ਕੋਰੋਨਾਵਾਇਰਸ ਕਾਲ ਦੌਰਾਨ ਰਹਿਣ ਲਈ 'ਸਭ ਤੋਂ ਵਧੀਆ ਦੇਸ'

ਤਸਵੀਰ ਸਰੋਤ, Getty Images
- ਲੇਖਕ, ਟੇਸਾ ਵੋਂਗ
- ਰੋਲ, ਬੀਬੀਸੀ ਪੱਤਰਕਾਰ
ਭਾਰਤ ਸਮੇਤ ਦੁਨੀਆਂ ਦੇ ਕਈ ਦੇਸਾਂ 'ਚ ਕੋਰੋਨਾ ਦਾ ਕਹਿਰ ਵੱਧਦਾ ਹੀ ਜਾ ਰਿਹਾ ਹੈ। ਪਰ ਇਸ ਪੂਰੀ ਮਹਾਂਮਾਰੀ 'ਚ ਇੱਕ ਛੋਟਾ ਜਿਹਾ ਏਸ਼ੀਆਈ ਟਾਪੂ ਸਭ ਤੋਂ ਸੁਰੱਖਿਅਤ ਮੁਲਕ ਵਜੋਂ ਉਭਰਿਆ ਹੈ।
ਬਲੂਮਬਰਗ ਦੀ ਇੱਕ ਰਿਪੋਰਟ 'ਚ ਸਿੰਗਾਪੁਰ ਨੇ ਨਿਊਜ਼ੀਲੈਂਡ ਨੂੰ ਪਛਾੜਦਿਆਂ ਪਹਿਲੀ ਥਾਂ ਹਾਸਲ ਕੀਤੀ ਹੈ। ਨਿਊਜ਼ੀਲੈਂਡ ਪਿਛਲੇ ਕਈ ਮਹੀਨਿਆਂ ਤੋਂ ਸਿਖਰਲੇ ਸਥਾਨ 'ਤੇ ਸੀ।
ਇਹ ਸੂਚੀ ਕਈ ਮਾਪਦੰਡਾਂ ਨੂੰ ਧਿਆਨ 'ਚ ਰੱਖਦਿਆਂ ਤਿਆਰ ਕੀਤੀ ਗਈ ਹੈ, ਜਿਸ 'ਚ ਕੋਵਿਡ ਦੇ ਮਾਮਲਿਆਂ ਦੇ ਨਾਲ-ਨਾਲ ਹੀ ਘੁੰਮਣ ਦੀ ਆਜ਼ਾਦੀ ਵੀ ਸ਼ਾਮਲ ਹੈ।
ਰਿਪੋਰਟ ਅਨੁਸਾਰ ਸਿੰਗਾਪੁਰ ਦੇ ਪਹਿਲੇ ਨੰਬਰ 'ਤੇ ਆਉਣ ਲਈ ਉੱਥੋਂ ਦਾ ਪ੍ਰਭਾਵੀ ਟੀਕਾਕਰਨ ਪ੍ਰੋਗਰਾਮ ਇੱਕ ਮੁੱਖ ਕਾਰਨ ਹੈ। ਨਿਊਜ਼ੀਲੈਂਡ 'ਚ ਟੀਕਾਕਰਨ ਦੀ ਸਪੀਡ ਕੁਝ ਹੌਲੀ ਹੈ।
ਮਹਾਂਮਾਰੀ ਦੇ ਇਸ ਦੌਰ 'ਚ ਉਸ ਦੇਸ 'ਚ ਰਹਿਣਾ ਕਿਵੇਂ ਦਾ ਲੱਗਦਾ ਹੋਵੇਗਾ ਜਿੱਥੇ ਕਿ ਲਗਭਗ ਜ਼ਿੰਦਗੀ ਆਮ ਵਾਂਗ ਹੋ ਚੁੱਕੀ ਹੈ।
ਕਿਸੇ ਹੱਦ ਤੱਕ ਲੀਹ 'ਤੇ ਆ ਚੁੱਕੀ ਹੈ ਜ਼ਿੰਦਗੀ

ਤਸਵੀਰ ਸਰੋਤ, Getty Images
ਇਹ ਸੱਚ ਹੈ ਕਿ ਸਿੰਗਾਪੁਰ 'ਚ ਜ਼ਿੰਦਗੀ ਵਧੀਆ ਹੈ, ਹਾਲਾਂਕਿ ਇਸ 'ਚ ਕਈ ਚੇਤਾਵਨੀਆਂ ਵੀ ਸ਼ਾਮਲ ਹਨ।
ਹਾਲ ਦੇ ਸਮੇਂ 'ਚ ਲਾਗ ਦੇ ਕਈ ਮਾਮਲੇ ਸਾਹਮਣੇ ਆਏ ਪਰ ਉਨ੍ਹਾਂ 'ਤੇ ਫੌਰੀ ਹੀ ਕਾਬੂ ਪਾ ਲਿਆ ਗਿਆ।
ਕਿਸੇ ਪੂਰੇ ਖੇਤਰ 'ਚ ਲਾਗ ਫੈਲੀ ਹੋਵੇ, ਅਜਿਹੇ ਮਾਮਲੇ ਤਾਂ ਨਾ ਦੇ ਬਰਾਬਰ ਹੀ ਹਨ। ਕਿਤੇ ਵੀ ਆਉਣ-ਜਾਣ ਲਈ ਸਖ਼ਤ ਨਿਯਮ ਹਨ, ਸਰਹੱਦ 'ਤੇ ਵੀ ਸਖ਼ਤ ਸੁਰੱਖਿਆ ਹੈ।
ਬਾਹਰ ਤੋਂ ਆਉਣ ਵਾਲੀ ਹਰ ਚੀਜ਼ ਦੀ ਜਾਂਚ ਹੁੰਦੀ ਹੈ । ਇੱਥੇ ਪਿਛਲੇ ਸਾਲ ਸਿਰਫ਼ ਦੋ ਮਹੀਨਿਆਂ ਲਈ ਲੌਕਡਾਊਨ ਲੱਗਿਆ ਸੀ ਅਤੇ ਉਸ ਤੋਂ ਬਾਅਦ ਕਦੇ ਵੀ ਅਜਿਹੀ ਜ਼ਰੂਰਤ ਹੀ ਨਹੀਂ ਪਈ।
ਇਹ ਵੀ ਪੜ੍ਹੋ:

ਤਸਵੀਰ ਸਰੋਤ, Getty Images
ਇੱਥੇ ਲਗਭਗ ਜ਼ਿੰਦਗੀ ਲੀਹ 'ਤੇ ਆ ਚੁੱਕੀ ਹੈ। ਆਪਣੇ ਪਰਿਵਾਰ ਅਤੇ ਦੋਸਤਾਂ ਨੂੰ ਕਦੇ ਵੀ ਕਿਤੇ ਵੀ ਮਿਲਿਆ ਜਾ ਸਕਦਾ ਹੈ, ਉਨ੍ਹਾਂ ਨਾਲ ਡਿਨਰ ਕੀਤਾ ਜਾ ਸਕਦਾ ਹੈ।
ਹਾਲਾਂਕਿ ਅੱਠ ਤੋਂ ਵੱਧ ਲੋਕ ਇੱਕਠੇ ਨਹੀਂ ਹੋ ਸਕਦੇ ਹਨ। ਮਾਸਕ ਪਹਿਣਨਾ ਜ਼ਰੂਰੀ ਹੈ ਪਰ ਕੁਝ ਖਾਣ ਵੇਲੇ ਜਾਂ ਫਿਰ ਕਸਰਤ ਕਰਨ ਵੇਲੇ ਮਾਸਕ ਉਤਰਾਇਆ ਜਾ ਸਕਦਾ ਹੈ।
ਕਈ ਲੋਕ ਆਪੋ ਆਪਣੇ ਕੰਮਾਂ 'ਤੇ ਵੀ ਪਰਤ ਆਏ ਹਨ। ਦਫ਼ਤਰਾਂ 'ਚ ਸੋਸ਼ਲ ਡਿਸਟੈਂਸਿੰਗ ਦਾ ਪੂਰਾ ਧਿਆਨ ਰੱਖਿਆ ਜਾਂਦਾ ਹੈ।
ਤੁਸੀਂ ਸਿਨੇਮਾ ਘਰ, ਸ਼ਾਪਿੰਗ ਕਰਨ ਜਾਂ ਕਿਸੇ ਹੋਰ ਕੰਮ ਲਈ ਬਾਹਰ ਜਾ ਸਕਦੇ ਹੋ। ਪਰ ਇਸ ਤੋਂ ਪਹਿਲਾਂ ਤੁਹਾਡੇ ਕੋਲ ਕੰਟੈਕਟ ਟਰੇਸਿੰਗ ਐਪ ਅਤੇ ਮਾਸਕ ਜ਼ਰੂਰ ਹੋਣਾ ਚਾਹੀਦਾ ਹੈ।
ਸਕੂਲ ਵੀ ਖੁੱਲ੍ਹ ਚੁੱਕੇ ਹਨ ਅਤੇ ਵੀਕੈਂਡ 'ਤੇ ਲੋਕ ਆਪਣੇ ਬੱਚਿਆਂ ਨੂੰ ਬਾਹਰ ਵੀ ਲੈ ਕੇ ਜਾ ਸਕਦੇ ਹਨ। ਪਰ ਕਿਉਂਕਿ ਹਰ ਥਾਂ 'ਤੇ ਘੱਟ ਹੀ ਲੋਕਾਂ ਦੇ ਇੱਕਠ ਦੀ ਇਜਾਜ਼ਤ ਹੁੰਦੀ ਹੈ , ਇਸ ਲਈ ਜਗ੍ਹਾ ਦੀ ਚੋਣ ਕਿਸੇ ਜੰਗ ਲੜਨ ਨਾਲੋਂ ਘੱਟ ਨਹੀਂ ਹੈ।
15 ਫੀਸਦ ਆਬਾਦੀ ਦਾ ਟੀਕਾਕਰਨ
ਲਗਭਗ 15% ਆਬਾਦੀ ਨੂੰ ਵੈਕਸੀਨ ਦੀ ਪੂਰੀ ਖੁਰਾਕ ਮਿਲ ਚੁੱਕੀ ਹੈ। ਇਹ ਸ਼ਾਇਦ ਇਸ ਲਈ ਵੀ ਸੰਭਵ ਹੋ ਸਕਿਆ ਹੈ ਕਿਉਂਕਿ ਇੱਥੇ ਆਬਾਦੀ ਸਿਰਫ਼ 60 ਲੱਖ ਹੈ।
ਪਰ ਇਸ ਦੇ ਨਾਲ-ਨਾਲ ਹੀ ਬਿਹਤਰ ਪ੍ਰਕਿਰਿਆ, ਸਰਕਾਰ ਅਤੇ ਵੈਕਸੀਨ 'ਤੇ ਭਰੋਸੇ ਨੇ ਵੀ ਅਹਿਮ ਭੂਮਿਕਾ ਅਦਾ ਕੀਤੀ ਹੈ।

ਤਸਵੀਰ ਸਰੋਤ, Getty Images
ਲੋਕਾਂ ਨੂੰ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਦੁਨੀਆਂ ਦੀ ਸਭ ਤੋਂ ਵਧੀਆ ਜਗ੍ਹਾ 'ਤੇ ਰਹਿ ਰਹੇ ਹਾਂ ਪਰ ਸੈਂਕੜੇ ਹੀ ਪਰਵਾਸੀ ਮਜ਼ਦੂਰਾਂ ਦੀ ਸਥਿਤੀ ਅਜਿਹੀ ਨਹੀਂ ਹੈ।
ਉਹ ਅਜੇ ਵੀ ਆਪਣੇ ਕੰਮ ਕਰਨ ਵਾਲੀਆਂ ਥਾਵਾਂ ਜਾਂ ਡੋਰਮੈਟਰੀ ਤੱਕ ਹੀ ਸੀਮਤ ਰਹਿਣ ਲਈ ਮਜ਼ਬੂਰ ਹਨ। ਇਹ ਫ਼ੈਸਲਾ ਪਿਛਲੇ ਸਾਲ ਲਾਗ ਸ਼ੁਰੂ ਹੋਣ ਤੋਂ ਬਾਅਦ ਉਨ੍ਹਾਂ ਥਾਵਾਂ ਲਈ ਲਿਆ ਗਿਆ ਸੀ, ਜੋ ਕਿ ਸਾਫ਼-ਸੁਥਰੇ ਨਹੀਂ ਹਨ।
ਉਨ੍ਹਾਂ ਨੂੰ ਆਪਣੀ ਡੋਰਮੈਟਰੀ ਛੱਡਣ ਤੋਂ ਪਹਿਲਾਂ ਕੰਪਨੀ ਤੋਂ ਮਨਜ਼ੂਰੀ ਲੈਣੀ ਪਵੇਗੀ ਅਤੇ ਆਪਸ 'ਚ ਮਿਲਣ ਲਈ ਸਰਕਾਰੀ ਥਾਵਾਂ ਤੈਅ ਕਰ ਦਿੱਤੀਆਂ ਗਈਆਂ ਹਨ।
ਇਹ ਸਭ ਦੇਸ ਦੇ ਦੂਜੇ ਹਿੱਸਿਆਂ ਨੂੰ ਸੁਰੱਖਿਅਤ ਰੱਖਣ ਲਈ ਕੀਤਾ ਗਿਆ ਹੈ ਕਿਉਂਕਿ ਸਰਕਾਰ ਦਾ ਮੰਨਣਾ ਹੈ ਕਿ ਲਾਗ ਫੈਲਣ ਦਾ 'ਇੱਕ ਵੱਡਾ ਖ਼ਤਰਾ' ਮੌਜੂਦ ਹੈ।

ਤਸਵੀਰ ਸਰੋਤ, Getty Images
ਪਰ ਇਹ ਇਸ ਕੌੜੇ ਸੱਚ ਵੱਲ ਵੀ ਸੰਕੇਤ ਕਰਦਾ ਹੈ ਕਿ ਬਰਾਬਰੀ ਦੀਆਂ ਗੱਲਾਂ ਕਰਨ ਦੇ ਬਾਵਜੂਦ ਸਿੰਗਾਪੁਰ ਹਾਲੇ ਵੀ ਇੱਕ ਰੂੜੀਵਾਦੀ ਦੇਸ ਹੈ।
ਪਰਵਾਸੀਆਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਵਾਲੇ ਇੱਕ ਸਮਾਜਿਕ ਕਾਰਕੁਨ ਦਾ ਕਹਿਣਾ ਹੈ ਕਿ ਇਹ ਸਭ ਬਹੁਤ ਹੀ ਸ਼ਰਮਨਾਕ ਅਤੇ ਵਿਤਕਰੇ ਨਾਲ ਭਰਪੂਰ ਹੈ।
ਨਿਊਜ਼ੀਲੈਂਡ ਵੀ ਇਸ ਸੂਚੀ 'ਚ ਉੱਪਰ ਹੈ ਪਰ ਉਸ ਨੇ ਲੋਕਾਂ ਦੇ ਅਧਿਕਾਰ ਨਹੀਂ ਖੋਹੇ ਹਨ।
ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਹ ਸਿਰਫ਼ ਨਤੀਜਿਆਂ ਬਾਰੇ ਨਹੀਂ ਹੈ, ਅਸੀਂ ਇੱਥੋਂ ਤੱਕ ਕਿਵੇਂ ਪਹੁੰਚੇ ਇਹ ਵੀ ਬਹੁਤ ਜ਼ਰੂਰੀ ਹੈ। ਗਰੀਬਾਂ 'ਤੇ ਇਸ ਮਹਾਂਮਾਰੀ ਨੇ ਕਹਿਰ ਢਾਇਆ ਹੈ।
ਸਰਕਾਰ ਨੇ ਅਰਥਚਾਰੇ ਨੂੰ ਦਰੁਸਤ ਕਰਨ ਅਤੇ ਲੋੜਵੰਦ ਪਰਿਵਾਰਾਂ ਦੀ ਮਦਦ ਦੇ ਲਈ ਲੱਖਾਂ ਹੀ ਡਾਲਰ ਖਰਚ ਕੀਤੇ ਹਨ ਅਤੇ ਨਾਲ ਹੀ ਇੱਥੇ ਬੇਰੁਜ਼ਗਾਰੀ ਦੀ ਦਰ ਵੀ ਘੱਟ ਹੈ।
ਪਰ ਅੰਕੜੇ ਸਹੀ ਕਹਾਣੀ ਬਿਆਨ ਨਹੀਂ ਕਰਦੇ ਹਨ। ਕਈ ਲੋਕਾਂ ਦੀਆਂ ਤਨਖਾਹਾਂ ਘੱਟ ਗਈਆਂ ਹਨ। ਕਈ ਅਜਿਹੇ ਵੀ ਲੋਕ ਹਨ ਜਿੰਨ੍ਹਾਂ ਦੀਆਂ ਨੌਕਰੀਆਂ ਇਸ ਮਹਾਮਾਰੀ ਕਾਰਨ ਚਲੀਆਂ ਗਈਆਂ ਹਨ ਅਤੇ ਇਹ ਲੋਕ ਡਿਲੀਵਰੀ ਜਾਂ ਫਿਰ ਡਰਾਇਵਰੀ ਵਰਗੇ ਕੰਮ ਕਰ ਰਹੇ ਹਨ।

ਤਸਵੀਰ ਸਰੋਤ, Getty Images
ਸਮਾਜ ਸੇਵਕ ਪੈਟਰਿਕ ਵੀ ਕੇ ਅਨੁਸਾਰ, "ਇਹ ਬਹੁਤ ਵੱਡੀ ਸਮੱਸਿਆ ਹੈ। ਇਹ ਵੀ ਨਹੀਂ ਪਤਾ ਹੁੰਦਾ ਹੈ ਕਿ ਦਿਨ ਭਰ ਕਿੰਨੀ ਕਮਾਈ ਹੋਵੇਗੀ। ਇਹ ਸਥਿਤੀ ਬਹੁਤ ਹੀ ਤਣਾਅ ਵਾਲੀ ਹੁੰਦੀ ਹੈ। ਕੋਈ ਵੀ ਆਸਾਨੀ ਨਾਲ ਤੁਹਾਡੀ ਜਗ੍ਹਾ ਲੈ ਸਕਦਾ ਹੈ, ਇਸ ਲਈ ਨੌਕਰੀ ਜਾਣ ਦਾ ਡਰ ਵੀ ਲੱਗਾ ਰਹਿੰਦਾ ਹੈ।"
ਕੋਰੋਨਾਵਾਇਰਸ ਨਾਲ ਜੁੜੀਆਂ ਹੋਰ ਖ਼ਬਰਾਂ:
ਇੱਕ ਸੁਨਿਹਰੀ ਜੇਲ੍ਹ
ਉਹ ਲੋਕ ਜਿਨ੍ਹਾਂ ਨੂੰ ਆਜ਼ਾਦੀ ਦਾ ਅਹਿਸਾਸ ਹੋ ਰਿਹਾ ਹੈ, ਜਿਨ੍ਹਾਂ ਨੂੰ ਤੈਅ ਤਨਖਾਹ ਮਿਲ ਰਹੀ ਹੈ, ਉਨ੍ਹਾਂ ਲਈ ਵੀ ਕਈ ਮੁਸ਼ਕਲਾਂ ਮੂੰਹ ਅੱਡੀ ਖੜ੍ਹੀਆਂ ਹਨ।
ਇੱਕ ਅਜਿਹਾ ਦੇਸ ਜਿੱਥੇ ਹਰ ਥਾਂ 'ਤੇ ਕੈਮਰੇ ਲੱਗੇ ਹੋਏ ਹਨ, ਉੱਥੇ ਜੋ ਥੋੜੀ ਬਹੁਤ ਨਿੱਜਤਾ ਬਚੀ ਵੀ ਸੀ, ਉਹ ਇਸ ਮਹਾਮਾਰੀ ਦੌਰਾਨ ਖ਼ਤਮ ਹੋ ਗਈ ਹੈ।

ਤਸਵੀਰ ਸਰੋਤ, Getty Images
ਲੋਕ ਜਿੱਥੇ ਕਿਤੇ ਵੀ ਜਾ ਰਹੇ ਹਾਂ, ਉਸ ਸਮੇਂ ਸਾਨੂੰ ਇੱਕ ਐਪ ਜਾਂ ਟੋਕਨ ਦੀ ਵਰਤੋਂ ਕਰਨੀ ਹੀ ਪਵੇਗੀ ਅਤੇ ਅਸੀਂ ਕਿਸ ਨੂੰ ਕਿੱਥੇ ਮਿਲ ਰਹੇ ਹਾਂ, ਇਸ ਸਬੰਧੀ ਜਾਣਕਾਰੀ ਸਾਡੇ ਕੋਲੋਂ ਲਈ ਜਾ ਰਹੀ ਹੈ।
ਹਾਲਾਂਕਿ ਸਰਕਾਰ ਦਾ ਦਾਅਵਾ ਹੈ ਕਿ ਇਸ ਡੇਟਾ ਦੇ ਆਧਾਰ 'ਤੇ ਤੁਹਾਡੀ ਪਛਾਣ ਨਹੀਂ ਕੀਤੀ ਜਾ ਸਕਦੀ ਹੈ।
ਕੋਵਿਡ-19 ਤਾਂ ਜਿਵੇਂ ਨਿੱਜਤਾ ਦੀ ਬਹਿਸ ਨੂੰ ਹੀ ਖ਼ਤਮ ਕਰ ਦਿੱਤਾ ਹੈ। ਕਈ ਲੋਕ ਤਾਂ ਸਰਕਾਰ ਦੀ ਇਸ ਗੱਲ ਨਾਲ ਸਹਿਮਤ ਹਨ ਕਿ ਇਸ ਸਮੇਂ ਇਸ ਦੀ ਲੋੜ ਹੈ ਪਰ ਕਈ ਅਜਿਹੇ ਵੀ ਲੋਕ ਹਨ, ਜਿੰਨ੍ਹਾਂ ਨੇ ਇਸ ਡੇਟਾ ਦੀ ਦੁਰਵਰਤੋਂ ਦੀ ਚੇਤਾਵਨੀ ਵੀ ਦਿੱਤੀ ਹੈ।
ਪਰ ਯਾਤਰਾ ਅਤੇ ਕੁਆਰੰਨਟੀਨ ਦੇ ਸਖ਼ਤ ਨੇਮਾਂ ਦੇ ਕਾਰਨ, ਬਹੁਤ ਸਾਰੇ ਲੋਕ ਇਸ ਨੂੰ ਸੁਨਿਹਰੀ ਜੇਲ੍ਹ ਮੰਨਣਾ ਸ਼ੁਰੂ ਹੋ ਗਏ ਹਨ।
ਇਸ ਦਾ ਮਤਲਬ ਇਹ ਹੈ ਕਿ ਤੁਸੀਂ ਦੂਜੇ ਦੇਸ 'ਚ ਰਹਿਣ ਵਾਲੇ ਪਰਿਵਾਰ ਜਾਂ ਕਿਸੇ ਦੋਸਤ-ਮਿੱਤਰ ਨੂੰ ਨਹੀਂ ਮਿਲ ਸਕਦੇ ਹੋ।

ਤਸਵੀਰ ਸਰੋਤ, Getty Images
ਇੱਕ ਭੀੜ-ਭੜੱਕੇ ਵਾਲੀ ਜਗ੍ਹਾ ਜੋ ਕਿ ਸਭ ਤੋਂ ਵੱਖ ਹੈ, ਉੱਥੋਂ ਦੇ ਲੋਕ ਇੱਕ ਸਮੇਂ ਵੀਕੈਂਡ 'ਤੇ ਜਾਂ ਫਿਰ ਘੁੰਮਣ ਲਈ ਇੰਡੋਨੇਸ਼ੀਆ ਦੇ ਟਾਪੂਆਂ ਜਾਂ ਫਿਰ ਮਲੇਸ਼ੀਆ ਦੀ ਸਰਹੱਦ 'ਤੇ ਵਸੇ ਸ਼ਹਿਰਾਂ ਵਿਖੇ ਜਾਇਆ ਕਰਦੇ ਸਨ।
ਇਹ ਸਭ ਹੁਣ ਸੰਭਵ ਨਹੀਂ ਹੈ। ਇਸ ਲਈ ਹੀ ਇੱਥੋਂ ਦੇ ਹਜ਼ਾਰਾਂ ਹੀ ਲੋਕ ਉਨ੍ਹਾਂ ਸਮੁੰਦਰੀ ਜਹਾਜ਼ਾਂ 'ਤੇ ਚੜ੍ਹ ਰਹੇ ਹਨ, ਜੋ ਕਿਤੇ ਨਹੀਂ ਜਾ ਰਹੀ ਹੁੰਦੀ।
ਮੋਟਰਸਾਈਕਲ ਜਾਂ ਫਿਰ ਕਾਰਾਂ ਜ਼ਰੀਏ ਘੁੰਮਣ ਵਾਲੇ ਲੋਕ ਜੋ ਕਿ ਮਲੇਸ਼ੀਆ ਦੇ ਹਾਈਵੇਅ 'ਤੇ ਨਜ਼ਰ ਆਉਂਦੇ ਸਨ, ਉਹ ਸਭ ਹੁਣ ਇਸ ਟਾਪੂ ਦੇ ਹੀ ਚੱਕਰ ਲਗਾ ਰਹੇ ਹਨ।
ਦੇਸ ਨੂੰ ਖੋਲ੍ਹਣਾ ਪਵੇਗਾ
ਸਿੰਗਾਪੁਰ ਦੇ ਹਾਂਗਕਾਂਗ ਨਾਲ ਟ੍ਰੈਵਲ ਬੱਬਲ ਖੁੱਲ੍ਹਣ ਦੀ ਖ਼ਬਰ ਨਾਲ ਬਹੁਤ ਸਾਰੇ ਲੋਕ ਖੁਸ਼ ਹਨ। ਪਿਛਲੇ ਸਾਲ ਵੀ ਅਜਿਹੀ ਕੋਸ਼ਿਸ਼ ਨੂੰ ਅੰਜਾਮ ਦਿੱਤਾ ਗਿਆ ਸੀ ਪਰ ਉਸ 'ਚ ਕਾਮਯਾਬੀ ਨਹੀਂ ਹਾਸਲ ਹੋਈ ਸੀ।
ਸੁਧੀਰ ਥਾਮਸ ਵਡਾਕੇਥ, ਜਿੰਨ੍ਹਾਂ ਦਾ ਪਰਿਵਾਰ ਭਾਰਤ 'ਚ ਰਹਿੰਦਾ ਹੈ, ਉਹ ਬਹੁਤ ਪ੍ਰੇਸ਼ਾਨ ਹਨ ਅਤੇ ਇੱਕ ਅਜੀਬ ਦੌਰ 'ਚੋਂ ਲੰਘ ਰਹੇ ਹਨ।

ਤਸਵੀਰ ਸਰੋਤ, Getty Images
ਉਨ੍ਹਾਂ ਦਾ ਕਹਿਣਾ ਹੈ, "ਕਈ ਦੇਸਾਂ 'ਚ ਸਥਿਤੀ ਬਹੁਤ ਹੀ ਖਰਾਬ ਹੈ ਅਤੇ ਅਸੀਂ ਇੱਥੇ ਟ੍ਰੈਵਲ ਬੱਬਲ ਦੀ ਗੱਲ ਕਰ ਰਹੇ ਹਾਂ। ਮੈਨੂੰ ਇਹ ਸਭ ਸਹੀ ਨਹੀਂ ਲੱਗ ਰਿਹਾ ਹੈ ਕਿ ਅਸੀਂ ਬੰਦ ਹੋ ਕੇ ਆਪਣੀ ਜ਼ਿੰਦਗੀ ਮਜ਼ੇ ਨਾਲ ਜੀਅ ਰਹੇ ਹਾਂ ਅਤੇ ਦੂਜੇ ਦੇਸਾਂ 'ਚ ਹਾਲਾਤ ਇੰਨੇ ਮਾੜੇ ਚੱਲ ਰਹੇ ਹਨ।"
"ਸਿੰਗਾਪੁਰ ਨੇ ਵਿਸ਼ਵੀਕਰਨ ਤੋਂ ਬਹੁਤ ਤਰੱਕੀ ਕੀਤੀ ਹੈ। ਦੂਜੇ ਦੇਸਾਂ ਨਾਲ ਆਪਣੇ ਸਬੰਧਾਂ ਦੇ ਮੱਦੇਨਜ਼ਰ ਮੈਨੂੰ ਲੱਗਦਾ ਹੈ ਕਿ ਉਨ੍ਹਾਂ ਦੇ ਪ੍ਰਤੀ ਸਾਡੀ ਵੀ ਕੋਈ ਨੈਤਿਕ ਜ਼ਿੰਮੇਵਾਰੀ ਬਣਦੀ ਹੈ।"

ਤਸਵੀਰ ਸਰੋਤ, Getty Images
ਸਿੰਗਾਪੁਰ 'ਚ ਕਈ ਲੋਕ ਖੁਦ ਨੂੰ ਇਸ ਲਈ ਖੁਸ਼ਕਿਸਮਤ ਮੰਨਦੇ ਹਨ ਕਿ ਉਹ ਹੁਣ ਤੱਕ ਬਚੇ ਹੋਏ ਹਨ। ਪਰ ਸਥਿਤੀ ਲੰਮੇ ਸਮੇਂ ਤੱਕ ਇੰਝ ਨਹੀਂ ਰਹੇਗੀ।
ਸਿੰਗਾਪੁਰ ਦੀ ਸਰਕਾਰ ਨੇ ਲਗਾਤਾਰ ਇਸ ਗੱਲ 'ਤੇ ਜ਼ੋਰ ਦਿੱਤਾ ਹੈ ਕਿ ਅਰਥਵਿਵਸਥਾ ਨੂੰ ਬਚਾਉਣ ਲਈ ਸਾਨੂੰ ਦੇਸ ਨੂੰ ਖੋਲ੍ਹਣਾ ਹੀ ਪਵੇਗਾ। ਇਸ ਦੀ ਸ਼ੁਰੂਆਤ ਚੀਨ ਅਤੇ ਆਸਟ੍ਰੇਲੀਆ ਨਾਲ ਹੋ ਚੁੱਕੀ ਹੈ, ਜਿੱਥੇ ਕਈ ਪਾਬੰਦੀਆਂ ਦੇ ਨਾਲ ਯਾਤਰਾ ਕੀਤੀ ਜਾ ਸਕਦੀ ਹੈ।
ਸਿੰਗਾਪੁਰ ਇੱਕ ਦਿਨ ਫਿਰ ਬਾਕੀ ਦੁਨੀਆਂ ਨਾਲ ਚਲਣਾ ਸ਼ੁਰੂ ਕਰੇਗਾ ਅਤੇ ਉਸ ਸਮੇਂ ਹੀ ਸਾਡੀ ਅਸਲ ਪ੍ਰੀਖਿਆ ਵੀ ਸ਼ੁਰੂ ਹੋਵੇਗੀ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












