You’re viewing a text-only version of this website that uses less data. View the main version of the website including all images and videos.
ਦਿੱਲੀ ਹਿੰਸਾ: ਕਈ ਜਾਨਾਂ ਬਚਾਉਣ ਵਾਲੇ ਪਿਓ-ਪੁੱਤ ਨੇ ਕਿਹਾ 'ਅਹਿਸਾਨ ਨਹੀਂ ਕੀਤਾ, ਵਿਆਜ਼ ਸਣੇ ਕਰਜ਼ਾ ਮੋੜਿਆ'
- ਲੇਖਕ, ਅਰਵਿੰਦ ਛਾਬੜਾ
- ਰੋਲ, ਬੀਬਸੀ ਪੱਤਰਕਾਰ
"ਜੇ ਸਰਦਾਰ ਜੀ ਸਾਡੀ ਮਦਦ ਨਾ ਕਰਦੇ ਤਾਂ ਸ਼ਾਇਦ ਅਸੀਂ ਜ਼ਿੰਦਾ ਹੀ ਨਾਂ ਹੁੰਦੇ।"
ਇਹ ਕਹਿਣਾ ਹੈ ਉੱਤਰ-ਪੂਰਬੀ ਦਿੱਲੀ ਦੇ ਗੋਕਲਪੁਰੀ ਦੇ ਵਸਨੀਕ ਮੁਹੰਮਦ ਇਲਿਆਸ ਦਾ, ਜਿਨ੍ਹਾਂ ਨੂੰ ਦੰਗਿਆਂ ਦੌਰਾਨ ਮੋਹਿੰਦਰ ਸਿੰਘ ਨੇ ਸੁਰੱਖਿਅਤ ਥਾਂ ਤੱਕ ਪਹੁੰਚਾਇਆ ਸੀ। ਮੋਹਿੰਦਰ ਸਿੰਘ ਅਤੇ ਉਨ੍ਹਾਂ ਦੇ ਪੁੱਤਰ ਇੰਦਰਜੀਤ ਸਿੰਘ ਨੇ ਹੋਰ ਵੀ ਕਈ ਲੋਕਾਂ ਨੂੰ ਸੁਰੱਖਿਅਤ ਥਾਂ 'ਤੇ ਪਹੁੰਚਾਇਆ ਸੀ।
ਫਰਵਰੀ ਦੇ ਆਖਰੀ ਹਫ਼ਤੇ ਵਿੱਚ ਉੱਤਰ-ਪੂਰਬੀ ਦਿੱਲੀ ਵਿੱਚ ਹੋਈ ਹਿੰਸਾ ਵਿੱਚ ਹੁਣ ਤੱਕ 40 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ।
ਗੋਕਲਪੁਰੀ ਈਸਟ ਦੇ ਇਲਾਕੇ ਵਿੱਚ ਮੁਸਲਮਾਨਾਂ ਦੀ ਆਬਾਦੀ ਹਿੰਦੂਆਂ ਦੇ ਮੁਕਾਬਲੇ ਘੱਟ ਹੈ। ਇਸ ਇਲਾਕੇ ਵਿੱਚ ਹੀ ਮੋਹਿੰਦਰ ਸਿੰਘ ਅਤੇ ਉਨ੍ਹਾਂ ਦੇ ਬੇਟੇ ਮੋਬਾਈਲ ਦੀ ਦੁਕਾਨ ਚਲਾਉਂਦੇ ਹਨ।
‘ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ’
ਜਦੋਂ ਮੋਹਿੰਦਰ ਸਿੰਘ ਨੇ ਮੁਸਲਮਾਨਾਂ ਨੂੰ ਬਚਾਉਣ ਬਾਰੇ ਸਾਨੂੰ ਦੱਸਿਆ ਤਾਂ ਉਨ੍ਹਾਂ ਨੇ ਆਪਣੀ ਗੱਲ ਸ਼ੁਰੂ ਕਰਦਿਆਂ ਕਿਹਾ, "ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ।"
ਫ਼ਿਰ ਗੱਲ ਨੂੰ ਅੱਗੇ ਤੋਰਦਿਆਂ ਉਨ੍ਹਾਂ ਕਿਹਾ, "ਅਸੀਂ ਨਹੀਂ ਵੇਖਿਆ ਕਿ ਇਹ ਮੁਸਲਮਾਨ ਹਨ। ਅਸੀਂ ਉਸ ਵੇਲੇ ਇਨਸਾਨੀਅਤ ਵੇਖੀ, ਛੋਟੇ-ਛੋਟੇ ਮਾਸੂਮ ਬੱਚੇ ਵੇਖੇ। ਅਸੀਂ ਉਸ ਵੇਲੇ ਇਹੀ ਵੇਖਿਆ ਕਿ ਕਿਸੇ ਤਰ੍ਹਾਂ ਇਨ੍ਹਾਂ ਦੀ ਜਾਨ ਬਚ ਜਾਵੇ।"
ਮੋਹਿੰਦਰ ਸਿੰਘ ਨੇ ਦੱਸਿਆ ਕਿ ਦਿੱਲੀ ਵਿੱਚ ਬੀਤੇ ਦਿਨਾਂ ਵਿੱਚ ਜੋ ਵਾਪਰਿਆ ਉਸ ਨਾਲ ਉਨ੍ਹਾਂ ਦੀਆਂ 1984 ਦੇ ਸਿੱਖ ਕਤਲੇਆਮ ਦੀਆਂ ਯਾਦਾਂ ਤਾਜ਼ਾ ਹੋ ਗਈਆਂ ਹਨ।
ਇਹ ਵੀ ਪੜ੍ਹੋ
ਉਨ੍ਹਾਂ ਨੇ ਕਿਹਾ, "ਸੰਨ 1984 ਵਿੱਚ ਮੇਰੀ ਤਕਰੀਬਨ 16-17 ਸਾਲ ਦੀ ਉਮਰ ਸੀ। ਅਸੀਂ ਉਹ ਮੰਜ਼ਰ, ਉਹ ਦੁਖ ਵੇਖਿਆ ਸੀ। ਮੌਜੂਦਾ ਮਾਹੌਲ ਨਾਲ ਉਹ ਮੰਜ਼ਰ, ਉਹ ਯਾਦਾਂ ਸਾਡੇ ਸਾਹਮਣੇ ਆ ਗਈਆਂ। ਮੈਂ ਨਹੀਂ ਚਾਹੁੰਦਾ ਸੀ ਕਿ ਜੋ ਮੰਜ਼ਰ ਸਾਡੇ 'ਤੇ ਬੀਤਿਆ, ਉਸੇ ਤਰੀਕੇ ਦਾ ਸਾਹਮਣਾ ਇਨ੍ਹਾਂ ਨੂੰ ਕਰਨਾ ਪਵੇ।"
"1984 ਵੇਲੇ ਸਾਨੂੰ ਵੀ ਸਮਾਜ ਦੇ ਕੁਝ ਲੋਕਾਂ ਨੇ ਬਚਾਇਆ ਸੀ। ਉਸ ਸਮੇਂ ਦਾ ਸਮਾਜ ਦਾ ਕਰਜ਼ਾ ਸਾਡੇ 'ਤੇ ਸੀ। ਪਰਮਾਤਮਾ ਨੇ ਸਾਨੂੰ, ਉਸ ਕਰਜ਼ੇ ਨੂੰ ਬਿਆਜ਼ ਸਮੇਤ ਮੋੜਨ ਦਾ ਮੌਕਾ ਦਿੱਤਾ।"
"ਅਸੀਂ ਕਿਸੇ 'ਤੇ ਅਹਿਸਾਨ ਨਹੀਂ ਕੀਤਾ, ਇਹ ਸਾਡੇ 'ਤੇ ਕਰਜ਼ਾ ਸੀ ਜੋ ਅਸੀਂ ਬਿਆਜ਼ ਸਣੇ ਮੋੜਿਆ ਹੈ।"
ਇਹ ਵੀ ਪੜ੍ਹੋ
‘ਸਰਦਾਰ ਜੀ ਕਹਿੰਦੇ ਤੁਸੀਂ ਡਰੋ ਨਾ, ਅਸੀਂ ਤੁਹਾਡੇ ਨਾਲ ਹਾਂ’
ਗੋਕਲਪੁਰੀ ਵਿੱਚ ਹੀ ਮੋਹਿੰਦਰ ਸਿੰਘ ਦੇ ਘਰ ਦੇ ਪਿੱਛੇ ਇੱਕ ਮਸਜਿਦ ਨੂੰ ਦੰਗਾਈਆਂ ਨੇ ਕਾਫੀ ਨੁਕਸਾਨ ਪਹੁੰਚਿਆ ਸੀ।
ਮੁਹੰਮਦ ਹਮਜਾ ਉਸ ਵੇਲੇ ਉਸੇ ਮਸਜਿਦ ਵਿੱਚ ਸੀ। ਉਨ੍ਹਾਂ ਨੇ ਹਿੰਸਾ ਵਾਲੇ ਦਿਨ ਦਾ ਹਾਲ ਸੁਣਾਉਂਦਿਆਂ ਦੱਸਿਆ, "ਇੱਕਦਮ ਭਗਦੜ ਮਚੀ ਤੇ ਜੈ ਸ੍ਰੀਰਾਮ ਦੇ ਨਾਅਰਿਆਂ ਦੀ ਆਵਾਜ਼ ਆਉਣ ਲੱਗੀ। ਅਸੀਂ ਸਭ ਤੋਂ ਪਹਿਲਾਂ ਭੱਜ ਕੇ ਮਸਜਿਦ ਦੇ ਦਰਵਾਜੇ ਬੰਦ ਕੀਤੇ। ਉਸੇ ਵੇਲੇ ਮਸਜਿਦ 'ਤੇ ਲਾਠੀਆਂ ਡੰਡਿਆਂ ਨਾਲ ਹਮਲਾ ਹੋ ਗਿਆ ਸੀ।"
"ਅਸੀਂ ਸਾਰੇ ਬਹੁਤ ਡਰ ਗਏ ਸੀ। ਮਸਜਿਦ ਵਿੱਚ ਚੀਕ-ਪੁਕਾਰ ਸੁਣਾਈ ਦੇ ਰਹੀ ਸੀ। ਥੋੜ੍ਹੀ ਦੇਰ ਲਈ ਭੀੜ ਉੱਥੋਂ ਹਟੀ ਤੇ ਅੱਗੇ ਚਲੀ ਗਈ। ਸਾਡੇ ਕੋਲ ਪੰਜ-ਦਸ ਮਿੰਟ ਦਾ ਮੌਕਾ ਸੀ।"
"ਉਸ ਦੌਰਾਨ ਮੈਂ ਭੱਜਿਆ ਤੇ ਸਿੱਧਾ ਆਪਣੇ ਘਰ ਪਹੁੰਚਿਆ। ਸਾਡੇ ਸਾਹਮਣੇ ਸਰਦਾਰ ਜੀ (ਮੋਹਿੰਦਰ ਸਿੰਘ) ਰਹਿੰਦੇ ਹਨ, ਉਹ ਆਏ ਤੇ ਕਹਿੰਦੇ ਕਿ ਡਰੋ ਨਾ, ਅਸੀਂ ਤੁਹਾਡੇ ਨਾਲ ਹਾਂ।"
ਹਮਜ਼ਾ ਨੇ ਅੱਗੇ ਦੱਸਦਿਆਂ ਕਿਹਾ ਕਿ ਮੋਹਿੰਦਰ ਸਿੰਘ ਨੇ ਉਨ੍ਹਾਂ ਨੂੰ ਤੇ ਉਨ੍ਹਾਂ ਦੇ ਪੂਰੇ ਪਰਿਵਾਰ ਨੂੰ ਆਪਣੇ ਘਰ ਵਿੱਚ ਵਾੜਿਆ।
ਹਮਜ਼ਾ ਨੇ ਅੱਗੇ ਦੱਸਿਆ, "ਫਿਰ ਸਭ ਤੋਂ ਪਹਿਲਾਂ ਤਾਂ ਉਨ੍ਹਾਂ ਨੇ ਮੇਰੇ ਪੱਗ ਬੰਨੀ। ਮੈਂ ਬਹੁਤ ਡਰਿਆ ਹੋਇਆ ਸੀ। ਉਹ ਪਹਿਲਾਂ ਤਾਂ ਮੇਰੇ ਪਰਿਵਾਰ ਨੂੰ ਛੱਡ ਕੇ ਆਏ ਸੀ।"
"ਫ਼ਿਰ ਮੇਰੇ ਦੋਸਤਾਂ ਦੇ ਫੋਨ ਆਉਣ ਲੱਗੇ, ਜੋ ਉਸੇ ਗਲੀ ਵਿੱਚ ਰਹਿੰਦੇ ਸਨ। ਤਾਂ ਫਿਰ ਮੈਂ ਕਿਹਾ ਕਿ ਸਾਨੂੰ ਸਾਡੇ ਸਰਦਾਰ ਜੀ ਕੱਢਣਗੇ, ਤੁਸੀਂ ਬਿਲਕੁਲ ਨਾ ਡਰੋ।"
"ਫਿਰ ਮੋਹਿੰਦਰ ਸਿੰਘ ਅਤੇ ਉਨ੍ਹਾਂ ਦੇ ਪੁੱਤਰ ਨੇ ਮੈਨੂੰ ਤੇ ਮੇਰੇ ਪਰਿਵਾਰ ਨੂੰ ਸੁਰੱਖਿਅਤ ਥਾਂ 'ਤੇ ਪਹੁੰਚਾਇਆ। ਉਹ ਸਾਨੂੰ ਬਾਈਕ ਤੇ ਸਕੂਟੀ ਦੇ ਪਿੱਛੇ ਬਿਠਾ ਕੇ ਲੈ ਕੇ ਗਏ ਸਨ।"
ਉਸ ਦਿਨ ਬਾਰੇ ਦੱਸਦਿਆਂ ਗੋਕੁਲਪੁਰੀ ਦੇ ਵਸਨੀਕ ਮੁਹੰਮਦ ਇਲਿਆਸ ਨੇ ਕਿਹਾ, "ਅਸੀਂ ਪਹਿਲਾਂ ਪੁਲਿਸ ਨੂੰ ਫੋਨ ਕੀਤਾ। ਪੁਲਿਸ ਤਾਂ ਆਈ ਨਹੀਂ ਪਰ ਡੇਢ ਘੰਟਿਆਂ ਬਾਅਦ ਦੰਗਾਈ ਫਿਰ ਆ ਗਏ।"
"ਉਸ ਵੇਲੇ ਅਸੀਂ ਮਸਜਿਦ ਵਿੱਚ ਹੀ ਸੀ। ਯਾਨੀ ਤਕਰੀਬਨ ਤਿੰਨ ਘੰਟੇ ਅਸੀਂ ਮਸਜਿਦ ਵਿੱਚ ਹੀ ਸੀ ਪਰ ਉਸ ਦੌਰਾਨ ਕੋਈ ਪੁਲਿਸਵਾਲਾ ਨਹੀਂ ਆਇਆ।"
"ਅਸੀਂ ਫ਼ਿਰ ਸਲਾਹ ਕੀਤੀ ਕਿ ਇੱਥੇ ਰਹਿਣਾ ਠੀਕ ਨਹੀਂ ਹੈ। ਇੱਥੇ ਮੁਸਲਮਾਨਾਂ ਦਾ ਘਰ ਵਿੱਚ ਘੱਟ ਹਨ। ਅਸੀਂ ਬਾਹਰ ਆਏ ਤਾਂ ਸਾਨੂੰ ਸਰਦਾਰ ਜੀ (ਮੋਹਿੰਦਰ ਸਿੰਘ) ਤੇ ਉਨ੍ਹਾਂ ਦੇ ਪੁੱਤਰ ਇੰਦਰਜੀਤ ਮਿਲੇ। ਉਨ੍ਹਾਂ ਨੇ ਇੱਕ ਸਕੂਟੀ ਅਤੇ ਇੱਕ ਬਾਈਕ ਲੈ ਕੇ ਚਾਰ-ਚਾਰ ਬੰਦਿਆਂ ਨੂੰ ਬਿਠਾ ਕੇ ਸੁਰੱਖਿਅਤ ਥਾਂ 'ਤੇ ਪਹੁੰਚਾਇਆ।"
ਵੀਡੀਓ-ਜਦੋਂ ਬੀਬੀਸੀ ਦੀ ਟੀਮ ਨੂੰ ਭੀੜ ਨੇ ਘੇਰਿਆ
"ਸਾਡੀ ਸਰਦਾਰ ਜੀ ਨੇ ਬਹੁਤ ਮਦਦ ਕੀਤੀ।"
ਇਹ ਸਾਰੇ ਲੋਕ ਗੋਕੁਲਪੁਰੀ ਦੇ ਨਿਵਾਸੀ ਹਨ। ਹੁਣ ਇਨ੍ਹਾਂ ਦੇ ਘਰ ਤੋੜੇ ਜਾਂ ਸਾੜੇ ਜਾ ਚੁੱਕੇ ਹਨ। ਹੁਣ ਉਹ ਆਪਣੇ ਜਾਣ-ਪਛਾਣ ਵਾਲਿਆਂ ਦੇ ਘਰ ਰਹਿ ਰਹੇ ਹਨ।
ਇਹ ਲੋਕ ਡਰੇ-ਸਹਿਮੇ ਹੋਏ ਹਨ ਪਰ ਇਹ ਇਸ ਗੱਲ ਤੋਂ ਰਾਹਤ ਮਹਿਸੂਸ ਕਰਦੇ ਹਨ ਕਿ ਮਹਿੰਦਰ ਸਿੰਘ ਤੇ ਇੰਦਰਜੀਤ ਸਿੰਘ ਵਰਗੇ ਲੋਕਾਂ ਦੀ ਵਜ੍ਹਾ ਨਾਲ ਇਨਸਾਨੀਅਤ ਅਜੇ ਜ਼ਿੰਦਾ ਹੈ।
ਵੀਡੀਓ: ਬੀਬੀਸੀ ਪੰਜਾਬੀ ਨੂੰ ਲਿਆਓ ਆਪਣੇ ਮੋਬਾਈਲ 'ਤੇ
ਵੀਡੀਓ: ਸੁਰਜੀਤ ਪਾਤਰ ਦੀ CAA-NRC 'ਤੇ ਕਵਿਤਾ
ਵੀਡੀਓ:Delhi Violence: ਲੰਗਰ ਵਰਤਾ ਕੇ ਦਿੱਲੀ ਦੇ ਸ਼ਿਵ ਵਿਹਾਰ ਇਲਾਕੇ ਵਿੱਚ ਪੀੜਤਾਂ ਦੀ ਮਦਦ ਕਰਨ ਵਾਲਿਆਂ ਨੂੰ ਮਿਲੋ