ਕੋਰੋਨਾਵਾਇਰਸ: ਤੁਹਾਡੇ ਘਰ ਤੇ ਦਫ਼ਤਰ AC ਲੱਗਿਆ ਇਸ ਗੱਲ ਦਾ ਧਿਆਨ ਰੱਖਿਓ

    • ਲੇਖਕ, ਗੁਰਪ੍ਰੀਤ ਸੈਣੀ
    • ਰੋਲ, ਬੀਬੀਸੀ ਪੱਤਰਕਾਰ

ਗਰਮੀ ਦੇ ਮੌਸਮ ਵਿਚ ਵਰਗੀ ਲੂੰ ਦੌਰਾਨ ਏਸੀ ਦਾ ਨਜ਼ਾਰਾ ਕੌਣ ਲਈ ਲੈਣਾ ਚਾਹੁੰਦਾ। ਪਰ ਕੋਰੋਨਾ ਦੀ ਮਹਾਮਾਰੀ ਦੌਰਾਨ ਇਹ ਵੀ ਕਿਹਾ ਜਾਣ ਲੱਗਾ ਹੈ ਕਿ ਏਸੀ ਕਾਰਨ ਕੋਰੋਨਾ ਵਧਣ ਦੇ ਖ਼ਤਰੇ ਵਧੇਰੇ ਹਨ।

ਸੋਸ਼ਲ ਮੀਡੀਆ ਅਤੇ ਵਟਸਐਪ 'ਤੇ ਬਹੁਤ ਸਾਰੇ ਮੈਸੇਜ ਇਸ ਦਾਅਵੇ ਨਾਲ ਸਾਂਝੇ ਕੀਤੇ ਜਾ ਰਹੇ ਹਨ ਕਿ ਏਸੀ ਤੋਂ ਕੋਰੋਨਾਵਾਇਰਸ ਦੀ ਲਾਗ ਫੈਲਣ ਦਾ ਜੋਖ਼ਮ ਵੱਧ ਜਾਂਦਾ ਹੈ।

ਇਨ੍ਹਾਂ ਮੈਸੇਜਾਂ ਨਾਲ ਲੋਕਾਂ ਦੇ ਮਨਾਂ ਵਿੱਚ ਏਸੀ ਬਾਰੇ ਸ਼ੰਕਾ ਪੈਦਾ ਹੋ ਗਈ ਹੈ। ਪਰ ਕੀ ਸੱਚਮੁੱਚ ਅਜਿਹਾ ਹੈ?

ਇਸ ਮਾਮਲੇ ਵਿੱਚ ਏਮਜ਼ ਦੇ ਨਿਰਦੇਸ਼ਕ ਰਣਦੀਪ ਗੁਲੇਰੀਆ ਨੇ ਇੱਕ ਟੀਵੀ ਚੈਨਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਏਸੀ ਚਲਾਉਣਾ ਇੰਨਾ ਮੁੱਦਾ ਨਹੀਂ ਹੈ ਜਿੰਨਾ ਕਰਾਸ ਵੈਂਟੀਲੇਸ਼ਨ ਦਾ ਹੈ।

ਘਰ ਅਤੇ ਕਾਰ ਦਾ ਏਸੀ

ਡਾ. ਗੁਲੇਰੀਆ ਦੇ ਅਨੁਸਾਰ, ਜੇ ਤੁਹਾਡੇ ਘਰ ਵਿੱਚ ਵਿੰਡੋ ਏਸੀ ਲੱਗਿਆ ਹੈ, ਤਾਂ ਤੁਹਾਡੇ ਕਮਰੇ ਦੀ ਹਵਾ ਤੁਹਾਡੇ ਕਮਰੇ ਵਿੱਚ ਹੀ ਰਹੇਗੀ, ਬਾਹਰ ਜਾਂ ਹੋਰ ਕਮਰਿਆਂ ਵਿੱਚ ਨਹੀਂ ਜਾਵੇਗੀ। ਇਸ ਲਈ ਘਰ ਵਿਚ ਵਿੰਡੋ AC ਜਾਂ ਗੱਡੀ ਵਿੱਚ AC ਲਾਉਣ ਨਾਲ ਕੋਈ ਮੁਸ਼ਕਲ ਨਹੀਂ ਹੈ।

ਪਰ ਇਸ ਨੂੰ ਧਿਆਨ ਵਿਚ ਰੱਖਣ ਦੀ ਜ਼ਰੂਰਤ ਹੈ ਕਿ ਕਮਰੇ ਵਿਚ ਲੱਗੇ ਵਿੰਡੋ ਏਸੀ ਦਾ ਇਗਜ਼ੌਸਟ ਚੰਗੀ ਤਰ੍ਹਾਂ ਨਾਲ ਬਾਹਰ ਹੋਵੇ, ਤਾਂ ਜੋ ਇਹ ਅਜਿਹੇ ਖੇਤਰ ਵਿਚ ਨਹੀਂ ਜਾ ਰਿਹਾ ਹੈ ਜਿੱਥੇ ਲੋਕ ਇਕੱਠੇ ਹੁੰਦੇ ਹਨ।

ਦਫ਼ਤਰ ਜਾਂ ਜਨਤਕ ਥਾਵਾਂ 'ਤੇ ਏਸੀ

ਡਾ. ਗੁਲੇਰੀਆ ਅਨੁਸਾਰ, ਜੇ ਦਫ਼ਤਰਾਂ ਜਾਂ ਜਨਤਕ ਥਾਵਾਂ 'ਤੇ ਸੈਂਟ੍ਰਲ ਏਸੀ ਹੈ, ਤਾਂ ਇਸਦਾ ਅਰਥ ਹੈ - ਹਵਾ ਸਾਰੇ ਕਮਰਿਆਂ ਵਿਚ ਘੁੰਮ ਰਹੀ ਹੈ, ਤਾਂ ਇੱਕ ਡਰ ਹੈ ਕਿ ਕਿਸੇ ਹੋਰ ਕਮਰੇ ਵਿਚ ਜਾਂ ਦਫ਼ਤਰ ਦੇ ਕਿਸੇ ਹੋਰ ਹਿੱਸੇ ਵਿੱਚ ਕੋਈ ਖੰਘਦਾ ਹੈ ਜਾਂ ਜੇ ਉਸਨੂੰ ਲਾਗ ਲੱਗ ਗਈ ਹੈ, ਤਾਂ ਏਸੀ ਦੇ ਡਕਟ ਤੋਂ ਇੱਕ ਕਮਰੇ ਤੋਂ ਦੂਜੇ ਕਮਰੇ ਵਿੱਚ ਉਸ ਦੇ ਫੈਲਣ ਦਾ ਖ਼ਤਰਾ ਹੈ।

ਹਸਪਤਾਲਾਂ ਵਿੱਚ ਬੰਦ ਕੀਤੇ ਗਏ ਸੈਂਟਰਲ ਏਸੀ

ਹਸਪਤਾਲਾਂ ਵਿਚ ਜਿੱਥੇ ਕੋਰੋਨਾ ਦੇ ਮਰੀਜ਼ਾਂ ਨੂੰ ਦਾਖ਼ਲ ਕੀਤਾ ਜਾ ਰਿਹਾ ਹੈ, ਉੱਥੇ ਸੈਂਟ੍ਰਲ ਏਸੀ ਬੰਦ ਕੀਤੇ ਜਾ ਰਹੇ ਹਨ ਅਤੇ ਉਨ੍ਹਾਂ ਦੀ ਜਗ੍ਹਾ ਵਿੰਡੋ ਏਸੀ ਲਗਾਏ ਜਾ ਰਹੇ ਹਨ।

ਡਾ. ਗੁਲੇਰੀਆ ਦੇ ਅਨੁਸਾਰ, ਹਸਪਤਾਲਾਂ ਵਿੱਚ ਏਸੀ ਵੀ ਜ਼ਰੂਰੀ ਹੈ ਕਿਉਂਕਿ ਜਿਵੇਂ ਜਿਵੇਂ ਗਰਮੀ ਵਧਦੀ ਜਾ ਰਹੀ ਹੈ, ਡਾਕਟਰਾਂ ਜਾਂ ਸਿਹਤ ਸੰਭਾਲ ਕਰਮਚਾਰੀਆਂ ਦੀਆਂ ਮੁਸ਼ਕਲਾਂ ਵੀ ਵਧਦੀਆਂ ਜਾਣਗੀਆਂ, ਕਿਉਂਕਿ ਉਹ ਸਾਰੇ ਪੀਪੀਈ ਪਹਿਨ ਕੇ ਮਰੀਜ਼ਾਂ ਨੂੰ ਵੇਖਦੇ ਹਨ ਜਿਸ ਕਾਰਨ ਉਨ੍ਹਾਂ ਨੂੰ ਗਰਮੀ ਵਿਚ ਬਹੁਤ ਪਸੀਨਾ ਆਉਂਦਾ ਹੈ। ਜੇ ਮਰੀਜ਼ਾਂ ਨੂੰ ਇਸ ਗਰਮੀ ਵਿੱਚ ਬਿਨਾਂ ਏਸੀ ਤੋਂ ਵੇਖਣਾ ਪਵੇਗਾ, ਤਾਂ ਇਕ ਹੋਰ ਸਮੱਸਿਆ ਖੜ੍ਹੀ ਹੋ ਜਾਵੇਗੀ।

ਕੀ ਕਹਿੰਦੀ ਹੈ ਰਿਸਰਚ?

ਅਮਰੀਕਾ ਦੇ ਸੇਂਟਰ ਆਫ਼ ਡਿਜ਼ੀਜ਼ ਕੰਟਰੋਲ ਅਤੇ ਪ੍ਰਿਵੇਂਸ਼ਨ ਨੇ ਵੀ ਇਕ ਖੋਜ ਕੀਤੀ ਜਿਸ ਵਿਚ ਇਹ ਵੇਖਿਆ ਗਿਆ ਕਿ ਕੀ ਇੱਕ ਚੀਨੀ ਰੈਸਟੋਰੈਂਟ ਵਿਚ ਕੋਵਿਡ -19 ਦੇ ਫੈਲਣ ਨੂੰ ਏਅਰ-ਕੰਡੀਸ਼ਨਿੰਗ ਨਾਲ ਜੋੜਿਆ ਗਿਆ ਸੀ? ਇਸ ਅਧਿਐਨ ਨੂੰ ਗੁਆਂਗਜ਼ੂ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਅਤੇ ਪ੍ਰੀਵੈਂਸ਼ਨ ਦੀ ਨੈਤਿਕ ਕਮੇਟੀ ਦੁਆਰਾ ਵੀ ਪ੍ਰਵਾਨਗੀ ਦਿੱਤੀ ਗਈ ਹੈ।

ਖੋਜ ਦੇ ਅਨੁਸਾਰ, 26 ਜਨਵਰੀ ਤੋਂ 10 ਫਰਵਰੀ, 2020 ਤੱਕ, ਨਾਵਲ ਕੋਰੋਨਾਵਾਇਰਸ ਨੇ ਤਿੰਨ ਪਰਿਵਾਰਾਂ ਦੇ 10 ਲੋਕਾਂ ਨੂੰ ਪ੍ਰਭਾਵਿਤ ਕੀਤਾ, ਜਿਨ੍ਹਾਂ ਸਾਰਿਆਂ ਨੇ ਚੀਨ ਦੇ ਗੁਆਂਗਜ਼ੂ ਸਿਟੀ ਵਿੱਚ ਇਕੋ ਏਅਰਕੰਡੀਸ਼ਨਡ ਰੈਸਟੋਰੈਂਟ ਵਿਚ ਖਾਧਾ ਸੀ। ਸਾਰਿਆਂ ਦੇ ਟੇਬਲਾਂ ਦੀ ਦੂਰੀ ਤਕਰੀਬਨ ਇਕ ਮੀਟਰ ਸੀ।

ਇਨ੍ਹਾਂ ਵਿਚੋਂ ਇਕ ਪਰਿਵਾਰ ਵੂਹਾਨ ਤੋਂ ਯਾਤਰਾ ਕਰਕੇ ਵਾਪਸ ਪਰਤਿਆ ਸੀ। 24 ਜਨਵਰੀ ਨੂੰ, ਫੈਮਲੀ ਏ ਨੇ ਉਸ ਰੈਸਟੋਰੈਂਟ ਵਿੱਚ ਰਾਤ ਦਾ ਖਾਣਾ ਖਾਧਾ। ਪਰਿਵਾਰ ਬੀ ਅਤੇ ਸੀ ਉਸਦੇ ਨੇੜੇ ਮੇਜ਼ ’ਤੇ ਬੈਠੇ ਸਨ। ਪਰਿਵਾਰ ਦੇ ਇੱਕ ਮੈਂਬਰ ਵਿੱਚ ਅਗਲੇ ਦਿਨ ਲੱਛਣ ਵਿਖਣ ਲੱਗੇ ਅਤੇ 5 ਫ਼ਰਵਰੀ ਨੂੰ ਉਸ ਪਰਿਵਾਰ ਦੇ ਚਾਰ ਹੋਰ ਮੈਂਬਰ ਅਤੇ ਪਰਿਵਾਰ ਬੀ ਦੇ ਤਿੰਨ ਅਤੇ ਪਰਿਵਾਰ ਸੀ ਦੇ ਦੋ ਮੈਂਬਰ ਬੀਮਾਰ ਹੋ ਗਏ।

ਰੈਸਟੋਰੈਂਟ ਵਿਚ ਸੈਂਟਰਲ ਏਅਰ ਕੰਡੀਸ਼ਨਰ ਸੀ, ਇਸ ਪੰਜ ਮੰਜ਼ਿਲਾ ਇਮਾਰਤ ਵਿਚ ਕੋਈ ਖਿੜਕੀ ਨਹੀਂ ਸੀ।

ਅਧਿਐਨ ਨੇ ਇਹ ਸਿੱਟਾ ਕੱਢਿਆ ਕਿ ਏਅਰ-ਕੰਡੀਸ਼ਨਡ ਵੈਂਟੀਲੇਸ਼ਨ ਦੀ ਵਜ੍ਹਾ ਨਾਲ ਬੂੰਦਾਂ ਦਾ ਟ੍ਰਾਂਸਮਿਸ਼ਨ ਹੋਇਆ। ਲਾਗ ਦਾ ਮੁੱਖ ਕਾਰਨ ਹਵਾ ਦਾ ਪ੍ਰਵਾਹ ਸੀ। ਖੋਜ ਨੇ ਸੁਝਾਅ ਦਿੱਤਾ ਕਿ ਕੋਵਿਡ -19 ਦੇ ਫੈਲਣ ਨੂੰ ਰੋਕਣ ਲਈ ਵੈਂਟੀਲੇਸ਼ਨ ਨੂੰ ਸੁਧਾਰਨ ਦੀ ਜ਼ਰੂਰਤ ਹੈ।

ਅਧਿਐਨ ਦੀਆਂ ਕਮੀਆਂ

ਅਮਰੀਕਾ ਦੇ ਸੇਂਟਰ ਆਫ਼ ਡਿਜ਼ੀਜ਼ ਕੰਟਰੋਲ ਅਤੇ ਪ੍ਰੀਵੈਂਸ਼ਨ ਨੇ ਵੀ ਸਵੀਕਾਰ ਕੀਤਾ ਕਿ ਉਸ ਦੇ ਅਧਿਐਨ ਦੀਆਂ ਆਪਣੀਆਂ ਸੀਮਾਵਾਂ ਸਨ, ਕਿਉਂਕਿ ਉਸਨੇ ਏਅਰਬੋਰਨ ਟਰਾਂਸਮਿਸ਼ਨ ਰੂਟ ਦਾ ਅਧਿਐਨ ਨਹੀਂ ਕੀਤਾ ਸੀ ਅਤੇ ਉੱਥੇ ਖਾਣਾ ਖਾ ਰਹੇ ਦੂਜੇ ਲੋਕਾਂ ਦੇ ਨਮੂਨਿਆਂ ਦਾ ਅਧਿਐਨ ਵੀ ਨਹੀਂ ਕਰ ਪਾਏ ਸੀ।

ਖੋਜ ਦੇ ਅਨੁਸਾਰ, ਕੋਈ ਵੀ ਰੈਸਟੋਰੈਂਟ ਕਰਮਚਾਰੀ ਜਾਂ ਉੱਥੇ ਖਾ ਰਹੇ ਹੋਰ ਲੋਕ ਪ੍ਰਭਾਵਿਤ ਨਹੀਂ ਹੋਏ। ਇਸ ਤੋਂ ਇਲਾਵਾ, ਏਅਰ ਕੰਡੀਸ਼ਨਰ ਦੇ ਸਾਰੇ ਸੈਂਪਲ ਨੈਗੇਟਿਵ ਸਨ।

ਮਹਾਰਾਸ਼ਟਰ ਸਰਕਾਰ ਦੀ ਸਲਾਹ

ਕੁਝ ਦਿਨ ਪਹਿਲਾਂ ਮਹਾਰਾਸ਼ਟਰ ਦੇ ਮੁੱਖ ਮੰਤਰੀ ਨੇ ਲੋਕਾਂ ਨੂੰ ਏਅਰ ਕੰਡੀਸ਼ਨਰ ਦੀ ਵਰਤੋਂ ਨਾ ਕਰਨ ਦੀ ਸਲਾਹ ਦਿੱਤੀ ਸੀ। ਉਨ੍ਹਾਂ ਕਿਹਾ ਕਿ ਕੇਂਦਰ ਦੀ ਐਡਵਾਇਜ਼ਰੀ ਹੈ ਕਿ ਗ਼ੈਰ ਜ਼ਰੂਰੀ ਕੂਲਿੰਗ, ਨਮੀ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।

21 ਮਾਰਚ ਨੂੰ ਮਹਾਰਾਸ਼ਟਰ ਸਰਕਾਰ ਨੇ ਵੀ ਏਅਰ ਕੰਡੀਸ਼ਨਰਾਂ ਦੀ ਵਰਤੋਂ ਸੀਮਤ ਕਰਨ ਲਈ ਇੱਕ ਸਰਕੂਲਰ ਜਾਰੀ ਕੀਤਾ ਸੀ।

ਸਰਕੂਲਰ ਵਿੱਚ ਲਿਖਿਆ ਗਿਆ ਸੀ, "ਸੂਰਜ ਦੀ ਰੌਸ਼ਨੀ ਦੇ ਅੰਦਰ ਰਹਿਣ ਲਈ, ਖਿੜਕੀਆਂ ਨੂੰ ਖੁੱਲ੍ਹਾ ਰੱਖਿਆ ਜਾਣਾ ਚਾਹੀਦਾ ਹੈ ਅਤੇ ਏਸੀ ਸਿਰਫ਼ ਉਦੋਂ ਹੀ ਚਲਾਉਣਾ ਚਾਹੀਦਾ ਹੈ, ਜਦੋਂ ਬਹੁਤ ਜ਼ਰੂਰੀ ਹੋਵੇ।"

ਮਹਾਰਾਸ਼ਟਰ ਦੇ ਸਿਹਤ ਮੰਤਰੀ ਰਾਜੇਸ਼ ਟੋਪ ਨੇ ਕਿਹਾ ਸੀ ਕਿ ਕੋਵਿਡ -19 ਵਾਇਰਸ, ਏਸੀ ਡਕਟ ਅਤੇ ਵੈਂਟ ਰਾਹੀਂ ਵੜ੍ਹ ਸਕਦਾ ਹੈ।

ਇਸ ਦੇ ਨਾਲ ਹੀ ਮਾਰਚ ਵਿਚ ਕਰਨਾਟਕ ਸਰਕਾਰ ਨੇ ਰੈਸਟੋਰੈਂਟਾਂ ਨੂੰ ਏਅਰ ਕੰਡੀਸ਼ਨਰ ਬੰਦ ਕਰਨ ਲਈ ਵੀ ਕਿਹਾ ਸੀ।

ਇਸ ਸਮੇਂ ਪੂਰੇ ਦੇਸ਼ ਵਿਚ ਲੌਕਡਾਊਨ ਹੈ ਅਤੇ ਰੈਸਟੋਰੈਂਟਾਂ ਸਮੇਤ ਜਨਤਕ ਥਾਵਾਂ ਬੰਦ ਹਨ। ਬਹੁਤ ਸਾਰੇ ਲੋਕ ਦਫ਼ਤਰਾਂ ਦੀ ਬਜਾਏ ਘਰੋਂ ਕੰਮ ਕਰਦੇ ਹਨ, ਇਸ ਲਈ ਉਹ ਸੈਂਟਰਲ ਏਸੀ ਤੋਂ ਬਚੇ ਹੋਏ ਹਨ।

ਪਰ ਸਵਾਲ ਇਹ ਵੀ ਮਹੱਤਵਪੂਰਨ ਹੈ ਕਿ ਕੀ ਕੇਂਦਰੀ ਏਸੀ ਵਾਇਰਸ ਫੈਲਾਉਣ ਵਿਚ ਸੱਚਮੁੱਚ ਮਦਦ ਕਰਦੇ ਹਨ?

ਇਸ ਦੇ ਬਾਰੇ ਵਿੱਚ, ਡਾ ਰੋਮਲ ਟੀਕੂ ਦਾ ਕਹਿਣਾ ਹੈ ਕਿ ਇਸ ਦੀ ਅਜੇ ਪੁਸ਼ਟੀ ਨਹੀਂ ਹੋਈ ਹੈ, ਕਿਸੇ ਵੀ ਸਥਿਤੀ ਵਿੱਚ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਇਹ ਲਾਗ ਏਅਰਕੰਡੀਸ਼ਨਰ ਦੇ ਕਾਰਨ ਹੋਇਆ ਸੀ। "ਕੁਝ ਅਜਿਹੀ ਗੱਲ ਜ਼ਰੂਰ ਹੋਈ ਹੈ ਕਿ ਹਵਾ ਦੇ ਕਾਰਨ ਵਾਇਰਸ ਰੀਸਾਈਕਲ ਕਰ ਰਿਹਾ ਸੀ, ਪਰ ਅਜੇ ਇਸਦੀ ਪੁਸ਼ਟੀ ਨਹੀਂ ਹੋ ਸਕੀ ਹੈ।"

ਉਨ੍ਹਾਂ ਦੇ ਅਨੁਸਾਰ, ਏਅਰ ਕੰਡੀਸ਼ਨਰ ਦੇ ਫਿਲਟਰ ਵਾਇਰਸ ਫੜਦੇ ਹਨ। ਏਸੀ ਦੇ ਡਕਟ ਅਤੇ ਵੇਂਟ ਵਿਚ ਵੀ ਵਾਇਰਸ ਪਾਏ ਗਏ ਹਨ ਪਰ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਵਾਇਰਸ AC ਦੇ ਰਾਹੀਂ ਫੈਲਿਆ ਜਾ ਸਕਦਾ ਹੈ। ਇਹ ਕਿੰਨਾ ਸਰਗਰਮ ਹੋ ਸਕਦਾ ਹੈ ਅਤੇ ਇਹ ਕਿੰਨਾ ਚਿਰ ਉੱਥੇ ਰਹਿ ਸਕਦਾ ਹੈ, ਇਸਦੇ ਵਾਤਾਵਰਣ, ਤਾਪਮਾਨ ਅਤੇ ਨਮੀ ਵਰਗੇ ਬਹੁਤ ਸਾਰੇ ਕਾਰਕ ਹਨ।

ਡਾ. ਰੋਮਲ ਦੇ ਅਨੁਸਾਰ, "ਹਸਪਤਾਲਾਂ ਵਿੱਚ ਵੀ ਸੈਂਟ੍ਰਲ ਏਸੀ ਨੂੰ ਬੰਦ ਕਰਨ ਲਈ ਸਾਵਧਾਨੀ ਵਾਲੇ ਕਦਮ ਚੁੱਕੇ ਜਾ ਰਹੇ ਹਨ, ਕਿਉਂਕਿ ਇਹ ਇੱਕ ਨਵਾਂ ਵਾਇਰਸ ਹੈ। ਹੋ ਸਕਦਾ ਹੈ ਕਿ ਜੋ ਅਸੀਂ ਅੱਜ ਜਾਣਦੇ ਹਾਂ ਉਹ ਕੱਲ੍ਹ ਗ਼ਲਤ ਹੋ ਸਕਦਾ ਹੈ।"

ਕੇਂਦਰ ਸਰਕਾਰ ਨੇ ਹਾਲੇ ਤੱਕ ਇਸ ਸੰਬੰਧੀ ਕੋਈ ਦਿਸ਼ਾ ਨਿਰਦੇਸ਼ ਜਾਰੀ ਨਹੀਂ ਕੀਤੇ ਹਨ। ਹਾਲਾਂਕਿ, ਬੀਬੀਸੀ ਨੇ ਮੰਗਲਵਾਰ ਰਾਤ ਨੂੰ ਪੀਆਈਬੀ ਦੀ ਤੱਥ ਜਾਂਚ ਟੀਮ ਨੂੰ ਇੱਕ ਪੱਤਰ ਲਿਖਿਆ ਸੀ। ਅਸੀਂ ਜਵਾਬ ਦੀ ਉਡੀਕ ਕਰ ਰਹੇ ਹਾਂ। ਸਾਨੂੰ ਅਜੇ ਤੱਕ WHO ਵੱਲੋਂ ਕੋਈ ਜਵਾਬ ਨਹੀਂ ਮਿਲਿਆ ਹੈ।

ਇਹ ਵੀ ਪੜ੍ਹੋ:

ਇਹ ਵੀਡੀਓਜ਼ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)