤੇ ਵਿਚਕਾਰ ਮਰੇ ਹੋਏ ਸੈੱਲ ਦਿਖੇ। ਰਾਇਜ਼ੋਪਸ ਫੰਗਸ ਦਾ ਉਦੋਂ ਤੋਂ ਨਾਂ ਬਲੈਕ ਫੰਗਸ ਪੈ ਗਿਆ। ਇਹ ਮਿਊਕਰਮਾਇਕੋਸਿਸ ਦੀ ਹੀ ਇੱਕ ਕਿਸਮ ਹੈ।''

ਵ੍ਹਾਈਟ ਫੰਗਸ ਨੂੰ ਲੈ ਕੇ ਡਾਕਟਰ ਰਾਹੁਲ ਦੱਸਦੇ ਹਨ, ''ਕੈਨਡਿਡਾ ਸਰੀਰ 'ਤੇ ਸਫ਼ੈਦ ਦਹੀਂ ਦੀ ਤਰ੍ਹਾਂ ਦਿਖਦੀ ਹੈ। ਇਸ ਲਈ ਉਸ ਦਾ ਨਾਂ ਵ੍ਹਾਈਟ ਫੰਗਸ ਪੈ ਗਿਆ। ਇੱਕ ਤੀਜੀ ਫੰਗਸ ਹੁੰਦੀ ਹੈ ਐਸਪਰਜਿਲਸ। ਇਹ ਕਈ ਤਰ੍ਹਾਂ ਦੀ ਹੁੰਦੀ ਹੈ। ''

''ਇਹ ਸਰੀਰ 'ਤੇ ਕਾਲੀ, ਨੀਲੀ ਹਰੀ, ਪੀਲੀ ਹਰੀ ਅਤੇ ਭੂਰੇ ਰੰਗ ਦੀ ਪਾਈ ਜਾਂਦੀ ਹੈ। ਮੀਡੀਆ ਵਿਚ ਜੋ ਨਾਂ ਚੱਲ ਰਹੇ ਹਨ, ਉਹ ਫੰਗਸ ਦੇ ਸਰੀਰ ਵਿੱਚ ਦਿਖ ਰਹੇ ਰੰਗ ਦੇ ਹਿਸਾਬ ਨਾਲ ਰੱਖੇ ਗਏ ਹਨ, ਪਰ ਇਸ ਦਾ ਇਲਾਜ ਉਦੋਂ ਹੀ ਹੋ ਸਕਦਾ ਹੈ ਜਦੋਂ ਉਸ ਫੰਗਸ ਦੀ ਸਹੀ ਪ੍ਰਜਾਤੀ ਦਾ ਪਤਾ ਲੱਗਦਾ ਹੈ।''

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਕੀ ਹੈ ਫੰਗਲ ਇਨਫੈਕਸ਼ਨ ਦੀ ਵਜ੍ਹਾ

ਸਭ ਤਰ੍ਹਾਂ ਦੀ ਫੰਗਸ ਵਿੱਚ ਇੱਕ ਗੱਲ ਸਮਾਨ ਪਾਈ ਜਾਂਦੀ ਹੈ ਅਤੇ ਉਹ ਹੈ ਪ੍ਰਤੀਰੋਧਕ ਤੰਤਰ ਦੇ ਕਮਜ਼ੋਰ ਪੈਣ 'ਤੇ ਫੰਗਲ ਇਨਫੈਕਸਨ ਸਰੀਰ 'ਤੇ ਹਮਲਾ ਕਰ ਦਿੰਦੀ ਹੈ।

ਡਾਕਟਰਾਂ ਦਾ ਕਹਿਣਾ ਹੈ ਕਿ ਸਿਹਤਮੰਦ ਅਤੇ ਚੰਗੀ ਇਮਊਨਿਟੀ ਵਾਲੇ ਲੋਕਾਂ ਵਿੱਚ ਫੰਗਲ ਇਨਫੈਕਸ਼ਨ ਨਹੀਂ ਹੁੰਦੀ। ਫੰਗਸ ਵਾਤਾਵਰਣ ਵਿੱਚ ਹੀ ਮੌਜੂਦ ਹੁੰਦੀ ਹੈ, ਪਰ ਫੰਗਲ ਇਨਫੈਕਸ਼ਨ ਹੋਣ ਦੇ ਬਹੁਤ ਹੀ ਘੱਟ ਮਾਮਲੇ ਸਾਹਮਣੇ ਆਉਂਦੇ ਹਨ।

ਸਾਕੇਤ ਦੇ ਮੈਕਸ ਹਸਪਤਾਲ ਵਿੱਚ ਇੰਟਰਨਲ ਮੈਡੀਸਿਨ ਦੇ ਡਾਇਰੈਕਟਰ ਡਾਕਟਰ ਰੋਮੇਲ ਟਿੱਕੂ ਨੇ ਦੱਸਿਆ ਕਿ ਕਿਸ ਤਰ੍ਹਾਂ ਦੇ ਲੋਕਾਂ ਵਿੱਚ ਫੰਗਲ ਇਨਫੈਕਸ਼ਨ ਦਾ ਖਤਰਾ ਹੁੰਦਾ ਹੈ-

  • ਮੌਜੂਦਾ ਸਮੇਂ ਵਿੱਚ ਮਾਮਲੇ ਵਧਣ ਦੀ ਇੱਕ ਵਜ੍ਹਾ ਕੋਰੋਨਾ ਵਾਇਰਸ ਸੰਕਰਮਣ ਹੈ। ਮਿਊਕਰਮਾਇਕੋਸਿਸ ਦੇ ਸਭ ਤੋਂ ਜ਼ਿਆਦਾ ਮਾਮਲੇ ਕੋਰੋਨਾ ਦੇ ਮਰੀਜ਼ਾਂ ਵਿੱਚ ਸਾਹਮਣੇ ਆ ਰਹੇ ਹਨ। ਚਾਹੇ ਉਹ ਠੀਕ ਹੋ ਚੁੱਕੇ ਹੋਣ ਜਾਂ ਨਹੀਂ।
  • ਜਿਨ੍ਹਾਂ ਮਰੀਜ਼ਾਂ ਨੂੰ ਡਾਇਬਟੀਜ਼ ਹੈ ਅਤੇ ਇਲਾਜ ਲਈ ਸਟੇਰੋਇਡ ਦਿੱਤੇ ਗਏ ਹਨ, ਉਨ੍ਹਾਂ ਨੂੰ ਇਸ ਦਾ ਸਭ ਤੋਂ ਜ਼ਿਆਦਾ ਖਤਰਾ ਹੈ। ਪਰ ਬਿਨਾਂ ਡਾਇਬਟਿਕ ਕੋਰੋਨਾ ਮਰੀਜ਼ਾਂ ਨੂੰ ਵੀ ਜੇਕਰ ਸਟੇਰੋਇਡ ਦਿੱਤੇ ਗਏ ਹਨ ਤਾਂ ਉਨ੍ਹਾਂ ਵਿੱਚ ਵੀ ਮਿਊਕਰਮਾਇਕੋਸਿਸ ਹੋਇਆ ਹੈ।
  • ਫੰਗਲ ਇਨਫੈਕਸ਼ਨ ਦਾ ਖਤਰਾ ਉਨ੍ਹਾਂ ਵਿੱਚ ਵੀ ਹੈ ਜਿਨ੍ਹਾਂ ਦਾ ਕੋਈ ਟਰਾਂਸਪਲਾਂਟ ਕੀਤਾ ਗਿਆ ਹੈ। ਇਸ ਦੇ ਇਲਾਵਾ ਕੈਂਸਰ ਦੇ ਮਰੀਜ਼ ਜਿਨ੍ਹਾਂ ਦੀ ਕੀਮੋਥੈਰੇਪੀ ਚੱਲ ਰਹੀ ਹੋਵੇ ਜਾਂ ਜੋ ਡਾਇਲਿਸਿਸ 'ਤੇ ਹੋਣ, ਇਨ੍ਹਾਂ ਸਾਰਿਆਂ ਦੀ ਇਮਊਨਿਟੀ ਕਮਜ਼ੋਰ ਹੁੰਦੀ ਹੈ।
ਹਸਪਤਾਲ

ਤਸਵੀਰ ਸਰੋਤ, Getty Images

ਸਟੇਰੋਇਡਜ ਦੀ ਵਰਤੋਂ ਨਾਲ ਕੋਵਿਡ-19 ਵਿੱਚ ਫੇਫੜਿਆਂ ਵਿੱਚ ਸੋਜ ਨੂੰ ਘਟਾਉਣ ਕੀਤੀ ਜਾਂਦੀ ਹੈ, ਜਦੋਂ ਸਰੀਰ ਦੀ ਰੋਗ ਪ੍ਰਤੀਰੋਧਕ ਪ੍ਰਣਾਲੀ (ਇਮਿਊਨ ਸਿਸਟਮ) ਕੋਰੋਨਾ ਵਾਇਰਸ ਨਾਲ ਲੜਨ ਲਈ ਜ਼ਿਆਦਾ ਸਰਗਰਮ ਹੋ ਜਾਂਦੀ ਹੈ ਉਦੋਂ ਵੀ ਸਟੇਰੋਇਡ ਸਰੀਰ ਨੂੰ ਨੁਕਸਾਨ ਹੋਣ ਤੋਂ ਰੋਕਣ ਵਿੱਚ ਮਦਦ ਕਰਦੇ ਹਨ।

ਇਹ ਇਮਿਊਨਿਟੀ ਨੂੰ ਕਮਜ਼ੋਰ ਕਰਦੇ ਹਨ ਅਤੇ ਡਾਇਬਟੀਜ਼ ਜਾਂ ਬਿਨਾਂ ਡਾਇਬਟੀਜ਼ ਵਾਲੇ ਮਰੀਜ਼ਾਂ ਵਿੱਚ ਸ਼ੂਗਰ ਦਾ ਪੱਧਰ ਵਧਾ ਦਿੰਦੇ ਹਨ ਜਿਸ ਨਾਲ ਫੰਗਲ ਇਨਫੈਕਸ਼ਨ ਹੋ ਸਕਦੀ ਹੈ।

ਫੰਗਲ ਇਨਫੈਕਸ਼ਨ ਦੇ ਸਰੀਰ 'ਤੇ ਅਲੱਗ-ਅਲੱਗ ਪ੍ਰਭਾਵ ਹੁੰਦੇ ਹਨ। ਇਨ੍ਹਾਂ ਦੇ ਇਲਾਜ ਲਈ ਜ਼ਰੂਰੀ ਹੈ ਕਿ ਸਮੇਂ 'ਤੇ ਇਨ੍ਹਾਂ ਦੀ ਪਛਾਣ ਹੋ ਜਾਵੇ। ਇਸ ਲਈ ਇਨ੍ਹਾਂ ਦੇ ਲੱਛਣਾਂ ਨੂੰ ਸਮਝਣਾ ਜ਼ਰੂਰੀ ਹੈ।

ਅਲੱਗ-ਅਲੱਗ ਡਾਕਟਰਾਂ ਨਾਲ ਗੱਲਬਾਤ ਦੇ ਆਧਾਰ 'ਤੇ ਮੌਜੂਦਾ ਸਮੇਂ ਵਿੱਚ ਪਾਏ ਜਾ ਰਹ ਫੰਗਲ ਇਨਫੈਕਸਨ ਦੇ ਲੱਛਣਾਂ ਬਾਰੇ ਇੱਥੇ ਦੱਸਿਆ ਗਿਆ ਹੈ।

ਇਹ ਵੀ ਪੜ੍ਹੋ-

ਮਿਊਕਰਮਾਇਕੋਸਿਸ ਯਾਨੀ ਬਲੈਕ ਫੰਗਸ

ਮਿਊਕਰਮਾਇਕੋਸਿਸ ਮਿਊਕਰ ਜਾਂ ਰੇਸਜੋਪ ਫੰਗਸ ਕਾਰਨ ਹੁੰਦਾ ਹੈ ਜੋ ਆਮਤੌਰ 'ਤੇ ਮਿੱਟੀ, ਪੌਦਿਆਂ, ਖਾਦ, ਸੜੇ ਹੋਏ ਫਲਾਂ ਅਤੇ ਸਬਜ਼ੀਆਂ ਵਿੱਚ ਪੈਦਾ ਹੁੰਦਾ ਹੈ।

ਕੋਰੋਨਾ

ਤਸਵੀਰ ਸਰੋਤ, Getty Images

ਇਹ ਫੰਗਸ ਸਾਈਨਸ, ਦਿਮਾਗ਼ ਅਤੇ ਫੇਫੜਿਆਂ ਨੂੰ ਪ੍ਰਭਾਵਿਤ ਕਰਦੀ ਹੈ ਅਤੇ ਬਹੁਤ ਘੱਟ ਮਾਮਲਿਆਂ ਵਿੱਚ ਗੈਸਟ੍ਰੋਇੰਟੇਸਟਾਈਨਲ ਟਰੈਕ (ਇਸ ਵਿੱਚ ਪਾਚਨ ਤੰਤਰ ਦੇ ਸਾਰੇ ਅੰਗ ਸ਼ਾਮਲ ਹੁੰਦੇ ਹਨ) ਵਿੱਚ ਵੀ ਪਾਈ ਜਾ ਸਕਦੀ ਹੈ।

ਇਸ ਵਿੱਚ ਅਪਰੇਸ਼ਨ ਦੀ ਵੀ ਜ਼ਰੂਰਤ ਪੈ ਸਕਦੀ ਹੈ। ਕਈ ਮਾਮਲਿਆਂ ਵਿੱਚ ਦੇਰ ਹੋ ਜਾਣ 'ਤੇ ਇਨਫੈਕਸ਼ਨ ਹੋਣ ਲਈ ਅੱਖ ਜਾਂ ਜਬਾੜਾ ਵੀ ਕੱਢਣਾ ਪੈ ਸਕਦਾ ਹੈ।

ਡਾਕਟਰਾਂ ਮੁਤਾਬਿਕ ਜੇਕਰ ਇਹ ਇਨਫੈਕਸ਼ਨ ਫੇਫੜਿਆਂ ਜਾਂ ਗੈਸਟ੍ਰੋਇੰਟੇਸਟਾਈਨਲ ਟਰੈਕ ਵਿੱਚ ਹੁੰਦਾ ਹੈ ਤਾਂ ਜ਼ਿਆਦਾ ਖਤਰਨਾਕ ਹੈ ਕਿਉਂਕਿ ਇਸ ਦੇ ਲੱਛਣ ਦੇਰ ਨਾਲ ਸਾਹਮਣੇ ਆਉਂਦੇ ਹਨ। ਮਿਊਕਰਮਾਇਕੋਸਿਸ ਵਿੱਚ ਮੌਤ ਦਰ 50 ਪ੍ਰਤੀਸ਼ਤ ਤੱਕ ਹੁੰਦੀ ਹੈ।

ਇਸ ਦੇ ਲੱਛਣ ਹਨ-ਨੱਕ ਬੰਦ ਹੋ ਜਾਣਾ, ਨੱਕ ਤੋਂ ਖੂਨ ਜਾਂ ਕਾਲਾ ਤਰਲ ਪਦਾਰਥ ਨਿਕਲਣਾ, ਸਿਰ ਦਰਦ, ਅੱਖਾਂ ਵਿੱਚ ਸੋਜ ਅਤੇ ਦਰਦ, ਪਲਕਾਂ ਦਾ ਡਿੱਗਣਾ, ਧੁੰਦਲਾ ਦਿਖਣਾ ਅਤੇ ਆਖਿਰ ਵਿੱਚ ਅੰਨ੍ਹਾਪਣ ਹੋਣਾ।

ਨੱਕ ਦੇ ਆਸਪਾਸ ਕਾਲੇ ਧੱਬੇ ਹੋ ਸਕਦੇ ਹਨ ਅਤੇ ਸੈਂਸੇਸ਼ਨ ਘੱਟ ਹੋ ਸਕਦੀ ਹੈ। ਜਦੋਂ ਫੇਫੜਿਆਂ ਵਿੱਚ ਇਸ ਦੀ ਇਨਫੈਕਸ਼ਨ ਹੁੰਦੀ ਹੈ ਤਾਂ ਸੀਨੇ ਵਿੱਚ ਦਰਦ ਅਤੇ ਸਾਹ ਲੈਣ ਵਿੱਚ ਪਰੇਸ਼ਾਨੀ ਵਰਗੇ ਲੱਛਣ ਹੁੰਦੇ ਹਨ।

ਮਿਊਕੋਰਮਾਇਕੋਸਿਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਡਾਕਟਰਾਂ ਨੇ ਦੱਸਿਆ ਕਿ ਕੋਰੋਨਾ ਮਹਾਂਮਾਰੀ ਦੀ ਦੂਸਰੀ ਲਹਿਰ ਦੌਰਾਨ ਇਸ ਫੰਗਲ ਇਨਫੈਕਸ਼ਨ ਦੇ ਪਹਿਲੀ ਲਹਿਰ ਨਾਲੋਂ ਜ਼ਿਆਦਾ ਮਰੀਜ਼ ਆ ਰਹੇ ਹਨ

ਮਿਊਕਰ ਸੈਪਟਿਕਸ

ਇਹ ਮਿਊਕਰਮਾਇਕੋਸਿਸ ਦਾ ਹੀ ਇੱਕ ਪ੍ਰਕਾਰ ਹੈ। ਮਿਊਕਰਮਾਇਕੋਸਿਸ ਕਈ ਤਰ੍ਹਾਂ ਦੇ ਹੁੰਦੇ ਹਨ। ਇਸ ਵਿੱਚ ਬੁਖਾਰ, ਨੱਕ ਤੋਂ ਲਾਲ ਜਾਂ ਕਾਲੇ ਰੰਗ ਦਾ ਰਿਸਾਵ, ਕਮਜ਼ੋਰੀ ਅਤੇ ਨੱਕ ਦੇ ਆਸ ਪਾਸ ਸੈਂਸੇਸ਼ਨ ਘੱਟ ਹੋਣਾ ਵਰਗੇ ਲੱਛਣ ਆਉਂਦੇ ਹਨ।

ਕੈਨਡਿਡਾ ਯਾਨੀ ਵ੍ਹਾਈਟ ਫੰਗਸ

ਕਮਜ਼ੋਰ ਇਮਊਨਿਟੀ ਵਾਲੇ, ਡਾਇਬਟਿਕ ਜਾਂ ਬਿਨਾਂ ਡਾਇਬਟਿਕ ਅਤੇ ਆਈਸੀਯੂ ਵਿੱਚ ਲੰਬੇ ਸਮੇਂ ਤੱਕ ਰਹੇ ਮਰੀਜ਼ਾਂ ਵਿੱਚ ਇਸ ਦਾ ਖ਼ਤਰਾ ਹੁੰਦਾ ਹੈ।

ਇਸ ਵਿੱਚ ਸਫ਼ੈਦ ਪੈਚ ਆ ਜਾਂਦੇ ਹਨ। ਜੀਭ 'ਤੇ ਸਫ਼ੈਦ ਦਾਗ ਦਿਖਣ ਲੱਗਦੇ ਹਨ। ਕਿਡਨੀ ਅਤੇ ਫੇਫੜਿਆਂ ਵਿੱਚ ਇਹ ਇਨਫੈਕਸ਼ਨ ਹੋ ਸਕਦਾ ਹੈ। ਇਹ ਮਿਊਕਰਮਾਇਕੋਸਿਸ ਜਿੰਨਾ ਖਤਰਨਾਕ ਨਹੀਂ ਹੁੰਦਾ। ਇਸ ਵਿੱਚ ਮੌਤ ਦਰ 10 ਪ੍ਰਤੀਸ਼ਤ ਦੇ ਨਜ਼ਦੀਕ ਹੈ। ਇਹ ਉਦੋਂ ਖਤਰਨਾਕ ਹੁੰਦਾ ਹੈ ਜੇਕਰ ਇਨਫੈਕਸ਼ਨ ਖੂਨ ਵਿੱਚ ਆ ਜਾਵੇ।

ਐਸਪਰਜਿਲਸ ਫੰਗਲ ਇਨਫੈਕਸ਼ਨ

ਇਹ ਵੀ ਕੋਰੋਨਾ ਦੇ ਮਰੀਜ਼ਾਂ ਵਿੱਚ ਦੇਖਿਆ ਗਿਆ ਹੈ। ਹਾਲਾਂਕਿ ਮਾਮਲੇ ਬਹੁਤ ਹੀ ਘੱਟ ਹਨ। ਇਹ ਵੀ ਫੇਫੜਿਆਂ ਨੂੰ ਪ੍ਰਭਾਵਿਤ ਕਰ ਸਕਦਾ ਹੈ। ਇਸ ਵਿੱਚ ਫੇਫੜਿਆਂ ਵਿੱਚ ਕੈਵਿਟੀ ਬਣ ਜਾਂਦੀ ਹੈ।

ਇਹ ਜ਼ਿਆਦਾਤਰ ਉਨ੍ਹਾਂ ਵਿੱਚ ਹੁੰਦਾ ਹੈ ਜਿਨ੍ਹਾਂ ਨੂੰ ਪਹਿਲਾਂ ਤੋਂ ਕੋਈ ਐਲਰਜੀ ਹੋਵੇ। ਇਸ ਵਿੱਚ ਵੀ ਜੇਕਰ ਨਿਮੋਨੀਆ ਹੋ ਜਾਵੇ ਜਾਂ ਫੰਗਲ ਬਾਲ ਬਣ ਜਾਵੇ ਤਾਂ ਇਹ ਖਤਰਨਾਕ ਹੋ ਸਕਦਾ ਹੈ।

ਕੋਰੋਨਾ

ਤਸਵੀਰ ਸਰੋਤ, Getty Images

ਕਿਵੇਂ ਬਚਾਅ ਕਰੀਏ

ਇਨ੍ਹਾਂ ਸਾਰੇ ਫੰਗਲ ਇਨਫੈਕਸ਼ਨ ਤੋਂ ਬਚਣ ਲਈ ਜ਼ਰੂਰੀ ਹੈ ਕਿ ਸਾਫ਼-ਸਫ਼ਾਈ ਦਾ ਧਿਆਨ ਰੱਖਿਆ ਜਾਵੇ। ਕੋਰੋਨਾ ਤੋਂ ਠੀਕ ਹੋਣ ਦੇ ਬਾਅਦ ਮਰੀਜ਼ ਧੂੜ-ਮਿੱਟੀ ਵਾਲੀਆਂ ਥਾਵਾਂ 'ਤੇ ਜਾਣ ਤੋਂ ਬਚਣ।

ਏਮਜ਼ ਦੇ ਨਿਰਦੇਸ਼ਕ ਡਾਕਟਰ ਰਣਦੀਪ ਗੁਲੇਰੀਆ ਨੇ ਦੱਸਿਆ ਕਿ ਸਾਫ਼-ਸਫ਼ਾਈ ਦਾ ਧਿਆਨ ਰੱਖਣਾ ਬੇਹੱਦ ਜ਼ਰੂਰੀ ਹੈ। ਜਿਵੇਂ ਹੱਥ ਧੋਣਾ, ਆਕਸੀਜਨ ਦੀ ਟਿਊਬ ਸਾਫ਼ ਰੱਖਣਾ, ਆਕਸੀਜਨ ਸਪੋਰਟ ਲਈ ਉਪਯੋਗ ਹੋਣ ਵਾਲਾ ਪਾਣੀ ਸਟੇਰਲਾੲਜ਼ਡ ਹੋਵੇ ਤਾਂ ਬਿਹਤਰ ਹੈ।

ਡਾਕਟਰ ਰਾਹੁਲ ਭਾਰਗਵ ਕਹਿੰਦੇ ਹਨ ਕਿ ਅੱਗੇ ਇਲਾਜ ਵਿੱਚ ਧਿਆਨ ਰੱਖਿਆ ਜਾਵੇਗਾ ਕਿ ਕੋਰੋਨਾ ਦਾ ਇਲਾਜ ਕਰਾ ਰਹੇ ਮਰੀਜ਼ਾਂ ਵਿੱਚ ਸ਼ੂਗਰ ਲੈਵਲ ਨੂੰ ਕੰਟਰੋਲ ਰੱਖਿਆ ਜਾਵੇ ਅਤੇ ਸਟੇਰੋਇਡ ਦੀ ਵਰਤੋਂ ਸੰਭਲ ਕੇ ਹੋਵੇ। ਜੋ ਲੋਕ ਕੋਰੋਨਾ ਦਾ ਇਲਾਜ ਕਰਵਾ ਰਹੇ ਹਨ, ਜਿਨ੍ਹਾਂ ਵਿੱਚ ਕੋਰੋਨਾ ਠੀਕ ਹੋ ਚੁੱਕਿਆ ਹੈ ਜਾਂ ਜਿਨ੍ਹਾਂ ਦੀ ਇਮਊਨਿਟੀ ਕਿਸੇ ਹੋਰ ਬਿਮਾਰੀ ਕਾਰਨ ਕਮਜ਼ੋਰ ਹੈ, ਉਹ ਫੰਗਲ ਇਨਫੈਕਸ਼ਨ ਦੇ ਲੱਛਣ ਨਜ਼ਰ ਆਉਂਦੇ ਹੀ ਆਪਣੇ ਡਾਕਟਰ ਨਾਲ ਸੰਪਰਕ ਕਰਨ।

ਫਿਲਹਾਲ ਦੇਸ਼ ਵਿੱਚ ਮਿਊਕਰਮਾਇਕੋਸਿਸ ਦੇ ਨੌਂ ਹਜ਼ਾਰ ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਚੁੱਕੇ ਹਨ, ਪਰ ਕੈਨਡਿਡਾ ਅਤੇ ਐਸਪਰਜਿਲਸ ਦੇ ਮਾਮਲੇ ਬਹੁਤ ਘੱਟ ਹਨ।

ਇਹ ਵੀ ਪੜ੍ਹੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)