ਹੁਣ ਨਿੱਜੀ ਸਕੂਲਾਂ ਲਈ ਵੀ ਪੰਜਾਬੀ ਪਹਿਲੀ ਤੋਂ 10ਵੀਂ ਤੱਕ ਲਾਜ਼ਮੀ -ਵਿਧਾਨ ਸਭਾ 'ਚ ਕਈ ਮਤੇ ਪਾਸ -5 ਅਹਿਮ ਖ਼ਬਰਾਂ

ਪੰਜਾਬ ਵਿਧਾਨਸਭਾ 'ਚ ਮਾਂ ਬੋਲੀ ਪੰਜਾਬੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਮਤਾ ਪਾਸ ਹੋਇਆ ਹੈ। ਇਸ ਮਤੇ ਦੇ ਤਹਿਤ ਹੁਣ ਪੰਜਾਬ ਦੇ ਹਰ ਸਰਕਾਰੀ ਅਤੇ ਗੈਰ-ਸਰਕਾਰੀ ਸਕੂਲ 'ਚ ਪੰਜਾਬੀ ਦਸਵੀਂ ਤੱਕ ਪੜ੍ਹਾਈ ਜਾਵੇਗੀ।

'ਦਿ ਟ੍ਰਿਬਿਉਨ' ਅਖ਼ਬਾਰ ਦੇ ਮੁਤਾਬ਼ਕ, ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਚੰਨੀ ਨੇ ਵਿਧਾਨਸਭਾ 'ਚ ਇਹ ਮਤਾ ਪੇਸ਼ ਕੀਤਾ ਅਤੇ ਇਸ ਨੂੰ ਸਰਵਸੰਮਤੀ ਨਾਲ ਹਰੀ ਝੰਡੀ ਮਿਲੀ। ਇਨ੍ਹਾਂ ਹੀ ਨਹੀਂ, ਹੁਣ ਹਰ ਸਰਕਾਰੀ ਅਤੇ ਗੈਰਸਰਕਾਰੀ ਸੰਸਥਾਨ ਦੇ ਬਾਹਰ ਬੋਰਡ ਵੀ ਪੰਜਾਬੀ 'ਚ ਲੱਗਣਗੇ।

ਵਿਧਾਨਸਭਾ 'ਚ ਕਿਹਾ ਗਿਆ ਕਿ ਜੇਕਰ ਕੋਈ ਵੀ ਇਸ ਦੇ ਪ੍ਰਚਾਰ-ਪ੍ਰਸਾਰ 'ਚੇ ਰੁਕਾਵਟ ਪੈਦਾ ਕਰੇਗਾ ਤਾਂ ਉਸ 'ਤੇ ਸਖ਼ਤ ਐਕਸ਼ਨ ਹੋਵੇਗਾ।

ਇਹ ਵੀ ਪੜ੍ਹੋ

ਪੰਜਾਬ ਸਰਕਾਰ ਵੱਲੋਂ ਰਿਟਾਇਰਮੈਂਟ ਦੀ ਉਮਰ ਘਟਾਉਣ ਪਿੱਛੇ ਕਾਰਨ ਅਤੇ ਕਰਮਚਾਰੀ ਯੂਨੀਅਨ ਦਾ ਤਰਕ

ਪੰਜਾਬ ਸਰਕਾਰ ਨੇ ਅਹਿਮ ਫ਼ੈਸਲਾ ਲੈਂਦਿਆਂ ਸਰਕਾਰੀ ਕਰਮਚਾਰੀਆਂ ਦੀ ਰਿਟਾਇਰਮੇਂਟ ਨੀਤੀ ਨੂੰ ਬਦਲ ਦਿੱਤਾ ਹੈ।

ਬਜਟ ਦੇ ਐਲਾਨ ਮੁਤਾਬਕ ਕਰਮਚਾਰੀਆਂ ਦੀ ਰਿਟਾਇਰਮੈਂਟ ਉਮਰ ਪਹਿਲਾਂ ਵਾਲੀ ਕਰਨ ਦੇ ਫ਼ੈਸਲੇ 'ਤੇ ਮੁਹਰ ਲਗਾਈ ਗਈ ਹੈ।

ਯਾਨੀ 58 ਸਾਲ ਪਹਿਲਾਂ ਇਹ ਉਮਰ 60 ਸਾਲ ਸੀ। ਮਤਲਬ ਇਹ ਕਿ ਹੁਣ ਸਰਕਾਰੀ ਕਰਮਚਾਰੀਆਂ ਐਕਟੈਂਸਨ ਨਹੀਂ ਮਿਲੇਗੀ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੇ ਪੰਜਾਬ ਮੰਤਰੀ ਮੰਡਲ ਨੇ ਸੋਮਵਾਰ ਨੂੰ ਪੰਜਾਬ ਸਿਵਲ ਸੇਵਾਵਾਂ ਨਿਯਮਾਂ ਵਿੱਚ ਸੋਧ ਦੇ ਮਤੇ ਨੂੰ ਪਾਸ ਕੀਤਾ ਸੀ।

ਵਿੱਤ ਮੰਤਰੀ ਵੱਲੋਂ 28 ਫਰਵਰੀ, 2020 ਨੂੰ ਆਪਣੇ ਬਜਟ ਭਾਸ਼ਣ ਦੌਰਾਨ ਕੀਤੇ ਗਏ ਐਲਾਨ ਦੇ ਅਨੁਸਾਰ ਇਹ ਲੋੜੀਂਦੇ ਬਦਲਾਅ ਕੀਤੇ ਗਏ ਹਨ।

ਪੰਜਾਬ ਪੁਲਿਸ ਦੀ ਫਿਲਮੀ ਕਹਾਣੀ ਜਦੋਂ ਉਨ੍ਹਾਂ ਸਾਬਕਾ ਸਰਪੰਚ ਦੇ ਕਤਲ ਦੀ ਗੁੱਥੀ ਸੁਲਝਾਈ

ਪੰਜਾਬ ਪੁਲਿਸ ਨੇ 2 ਮਹੀਨੇ ਪਹਿਲਾਂ ਹੋਏ ਇੱਕ ਕਤਲ ਦੀ ਗੁੱਥੀ ਸੁਲਝਾ ਲਈ ਹੈ। ਅੰਮ੍ਰਿਤਸਰ ਦੇ ਪਿੰਡ ਉਮਰਪੁਰਾ ਦੇ ਸਾਬਕਾ ਸਰਪੰਚ ਗੁਰਦੀਪ ਸਿੰਘ ਦਾ ਜਨਵਰੀ ਮਹੀਨੇ ਵਿੱਚ ਕਤਲ ਹੋਇਆ ਸੀ।

ਪੰਜਾਬ ਪੁਲਿਸ ਦੇ ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਉਨ੍ਹਾਂ ਦੀਆਂ ਟੀਮਾਂ ਨੇ ਲਗਾਤਾਰ 19 ਘੰਟੇ ਤੱਕ ਮੁਲਜ਼ਮਾ ਦਾ ਪਿੱਛਾ ਕੀਤਾ ਤੇ ਫਿਰ ਉਨ੍ਹਾਂ ਨੂੰ ਗਿਰਫ਼ਤਾਰ ਕੀਤਾ।

ਪੁਲਿਸ ਨੇ ਇਸ ਮਾਮਲੇ ਵਿੱਚ 7 ਲੋਕਾਂ ਨੂੰ ਹਥਿਆਰਾਂ ਸਮੇਤ ਗਿਰਫ਼ਤਾਰ ਕੀਤਾ ਹੈ।

ਫੜੇ ਗਏ ਲੋਕਾਂ ਵਿੱਚ ਉਮਰਪੁਰਾ ਦਾ ਰਹਿਣ ਵਾਲਾ ਹਰਮਨ ਭੁੱਲਰ, ਗੁਰਦਾਸਪੁਰ ਦੇ ਬਸੰਤਕੋਟ ਦਾ ਬਲਰਾਜ ਸਿੰਘ, ਅੰਮ੍ਰਿਤਸਰ ਦੇ ਪੰਡੋਰੀ ਵੜੈਚ ਦਾ ਹਰਵਿੰਦਰ ਸੰਧੂ, ਉੱਤਰ ਪ੍ਰਦੇਸ਼ ਦੇ ਮੇਰਠ ਦਾ ਗੁਰਪ੍ਰੀਤ ਸਿੰਘ, ਉਤਰਾਖੰਡ ਦੇ ਬਾਜ਼ਪੁਰ ਦਾ ਗੁਰਵਿੰਦਰ ਸਿੰਘ ਤੇ ਚੰਡੀਗੜ੍ਹ ਦੇ ਸੈਕਟਰ 40 ਦੇ ਰਹਿਣ ਵਾਲੇ ਹਰਮਨ ਬਾਜਵਾ ਹੈ।

Coronavirus: ਦਿੱਲੀ ਅਤੇ ਤੇਲੰਗਾਨਾ 'ਚ ਨਵੇਂ ਮਰੀਜ਼, ਦੁਨੀਆਂ ਭਰ 'ਚ 3,000 ਤੋਂ ਵੱਧ ਮੌਤਾਂ, ਭਾਰਤ ਦੀ ਤਿਆਰੀ ਕੀ ਹੈ

ਕੋਰੋਨਾਵਾਇਰਸ ਨਾਲ ਦੁਨੀਆ ਭਰ ਵਿੱਚ ਮਾਰੇ ਗਏ ਲੋਕਾਂ ਦੀ ਗਿਣਤੀ 3,000 ਤੋਂ ਵੱਧ ਹੋ ਗਈ ਹੈ। ਚੀਨ ਵਿੱਚ 42 ਹੋਰ ਮੌਤਾਂ ਦੀ ਪੁਸ਼ਟੀ ਹੋਈ ਹੈ।

ਭਾਰਤ ਵਿੱਚ ਵੀ ਕੋਰੋਨਾਵਾਇਰਸ ਦੇ ਦੋ ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ। ਇੱਕ ਦਿੱਲੀ ਵਿੱਚ ਅਤੇ ਦੂਜਾ ਤੇਲੰਗਾਨਾ ਵਿੱਚ।

ਭਾਰਤ ਦੇ ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਕਿਹਾ ਹੈ ਕਿ ਇਹ ਉਹੀ ਮਾਮਲੇ ਹਨ ਜੋ ਲੋਕ ਬਾਹਰੋਂ ਯਾਤਰਾ ਕਰਕੇ ਆਏ ਹਨ। ਦੋਹਾਂ ਮਰੀਜ਼ਾਂ ਦਾ ਇਲਾਜ਼ ਵੱਖ ਵੱਖ ਰੱਖ ਕੇ ਕੀਤਾ ਜਾ ਰਿਹਾ ਹੈ।

ਕੁੱਲ ਮੌਤਾਂ ਦਾ 90% ਤੋਂ ਵੀ ਵੱਧ ਅੰਕੜਾ ਚੀਨ ਦੇ ਸੂਬੇ ਹੂਬੇ 'ਚੋਂ ਸਾਹਮਣੇ ਆਇਆ ਹੈ, ਜਿੱਥੇ ਪਿਛਲੇ ਸਾਲ ਵਾਇਰਸ ਦੀ ਸ਼ੁਰੂਆਤ ਹੋਈ ਮੰਨੀ ਜਾ ਰਹੀ ਹੈ।

ਪਰ ਚੀਨ ਤੋਂ ਇਲਾਵਾ 10 ਹੋਰ ਦੇਸ਼ਾਂ ਵਿੱਚ ਵੀ ਮੌਤਾਂ ਹੋਈਆਂ ਹਨ ਜਿਸ ਵਿੱਚ ਇਰਾਨ 'ਚ 50 ਤੋਂ ਵੱਧ ਅਤੇ ਇਟਲੀ 'ਚ 30 ਤੋਂ ਵੱਧ ਮੌਤਾਂ ਹਨ।

ਵਿਸ਼ਵ ਭਰ ਵਿੱਚ, ਲਗਭਗ 90,000 ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ। ਚੀਨ ਦੇ ਬਾਹਰ ਹੁਣ ਇਨ੍ਹਾਂ ਮਾਮਲਿਆਂ ਦੀ ਗਿਣਤੀ ֹ'ਚ ਚੀਨ ਦੇ ਅੰਦਰ ਦੀ ਤੁਲਨਾ ਵਿੱਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ।

ਵਿਸ਼ਵ ਸਿਹਤ ਸੰਗਠਨ ਨੇ ਦੱਸਿਆ ਹੈ, "ਜ਼ਿਆਦਾਤਰ ਮਰੀਜ਼ਾਂ 'ਚ ਵਾਇਰਸ ਦੇ ਸਿਰਫ਼ ਹਲਕੇ ਲੱਛਣ ਹੁੰਦੇ ਹਨ ਅਤੇ ਮੌਤ ਦੀ ਦਰ 2% ਤੋਂ 5% ਦੇ ਵਿਚਕਾਰ ਪ੍ਰਤੀਤ ਹੁੰਦੀ ਹੈ।

ਮੌਸਮੀ ਫਲੂ ਵਿੱਚ ਔਸਤਨ ਮੌਤ ਦੀ ਦਰ 0.1% ਹੈ ਪਰ ਇਹ ਬਹੁਤ ਹੀ ਜਲਦੀ ਨਾਲ ਫੈਲਦਾ ਹੈ। ਇਸ ਨਾਲ ਹਰ ਸਾਲ ਕਰੀਬ 400,000 ਲੋਕ ਮਰਦੇ ਹਨ।

ਦਿੱਲੀ ਹਿੰਸਾ: ਕਈ ਜਾਨਾਂ ਬਚਾਉਣ ਵਾਲੇ ਪਿਓ-ਪੁੱਤ ਨੇ ਕਿਹਾ 'ਅਹਿਸਾਨ ਨਹੀਂ ਕੀਤਾ, ਵਿਆਜ਼ ਸਣੇ ਕਰਜ਼ਾ ਮੋੜਿਆ'

"ਜੇ ਸਰਦਾਰ ਜੀ ਸਾਡੀ ਮਦਦ ਨਾ ਕਰਦੇ ਤਾਂ ਸ਼ਾਇਦ ਅਸੀਂ ਜ਼ਿੰਦਾ ਹੀ ਨਾਂ ਹੁੰਦੇ।"

ਇਹ ਕਹਿਣਾ ਹੈ ਉੱਤਰ-ਪੂਰਬੀ ਦਿੱਲੀ ਦੇ ਗੋਕਲਪੁਰੀ ਦੇ ਵਸਨੀਕ ਮੁਹੰਮਦ ਇਲਿਆਸ ਦਾ, ਜਿਨ੍ਹਾਂ ਨੂੰ ਦੰਗਿਆਂ ਦੌਰਾਨ ਮੋਹਿੰਦਰ ਸਿੰਘ ਨੇ ਸੁਰੱਖਿਅਤ ਥਾਂ ਤੱਕ ਪਹੁੰਚਾਇਆ ਸੀ। ਮੋਹਿੰਦਰ ਸਿੰਘ ਅਤੇ ਉਨ੍ਹਾਂ ਦੇ ਪੁੱਤਰ ਇੰਦਰਜੀਤ ਸਿੰਘ ਨੇ ਹੋਰ ਵੀ ਕਈ ਲੋਕਾਂ ਨੂੰ ਸੁਰੱਖਿਅਤ ਥਾਂ 'ਤੇ ਪਹੁੰਚਾਇਆ ਸੀ।

ਫਰਵਰੀ ਦੇ ਆਖਰੀ ਹਫ਼ਤੇ ਵਿੱਚ ਉੱਤਰ-ਪੂਰਬੀ ਦਿੱਲੀ ਵਿੱਚ ਹੋਈ ਹਿੰਸਾ ਵਿੱਚ ਹੁਣ ਤੱਕ 40 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ।

ਗੋਕਲਪੁਰੀ ਈਸਟ ਦੇ ਇਲਾਕੇ ਵਿੱਚ ਮੁਸਲਮਾਨਾਂ ਦੀ ਆਬਾਦੀ ਹਿੰਦੂਆਂ ਦੇ ਮੁਕਾਬਲੇ ਘੱਟ ਹੈ। ਇਸ ਇਲਾਕੇ ਵਿੱਚ ਹੀ ਮੋਹਿੰਦਰ ਸਿੰਘ ਅਤੇ ਉਨ੍ਹਾਂ ਦੇ ਬੇਟੇ ਮੋਬਾਈਲ ਦੀ ਦੁਕਾਨ ਚਲਾਉਂਦੇ ਹਨ।

ਇਹ ਵੀ ਪੜ੍ਹੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)