ਕੋਹਿਨੂਰ ਦੀ ਕਹਾਣੀ : ਮਹਾਰਾਜਾ ਰਣਜੀਤ ਸਿੰਘ ਨੇ ਹੀਰਾ ਕਿੱਥੋਂ ਲਿਆ ਤੇ ਫਿਰ ਇੰਗਲੈਂਡ ਦੀ ਮਹਾਰਾਣੀ ਕੋਲ ਕਿਵੇਂ ਚਲਾ ਗਿਆ

ਤਸਵੀਰ ਸਰੋਤ, Getty Images
- ਲੇਖਕ, ਰੇਹਾਨ ਫ਼ਜ਼ਲ
- ਰੋਲ, ਬੀਬੀਸੀ ਪੱਤਰਕਾਰ
ਗੱਲ 29 ਮਾਰਚ, 1849 ਦੀ ਹੈ। ਕਿਲ੍ਹੇ 'ਚ ਸਥਿਤ ਸ਼ੀਸ਼ ਮਹਿਲ ਵਿੱਚ 10 ਸਾਲ ਦੇ ਮਹਾਰਾਜਾ ਦਲੀਪ ਸਿੰਘ ਨੂੰ ਲਿਆਂਦਾ ਗਿਆ।
ਉਸ ਬੱਚੇ ਦੇ ਪਿਤਾ ਮਹਾਰਾਜਾ ਰਣਜੀਤ ਸਿੰਘ ਦਾ ਇੱਕ ਦਹਾਕੇ ਪਹਿਲਾਂ ਹੀ ਦੇਹਾਂਤ ਹੋ ਚੁੱਕਿਆ ਸੀ।
ਉਨ੍ਹਾਂ ਦੀ ਮਾਂ ਰਾਣੀ ਜਿੰਦ ਕੌਰ ਨੂੰ ਕੁਝ ਸਮਾਂ ਪਹਿਲਾਂ ਜ਼ਬਰਦਸਤੀ ਸ਼ਹਿਰ ਦੇ ਬਾਹਰ ਇੱਕ ਹੋਰ ਮਹਿਲ ਵਿੱਚ ਭੇਜ ਦਿੱਤਾ ਗਿਆ ਸੀ।
ਦਲੀਪ ਸਿੰਘ ਦੇ ਚਾਰੇ ਪਾਸੇ ਲਾਲ ਕੋਟ ਅਤੇ ਹੈਟ ਪਹਿਨੀ ਅੰਗਰੇਜ਼ਾਂ ਨੇ ਘੇਰਾ ਬਣਾਇਆ ਹੋਇਆ ਸੀ।
ਥੋੜੀ ਦੇਰ ਬਾਅਦ ਇੱਕ ਜਨਤਕ ਸਮਾਗਮ ਵਿੱਚ ਉਨ੍ਹਾਂ ਨੇ ਆਪਣੇ ਦਰਬਾਰ ਦੇ ਬਾਕੀ ਬਚੇ ਸਰਦਾਰਾਂ ਦੇ ਸਾਹਮਣੇ ਉਸ ਦਸਤਾਵੇਜ਼ 'ਤੇ ਦਸਤਖ਼ਤ ਕਰ ਦਿੱਤੇ, ਜਿਸ ਦੀ ਅੰਗਰੇਜ਼ ਸਰਕਾਰ ਵਰ੍ਹਿਆਂ ਤੋਂ ਉਡੀਕ ਕਰ ਰਹੀ ਸੀ।
ਕੁਝ ਹੀ ਮਿੰਟਾਂ ਵਿੱਚ ਲਾਹੌਰ ਕਿਲ੍ਹੇ ਤੋਂ ਸਿੱਖ ਖਾਲਸਾ ਦਾ ਝੰਡਾ ਹੇਠਾਂ ਲਾਹਿਆ ਗਿਆ ਅਤੇ ਉਸ ਦੀ ਜਗ੍ਹਾ ਈਸਟ ਇੰਡੀਆ ਕੰਪਨੀ ਦਾ ਧਾਰੀਆਂ ਵਾਲਾ ਝੰਡਾ ਲਹਿਰਾਉਣ ਲੱਗਿਆ।
ਇਸ ਦੇ ਨਾਲ ਹੀ ਨਾ ਸਿਰਫ਼ ਸਿੱਖ ਸਾਮਰਾਜ 'ਤੇ ਈਸਟ ਇੰਡੀਆ ਕੰਪਨੀ ਦਾ ਦਬਦਬਾ ਹੋ ਗਿਆ ਬਲਕਿ ਦੁਨੀਆਂ ਦਾ ਸਭ ਤੋਂ ਮਸ਼ਹੂਰ ਹੀਰਾ ਕੋਹਿਨੂਰ ਵੀ ਉਨ੍ਹਾਂ ਦੇ ਕਬਜ਼ੇ ਵਿੱਚ ਆ ਗਿਆ।

ਮੁਰਗੀ ਦੇ ਛੋਟੇ ਅੰਡੇ ਬਰਾਬਰ ਹੀਰਾ
ਕੋਹਿਨੂਰ ਬਾਰੇ ਕਿਹਾ ਜਾਂਦਾ ਹੈ ਕਿ ਸੰਭਾਵਨਾ ਹੈ ਕਿ ਇਸ ਨੂੰ ਤੁਰਕਾਂ ਨੇ ਕਿਸੇ ਦੱਖਣੀ ਭਾਰਤੀ ਮੰਦਰ ਵਿੱਚੋਂ ਇੱਕ ਮੂਰਤੀ ਦੀ ਅੱਖ ਵਿੱਚੋਂ ਕੱਢਿਆ ਸੀ।
'ਕੋਹਿਨੂਰ: ਦਿ ਸਟੋਰੀ ਆਫ਼ ਦਾ ਵਰਲਡਜ਼ ਮੋਸਟ ਇਨਫ਼ੇਮਸ ਡਾਇਮੰਡ' ਕਿਤਾਬ ਦੇ ਲੇਖਕ ਵਿਲੀਅਮ ਡਾਲਰੇਂਪਲ ਕਹਿੰਦੇ ਹਨ, ''ਕੋਹਿਨੂਰ ਦਾ ਪਹਿਲਾ ਅਧਿਕਾਰਿਤ ਜ਼ਿਕਰ 1750 ਵਿੱਚ ਫ਼ਾਰਸੀ ਦੇ ਇਤਿਹਾਸਕਾਰ ਮੁਹੰਮਦ ਮਾਰਵੀ ਵੱਲੋਂ ਨਾਦਰ ਸ਼ਾਹ ਦੇ ਭਾਰਤ ਸਬੰਧੀ ਵਰਣਨ ਵਿੱਚ ਮਿਲਦਾ ਹੈ।''
ਮਾਰਵੀ ਲਿਖਦੇ ਹਨ ਕਿ ਉਨ੍ਹਾਂ ਨੇ ਆਪਣੀਆਂ ਅੱਖਾਂ ਨਾਲ ਕੋਹਿਨੂਰ ਨੂੰ ਦੇਖਿਆ ਸੀ।
ਉਹ ਉਸ ਸਮੇਂ ਤਖ਼ਤੇ-ਤਾਉਸ ਦੇ ਉੱਪਰਲੇ ਹਿੱਸੇ ਵਿੱਚ ਜੜਿਆ ਹੋਇਆ ਸੀ, ਜਿਸ ਨੂੰ ਨਾਦਰ ਸ਼ਾਹ ਦਿੱਲੀ ਤੋਂ ਲੁੱਟ ਕੇ ਇਰਾਨ ਲੈ ਗਿਆ ਸੀ।
ਕੋਹਿਨੂਰ ਮੁਰਗੀ ਦੇ ਛੋਟੇ ਅੰਡੇ ਦੇ ਬਰਾਬਰ ਸੀ ਅਤੇ ਇਸ ਬਾਰੇ ਕਿਹਾ ਜਾਂਦਾ ਸੀ ਕਿ ਉਸ ਨੂੰ ਵੇਚ ਕੇ ਦੁਨੀਆਂ ਦੇ ਲੋਕਾਂ ਨੂੰ ਢਾਈ ਦਿਨ ਤੱਕ ਖਾਣਾ ਖਵਾਇਆ ਜਾ ਸਕਦਾ ਹੈ।
ਤਖ਼ਤੇ-ਤਾਉਸ ਨੂੰ ਬਣਾਉਣ ਵਿੱਚ ਤਾਜ ਮਹਿਲ ਤੋਂ ਦੁਗਣਾ ਪੈਸਾ ਲੱਗਿਆ ਸੀ। ਬਾਅਦ ਵਿੱਚ ਕੋਹਿਨੂਰ ਨੂੰ ਤਖ਼ਤੇ-ਤਾਉਸ ਵਿੱਚੋਂ ਕੱਢ ਲਿਆ ਗਿਆ ਸੀ ਤਾਂ ਕਿ ਨਾਦਰ ਸ਼ਾਹ ਇਸ ਨੂੰ ਆਪਣੀ ਬਾਂਹ ਵਿੱਚ ਬੰਨ ਸਕੇ।
ਨਾਦਰ ਸ਼ਾਹ ਨੇ ਦਿੱਲੀ ਵਿੱਚ ਕਤਲੇਆਮ ਕਰਵਾਇਆ
ਨਾਦਰ ਸ਼ਾਹ ਨੇ ਕਰਨਾਲ ਦੇ ਨੇੜੇ ਡੇਢ ਲੱਖ ਫ਼ੌਜੀਆਂ ਦੀ ਬਦੌਲਤ ਮੁਗ਼ਲ ਬਾਦਸ਼ਾਹ ਮਹੁੰਮਦ ਸ਼ਾਹ ਰੰਗੀਲੇ ਦੀ ਦੱਸ ਲੱਖ ਲੋਕਾਂ ਦੀ ਫ਼ੌਜ ਨੂੰ ਹਰਾਇਆ ਸੀ।
ਦਿੱਲੀ ਪਹੁੰਚਣ 'ਤੇ ਨਾਦਰ ਸ਼ਾਹ ਨੇ ਅਜਿਹਾ ਕਤਲੇਆਮ ਕਰਵਾਇਆ ਜਿਸ ਦੀ ਮਿਸਾਲ ਇਤਿਹਾਸ ਵਿੱਚ ਬਹੁਤ ਘੱਟ ਮਿਲਦੀ ਹੈ।
ਮਸ਼ਹੂਰ ਇਤਿਹਾਸਕਾਰ ਸਰ ਐੱਚਐੱਮ ਇਲੀਅਟ ਅਤੇ ਡੌਨ ਡੋਸਨ ਆਪਣੀ ਕਿਤਾਬ 'ਦਿ ਹਿਸਟਰੀ ਆਫ਼ ਇੰਡੀਆ ਐਜ਼ ਟੋਲਡ ਬਾਏ ਇਟਸ ਓਨ ਹਿਸਟੋਰੀਅਨਜ਼' ਵਿੱਚ ਲਿਖਦੇ ਹਨ, ''ਜਿਵੇਂ ਹੀ ਨਾਦਰ ਸ਼ਾਹ ਦੇ 40 ਹਜ਼ਾਰ ਫ਼ੌਜੀ ਦਿੱਲੀ ਵਿੱਚ ਵੜੇ ਅਨਾਜ ਦੇ ਭਾਅ ਅਸਮਾਨ ਛੂਹਣ ਲੱਗੇ।
ਜਦੋਂ ਨਾਦਰ ਸ਼ਾਹ ਦੇ ਫ਼ੌਜੀਆਂ ਨੇ ਭਾਅ ਤੈਅ ਕਰਨਾ ਚਾਹਿਆ ਤਾਂ ਉਨ੍ਹਾਂ ਤੇ ਦੁਕਾਨਦਾਰਾਂ ਦਰਮਿਆਨ ਝੜਪ ਹੋ ਗਈ ਅਤੇ ਲੋਕਾਂ ਨੇ ਫ਼ੌਜੀਆਂ 'ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ।
ਦੁਪਹਿਰ ਤੱਕ 900 ਫ਼ਾਰਸੀ ਫ਼ੌਜੀ ਮਾਰੇ ਜਾ ਚੁੱਕੇ ਸਨ। ਉਸ ਸਮੇਂ ਨਾਦਰ ਸ਼ਾਹ ਨੇ ਦਿੱਲੀ ਦੀ ਆਬਾਦੀ ਦੇ ਕਤਲੇਆਮ ਦਾ ਹੁਕਮ ਦਿੱਤਾ।

ਤਸਵੀਰ ਸਰੋਤ, JUGGERNAUT
ਕਤਲੇਆਮ ਸਵੇਰੇ ਨੌ ਵਜੇ ਸ਼ੁਰੂ ਹੋਇਆ। ਸਭ ਤੋਂ ਜ਼ਿਆਦਾ ਲੋਕ ਲਾਲ ਕਿਲ੍ਹਾ, ਜ਼ਾਮਾ ਮਸਜਿਦ, ਦਰੀਬ ਅਤੇ ਚਾਂਦਨੀ ਚੌਕ ਦੇ ਇਲਾਕਿਆਂ ਵਿੱਚ ਮਾਰੇ ਗਏ। ਕੁੱਲ ਮਿਲਾਕੇ ਤਿੰਨ ਹਜ਼ਾਰ ਲੋਕਾਂ ਦਾ ਕਤਲ ਹੋਇਆ।
ਇੱਕ ਹੋਰ ਇਤਿਹਾਸਕਾਰ ਵਿਲੇਮ ਫ਼ਲੋਰ ਆਪਣੀ ਕਿਤਾਬ 'ਨਿਊ ਫ਼ੈਕਟਸ ਆਫ਼ ਨਾਦਰ ਸ਼ਾਹਜ਼ ਇੰਡੀਆ ਕੈਮਪੇਨ' ਵਿੱਚ ਲਿਖਦੇ ਹਨ, ''ਮੁਹੰਮਦ ਸ਼ਾਹ ਦੇ ਸੈਨਾਪਤੀ ਨਿਜ਼ਾਮੁਲ ਮੁਲਕ ਬਿਨਾ ਪੱਗ ਦੇ ਨਾਦਰ ਸ਼ਾਹ ਦੇ ਸਾਹਮਣੇ ਆ ਗਏ।
ਉਨ੍ਹਾਂ ਦੇ ਦੋਵੇਂ ਹੱਥ ਪਿੱਛਲੇ ਪਾਸੇ ਉਨ੍ਹਾਂ ਦੀ ਹੀ ਪੱਗ ਨਾਲ ਬੰਨੇ ਹੋਏ ਸਨ। ਉਨ੍ਹਾਂ ਨੇ ਨਾਦਰਸ਼ਾਹ ਸਾਹਮਣੇ ਗੋਡਿਆਂ ਭਾਰ ਬੈਠ ਕੇ ਕਿਹਾ ਕਿ ਦਿੱਲੀ ਦੇ ਲੋਕਾਂ ਤੋਂ ਬਦਲਾ ਲੈਣ ਦੀ ਬਜਾਇ ਉਹ ਉਨ੍ਹਾਂ ਤੋਂ ਆਪਣਾ ਬਦਲਾ ਲੈ ਲੈਣ।
ਨਾਦਰ ਸ਼ਾਹ ਨੇ ਇਸ ਸ਼ਰਤ 'ਤੇ ਕਤਲੇਆਮ ਰੁਕਵਾਇਆ ਕਿ ਉਹ ਉਨ੍ਹਾਂ ਦੇ ਦਿੱਲੀ ਛੱਡਣ ਤੋਂ ਪਹਿਲਾਂ ਉਨ੍ਹਾਂ ਨੂੰ 100 ਕਰੋੜ ਰੁਪਏ ਦੇਣਗੇ।
ਅਗਲੇ ਕੁਝ ਦਿਨਾਂ ਤੱਕ ਨਿਜ਼ਾਮੁਲ ਮੁਲਕ ਨੇ ਆਪਣੀ ਹੀ ਰਾਜਧਾਨੀ ਨੂੰ ਲੁੱਟ ਕੇ ਉਹ ਧੰਨ ਚੁਕਾਇਆ।
ਸੰਖੇਪ ਵਿੱਚ 'ਇੱਕ ਪਲ ਵਿੱਚ 348 ਸਾਲਾਂ ਤੋਂ ਮੁਗ਼ਲਾਂ ਦੀ ਜਮ੍ਹਾਂ ਹੋਈ ਦੌਲਤ ਦਾ ਮਾਲਕ ਕੋਈ ਹੋਰ ਲੈ ਗਿਆ ਸੀ।'

ਤਸਵੀਰ ਸਰੋਤ, JUGGERNAUT
ਨਾਦਰ ਸ਼ਾਹ ਦਾ ਦਸਤਾਰ ਬਦਲ ਕੇ ਕੋਹਿਨੂਰ ਹਥਿਆਉਣਾ
ਵਿਲੀਅਮ ਡਾਲਰੇਂਪਲ ਅਤੇ ਅਨੀਤਾ ਅਨੰਦ ਨੇ ਕੋਹਿਨੂਰ ਦੇ ਇਤਿਹਾਸ ਨੂੰ ਖੰਗਾਲਣ ਵਿੱਚ ਬਹੁਤ ਮਿਹਨਤ ਕੀਤੀ ਹੈ।
ਡਾਲਰੇਂਪਲ ਕਹਿੰਦੇ ਹਨ, ''ਮੈਂ ਮੁਗ਼ਲ ਰਤਨਾਂ ਦੇ ਮਾਹਰਾਂ ਨਾਲ ਗੱਲਬਾਤ ਕਰਕੇ ਆਪਣੀ ਖੋਜ ਦੀ ਸ਼ੁਰੂਆਤ ਕੀਤੀ। ਉਨ੍ਹਾਂ ਵਿੱਚੋਂ ਬਹੁਤਿਆਂ ਦੀ ਰਾਇ ਸੀ ਕਿ ਕੋਹਿਨੂਰ ਦੇ ਇਤਿਹਾਸ ਬਾਰੇ ਜੋ ਆਮ ਗੱਲਾਂ ਪ੍ਰਚਲਿਤ ਹਨ ਉਹ ਸਹੀ ਨਹੀਂ ਹਨ। ਨਾਦਰ ਸ਼ਾਹ ਦੇ ਕੋਲ ਜਾਣ ਤੋਂ ਬਾਅਦ ਹੀ ਕੋਹਿਨੂਰ 'ਤੇ ਪਹਿਲੀ ਵਾਰ ਲੋਕਾਂ ਦਾ ਧਿਆਨ ਗਿਆ।''
ਥਿਯੋ ਮੈਟਕਾਫ਼ ਲਿਖਦੇ ਹਨ ਕਿ ਦਰਬਾਰ ਦੀ ਇੱਕ ਨਾਚੀ ਨੂਰ ਬਾਈ ਨੇ ਨਾਦਰ ਸ਼ਾਹ ਨਾਲ ਮੁਖ਼ਬਰੀ ਕੀਤੀ ਕਿ ਮੁਹੰਮਦ ਸ਼ਾਹ ਨੇ ਆਪਣੀ ਦਸਤਾਰ ਵਿੱਚ ਕੋਹਿਨੂਰ ਲਕੋ ਕੇ ਰੱਖਿਆ ਹੈ। ਨਾਦਰ ਸ਼ਾਹ ਨੇ ਇਹ ਸੁਣਕੇ ਮੁਹੰਮਦ ਸ਼ਾਹ ਨੂੰ ਕਿਹਾ ਕਿ ਆਓ ਦੋਸਤੀ ਦੀ ਖਾਤਰ ਅਸੀਂ ਆਪਣੀਆਂ ਪੱਗਾਂ ਆਪਸ ਵਿੱਚ ਬਦਲ ਲਈਏ।
ਇਸ ਤਰ੍ਹਾਂ ਕੋਹਿਨੂਰ ਨਾਦਰ ਸ਼ਾਹ ਦੇ ਹੱਥ ਵਿੱਚ ਆ ਗਿਆ। ਜਦੋਂ ਉਸ ਨੇ ਪਹਿਲੀ ਵਾਰ ਕੋਹਿਨੂਰ ਨੂੰ ਦੇਖਿਆ ਤਾਂ ਦੇਖਦੇ ਹੀ ਰਹਿ ਗਿਆ। ਉਸੇ ਨੇ ਉਸ ਦਾ ਨਾਮ ਕੋਹਿਨੂਰ ਯਾਨੀ ਰੌਸ਼ਨੀ ਦਾ ਪਹਾੜ ਰੱਖਿਆ।
ਦਿੱਲੀ ਦੀ ਲੁੱਟ ਅਫ਼ਗਾਨਿਸਤਾਨ ਲੈ ਜਾਣ ਦਾ ਬਹੁਤ ਦਿਲਚਸਪ ਬਿਆਨ ਫ਼ਾਰਸੀ ਇਤਿਹਾਸਕਾਰ ਮੁਹੰਮਦ ਕਾਜ਼ਿਮ ਮਾਰਵੀ ਨੇ ਆਪਣੀ ਕਿਤਾਬ 'ਆਲਮ ਆਰਾ-ਏ-ਨਾਦਰੀ' ਵਿੱਚ ਲਿਖਿਆ ਹੈ।

ਤਸਵੀਰ ਸਰੋਤ, JUGGERNAUT
ਮਾਰਵੀ ਲਿਖਦੇ ਹਨ, ''ਦਿੱਲੀ ਵਿੱਚ 57 ਦਿਨਾਂ ਤੱਕ ਰਹਿਣ ਤੋਂ ਬਾਅਦ 16 ਮਈ, 1739 ਨੂੰ ਨਾਦਰ ਸ਼ਾਹ ਨੇ ਆਪਣੇ ਦੇਸ ਦਾ ਰੁਖ਼ ਕੀਤਾ। ਆਪਣੇ ਨਾਲ ਉਹ ਪੀੜੀਆਂ ਤੋਂ ਇਕੱਠੀ ਕੀਤੀ ਗਈ ਮੁਗ਼ਲਾਂ ਦੀ ਸਾਰੀ ਦੌਲਤ ਲੈ ਗਿਆ। ਉਸ ਦੀ ਸਭ ਤੋਂ ਵੱਡੀ ਲੁੱਟ ਸੀ ਤਖ਼ਤੇ-ਤਾਉਸ ਜਿਸ ਵਿੱਚ ਕੋਹਿਨੂਰ ਅਤੇ ਤੈਮੂਰ ਦੀ ਰੂਬੀ ਜੜੀ ਹੋਈ ਸੀ।''
''ਲੁੱਟੇ ਗਏ ਸਾਰੇ ਖ਼ਜ਼ਾਨੇ ਨੂੰ 700 ਹਾਥੀਆਂ, 400 ਊਠਾਂ ਅਤੇ 17,000 ਘੋੜਿਆਂ 'ਤੇ ਲੱਦ ਕੇ ਇਰਾਨ ਦੇ ਲਈ ਰਵਾਨਾ ਕੀਤਾ ਗਿਆ। ਜਦੋਂ ਪੂਰੀ ਫ਼ੌਜ ਚਨਾਬ ਦੇ ਪੁਲ ਤੋਂ ਨਿਕਲੀ ਤਾਂ ਹਰ ਸੈਨਿਕ ਦੀ ਤਲਾਸ਼ੀ ਲਈ ਗਈ। ''
ਕਈ ਫ਼ੌਜੀਆਂ ਨੇ ਹੀਰੇ ਜਵਾਹਰਾਤ ਜ਼ਬਤ ਕੀਤੇ ਜਾਣ ਦੇ ਡਰ ਤੋਂ ਉਨ੍ਹਾਂ ਨੂੰ ਜ਼ਮੀਨ ਵਿੱਚ ਗੱਡ ਦਿੱਤਾ। ਕੁਝ ਨੇ ਤਾਂ ਉਨ੍ਹਾਂ ਨੂੰ ਇਸ ਆਸ ਨਾਲ ਨਦੀ ਵਿੱਚ ਸੁੱਟ ਦਿੱਤਾ ਕਿ ਉਹ ਬਾਅਦ ਵਿੱਚ ਆ ਕੇ ਉਨ੍ਹਾਂ ਨੂੰ ਨਦੀ ਦੇ ਤਲ ਤੋਂ ਚੁੱਕ ਕੇ ਵਾਪਸ ਲੈ ਜਾਣਗੇ।

1813 ਵਿੱਚ ਕੋਹਿਨੂਰ ਮਹਾਰਾਜਾ ਰਣਜੀਤ ਸਿੰਘ ਕੋਲ ਪਹੁੰਚਿਆ
ਨਾਦਰ ਸ਼ਾਹ ਦੇ ਕੋਲ ਵੀ ਕੋਹਿਨੂਰ ਬਹੁਤ ਦਿਨਾਂ ਤੱਕ ਨਹੀਂ ਰਹਿ ਸਕਿਆ। ਸ਼ਾਹ ਦੇ ਕਤਲ ਤੋਂ ਬਾਅਦ ਇਹ ਹੀਰਾ ਉਨ੍ਹਾਂ ਦੇ ਅਫ਼ਗਾਨ ਅੰਗ-ਰੱਖਿਅਕ ਅਹਿਮਦ ਸ਼ਾਹ ਅਬਦਾਲੀ ਕੋਲ ਆਇਆ ਅਤੇ ਕਈ ਹੱਥਾਂ ਤੋਂ ਹੁੰਦਾ ਹੋਇਆ 1813 ਵਿੱਚ ਮਹਾਂਰਾਜਾ ਰਣਜੀਤ ਸਿੰਘ ਕੋਲ ਪਹੁੰਚਿਆ।
ਇਸ ਬਾਰੇ ਭਾਰਤ ਦੇ ਰਾਸ਼ਟਰੀ ਪੁਰਾਲੇਖ ਵਿੱਚ ਦੱਸਿਆ ਗਿਆ ਹੈ, ''ਮਹਾਰਾਜਾ ਰਣਜੀਤ ਸਿੰਘ ਕੋਹਿਨੂਰ ਨੂੰ ਦਿਵਾਲੀ, ਦੁਸ਼ਿਹਰੇ ਅਤੇ ਵੱਡੇ ਤਿਓਹਾਰਾਂ ਮੌਕੇ ਆਪਣੀ ਬਾਂਹ ਵਿੱਚ ਬੰਨ੍ਹ ਕੇ ਨਿਕਲਦੇ ਸਨ। ਜਦੋਂ ਵੀ ਕੋਈ ਬਰਤਾਨਵੀ ਅਫ਼ਸਰ ਉਨ੍ਹਾਂ ਦੇ ਦਰਬਾਰ ਵਿੱਚ ਆਉਂਦਾ ਸੀ ਤਾਂ ਉਸ ਨੂੰ ਇਹ ਹੀਰਾ ਖ਼ਾਸ ਤੌਰ 'ਤੇ ਦਿਖਾਇਆ ਜਾਂਦਾ ਸੀ। ਜਦੋਂ ਵੀ ਉਹ ਮੁਲਤਾਨ, ਪੇਸ਼ਾਵਰ ਜਾਂ ਦੂਜੇ ਸ਼ਹਿਰਾਂ ਦੇ ਦੌਰੇ 'ਤੇ ਜਾਂਦੇ ਸਨ, ਕੋਹਿਨੂਰ ਉਨ੍ਹਾਂ ਦੇ ਨਾਲ ਜਾਂਦਾ ਸੀ।''

ਤਸਵੀਰ ਸਰੋਤ, JUGGERNAUT
ਐਂਗਲੋ-ਸਿੱਖ ਲੜਾਈ ਵਿੱਚ ਅੰਗਰੇਜ਼ਾ ਦੀ ਜਿੱਤ ਤੋਂ ਬਾਅਦ ਕੋਹਿਨੂਰ ਉਨ੍ਹਾਂ ਦੇ ਹੱਥ ਲੱਗਿਆ
1839 ਵਿੱਚ ਰਣਜੀਤ ਸਿੰਘ ਦੀ ਮੌਤ ਹੋ ਗਈ। ਸਖ਼ਤ ਸੱਤਾ ਸੰਘਰਸ਼ ਤੋਂ ਬਾਅਦ 1843 ਵਿੱਚ ਪੰਜ ਸਾਲਾ ਦਲੀਪ ਸਿੰਘ ਨੂੰ ਪੰਜਾਬ ਦਾ ਰਾਜਾ ਬਣਾਇਆ ਗਿਆ।
ਪਰ ਦੂਜੀ ਐਂਗਲੋ-ਸਿੱਖ ਜੰਗ ਵਿੱਚ ਅੰਗਰੇਜ਼ਾਂ ਦੀ ਜਿੱਤ ਤੋਂ ਬਾਅਦ ਉਨ੍ਹਾਂ ਦੇ ਸਾਮਰਾਜ ਅਤੇ ਕੋਹਿਨੂਰ 'ਤੇ ਅੰਗਰੇਜ਼ਾਂ ਦਾ ਕਬਜ਼ਾ ਹੋ ਗਿਆ।
ਦਲੀਪ ਸਿੰਘ ਨੂੰ ਉਨ੍ਹਾਂ ਦੀ ਮਾਂ ਤੋਂ ਅਲੱਗ ਕਰਕੇ ਇੱਕ ਅੰਗਰੇਜ਼ ਜੋੜੇ ਨਾਲ ਰਹਿਣ ਲਈ ਫ਼ਤਿਹਗੜ੍ਹ ਕਿਲ੍ਹੇ ਵਿਚ ਭੇਜ ਦਿੱਤਾ ਗਿਆ।
ਲਾਰ਼ਡ ਡਲਹੌਜ਼ੀ ਖ਼ੁਦ ਕੋਹਿਨੂਰ ਲੈਣ ਲਾਹੌਰ ਆਏ। ਉਥੋਂ ਦੇ ਤੋਸ਼ੇਖਾਨੇ ਤੋਂ ਹੀਰਿਆਂ ਨੂੰ ਕੱਢਵਾ ਕੇ ਡਲਹੌਜ਼ੀ ਦੇ ਹੱਥਾਂ ਵਿੱਚ ਰੱਖਿਆ ਗਿਆ।
ਉਸ ਸਮੇਂ ਉਸ ਦਾ ਵਜਨ 190.3 ਕੈਰੇਟ ਸੀ। ਲਾਰਡ ਡਲਹੌਜ਼ੀ ਨੇ ਕੋਹਿਨੂਰ ਨੂੰ ਪਾਣੀ ਦੇ ਜਹਾਜ਼ 'ਮੇਡੀਆ' ਰਾਹੀਂ ਮਹਾਰਾਣੀ ਵਿਕਟੋਰੀਆ ਨੂੰ ਭੇਜਣ ਦਾ ਫ਼ੈਸਲਾ ਲਿਆ। ਉਸ ਜਹਾਜ਼ ਨੂੰ ਰਸਤੇ ਵਿੱਚ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।
ਕੋਹਿਨੂਰ ਲੈ ਜਾਣ ਵਾਲਾ ਜਹਾਜ਼ ਮੁਸੀਬਤਾਂ ਵਿੱਚ ਫ਼ਸਿਆ
'ਕੋਹਿਨੂਰ ਦਾ ਸਟੋਰੀ ਆਫ਼ ਵਰਲਡਜ਼ ਮੋਸਟ ਇਨਫ਼ੇਮਸ ਡਾਇਮੰਡ' ਦੇ ਸਹਿ-ਲੇਖਕ ਅਨੀਤਾ ਆਨੰਦ ਦੱਸਦੇ ਹਨ, ''ਜਦੋਂ ਕੋਹਿਨੂਰ ਨੂੰ ਜਹਾਜ਼ 'ਤੇ ਚੜਾਇਆ ਗਿਆ ਤਾਂ ਜਹਾਜ਼ ਦੇ ਚਾਲਕਾਂ ਨੂੰ ਇਸ ਦੀ ਭਨਕ ਵੀ ਨਹੀਂ ਪੈਣ ਦਿੱਤੀ ਗਈ ਕਿ ਉਹ ਆਪਣੇ ਨਾਲ ਕੀ ਲੈ ਜਾ ਰਹੇ ਹਨ।
ਮੇਡੀਆ ਨਾਮ ਦੇ ਇਸ ਜਹਾਜ਼ ਦੇ ਇੰਗਲੈਂਡ ਰਵਾਨਾ ਹੋਣ ਤੋਂ ਇੱਕ ਦੋ ਹਫ਼ਤਿਆਂ ਤੱਕ ਤਾਂ ਕੋਈ ਸਮੱਸਿਆ ਨਹੀਂ ਆਈ ਪਰ ਫ਼ਿਰ ਕੁਝ ਲੋਕ ਬੀਮਾਰ ਹੋ ਗਏ ਅਤੇ ਜਹਾਜ਼ 'ਤੇ ਹੈਜ਼ਾ ਫ਼ੈਲ ਗਿਆ। ਜਹਾਜ਼ ਦੇ ਕਪਤਾਨ ਨੇ ਚਾਲਕਾਂ ਨੂੰ ਕਿਹਾ ਕਿ ਚਿੰਤਾ ਦੀ ਕੋਈ ਗੱਲ ਨਹੀਂ ਹੈ ਕਿਉਂਕਿ ਮੌਰੀਸ਼ਿਅਸ ਆਉਣ ਵਾਲਾ ਹੈ।
ਉੱਥੇ ਸਾਨੂੰ ਦਵਾਈ ਅਤੇ ਖਾਣਾ ਮਿਲੇਗਾ ਅਤੇ ਸਭ ਕੁਝ ਠੀਕ ਹੋ ਜਾਵੇਗਾ। ਪਰ ਜਦੋਂ ਜਹਾਜ਼ ਮੌਰੀਸ਼ਿਅਸ ਪਹੁੰਚਣ ਵਾਲਾ ਸੀ, ਉਥੋਂ ਦੇ ਲੋਕਾਂ ਤੱਕ ਜਹਾਜ਼ ਵਿੱਚ ਬੀਮਾਰ ਲੋਕਾਂ ਬਾਰੇ ਖ਼ਬਰ ਪਹੁੰਚ ਗਈ।
ਉਨ੍ਹਾਂ ਨੇ ਧਮਕੀ ਦਿੱਤੀ ਕਿ ਜੇ ਜਹਾਜ਼ ਤੱਟ ਦੇ ਨੇੜੇ ਵੀ ਪਹੁੰਚਿਆ ਤਾਂ ਉਹ ਇਸ ਨੂੰ ਤੋਪਾਂ ਨਾਲ ਉਡਾ ਦੇਣਗੇ।
ਚਾਲਕ ਦਲ ਜੋ ਹੈਜਾ ਫ਼ੈਲਣ ਤੋਂ ਬਾਅਦ ਬਹੁਤ ਮੁਸ਼ਕਿਲ ਵਿੱਚ ਆ ਗਿਆ ਸੀ, ਇਹ ਹੀ ਮਨਾਉਂਦਾ ਰਿਹਾ ਕਿ ਉਹ ਕਿਸੇ ਤਰੀਕੇ ਇੰਗਲੈਂਡ ਪਹੁੰਚ ਜਾਣਗੇ।
ਰਸਤੇ ਵਿੱਚ ਉਨ੍ਹਾਂ ਨੂੰ ਇੱਕ ਬਹੁਤ ਹੀ ਵੱਡੇ ਸਮੁੰਦਰੀ ਤੂਫ਼ਾਨ ਦਾ ਵੀ ਸਾਹਮਣਾ ਕਰਨਾ ਪਿਆ, ਜਿਸ ਨੇ ਜਹਾਜ਼ ਨੂੰ ਤਕਰੀਬਨ ਦੋ ਹਿੱਸਿਆਂ ਵਿੱਚ ਤੋੜ ਦਿੱਤਾ।
ਜਦੋਂ ਉਹ ਇੰਗਲੈਂਡ ਪਹੁੰਚੇ ਤਾਂ ਜਾ ਕੇ ਉਨ੍ਹਾਂ ਨੂੰ ਪਤਾ ਲੱਗਿਆ ਕਿ ਉਹ ਆਪਣੇ ਨਾਲ ਕੋਹਿਨੂਰ ਲਿਆ ਰਹੇ ਸਨ ਅਤੇ ਸ਼ਾਇਦ ਇਸੇ ਕਾਰਨ ਉਨ੍ਹਾਂ ਨੂੰ ਇੰਨੀਆਂ ਔਖਿਆਈਆਂ ਦਾ ਸਾਹਮਣਾ ਕਰਨਾ ਪਿਆ।

ਤਸਵੀਰ ਸਰੋਤ, JUGGERNAUT
ਲੰਦਨ ਵਿੱਚ ਕੋਹਿਨੂਰ ਦਾ ਸ਼ਾਨਦਾਰ ਸਵਾਗਤ
ਜਦੋਂ ਕੋਹਿਨੂਰ ਲੰਦਨ ਪਹੁੰਚਿਆ ਤਾਂ ਉਸ ਨੂੰ ਕ੍ਰਿਸਟਲ ਪੈਲੇਸ ਵਿੱਚ ਬਰਤਾਨਵੀ ਜਨਤਾ ਦੇ ਸਾਹਮਣੇ ਪ੍ਰਦਰਸ਼ਿਤ ਕੀਤਾ ਗਿਆ। ਵਿਲੀਅਮ ਕਹਿੰਦੇ ਹਨ, 'ਕੋਹਿਨੂਰ ਨੂੰ ਬਰਤਾਨਵੀਆ ਲੈ ਜਾਣ ਦੇ ਤਿੰਨ ਸਾਲ ਬਾਅਦ ਉਸ ਦੀ ਨੁਮਾਇਸ਼ ਕੀਤੀ ਗਈ।'
ਦਿ ਟਾਈਮਜ਼ ਨੇ ਲਿਖਿਆ ਕਿ ਲੰਦਨ ਵਿੱਚ ਇਸ ਤੋਂ ਪਹਿਲਾਂ ਲੋਕਾਂ ਦਾ ਇੰਨਾ ਵੱਡਾ ਇਕੱਠ ਕਦੀ ਨਹੀਂ ਦੇਖਿਆ ਗਿਆ ਸੀ। ਪ੍ਰਦਰਸ਼ਨੀ ਜਦੋਂ ਸ਼ੁਰੂ ਹੋਈ ਤਾਂ ਲਗਾਤਾਰ ਬੂੰਦਾਬਾਂਦੀ ਹੋ ਰਹੀ ਸੀ।
ਜਦੋਂ ਲੋਕ ਪ੍ਰਦਰਸ਼ਨੀ ਦੇ ਦਰਵਾਜ਼ੇ 'ਤੇ ਪਹੁੰਚੇ ਤਾਂ ਲੋਕਾਂ ਨੂੰ ਅੰਦਰ ਵੜਨ ਲਈ ਘੰਟਿਆ ਤੱਕ ਲਾਈਨ ਵਿੱਚ ਲੱਗਣਾ ਪਿਆ। ਇਹ ਹੀਰਾ ਪੂਰਬ ਵਿੱਚ ਬਰਤਾਨਵੀ ਸ਼ਾਸਨ ਦੀ ਤਾਕਤ ਦਾ ਪ੍ਰਤੀਕ ਬਣ ਗਿਆ ਸੀ ਅਤੇ ਬਰਤਾਨੀਆ ਦੀ ਫ਼ੌਜੀ ਤਾਕਤ ਦੇ ਵੱਧਦੇ ਅਸਰ ਨੂੰ ਵੀ ਦਿਖਾਉਂਦਾ ਸੀ।

ਤਸਵੀਰ ਸਰੋਤ, JUGGERNAUT
ਦਲੀਪ ਸਿੰਘ ਨੇ ਕੋਹਿਨੂਰ ਰਾਣੀ ਵਿਕਟੋਰੀਆ ਨੂੰ ਭੇਟ ਕੀਤਾ
ਮਹਾਰਾਣੀ ਵਿਕਟੋਰੀਆ ਨਾਲ ਮਿਲਣ ਦੀ ਇੱਛਾ ਪ੍ਰਗਟ ਕੀਤੀ। ਰਾਣੀ ਇਸ ਲਈ ਤਿਆਰ ਵੀ ਹੋ ਗਈ। ਉਥੇ ਹੀ ਦਲੀਪ ਸਿੰਘ ਨੇ ਰਾਣੀ ਵਿਕਟੋਰੀਆ ਕੋਲ ਰੱਖੇ ਕੋਹਿਨੂਰ ਹੀਰੇ ਨੂੰ ਉਨ੍ਹਾਂ ਨੂੰ ਭੇਟ ਕੀਤਾ।
ਅਨੀਤਾ ਆਨੰਦ ਦੱਸਦੇ ਹਨ, ''ਰਾਣੀ ਵਿਕਟੋਰੀਆ ਨੂੰ ਹਮੇਸ਼ਾ ਬੁਰਾ ਲੱਗਦਾ ਸੀ ਕਿ ਉਨ੍ਹਾਂ ਦੀ ਹਕੂਮਤ ਨੇ ਜੋ ਇੱਕ ਬੱਚੇ ਨਾਲ ਕੀਤਾ ਸੀ।''
ਉਹ ਦਲੀਪ ਸਿੰਘ ਨੂੰ ਦਿਲ ਤੋਂ ਚਾਹੁੰਦੀ ਸੀ। ਇਸ ਲਈ ਉਨ੍ਹਾਂ ਨੂੰ ਦਲੀਪ ਸਿੰਘ ਨਾਲ ਵਿਵਹਾਰ 'ਤੇ ਦੁੱਖ਼ ਸੀ। ਹਾਲਾਂਕਿ ਕੋਹਿਨੂਰ ਉਨ੍ਹਾਂ ਕੋਲ ਦੋ ਸਾਲ ਪਹਿਲਾਂ ਪਹੁੰਚ ਚੁੱਕਿਆ ਸੀ ਪਰ ਉਨ੍ਹਾਂ ਨੇ ਉਸ ਨੂੰ ਜਨਤਕ ਤੌਰ 'ਤੇ ਕਦੀ ਨਹੀਂ ਸੀ ਪਹਿਨਿਆ। ਉਨ੍ਹਾਂ ਨੂੰ ਲੱਗਦਾ ਸੀ ਕਿ ਜੇ ਦਲੀਪ ਨੇ ਇਸ ਨੂੰ ਦੇਖਿਆ ਤਾਂ ਉਹ ਉਨ੍ਹਾਂ ਬਾਰੇ ਕੀ ਸੋਚੇਗਾ।
ਉਸ ਜ਼ਮਾਨੇ ਵਿੱਚ ਇੱਕ ਮਸ਼ਹੂਰ ਚਿੱਤਰਕਾਰ ਫ਼ਰਾਜ਼ ਜ਼ੇਵਰ ਵਿੰਟਰਹਾਲਟਰ ਹੋਇਆ ਕਰਦੇ ਸਨ।
ਰਾਣੀ ਨੇ ਉਨ੍ਹਾਂ ਨੂੰ ਦਲੀਪ ਦਾ ਇੱਕ ਚਿੱਤਰ ਬਣਾਉਣ ਲਈ ਕਿਹਾ ਜਿਸ ਨੂੰ ਉਹ ਆਪਣੇ ਮਹਿਲ ਵਿੱਚ ਲਗਾਉਣਾ ਚਾਹੁੰਦੀ ਸੀ।

ਤਸਵੀਰ ਸਰੋਤ, JUGGERNAUT
ਜਦੋਂ ਦਲੀਪ ਸਿੰਘ ਬਕਿੰਘਮ ਪੈਲੇਸ ਦੇ ਵ੍ਹਾਈਟ ਡਰਾਇੰਗ ਰੂਮ ਵਿੱਚ ਮੰਚ 'ਤੇ ਖੜ੍ਹੇ ਹੋਏ ਆਪਣਾ ਚਿੱਤਰ ਬਣਵਾ ਰਹੇ ਸਨ ਤਾਂ ਰਾਣੀ ਨੇ ਇੱਕ ਸੈਨਿਕ ਨੂੰ ਸੱਦ ਕੇ ਇੱਕ ਬਕਸਾ ਲਿਆਉਣ ਨੂੰ ਕਿਹਾ ਜਿਸ ਵਿੱਚ ਕੋਹਿਨੂਰ ਰੱਖਿਆ ਹੋਇਆ ਸੀ।
ਉਨ੍ਹਾਂ ਨੇ ਦਲੀਪ ਸਿੰਘ ਨੂੰ ਕਿਹਾ ਕਿ ਮੈਂ ਤੁਹਾਨੂੰ ਇੱਕ ਚੀਜ਼ ਦਿਖਾਉਣਾ ਚਾਹੁੰਦੀ ਹਾਂ। ਦਲੀਪ ਸਿੰਘ ਨੇ ਕੋਹਿਨੂਰ ਨੂੰ ਦੇਖਦੇ ਹੀ ਆਪਣੇ ਹੱਥਾਂ ਵਿੱਚ ਚੁੱਕ ਲਿਆ। ਉਸ ਨੂੰ ਉਨ੍ਹਾਂ ਨੇ ਖਿੜਕੀ ਦੇ ਕੋਲ ਲਿਜਾ ਕੇ ਧੁੱਪ ਵਿੱਚ ਦੇਖਿਆ। ਉਸ ਸਮੇਂ ਤੱਕ ਉਸ ਕੋਹਿਨੂਰ ਦੀ ਸ਼ਕਲ ਬਦਲ ਚੁੱਕੀ ਸੀ, ਉਸ ਨੂੰ ਕੱਟਿਆ ਜਾ ਚੁੱਕਿਆ ਸੀ।
ਹੁਣ ਇਹ ਉਹ ਕੋਹਿਨੂਰ ਨਹੀਂ ਸੀ ਰਿਹਾ ਜਿਸ ਨੂੰ ਦਲੀਪ ਸਿੰਘ ਉਸ ਸਮੇਂ ਪਹਿਨਿਆ ਕਰਦੇ ਸਨ, ਜਦੋਂ ਉਹ ਪੰਜਾਬ ਦੇ ਮਹਾਰਾਜਾ ਹੋਇਆ ਕਰਦੇ ਸਨ।
ਥੋੜ੍ਹੀ ਦੇਰ ਤੱਕ ਕੋਹਿਨੂਰ ਨੂੰ ਦੇਖਣ ਤੋਂ ਬਾਅਦ ਦਲੀਪ ਸਿੰਘ ਨੇ ਮਹਾਰਾਣੀ ਨੂੰ ਕਿਹਾ, ''ਯੋਅਰ ਮੇਜੇਸਟੀ ਮੇਰੇ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਮੈਂ ਇਹ ਹੀਰਾ ਤੁਹਾਨੂੰ ਤੋਹਫ਼ੇ ਵਿੱਚ ਦੇਵਾਂ।''
ਵਿਕਟੋਰੀਆ ਨੇ ਉਹ ਹੀਰਾ ਉਨ੍ਹਾਂ ਤੋਂ ਲਿਆ ਅਤੇ ਆਪਣੀ ਮੌਤ ਤੱਕ ਲਗਾਤਾਰ ਉਸ ਨੂੰ ਪਹਿਨੀ ਰੱਖਿਆ।

ਤਸਵੀਰ ਸਰੋਤ, JUGGERNAUT
ਦਲੀਪ ਸਿੰਘ ਆਪਣੀ ਮਾਂ ਨੂੰ ਮਿਲਣ ਭਾਰਤ ਪਹੁੰਚੇ
ਰਾਣੀ ਜਿੰਦਾਂ ਉਸ ਸਮੇਂ ਨੇਪਾਲ ਵਿੱਚ ਰਹਿ ਰਹੇ ਸਨ। ਉਨ੍ਹਾਂ ਨੂੰ ਆਪਣੇ ਬੇਟੇ ਨਾਲ ਮਿਲਾਉਣ ਲਈ ਕਲਕੱਤਾ ਲਿਆਇਆ ਗਿਆ।
ਅਨੀਤਾ ਆਨੰਦ ਦੱਸਦੇ ਹਨ, ''ਦਲੀਪ ਉੱਥੇ ਪਹਿਲਾਂ ਤੋਂ ਹੀ ਪਹੁੰਚੇ ਹੋਏ ਸਨ। ਰਾਣੀ ਜਿੰਦਾਂ ਕੌਰ ਨੂੰ ਉਨ੍ਹਾਂ ਸਾਹਮਣੇ ਲਿਆਂਦਾ ਗਿਆ। ਜਿੰਦਾਂ ਨੇ ਕਿਹਾ ਕਿ ਹੁਣ ਕਦੀ ਵੀ ਉਨ੍ਹਾਂ ਦਾ ਸਾਥ ਨਹੀਂ ਛੱਡਣਗੇ।
ਉਹ ਜਿਥੇ ਵੀ ਜਾਣਗੇ, ਉਹ (ਜਿੰਦਾਂ) ਉਨ੍ਹਾਂ ਦੇ ਨਾਲ ਜਾਣਗੇ। ਉਸ ਸਮੇਂ ਤੱਕ ਜਿੰਦਾਂ ਆਪਣੀਆਂ ਅੱਖਾਂ ਦੀ ਰੌਸ਼ਨੀ ਗਵਾ ਚੁੱਕੇ ਸਨ।
ਉਨ੍ਹਾਂ ਨੇ ਜਦੋਂ ਦਲੀਪ ਸਿੰਘ ਦੇ ਸਿਰ 'ਤੇ ਹੱਥ ਫ਼ੇਰਿਆ ਤਾਂ ਉਨ੍ਹਾਂ ਨੂੰ ਝਟਕਾ ਲੱਗਿਆ ਕਿ ਦਲੀਪ ਸਿੰਘ ਨੇ ਆਪਣੇ ਵਾਲ ਕਟਵਾ ਦਿੱਤੇ ਸਨ। ਦੁੱਖ ਵਿੱਚ ਉਨ੍ਹਾਂ ਦੀ ਚੀਕ ਨਿਕਲ ਗਈ। ਉਸੇ ਸਮੇਂ ਕੁਝ ਸਿੱਖ ਸੈਨਿਕ ਓਪੀਅਮ ਵਾਰ ਵਿੱਚ ਹਿੱਸਾ ਲੈ ਕੇ ਚੀਨ ਤੋਂ ਵਾਪਸ ਆ ਰਹੇ ਸਨ।
ਉਨ੍ਹਾਂ ਨੂੰ ਜਦੋਂ ਪਤਾ ਲੱਗਿਆ ਕਿ ਜਿੰਦਾਂ ਕਲਕੱਤਾ ਪਹੁੰਚੀ ਹੋਈ ਹੈ ਤਾਂ ਉਹ ਸਪੇਂਸ ਹੋਟਲ ਦੇ ਬਾਹਰ ਪਹੁੰਚ ਗਏ ਜਿਥੇ ਜਿੰਦਾਂ ਆਪਣੇ ਬੇਟੇ ਦਲੀਪ ਨੂੰ ਮਿਲ ਰਹੀ ਸੀ।
ਉਨ੍ਹਾਂ ਨੇ ਜ਼ੋਰ-ਜ਼ੋਰ ਨਾਲ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ, 'ਬੋਲੇ ਸੋ ਨਿਹਾਲ, ਸਤਿ ਸ਼੍ਰੀ ਅਕਾਲ।'
ਇਸ ਤੋਂ ਘਬਰਾ ਕੇ ਅੰਗਰੇਜ਼ਾਂ ਨੇ ਦੋਵਾਂ ਮਾਂ ਬੇਟੇ ਨੂੰ ਪਾਣੀ ਦੇ ਜਹਾਜ਼ ਵਿੱਚ ਬਿਠਾਕੇ ਇੰਗਲੈਂਡ ਲਈ ਰਵਾਨਾ ਕਰ ਦਿੱਤਾ।

ਤਸਵੀਰ ਸਰੋਤ, JUGGERNAUT
ਦਲੀਪ ਸਿੰਘ ਦਾ ਰਾਣੀ ਵਿਕਟੋਰੀਆ ਨਾਲ ਹੋਇਆ ਮਨ ਖੱਟਾ
ਦਲੀਪ ਸਿੰਘ ਹੌਲੀ-ਹੌਲੀ ਰਾਣੀ ਵਿਕਟੋਰੀਆ ਦੇ ਖ਼ਿਲਾਫ਼ ਹੁੰਦੇ ਚਲੇ ਗਏ। ਉਨ੍ਹਾਂ ਨੂੰ ਲੱਗਣ ਲੱਗਿਆ ਕਿ ਉਨ੍ਹਾਂ ਨੇ ਦਲੀਪ ਸਿੰਘ ਨਾਲ ਬੇਇੰਨਸਾਫ਼ੀ ਕੀਤੀ ਹੈ। ਉਨ੍ਹਾਂ ਦੇ ਮਨ ਵਿੱਚ ਇਹ ਗੱਲ ਘਰ ਕਰ ਗਈ ਕਿ ਉਹ ਆਪਣੇ ਪੁਰਾਣੇ ਸਾਮਰਾਜ ਨੂੰ ਦੁਬਾਰਾ ਜਿੱਤਣਗੇ। ਉਹ ਭਾਰਤ ਲਈ ਰਵਾਨਾ ਵੀ ਹੋਏ ਪਰ ਆਦੇਨ ਤੋਂ ਅੱਗੇ ਨਹੀਂ ਵੱਧ ਸਕੇ।
21 ਅਪ੍ਰੈਲ, 1886 ਨੂੰ ਉਨ੍ਹਾਂ ਅਤੇ ਪਰਿਵਾਰ ਨੂੰ ਪੋਰਟ ਸਈਦ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ। ਬਾਅਦ ਵਿੱਚ ਉਨ੍ਹਾਂ ਨੂੰ ਛੱਡਿਆ ਗਿਆ ਪਰ ਉਨ੍ਹਾਂ ਦਾ ਸਭ ਕੁਝ ਖੋਹ ਲਿਆ ਗਿਆ।
21 ਅਕਤੂਬਰ, 1893 ਨੂੰ ਪੈਰਿਸ ਦੇ ਇੱਕ ਬਹੁਤ ਹੀ ਮਾਮੂਲੀ ਹੋਟਲ ਵਿੱਚ ਉਨ੍ਹਾਂ ਦੀ ਲਾਸ਼ ਮਿਲੀ।
ਉਸ ਸਮੇਂ ਦਲੀਪ ਸਿੰਘ ਦੇ ਨਾਲ ਉਨ੍ਹਾਂ ਦੇ ਪਰਿਵਾਰ ਦਾ ਕੋਈ ਵੀ ਸ਼ਖ਼ਸ ਮੌਜੂਦ ਨਹੀਂ ਸੀ। ਇਸ ਦੇ ਨਾਲ ਹੀ ਮਹਾਰਾਜਾ ਰਣਜੀਤ ਸਿੰਘ ਦਾ ਖ਼ਾਨਦਾਨ ਹਮੇਸ਼ਾ ਲਈ ਖ਼ਤਮ ਹੋ ਗਿਆ।
ਕੋਹਿਨੂਰ ਟਾਵਰ ਆਫ਼ ਲੰਡਨ ਵਿੱਚ ਮੌਜੂਦ
ਮਹਾਰਾਣੀ ਤੋਂ ਬਾਅਦ ਉਨ੍ਹਾਂ ਨੇ ਬੇਟੇ ਮਹਾਰਾਜਾ ਐਡਵਰਡ ਸੱਤਵੇਂ ਨੇ ਕੋਹਿਨੂਰ ਨੂੰ ਆਪਣੇ ਤਾਜ ਵਿੱਚ ਨਹੀਂ ਲਗਾਇਆ।
ਪਰ ਉਨ੍ਹਾਂ ਦੀ ਪਤਨੀ ਮਹਾਰਾਣੀ ਅਲੇਕਜ਼ੈਂਡਰਾ ਦੇ ਤਾਜ ਵਿੱਚ ਕੋਹਿਨੂਰ ਨੂੰ ਜਗ੍ਹਾ ਮਿਲੀ। ਕੋਹਿਨੂਰ ਦੇ ਨਾਲ ਇੱਕ ਅੰਧਵਿਸ਼ਵਾਸ ਫ਼ੈਲ ਗਿਆ ਕਿ ਜੋ ਕੋਈ ਪੁਰਸ਼ ਉਸ ਨੂੰ ਹੱਥ ਲਗਾਏਗਾ, ਉਹ ਉਸ ਨੂੰ ਬਰਬਾਦ ਕਰ ਦੇਵੇਗਾ। ਪਰ ਔਰਤਾਂ ਦੇ ਇਸ ਨੂੰ ਪਹਿਣਨ ਵਿੱਚ ਕੋਈ ਦਿੱਕਤ ਨਹੀਂ ਸੀ।
ਬਾਅਦ ਵਿੱਚ ਭਵਿੱਖ ਦੇ ਰਾਜਾ ਜਾਰਜ ਪੰਜਵੇ ਦੀ ਪਤਨੀ ਰਾਜਕੁਮਾਰੀ ਮੇਰੀ ਨੇ ਵੀ ਉਸ ਨੂੰ ਆਪਣੇ ਤਾਜ ਵਿੱਚ ਪਹਿਨਿਆ। ਪਰ ਇਸ ਤੋਂ ਬਾਅਦ ਮਹਾਰਾਣੀ ਐਲਿਜ਼ਾਬੈਥ ਦੂਜੀ ਨੇ ਕੋਹਿਨੂਰ ਨੂੰ ਆਪਣੇ ਤਾਜ ਵਿੱਚ ਜਗ੍ਹਾ ਨਹੀਂ ਦਿੱਤੀ।
ਅੱਜ ਕੱਲ ਦੁਨੀਆਂ ਦਾ ਇਹ ਸਭ ਤੋਂ ਮਸ਼ਹੂਰ ਹੀਰਾ ਟਾਵਰ ਆਫ਼ ਲੰਡਨ ਦੇ ਜੇਵੇਲ ਹਾਊਸ ਵਿੱਚ ਰੱਖਿਆ ਹੋਇਆ ਹੈ।
(ਇਹ ਰਿਪੋਰਟ 2021 ਦੀ ਹੈ)
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ














