ਦਿੱਲੀ ਹਿੰਸਾ : ਦੰਗਿਆਂ 'ਚ ਮਾਰੇ ਗਏ 14 ਲੋਕਾਂ ਦੀ ਕਹਾਣੀ, ਇਹ ਕੌਣ ਸਨ ਤੇ ਕਿਵੇਂ ਮਾਰੇ ਗਏ

ਦਿੱਲੀ 'ਚ ਬੀਤੇ ਐਤਵਾਰ ਹੋਈ ਹਿੰਸਾ ਬਹੁਤ ਹੀ ਭਿਆਨਕ ਰਹੀ। ਪਿਛਲੇ ਕਈ ਦਹਾਕਿਆਂ 'ਚ ਇਹ ਸਭ ਤੋਂ ਵੱਧ ਦਰਦਨਾਕ ਦੰਗੇ ਰਹੇ, ਜਿਸ 'ਚ ਅਰਧ ਸੈਂਕੜੇ ਲੋਕ ਆਪਣੀਆਂ ਜਾਨਾਂ ਗੁਆ ਬੈਠੇ ਅਤੇ ਸੈਂਕੜੇ ਹੀ ਜ਼ਖਮੀ ਵੀ ਹੋਏ।

ਇੰਨ੍ਹਾਂ ਦੰਗਿਆਂ 'ਚ ਜਾਨ ਤੇ ਮਾਲ ਦਾ ਕਾਫ਼ੀ ਨੁਕਸਾਨ ਹੋਇਆ ।ਨਾਗਰਿਕਤਾ ਸੋਧ ਕਾਨੂੰਨ ਦੇ ਪੱਖ ਅਤੇ ਵਿਰੋਧ 'ਚ ਖੜ੍ਹੇ ਲੋਕਾਂ ਵਿਚਾਲੇ ਪਹਿਲਾਂ ਮਾਮੂਲੀ ਝੜਪਾਂ ਸ਼ੁਰੂ ਹੋਈਆਂ ਜੋ ਕਿ ਬਾਅਦ 'ਚ ਫਿਰਕੂ ਹਿੰਸਾ 'ਚ ਤਬਦੀਲ ਹੋ ਗਈਆਂ।

ਕੌਮੀ ਰਾਜਧਾਨੀ ਦਿੱਲੀ 'ਚ ਹਿੰਦੂ ਅਤੇ ਮੁਸਲਮਾਨ ਭਾਈਚਾਰੇ 'ਚ ਭੜਕੀ, ਇਸ ਹਿੰਸਾ ਨੇ ਭਿਆਨਕ ਦੰਗਿਆਂ ਦਾ ਰੂਪ ਧਾਰਨ ਕਰ ਲਿਆ। ਇਸ ਹਿੰਸਾ 'ਚ 40 ਦੇ ਕਰੀਬ ਲੋਕ ਮਾਰੇ ਗਏ ਜਦਕਿ 150 ਤੋਂ ਵੀ ਵੱਧ ਜ਼ਖਮੀ ਹੋ ਗਏ ਹਨ।

ਇਹ ਗਿਣਤੀ ਅੰਦਾਜ਼ਨ ਹੈ।ਮ੍ਰਿਤਕਾਂ ਦੀ ਗਿਣਤੀ 'ਚ ਇਜ਼ਾਫੇ ਦੀ ਸੰਭਾਵਨਾ ਹੈ।ਸ਼ਹਿਰ 'ਚ ਚਾਰੇ ਪਾਸੇ ਤਣਾਅ ਦੀ ਸਥਿਤੀ ਅਜੇ ਵੀ ਕਾਇਮ ਹੈ।ਮ੍ਰਿਤਕਾਂ ਦੇ ਪਰਿਵਾਰ ਵਾਲੇ ਸਹਿਮੇ ਹੋਏ ਹਨ।ਉਹ ਕੁਝ ਵੀ ਸਮਝ ਨਹੀਂ ਪਾ ਰਹੇ ਹਨ ਕਿਉਂਕਿ ਇੱਕ ਪਲ 'ਚ ਹੀ ਉਨ੍ਹਾਂ ਦਾ ਘਰ ਉੱਜੜ ਗਿਆ ਹੈ।

ਇਹ ਵੀ ਪੜ੍ਹੋ:

ਬੀਬੀਸੀ ਪੱਤਰਕਾਰਾਂ ਨੇ ਵੱਖ-ਵੱਖ ਇਲਾਕਿਆਂ 'ਚ ਜਾ ਕੇ ਹਿੰਸਾ ਪ੍ਰਭਾਵਿਤ ਪਰਿਵਾਰਾਂ ਨਾਲ ਗੱਲਬਾਤ ਕੀਤੀ।ਹਿੰਸਾ ਦਾ ਸ਼ਿਕਾਰ ਹੋਏ ਲੋਕਾਂ ਦੀ ਜਾਣਕਾਰੀ ਇੱਕਠੀ ਕੀਤੀ।ਇਹ ਮ੍ਰਿਤਕਾਂ ਦੀ ਪੂਰੀ ਸੂਚੀ ਨਹੀਂ ਹੈ।

1.ਰਤਨ ਲਾਲ, ਉਮਰ: 42 ਸਾਲ

ਮੌਤ ਦਾ ਕਾਰਨ: ਗੋਲੀ ਲੱਗਣਾ

ਪੇਸ਼ਾ: ਹੈੱਡ ਕਾਂਸਟੇਬਲ, ਦਿੱਲੀ ਪੁਲਿਸ

ਰਤਨ ਲਾਲ ਕਥਿਤ ਤੌਰ 'ਤੇ ਦਿੱਲੀ 'ਚ ਵਾਪਰੀ ਹਿੰਸਾ 'ਚ ਸਭ ਤੋਂ ਪਹਿਲਾਂ ਸ਼ਿਕਾਰ ਹੋਣ ਵਾਲੇ ਵਿਅਕਤੀਆਂ 'ਚੋਂ ਇਕ ਸਨ।ਸ਼ੁਰੂਆਤੀ ਰਿਪੋਰਟਾਂ ਮੁਤਾਬਕ ਰਤਨ ਲਾਲ ਹਿੰਸਕ ਭੀੜ੍ਹ ਵੱਲੋਂ ਕੀਤੇ ਗਏ ਪੱਥਰਾਵ ਦਾ ਸ਼ਿਕਾਰ ਹੋਏ ਸਨ।ਪਰ ਬਾਅਦ 'ਚ ਦਿੱਲੀ ਪੁਲਿਸ ਦੇ ਪੀਆਰਓ ਅਨਿਲ ਮਿੱਤਲ ਨੇ ਬੀਬੀਸੀ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਰਤਨ ਲਾਲ ਦੀ ਮੌਤ ਗੋਲੀ ਲੱਗਣ ਨਾਲ ਹੋਈ ਸੀ।

ਰਤਨ ਲਾਲ ਆਪਣੇ ਪਿੱਛੇ ਮਾਂ, ਦੋ ਭਰਾ, ਪਤਨੀ ਅਤੇ ਤਿੰਨ ਬੱਚੇ ਛੱਡ ਗਏ ਹਨ।

ਰਤਨ ਲਾਲ ਨੇ 1998 'ਚ ਪੁਲਿਸ ਨੌਕਰੀ ਸ਼ੁਰੂ ਕੀਤੀ ਸੀ ।ਉਸ ਸਮੇਂ ਉਨ੍ਹਾਂ ਨੂੰ ਦਿੱਲੀ ਪੁਲਿਸ ਨੇ ਸੁਰੱਖਿਆ ਲਈ ਤੈਨਾਤ ਕੀਤਾ ਸੀ।ਦੋ ਸਾਲ ਪਹਿਲਾਂ ਹੀ ਉਨ੍ਹਾਂ ਨੂੰ ਤਰੱਕੀ ਮਿਲੀ ਅਤੇ ਉਹ ਬਤੌਰ ਹੈੱਡ ਕਾਂਸਟੇਬਲ ਆਪਣੀਆਂ ਸੇਵਾਵਾਂ ਨਿਭਾ ਰਹੇ ਸਨ।ਉਹ ਰਾਜਸਥਾਨ ਦੇ ਸੀਕਰ ਦੇ ਰਹਿਣ ਵਾਲੇ ਸਨ।ਤਿੰਨ ਭਰਾਵਾਂ 'ਚੋਂ ਉਹ ਸਭ ਤੋਂ ਵੱਡੇ ਸਨ।

2.ਵੀਰਭਾਨ, ਉਮਰ: 45 ਸਾਲ

ਮੌਤ ਦਾ ਕਾਰਨ: ਮੱਥੇ 'ਤੇ ਗੋਲੀ ਲੱਗਣਾ

ਪੇਸ਼ਾ: ਛੋਟਾ ਕਾਰੋਬਾਰੀ

25 ਫਰਵਰੀ ਨੂੰ ਵੀਰਭਾਨ ਦੁਪਹਿਰ ਦੇ ਖਾਣੇ ਲਈ ਆਪਣੇ ਘਰ ਜਾ ਰਹੇ ਸਨ।ਉਹ ਉੱਤਰੀ ਪੂਰਬੀ ਦਿੱਲੀ 'ਚ ਮੌਜਪੁਰ ਨਜ਼ਦੀਕ ਸ਼ਿਵ ਵਿਹਾਰ ਚੌਂਕ 'ਚੋਂ ਲੰਘ ਰਹੇ ਸਨ । ਉਸ ਸਮੇਂ ਉੱਥੇ ਦੰਗਿਆਂ ਦੀ ਸਥਿਤੀ ਬਣੀ ਹੋਈ ਸੀ।

ਉਨ੍ਹਾਂ ਦੇ ਪਰਿਵਾਰ ਦਾ ਦੱਸਣਾ ਹੈ ਕਿ ਉਨ੍ਹਾਂ ਨੂੰ ਇਕ ਫੋਨ ਆਇਆ ਸੀ ਕਿ ਵੀਰਭਾਨ ਦੀ ਲਾਸ਼ ਲਾਵਾਰਿਸ ਪਈ ਹੋਈ ਹੈ।

ਬੀਬੀਸੀ ਨਾਲ ਗੱਲਬਾਤ ਕਰਦਿਆਂ ਵੀਰਭਾਨ ਦੇ ਭਰਾ ਗੰਜੇਂਦਰ ਸਿੰਘ ਨੇ ਦੱਸਿਆ , "ਅਸੀਂ ਉਸ ਨੂੰ ਜੀਟੀਬੀ ਹਸਪਤਾਲ ਲੈ ਕੇ ਗਏ ਪਰ ਉਨ੍ਹਾਂ ਨੇ ਵੀਰਭਾਨ ਨੂੰ ਪਹਿਲਾਂ ਤੋਂ ਹੀ ਮ੍ਰਿਤਕ ਐਲਾਨ ਦਿੱਤਾ।"

ਵੀਰਭਾਨ ਆਪਣੇ ਪਰਿਵਾਰ 'ਚ ਕਮਾਈ ਦਾ ਇੱਕਲਾ ਜ਼ਰੀਆ ਸਨ।ਹੁਣ ਉਨ੍ਹਾਂ ਦੇ ਪਿੱਛੇ ਘਰ 'ਚ ਪਤਨੀ ਅਤੇ ਚਾਰ ਬੱਚੇ ਹਨ।

ਵੀਡੀਓ: ਦਿੱਲੀ ਹਿੰਸਾ: ਸਿੱਖ ਪਿਓ-ਪੁੱਤਰ ਜਿਨ੍ਹਾਂ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਬਚਾਈਆਂ ਕਈ ਮੁਸਲਮਾਨਾਂ ਦੀਆਂ ਜਾਨਾਂ

3.ਮਹਿਤਾਬ, ਉਮਰ: 23 ਸਾਲ

ਮੌਤ ਦਾ ਕਾਰਨ: ਜ਼ਿੰਦਾ ਸਾੜਨਾ

ਪੇਸ਼ਾ: ਮਜ਼ਦੂਰੀ

ਮਹਿਤਾਬ 25 ਫਰਵਰੀ ਨੂੰ ਸ਼ਾਮ ਚਾਰ ਵਜੇ ਦੇ ਕਰੀਬ ਆਪਣੇ ਬ੍ਰਿਜਪੁਰੀ ਸਥਿਤ ਘਰ ਤੋਂ ਬਾਜ਼ਾਰ ਦੁੱਧ ਲੈਣ ਲਈ ਗਿਆ ਪਰ ਵਾਪਸ ਘਰ ਨਾ ਪਰਤਿਆ।

ਮਹਿਤਾਬ ਦੇ ਭਰਾ ਨੇ ਦੱਸਿਆ ਕਿ ਉਸ ਨੂੰ ਬਾਹਰ ਜਾਣ ਤੋਂ ਰੋਕਿਆ ਗਿਆ ਸੀ ਪਰ ਉਸ ਨੇ ਕਿਹਾ ਕਿ ਮੈਂ ਚਾਅ ਪੀਣੀ ਹੈ। ਇਸ ਲਈ ਉਹ ਦੁੱਧ ਲੈਣ ਲਈ ਬਾਜ਼ਾਰ ਚਲਾ ਗਿਆ।

ਉਸ ਦੇ ਜਾਣ ਤੋਂ ਕੁਝ ਸਮਾਂ ਬਾਅਦ ਹੀ ਮਾਹੌਲ ਖ਼ਰਾਬ ਹੁੰਦਾ ਵੇਖਦਿਆਂ ਗਲੀ ਦੇ ਕੁੱਝ ਲੋਕਾਂ ਨੇ ਗਲੀ ਦਾ ਗੇਟ ਬੰਦ ਕਰ ਦਿੱਤਾ।ਮਹਿਤਾਬ ਅੰਦਰ ਨਾ ਆ ਸਕਿਆ ਅਤੇ ਜੈ ਸ੍ਰੀ ਰਾਮ ਦੇ ਨਾਅਰੇ ਲਗਾ ਰਹੀ ਹਿੰਸਕ ਭੀੜ੍ਹ ਨੇ ਉਸ ਨੂੰ ਬਾਹਰ ਵੱਲ ਖਿੱਚ ਲਿਆ।

ਵੀਡੀਓ: ਦਿੱਲੀ : ਉਹ ਮੌਕੇ ਜਦੋਂ ਇਨਸਾਨੀਅਤ ਪਈ ਹਿੰਸਾ 'ਤੇ ਭਾਰੂ

ਬਾਅਦ 'ਚ ਮਹਿਤਾਬ ਦੀ ਭੈਣ ਨੂੰ ਇਕ ਫੋਨ ਆਇਆ ਕਿ ਉਸ ਦੇ ਭਰਾ ਨੂੰ ਜ਼ਿੰਦਾ ਸਾੜ ਦਿੱਤਾ ਗਿਆ ਹੈ ਅਤੇ ਨੇੜਲੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।ਪਰ ਮਹਿਤਾਬ ਦੀ ਮੌਤ ਪਹਿਲਾਂ ਹੀ ਹੋ ਚੁੱਕੀ ਸੀ।

ਮਹਿਤਾਬ ਆਪਣੀ ਮਾਂ, ਭੈਣ, ਭਰਾ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਨਾਲ ਰਹਿੰਦਾ ਸੀ।

4.ਸ਼ਾਹਿਦ ਅਲਵੀ, ਉਮਰ: 23 ਸਾਲ

ਮੌਤ ਦਾ ਕਾਰਨ: ਢਿੱਡ 'ਚ ਦੋ ਗੋਲੀਆਂ ਵੱਜਣ ਕਾਰਨ

ਪੇਸ਼ਾ: ਆਟੋ ਰਿਕਸ਼ਾ ਚਾਲਕ

ਬੀਬੀਸੀ ਦੀ ਟੀਮ ਜਦੋਂ ਸ਼ਾਹਿਦ ਦੇ ਭਰਾ ਇਮਰਾਨ ਨੂੰ ਮਿਲੀ, ਉਸ ਸਮੇਂ ਉਹ ਜੀਟੀਬੀ ਹਸਪਤਾਲ 'ਚ ਉਸ ਦੀ ਮ੍ਰਿਤਕ ਦੇਹ ਨੂੰ ਹਾਸਲ ਕਰਨ ਦੀ ਉਡੀਕ ਕਰ ਰਹੇ ਸਨ।ਉਨ੍ਹਾਂ ਨੇ ਇਸ ਗ਼ਮ ਦੀ ਘੜ੍ਹੀ 'ਚ ਵੀ ਸਾਡੇ ਨਾਲ ਗੱਲਬਾਤ ਕੀਤੀ।

ਇਮਰਾਨ ਨੇ ਦੱਸਿਆ, "ਮੇਰੇ ਭਰਾ ਨੂੰ ਆਟੋ 'ਚੋਂ ਬਾਹਰ ਧੱਕੇ ਨਾਲ ਕੱਢਿਆ ਗਿਆ ਅਤੇ ਗੋਲੀ ਮਾਰ ਦਿੱਤੀ ਗਈ।"

ਕੁੱਝ ਅਣਪਛਾਤੇ ਲੋਕਾਂ ਨੇ ਸ਼ਾਹਿਦ ਨੂੰ ਹਸਪਤਾਲ 'ਚ ਪਹੁੰਚਿਆ, ਪਰ ਉਹ ਬਚ ਨਾ ਸਕਿਆ। ਸ਼ਾਹਿਦ ਦੇ ਪਰਿਵਾਰ ਨੂੰ ਉਸ ਦੀ ਮੌਤ ਦੀ ਖ਼ਬਰ ਵਟਸਐਪ ਰਾਹੀਂ ਮਿਲੀ।ਜਿਸ 'ਚ ਸ਼ਾਹਿਦ ਦੀ ਮ੍ਰਿਤਕ ਦੇਹ ਦੀਆਂ ਤਸਵੀਰਾਂ ਵੀ ਸਨ।

ਇਮਰਾਨ ਦੱਸਦੇ ਹਨ ਕਿ ਤਸਵੀਰਾਂ ਵੇਖਦੇ ਹੀ ਬਿਨ੍ਹਾਂ ਕਿਸੇ ਦੇਰੀ ਦੇ ਅਸੀਂ ਹਸਪਤਾਲ ਜਾਣ ਲਈ ਘਰੋਂ ਨਿਕਲੇ।

ਸ਼ਾਹਿਦ ਦਾ ਵਿਆਹ ਚਾਰ ਮਹੀਨੇ ਪਹਿਲਾਂ ਹੀ ਹੋਇਆ ਸੀ ਅਤੇ ਉਸ ਦੀ ਪਤਨੀ ਗਰਭਵਤੀ ਹੈ।

ਇਹ ਵੀ ਪੜ੍ਹੋ:

5.ਮੁਬਾਰਕ ਹੁਸੈਨ, ਉਮਰ: 32 ਸਾਲ

ਮੌਤ ਦਾ ਕਾਰਨ: ਛਾਤੀ 'ਚ ਗੋਲੀ ਲੱਗਣਾ

ਪੇਸ਼ਾ: ਮਜ਼ਦੂਰੀ

ਮੁਬਾਰਕ ਹੁਸੈਨ ਆਪਣੇ ਪਰਿਵਾਰ 'ਚ ਇੱਕਲੇ ਕਮਾਉਣ ਵਾਲੇ ਸਨ।ਉਨ੍ਹਾਂ ਦੇ ਪਰਿਵਾਰ 'ਚ ਪੰਜ ਮੈਂਬਰ ਸਨ।ਮੁਬਾਰਕ ਦੇ ਪਿਤਾ ਬਿਹਾਰ 'ਚ ਰਹਿੰਦੇ ਹਨ ਅਤੇ ਉਸ ਦੇ ਤਿੰਨ ਭਰਾ ਬੇਰੁਜ਼ਗਾਰ ਹਨ।

ਉਹ ਰੋਜ਼ਾਨਾ ਦਿਨ ਭਰ ਮਜ਼ਦੂਰੀ ਕਰਨ ਤੋਂ ਬਾਅਦ ਮੌਜਪੁਰ-ਬਾਬਰਪੁਰ 'ਚ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ 'ਚ ਚੱਲ ਰਹੇ ਪ੍ਰਦਰਸ਼ਨ 'ਚ ਵੀ ਸ਼ਾਮਲ ਹੁੰਦਾ ਸੀ।ਇਹ ਪ੍ਰਦਰਸ਼ਨ ਮਹਿਲਾਵਾਂ ਦੀ ਅਗਵਾਈ 'ਚ ਚੱਲ ਰਿਹਾ ਸੀ।

ਹੁਸੈਨ ਦੇ ਗੁਆਂਢੀ ਦਾਨਿਸ਼ ਨੇ ਬੀਬੀਸੀ ਨੂੰ ਦੱਸਿਆ ਕਿ " ਉਹ ਹਮੇਸ਼ਾਂ ਮੁਜ਼ਾਹਰਾ ਕਰ ਰਹੀਆਂ ਮਹਿਲਾਵਾਂ ਲਈ ਖਾਣਾ-ਪਾਣੀ ਲੈ ਕੇ ਜਾਂਦਾ ਸੀ।ਕਈ ਵਾਰ ਤਾਂ ਉਹ ਆਪ ਵੀ ਰੋਸ ਪ੍ਰਦਰਸ਼ਨ 'ਚ ਸ਼ਾਮਲ ਹੁੰਦੇ ਸਨ।"

ਵੀਡੀਓ: ਦਿੱਲੀ ਹਿੰਸਾ: ਦੰਗਿਆਂ ਦੀ ਆੜ 'ਚ ਕੁੜੀਆਂ ਨਾਲ ਕੀ ਹੋਇਆ?

ਮੁਬਾਰਕ ਦੀ ਛਾਤੀ 'ਚ ਗੋਲੀ ਲੱਗਣ ਕਰਕੇ ਮੌਕੇ 'ਤੇ ਹੀ ਮੌਤ ਹੋ ਗਈ ਸੀ ਅਤੇ ਉਸ ਦੀ ਲਾਸ਼ ਤਿੰਨ ਘੰਟਿਆਂ ਤੱਕ ਲਾਵਾਰਿਸ ਸੜਕ 'ਤੇ ਹੀ ਪਈ ਰਹੀ।

ਮੁਬਾਰਕ ਦੇ ਮਕਾਨ ਮਾਲਿਕ ਰੇਹਾਨ ਨੇ ਦੱਸਿਆ, " ਅਸੀਂ ਤਿੰਨ ਘੰਟਿਆਂ ਤੱਕ ਐਂਬੁਲੈਂਸ ਨੂੰ ਬਲਾਉਣ ਲਈ ਫੋਨ ਕਰਦੇ ਰਹੇ ਪਰ ਕੋਈ ਨਹੀਂ ਆਇਆ।"

ਰੇਹਾਨ ਨੇ ਬੀਬੀਸੀ ਟੀਮ ਨੂੰ ਆਪਣਾ ਫੋਨ ਵੀ ਵਿਖਾਇਆ, ਜਿਸ 'ਚ ਦੁਪਹਿਰ ਦੇ 1.45 ਤੋਂ 3.30 ਤੱਕ ਕਈ ਵਾਰ ਐਂਬੁਲੈਂਸ ਲਈ ਫੋਨ ਕੀਤਾ ਗਿਆ ਸੀ।

6.ਅਸ਼ਫ਼ਾਕ ਹੁਸੈਨ, ਉਮਰ: 24 ਸਾਲ

ਮੌਤ ਦਾ ਕਾਰਨ: ਇਕ ਤੋਂ ਵੱਧ ਗੋਲੀਆਂ ਦਾ ਸ਼ਿਕਾਰ

ਪੇਸ਼ਾ: ਇਲੈਕਟ੍ਰੀਸ਼ੀਅਨ

14 ਫਰਵਰੀ, ਵੈਲਨਟਾਈਨ ਵਾਲੇ ਦਿਨ ਹੀ ਅਸ਼ਫ਼ਾਕ ਦਾ ਵਿਆਹ ਹੋਇਆ ਸੀ। 24 ਫਰਵਰੀ ਨੂੰ ਜਦੋਂ ਉਹ ਆਪਣੇ ਕੰਮ ਤੋਂ ਘਰ ਵਾਪਸ ਪਰਤ ਰਿਹਾ ਸੀ, ਉਸ ਸਮੇਂ ਦੰਗੇ ਆਪਣੇ ਪੂਰੇ ਜ਼ੋਰਾਂ 'ਤੇ ਸਨ।ਉਨ੍ਹਾਂ ਦੇ ਪਰਿਵਾਰ ਦਾ ਦਾਅਵਾ ਹੈ ਕਿ ਅਸ਼ਫ਼ਾਕ ਨੂੰ ਉਸ ਸਮੇਂ ਪੰਜ ਗੋਲੀਆਂ ਲੱਗੀਆਂ।ਜਿਸ ਕਾਰਨ ਉਸ ਦੀ ਮੌਤ ਹੋ ਗਈ।

ਅਸ਼ਫ਼ਾਕ ਦੀ ਚਾਚੀ ਹਜ਼ਰਾ ਨੇ ਬੀਬੀਸੀ ਨੂੰ ਕਿਹਾ, " ਉਸ ਦੀ ਕੀ ਗਲਤੀ ਸੀ? ਉਸ ਦੀ ਪਤਨੀ ਹੁਣ ਕੀ ਕਰੇਗੀ? ਕੌਣ ਕਰੇਗਾ ਉਸ ਦੀ ਦੇਖਭਾਲ?"

ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਅਸ਼ਫ਼ਾਕ ਦੀ ਗਰਦਨ 'ਤੇ ਤਲਵਾਰ ਨਾਲ ਹਮਲੇ ਦੇ ਨਿਸ਼ਾਨ ਵੀ ਸਨ।

7.ਪਰਵੇਜ਼ ਆਲਮ, ਉਮਰ: 50 ਸਾਲ

ਮੌਤ ਦਾ ਕਾਰਨ: ਗੋਲੀ ਲੱਗਣਾ

ਪੇਸ਼ਾ: ਪ੍ਰਾਪਰਟੀ ਡੀਲਰ

ਪਰਵੇਜ਼ ਆਲਮ ਦੇ ਪੁੱਤਰ ਮੁਹੰਮਦ ਸਾਹਿਲ ਨੇ ਦੱਸਿਆ ਕਿ ਉਸ ਦੇ ਸਾਹਮਣੇ ਹੀ ਘਰ ਦੇ ਬਾਹਰ ਉਸ ਦੇ ਪਿਤਾ ਨੂੰ ਗੋਲੀ ਮਾਰੀ ਗਈ।

ਬੀਬੀਸੀ ਦੀ ਟੀਮ ਨਾਲ ਗੱਲਬਾਤ ਕਰਦਿਆਂ ਉਸ ਨੇ ਕਿਹਾ, " ਮੈਂ ਉਨ੍ਹਾਂ ਨੂੰ ਕਹਿੰਦਾ ਹੀ ਰਹਿ ਗਿਆ ਕਿ ਬਾਹਰ ਨਾ ਜਾਓ, ਪਰ ਉਨ੍ਹਾਂ ਨੇ ਮੇਰੀ ਨਾ ਮੰਨੀ।ਉਹ ਕਹਿ ਰਹੇ ਸਨ ਕੁਝ ਨਹੀਂ ਹੋਵੇਗਾ।"

ਉਹ ਦਰਵਾਜ਼ੇ 'ਚ ਖੜ੍ਹੇ ਸਨ ਅਤੇ ਜਿਵੇਂ ਹੀ ਉਹ ਘਰ ਅੰਦਰ ਆਉਣ ਲਈ ਮੁੜੇ ਤਾਂ ਕਿਸੇ ਨੇ ਉਨ੍ਹਾਂ ਦੀ ਪਿੱਠ 'ਚ ਗੋਲੀ ਮਾਰ ਦਿੱਤੀ।

ਵੀਡੀਓ: ਦਿੱਲੀ ਦੰਗਿਆਂ ਦੀ ਵਾਇਰਲ ਤਸਵੀਰ 'ਚ ਉਸ ਬੰਦੇ ਦਾ ਕੀ ਬਣਿਆ?

ਕਈ ਦੂਜੇ ਪੀੜ੍ਹਿਤ ਪਰਿਵਾਰਾਂ ਦੀ ਤਰ੍ਹਾਂ ਆਲਮ ਦੇ ਪਰਿਵਾਰ ਵਾਲਿਆਂ ਦਾ ਵੀ ਦਾਅਵਾ ਹੈ ਕਿ ਐਂਬੁਲੇਂਸ ਨੂੰ ਕਈ ਵਾਰ ਫੋਨ ਕੀਤਾ ਗਿਆ ਪਰ ਉਹ ਨਾ ਪਹੁੰਚੀ।ਆਲਮ ਨੂੰ ਜ਼ਖਮੀ ਹਾਲਤ 'ਚ ਮੋਟਰਸਾਈਕਲ 'ਤੇ ਹੀ ਹਸਪਤਾਲ ਲਿਜਾਇਆ ਗਿਆ ਪਰ ਉਨ੍ਹਾਂ ਦੀ ਮੌਤ ਹੋ ਗਈ।

ਸਾਹਿਲ ਨੇ ਕਿਹਾ ਕਿ ਦੰਗਿਆਂ ਦੀ ਦਹਿਸ਼ਤ ਇੰਨ੍ਹੀ ਹੈ ਕਿ ਮੇਰੇ ਪਿਤਾ ਦੇ ਜਨਾਜ਼ੇ 'ਚ ਆਉਣ ਤੋਂ ਵੀ ਲੋਕ ਡਰ ਰਹੇ ਹਨ।

8.ਵਿਨੋਦ ਕੁਮਾਰ, ਉਮਰ: 51 ਸਾਲ

ਮੌਤ ਦਾ ਕਾਰਨ: ਮਾਰ-ਕੁਟਾਈ

ਪੇਸ਼ਾ: ਵਿਆਹ ਅਤੇ ਪਾਰਟੀ ਦਾ ਕਾਰੋਬਾਰ

ਵਿਨੋਦ ਕੁਮਾਰ ਆਪਣੇ ਬੇਟੇ ਮੋਨੂ ਦੇ ਨਾਲ ਮੋਟਰਸਾਈਕਲ 'ਤੇ ਮੈਡੀਕਲ ਸਟੋਰ ਤੋਂ ਦਵਾਈ ਲੈਣ ਜਾ ਰਹੇ ਸਨ।ਉਸ ਸਮੇਂ ਹੀ ਹਿੰਸਕ ਭੀੜ੍ਹ ਨੇ ਉਨ੍ਹਾਂ 'ਤੇ ਹਮਲਾ ਕੀਤਾ।ਉਨ੍ਹਾਂ ਦੋਵਾਂ 'ਤੇ ਪੱਥਰ ਅਤੇ ਤਲਵਾਰਾਂ ਨਾਲ ਹਮਲਾ ਕੀਤਾ ਗਿਆ।

ਮੋਨੂ ਨੇ ਦੱਸਿਆ ਕਿ ਉਹ ਲੋਕ ਅੱਲ੍ਹਾ ਹੂ ਅਕਬਰ ਦੇ ਨਾਅਰੇ ਲਗਾ ਰਹੇ ਸਨ।

ਮੋਨੂ ਨੂੰ ਗੰਭੀਰ ਸੱਟਾਂ ਲੱਗੀਆਂ ਪਰ ਵਿਨੋਦ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਮੋਨੂ ਨੇ ਦੱਸਿਆ ਕਿ ਉਸ ਦੀ ਮੋਟਰਸਾਈਕਲ ਨੂੰ ਵੀ ਅੱਗ ਲਗਾ ਦਿੱਤੀ ਗਈ ਸੀ।

ਇਹ ਵੀ ਪੜ੍ਹੋ:

9.ਇਸ਼ਤਿਯਾਕ ਖ਼ਾਨ, ਉਮਰ: 29 ਸਾਲ

ਮੌਤ ਦਾ ਕਾਰਨ: ਗੋਲੀ ਲੱਗਣਾ

ਪੇਸ਼ਾ: ਵੇਲਡਿੰਗ ਦੀ ਮੁਰੰਮਤ ਦਾ ਕੰਮ

ਇਸ਼ਤਿਯਾਕ ਦੇ ਗੁਆਂਢੀ ਦੱਸਦੇ ਹਨ ਕਿ 25 ਫਰਵਰੀ ਨੂੰ ਜਦੋਂ ਪੱਥਰਾਵ ਸ਼ੁਰੂ ਹੋਇਆ ਤਾਂ ਅਸੀਂ ਸਾਰੇ ਇੱਕਠੇ ਹੀ ਖੜ੍ਹੇ ਸੀ।ਉਨ੍ਹਾਂ ਦੱਸਿਆ ਕਿ ਪੁਲਿਸ ਹੰਝੂ ਗੈਸ ਦੇ ਗੋਲੇ ਛੱਡ ਰਹੀ ਸੀ ਅਤੇ ਗੋਲੀ ਵੀ ਚਲਾ ਰਹੀ ਸੀ।

ਇਸ਼ਤਿਯਾਕ ਦੇ ਗੂਆਂਢੀ ਆਰਿਫ ਨੇ ਦੱਸਿਆ, " ਗੋਲੀਆਂ ਚੱਲ ਰਹੀਆਂ ਸਨ।ਉਸੇ ਸਮੇਂ ਇਸ਼ਤਿਯਾਕ ਨੂੰ ਮਹਿਸੂਸ ਹੋਇਆ ਕਿ ਉਸ ਦੇ ਪੈਰ 'ਚ ਕੁੱਝ ਲੱਗਿਆ ਹੈ, ਪਰ ਉਸ ਨੂੰ ਇਹ ਅੰਦਾਜ਼ਾ ਨਾ ਹੋਇਆ ਕਿ ਉਸ ਦੇ ਗੋਲੀ ਲੱਗੀ ਹੈ"।

ਉਸ ਸਮੇਂ ਜੋ ਲੋਕ ਉੱਥੇ ਮੌਜੂਦ ਸਨ ਉਨ੍ਹਾਂ ਦੱਸਿਆ ਕਿ ਕੁੱਝ ਸਮੇਂ ਬਾਅਦ ਹੀ ਇਸ਼ਤਿਯਾਕ ਬੇਹੋਸ਼ ਹੋ ਗਿਆ।ਲੋਕਾਂ ਨੇ ਸੀਪੀਆਰ ਜ਼ਰੀਏ ਉਸ ਨੂੰ ਹੋਸ਼ 'ਚ ਲਿਆਉਣ ਦੀ ਕੋਸ਼ਿਸ਼ ਕੀਤੀ ਅਤੇ ਤੁਰੰਤ ਹਸਪਤਾਲ ਲੈ ਗਏ। ਪਹਿਲਾਂ ਤਾਂ ਪਰਿਵਾਰ ਦੇ ਮੈਂਬਰਾਂ ਨੂੰ ਕਿਹਾ ਗਿਆ ਕਿ ਇਸ਼ਤਿਯਾਕ ਖ਼ਤਰੇ ਤੋਂ ਬਾਹਰ ਹੈ।ਪਰ ਤਿੰਨ-ਚਾਰ ਘੰਟੇ ਦੀ ਕਸ਼ਮਸ਼ ਤੋਂ ਬਾਅਧ ਉਸ ਦੀ ਮੌਤ ਹੋ ਗਈ।

ਇਸ਼ਤਿਯਾਕ ਦੀ ਪਤਨੀ ਜ਼ੇਬਾ ਨੇ ਬੀਬੀਸੀ ਨੂੰ ਦੱਸਿਆ , " ਮੈਂ ਉਨ੍ਹਾਂ ਨੂੰ ਮਨਾ ਕੀਤਾ ਸੀ ਕਿ ਘਰ ਤੋਂ ਬਾਹਰ ਨਾ ਜਾਓ, ਪਰ ਉਨ੍ਹਾਂ ਨੇ ਮੇਰੀ ਇਕ ਨਾ ਸੁਣੀ।"

ਕਿੰਨ੍ਹੇ ਇਤਫ਼ਾਕ ਦੀ ਗੱਲ ਹੈ ਕਿ 25 ਫਰਵਰੀ ਨੂੰ ਇਸ਼ਤਿਯਾਕ ਦੀ ਜੀਵਣ ਲੀਲਾ ਖ਼ਤਮ ਹੋਈ ਅਤੇ 26 ਫਰਵਰੀ ਨੂੰ ਉਸ ਦਾ ਜਨਮ ਦਿਨ ਸੀ।

10.ਮੁਹੰਮਦ ਫ਼ੁਰਕਾਨ, ਉਮਰ: 30 ਸਾਲ

ਮੌਤ ਦਾ ਕਾਰਨ: ਗੋਲੀ ਲੱਗਣਾ

ਪੇਸ਼ਾ: ਕਾਰੀਗਰ

24 ਫਰਵਰੀ ਦੀ ਸ਼ਾਮ ਨੂੰ ਤਕਰੀਬਨ ਪੰਜ ਵਜੇ ਦੇ ਕਰੀਬ ਫ਼ੁਰਕਾਨ ਦੇ ਵੱਡੇ ਭਰਾ ਇਮਰਾਨ ਨੂੰ ਕਿਸੇ ਨੇ ਫੋਨ ਕਰਕੇ ਸੂਚਿਤ ਕੀਤਾ ਕਿ ਫ਼ੁਰਕਾਨ ਦੇ ਪੈਰ 'ਚ ਗੋਲੀ ਲੱਗੀ ਹੈ।

ਉਨ੍ਹਾਂ ਕਿਹਾ, " ਮੈਨੂੰ ਫੋਨ 'ਤੇ ਮਿਲੀ ਖ਼ਬਰ 'ਤੇ ਬਿਲਕੁੱਲ ਵੀ ਵਿਸ਼ਵਾਸ ਨਹੀਂ ਹੋਇਆ , ਕਿਉਂਕਿ ਇੱਕ ਘੰਟੇ ਪਹਿਲਾਂ ਹੀ ਮੈਂ ਫ਼ੁਰਕਾਨ ਨੂੰ ਮਿਲਿਆ ਸੀ।"

ਇਮਰਾਨ ਨੇ ਦੱਸਿਆ, " ਫ਼ੁਰਕਾਨ ਕੁੱਝ ਕੰਮ ਕਰ ਰਿਹਾ ਸੀ।ਫਿਰ ਜਦੋਂ ਉਹ ਕੁੱਝ ਸਮਾਨ ਲੈਣ ਲਈ ਬਾਹਰ ਗਿਆ ਤਾਂ ਉਹ ਹਿੰਸਕ ਭੀੜ੍ਹ ਦਾ ਸ਼ਿਕਾਰ ਹੋ ਗਿਆ।"

ਦੋਵਾਂ ਭਰਾਵਾਂ ਦੇ ਘਰ ਨਾਲ-ਨਾਲ ਹੀ ਹਨ।

ਫ਼ੁਰਕਾਨ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਕਿਸੇ ਨੇ ਫੋਨ ਕਰਕੇ ਜਾਣਕਾਰੀ ਦਿੱਤੀ ਸੀ ਕਿ ਫ਼ੁਨਕਾਰ ਦੇ ਗੋਲੀ ਲੱਗ ਗਈ ਹੈ ਅਤੇ ਉਸ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਹੈ।ਪਰ ਜਦੋਂ ਤੱਕ ਪਰਿਵਾਰ ਵਾਲੇ ਪਹੁੰਚੇ ਫ਼ੁਰਕਾਨ ਦੀ ਮੌਤ ਹੋ ਚੁੱਕੀ ਸੀ।

ਵੀਡੀਓ: Delhi violence: 'ਮੈਨੂੰ ਨਹੀਂ ਯਕੀਨ ਕਿ ਮੇਰੇ ਪੁੱਤਰ ਨੂੰ ਮੁਹੱਲੇ ਵਾਲਿਆਂ ਨੇ ਮਾਰਿਆ' ਮਾਰੇ ਗਏ ਆਪਣੇ ਪੁੱਤਰ ਦੀ ਲਾਸ਼ ਲੈਣ ਦਿੱਲੀ ਪਹੁੰਚੇ ਬਿਹਾਰ ਦੇ ਰਹਿਣ ਵਾਲੇ ਮੁਹੰਮਦ ਇਬਰਾਹਿਮ ਦਾ ਦਰਦ

11.ਦੀਪਕ, ਉਮਰ: 34 ਸਾਲ

ਮੌਤ ਦਾ ਕਾਰਨ: ਚਾਕੂ ਨਾਲ ਹਮਲਾ

ਪੇਸ਼ਾ: ਮਜ਼ਦੂਰੀ

ਦੀਪਕ ਦੀ ਮ੍ਰਿਤਕ ਦੇਹ ਹਾਸਲ ਕਰਨ ਲਈ ਹਸਪਤਾਲ ਬਾਹਰ ਬੈਠੇ ਉਸ ਦੇ ਪਰਿਵਾਰ ਵਾਲਿਆਂ ਨੂੰ ਇਹ ਵੀ ਨਹੀਂ ਪਤਾ ਕਿ ਉਸ ਦੀ ਮੌਤ ਕਿਵੇਂ ਹੋਈ ਹੈ।

ਪਰਿਵਾਰ ਦੇ ਇਕ ਮੈਂਬਰ ਨੇ ਦੱਸਿਆ, " ਅਸੀਂ ਦੀਪਕ ਦੇ ਚਿਹਰੇ 'ਤੇ ਕੁੱਝ ਜ਼ਖਮ ਵੇਖੇ ਸਨ।ਉਸ ਨੂੰ ਗੋਲੀ ਲੱਗੀ ਜਾਂ ਫਿਰ ਨਹੀਂ ਇਹ ਤਾਂ ਨਹੀਂ ਪਤਾ ਹੈ।"

ਦੀਪਕ ਦੇ ਘਰ 'ਚ ਉਸ ਦੀ ਪਤਨੀ ਅਤੇ ਤਿੰਨ ਬੱਚੇ ਹਨ।ਦੀਪਕ ਬਿਹਾਰ ਦੇ ਆਰਾ ਜ਼ਿਲ੍ਹੇ ਦੇ ਵਸਨੀਕ ਸਨ।ਪਰ ਪਿਛਲੇ ਦਸ ਸਾਲਾਂ ਤੋਂ ਉਹ ਦਿੱਲੀ 'ਚ ਹੀ ਰਹਿ ਰਹੇ ਸਨ।

ਜ਼ਖਮੀ ਹਾਲਤ 'ਚ ਦੀਪਕ ਨੂੰ ਵਿੱਕੀ ਨਾਂਅ ਦੇ ਇਕ ਵਿਅਕਤੀ ਨੇ ਹਸਪਤਾਲ 'ਚ ਭਰਤੀ ਕਰਵਾਇਆ ਸੀ ਅਤੇ ਉਸ ਦੇ ਪਰਿਵਾਰ ਵਾਲਿਆਂ ਨੂੰ ਇਸ ਬਾਰੇ ਵੀ ਦੱਸਿਆ।

ਵੀਡੀਓ: Delhi Violence: ਦਿੱਲੀ ਹਿੰਸਾ ਵਿੱਚ ਇਲਜ਼ਾਮਬਾਜ਼ੀਆਂ ਦੇ ਵਿਚਾਲੇ ਇਸ ਸ਼ਖਸ ਦੀ ਗੱਲ ਜ਼ਰੂਰ ਸੁਣੋ ਅਤੇ ਆਪਣੀ ਰਾਇ ਦਿਓ

12.ਅੰਕਿਤ ਸ਼ਰਮਾ, ਉਮਰ: 26 ਸਾਲ

ਮੌਤ ਦਾ ਕਾਰਨ: ਮਾਰ-ਕੁਟਾਈ ਅਤੇ ਤਸ਼ੱਦਦ

ਪੇਸ਼ਾ: ਖੁਫ਼ੀਆ ਵਿਭਾਗ

ਅੰਕਿਤ ਦੀ ਮ੍ਰਿਤਕ ਦੇਹ ਚਾਂਦਬਾਗ ਖੇਤਰ ਦੇ ਇਕ ਨਾਲੇ 'ਚ ਪਈ ਮਿਲੀ।ਉਨ੍ਹਾਂ ਦੇ ਪਰਿਵਾਰ ਦਾ ਕਹਿਣਾ ਹੈ ਕਿ 25 ਫਰਵਰੀ ਨੂੰ ਜਦੋਂ ਉਹ ਆਪਣੇ ਕੰਮ ਤੋਂ ਘਰ ਵਾਪਸ ਪਰਤ ਰਿਹਾ ਸੀ, ਉਸ ਸਮੇਂ ਅੰਕਿਤ 'ਤੇ ਹਮਲਾ ਹੋਇਆ।

ਅੰਕਿਤ ਦੇ ਭਰਾ ਅੰਕੁਰ ਨੇ ਬੀਬੀਸੀ ਨੂੰ ਦੱਸਿਆ, " ਮੇਰੇ ਭਰਾ ਦੇ ਸ਼ਰੀਰ 'ਤੇ ਕਈ ਜ਼ਖਮਾਂ ਸਨ।ਉਸ ਦਾ ਚਿਹਰਾ ਵੀ ਬੁਰੀ ਤਰ੍ਹਾਂ ਨਾਲ ਖ਼ਰਾਬ ਕੀਤਾ ਗਿਆ ਸੀ।"

ਅੰਕਿਤ ਦੀ ਮ੍ਰਿਤਕ ਦੇਹ 26 ਫਰਵਰੀ ਨੂੰ ਬਰਾਮਦ ਹੋਈ।

ਅੰਕੁਰ ਦਾ ਕਹਿਣਾ ਹੈ ਕਿ ਹਮਲਾਵਰਾਂ ਨੇ ਅੰਕਿਤ ਦੀ ਲਾਸ਼ ਨੂੰ ਨਾਲੇ 'ਚ ਸੁੱਟ ਦਿੱਤਾ ਸੀ।

ਅੰਕਿਤ ਦੇ ਪਿਤਾ ਵੀ ਸ਼ਰਕਾਰੀ ਮੁਲਾਜ਼ਮ ਹਨ।ਅੰਕੁਰ ਸਰਕਾਰੀ ਨੌਕਰੀ ਲਈ ਇਮਤਿਹਾਨ ਦੇ ਰਿਹਾ ਹੈ ਅਤੇ ਛੋਟੀ ਭੈਣ ਅਜੇ ਆਪਣੀ ਪੜ੍ਹਾਈ ਕਰ ਰਹੀ ਹੈ।

13.ਰਾਹੁਲ ਠਾਕੁਰ, ਉਮਰ: 23 ਸਾਲ

ਮੌਤ ਦਾ ਕਾਰਨ: ਗੋਲੀ ਲੱਗਣਾ

ਪੇਸ਼ਾ: ਵਿਦਿਆਰਥੀ

ਰਾਹੁਲ ਆਪਣੇ ਘਰ 'ਚ ਰੋਟੀ ਖਾ ਰਿਹਾ ਸੀ ਕਿ ਉਸ ਨੇ ਅਚਾਨਕ ਬਾਹਰ ਗੋਲੀ ਚੱਲਣ ਅਤੇ ਪੱਥਰਾਵ ਦੀ ਆਵਾਜ਼ ਸੁਣੀ।

ਪਰਿਵਾਰ ਦੇ ਮੈਂਬਰਾਂ ਮੁਤਾਬਿਕ ਰਾਹੁਲ ਘਰੋਂ ਬਾਹਰ ਪੈ ਰਹੇ ਰੌਲੇ ਨੂੰ ਵੇਖਣ ਲਈ ਬਾਹਰ ਨਿਕਲਿਆ ਸੀ।ਜਿਵੇਂ ਹੀ ਉਹ ਬਾਹਰ ਨਿਕਲਿਆ ਇਕ ਗੋਲੀ ਉਸ ਦੀ ਛਾਤੀ 'ਚ ਲੱਗੀ।ਭਾਵੇਂ ਤੁਰੰਤ ਹੀ ਉਸ ਨੂੰ ਜੀਟੀਬੀ ਹਸਪਤਾਲ ਲਿਜਾਇਆ ਗਿਆ ਪਰ ਉਹ ਬੱਚ ਨਾ ਸਕਿਆ।

14.ਅਕਬਰੀ, ਉਮਰ: 85 ਸਾਲ

ਮੌਤ ਦਾ ਕਾਰਨ: ਜ਼ਿੰਦਾ ਸਾੜਨਾ

ਦਿੱਲੀ ਦੇ ਉੱਤਰ ਪੂਰਬੀ ਖੇਤਰ 'ਚ ਗਮਰੀ ਪਿੰਡ 'ਚ 25 ਫਰਵਰੀ ਦੀ ਸ਼ਾਮ ਨੂੰ ਹਿੰਸਕ ਭੀੜ੍ਹ ਸੜਕਾਂ 'ਤੇ ਜੈ ਸ੍ਰੀ ਰਾਮ ਦੇ ਨਾਅਰੇ ਲਗਾ ਰਹੀ ਸੀ ਅਤੇ ਰਸਤੇ 'ਚ ਪੈ ਰਹੇ ਘਰਾਂ ਅਤੇ ਦੁਕਾਨਾਂ ਨੂੰ ਅੱਗ ਦੇ ਹਵਾਲੇ ਕਰ ਰਹੀ ਸੀ।

ਹਿੰਸਕ ਭੀੜ੍ਹ ਨੇ ਅਕਬਰੀ ਦੇ ਚਾਰ ਮੰਜ਼ਿਲਾ ਘਰ ਨੂੰ ਵੀ ਅੱਗ ਦੇ ਹਵਾਲੇ ਕਰ ਦਿੱਤਾ।ਪਰਿਵਾਰ ਦੇ ਬਾਕੀ ਮੈਂਬਰ ਤਾਂ ਬੱਚਦੇ-ਬਚਾਉਂਦੇ ਕਿਸੇ ਤਰ੍ਹਾਂ ਛੱਤ 'ਤੇ ਪਹੁੰਚ ਗਏ ਪਰ ਅਕਬਰੀ ਉਸ ਅੱਗ ਦੀ ਭੇਟ ਚੜ੍ਹ ਗਏ।

ਅਕਬਰੀ ਦੇ ਪੋਤੇ ਸਲਮਾਨੀ ਨੇ ਨਿਊਜ਼ ਏਜੰਸੀ ਪੀਟੀਆਈ ਨੂੰ ਦੱਸਿਆ, " ਮੈਂ ਘਰ ਵਾਪਸ ਪਰਤ ਰਿਹਾ ਸੀ ਕਿ ਮੇਰੇ ਬੇਟੇ ਨੇ ਮੈਨੂੰ ਫੋਨ ਕੀਤਾ ਕਿ ਭੀੜ੍ਹ ਨੇ ਸਾਡੇ ਘਰ ਨੂੰ ਘੇਰ ਲਿਆ ਹੈ।ਉਨ੍ਹਾਂ ਦੇ ਹੱਥਾਂ 'ਚ ਪੈਟਰੋਲ ਬੰਬ ਅਤੇ ਡੰਡੇ ਸਨ।ਮੇਰੀ ਮਾਂ, ਪਤਨੀ ਅਤੇ ਤਿੰਨ ਬੱਚੇ ਦੂਜੀ ਮੰਜ਼ਿਲ 'ਤੇ ਸਨ।ਮੈਂ ਫੋਨ 'ਤੇ ਹੀ ਉਨ੍ਹਾਂ ਨੂੰ ਜਲਦ ਤੋਂ ਜਲਦ ਛੱਤ 'ਤੇ ਜਾਣ ਦੀ ਹਿਦਾਇਤ ਕੀਤੀ।"

ਸਲਮਾਨੀ ਅੱਗੇ ਦੱਸਦੇ ਹਨ ਕਿ ਮੇਰੇ 10 ਮਜ਼ਦੂਰ ਸਭ ਤੋਂ ਹੇਠਾਂ ਸਨ।ਉਹ ਵੀਨ ਭੱਜ ਕੇ ਛੱਤ 'ਤੇ ਪਹੁੰਚ ਗਏ।ਮੇਰੇ ਬੇਟੇ ਨੇ ਵੇਖਿਆ ਕਿ ਮਾਂ ਉੱਥੇ ਨਹੀਂ ਸੀ।ਉਸ ਨੇ ਹੇਠਾਂ ਜਾਣ ਦੀ ਕਸ਼ਿਸ਼ ਕੀਤੀ ਪਰ ਉਸ ਸਮੇਂ ਤੱਕ ਅੱਗ ਬਹੁਤ ਵੱਧ ਚੁੱਕੀ ਸੀ।ਚਾਰੇ ਪਾਸੇ ਅੱਗ ਦੀਆਂ ਲੱਟਾਂ ਅਤੇ ਧੂੰਆਂ ਸੀ।ਜਦੋਂ ਉਹ ਛੱਤ ਤੋਂ ਹੇਠਾਂ ਆਏ ਤਾਂ ਮਾਂ ਦੀ ਮੌਤ ਹੋ ਚੁੱਕੀ ਸੀ।"

ਉੱਤਰ ਪ੍ਰਦੇਸ਼ ਦੇ ਮੇਰਠ ਜ਼ਿਲ੍ਹੇ ਦੀ ਵਸਨੀਕ ਅਕਬਰੀ ਦੇ ਪਤੀ ਦੀ ਮੌਤ ਲਗਭਗ 40 ਸਾਲ ਪਹਿਲਾਂ ਹੋ ਗਈ ਸੀ ਅਤੇ ਉਸ ਨੇ ਮਿਹਨਤ ਮਜ਼ਦੂਰੀ ਕਰਕੇ ਆਪਣੇ ਸੱਤ ਬੱਚਿਆਂ ਦਾ ਪਾਲਣ ਪੋਸ਼ਣ ਕੀਤਾ ਸੀ।

(ਰਿਪੋਰਟ: ਅਭੀਜੀਤ ਕਾਂਬਲੇ, ਭੂਮਿਕਾ ਰਾਏ, ਵਿਗਨੇਸ਼ ਅਯਾਸਾਮੀ, ਕੀਰਤੀ ਦੁਬੇ ਅਤੇ ਸ਼ਰੁਤੀ ਮੇਨਨ)

ਇਹ ਵੀਡੀਓਜ਼ ਵੀ ਵੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)