Coronavirus: ਦਿੱਲੀ ਅਤੇ ਤੇਲੰਗਾਨਾ 'ਚ ਨਵੇਂ ਮਰੀਜ਼, ਦੁਨੀਆਂ ਭਰ 'ਚ 3,000 ਤੋਂ ਵੱਧ ਮੌਤਾਂ, ਭਾਰਤ ਦੀ ਤਿਆਰੀ ਕੀ ਹੈ

ਕੋਰੋਨਾਵਾਇਰਸ ਨਾਲ ਦੁਨੀਆ ਭਰ ਵਿੱਚ ਮਾਰੇ ਗਏ ਲੋਕਾਂ ਦੀ ਗਿਣਤੀ 3,000 ਤੋਂ ਵੱਧ ਹੋ ਗਈ ਹੈ। ਚੀਨ ਵਿੱਚ 42 ਹੋਰ ਮੌਤਾਂ ਦੀ ਪੁਸ਼ਟੀ ਹੋਈ ਹੈ।

ਭਾਰਤ ਵਿੱਚ ਵੀ ਕੋਰੋਨਾਵਾਇਰਸ ਦੇ ਦੋ ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ। ਇੱਕ ਦਿੱਲੀ ਵਿੱਚ ਅਤੇ ਦੂਜਾ ਤੇਲੰਗਾਨਾ ਵਿੱਚ।

ਭਾਰਤ ਦੇ ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਕਿਹਾ ਹੈ ਕਿ ਇਹ ਉਹੀ ਮਾਮਲੇ ਹਨ ਜੋ ਲੋਕ ਬਾਹਰੋਂ ਯਾਤਰਾ ਕਰਕੇ ਆਏ ਹਨ। ਦੋਹਾਂ ਮਰੀਜ਼ਾਂ ਦਾ ਇਲਾਜ਼ ਵੱਖ ਵੱਖ ਰੱਖ ਕੇ ਕੀਤਾ ਜਾ ਰਿਹਾ ਹੈ।

ਕੁੱਲ ਮੌਤਾਂ ਦਾ 90% ਤੋਂ ਵੀ ਵੱਧ ਅੰਕੜਾ ਚੀਨ ਦੇ ਸੂਬੇ ਹੂਬੇ 'ਚੋਂ ਸਾਹਮਣੇ ਆਇਆ ਹੈ, ਜਿੱਥੇ ਪਿਛਲੇ ਸਾਲ ਵਾਇਰਸ ਦੀ ਸ਼ੁਰੂਆਤ ਹੋਈ ਮੰਨੀ ਜਾ ਰਹੀ ਹੈ।

ਪਰ ਚੀਨ ਤੋਂ ਇਲਾਵਾ 10 ਹੋਰ ਦੇਸ਼ਾਂ ਵਿੱਚ ਵੀ ਮੌਤਾਂ ਹੋਈਆਂ ਹਨ ਜਿਸ ਵਿੱਚ ਇਰਾਨ 'ਚ 50 ਤੋਂ ਵੱਧ ਅਤੇ ਇਟਲੀ 'ਚ 30 ਤੋਂ ਵੱਧ ਮੌਤਾਂ ਹਨ।

ਵਿਸ਼ਵ ਭਰ ਵਿੱਚ, ਲਗਭਗ 90,000 ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ। ਚੀਨ ਦੇ ਬਾਹਰ ਹੁਣ ਇਨ੍ਹਾਂ ਮਾਮਲਿਆਂ ਦੀ ਗਿਣਤੀ ֹ'ਚ ਚੀਨ ਦੇ ਅੰਦਰ ਦੀ ਤੁਲਨਾ ਵਿੱਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ।

ਵਿਸ਼ਵ ਸਿਹਤ ਸੰਗਠਨ ਨੇ ਦੱਸਿਆ ਹੈ, "ਜ਼ਿਆਦਾਤਰ ਮਰੀਜ਼ਾਂ 'ਚ ਵਾਇਰਸ ਦੇ ਸਿਰਫ਼ ਹਲਕੇ ਲੱਛਣ ਹੁੰਦੇ ਹਨ ਅਤੇ ਮੌਤ ਦੀ ਦਰ 2% ਤੋਂ 5% ਦੇ ਵਿਚਕਾਰ ਪ੍ਰਤੀਤ ਹੁੰਦੀ ਹੈ।

ਮੌਸਮੀ ਫਲੂ ਵਿੱਚ ਔਸਤਨ ਮੌਤ ਦੀ ਦਰ 0.1% ਹੈ ਪਰ ਇਹ ਬਹੁਤ ਹੀ ਜਲਦੀ ਨਾਲ ਫੈਲਦਾ ਹੈ। ਇਸ ਨਾਲ ਹਰ ਸਾਲ ਕਰੀਬ 400,000 ਲੋਕ ਮਰਦੇ ਹਨ।

ਭਾਰਤ ਦੀ ਤਿਆਰੀ ਕੀ ਹੈ

ਦਿੱਲੀ ਅਤੇ ਤੇਲੰਗਾਨਾ ਵਿੱਚ ਇੱਕ-ਇੱਕ ਮਾਮਲੇ ਆਉਣ ਮਗਰੋਂ ਭਾਰਤ ਦੇ ਸਿਹਤ ਮੰਤਰੀ ਡਾਕਟਰ ਹਰਸ਼ਵਰਧਨ ਨੇ ਸੋਮਵਾਰ ਨੂੰ ਦਿੱਲੀ ਵਿੱਚ ਪ੍ਰੈੱਸ ਕਾਨਫਰੰਸ ਕਰਕੇ ਕੋਰੋਨਾਵਾਇਰਸ ਉੱਤੇ ਭਾਰਤ ਦੀ ਤਿਆਰੀ ਅਤੇ ਕੁਝ ਹਿਦਾਇਤਾਂ ਬਾਰੇ ਗੱਲ ਕੀਤੀ। ਉਨ੍ਹਾਂ ਕਿਹਾ-

  • ਅਸੀਂ ਦੁਨੀਆਂ ਅਤੇ ਵਿਸ਼ਵ ਸਿਹਤ ਸੰਗਠਨ ਨਾਲ ਵੀ ਸੰਪਰਕ ਵਿੱਚ ਹਾਂ। ਭਾਰਤੀ ਅੰਬੈਸੀ ਦੇ ਅਫਸਰ ਈਰਾਨ ਦੀ ਅੰਬੈਸੀ ਨਾਲ ਯਾਤਰਾ ਦੇ ਸੰਦਰਭ ਵਿੱਚ ਗੱਲਬਾਤ ਕਰ ਰਹੇ ਹਨ।
  • ਚੀਨ, ਈਰਾਨ, ਇਟਲੀ, ਇੰਡੋਨੇਸ਼ੀਆ ਅਤੇ ਦੱਖਣੀ ਕੋਰੀਆ ਨਾ ਜਾਓ ਜੇਕਰ ਬਹੁਤ ਜ਼ਰੂਰੀ ਨਾ ਹੋਵੇ।
  • ਭਾਰਤ ਦੇ 21 ਏਅਰਪੋਰਟਾਂ 'ਤੇ 5.50 ਲੱਖ ਤੋਂ ਵੱਧ ਲੋਕਾਂ ਦੀ ਸਕਰੀਨਿੰਗ ਹੋਈ ਹੈ। ਹੁਣ ਤੱਕ 3217 ਸੈਂਪਲ ਨੈਗੇਟਿਵ ਆਏ ਹਨ ਅਤੇ ਕੁਝ ਦੀ ਰਿਪੋਰਟ ਆਉਣੀ ਬਾਕੀ ਹੈ।
  • ਚੀਨ ਅਤੇ ਈਰਾਨ ਤੋਂ ਆਉਣ ਵਾਲਿਆਂ ਦਾ ਈ-ਵੀਜ਼ਾ ਰੱਦ ਮੰਨਿਆ ਜਾਵੇਗਾ। 12 ਮੁਲਕਾਂ ਤੋਂ ਆਉਣ ਵਾਲੇ ਯਾਤਰੀਆਂ ਦੀ ਸਕਰੀਨਿੰਗ ਹੋ ਰਹੀ ਹੈ।
  • ਨੇਪਾਲ ਨਾਲ ਜੁੜੀਆਂ ਸਰਹੱਦਾਂ 'ਤੇ 10 ਲੱਖ ਤੋਂ ਵੱਧ ਲੋਕਾਂ ਦੀ ਸਕਰੀਨਿੰਗ
  • ਜੋ ਲੋਕ ਵਾਇਰਸ ਤੋਂ ਸੰਕ੍ਰਮਿਤ ਹੋਏ ਹਨ ਉਨ੍ਹਾਂ ਦੀ ਪਛਾਣ ਨਹੀਂ ਦੱਸੀ ਜਾਵੇਗੀ।

ਅੰਤਰਰਾਸ਼ਟਰੀ ਪੱਧਰ 'ਤੇ ਕੀ ਹੈ ਸਥਿਤੀ?

  • ਚੀਨ ਵਿੱਚ ਵਾਇਰਸ ਦੇ ਫੈਲਣ ਦੀ ਦਰ ਵਿੱਚ ਗਿਰਾਵਟ ਆਈ ਹੈ, ਪਰ ਬਾਕੀ ਵਿਸ਼ਵ ਵਿੱਚ ਇਸ ਇਨਫ਼ੈਕਸ਼ਨ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ।
  • ਇਟਲੀ ਦੀ ਨਾਗਰਿਕ ਸੁਰੱਖਿਆ ਸੰਸਥਾ ਦੇ ਮੁਖੀ ਨੇ ਕਿਹਾ ਕਿ ਇਟਲੀ ਦੇ ਯੂਰਪੀਅਨ ਹੌਟਸਪੌਟ ਵਿੱਚ, ਇਨਫ਼ੈਕਸ਼ਨ ਦੀ ਗਿਣਤੀ 48 ਘੰਟਿਆਂ ਵਿੱਚ ਦੁਗਣੀ ਹੋ ਗਈ। ਇੱਥੇ ਘੱਟੋ ਘੱਟ 34 ਮੌਤਾਂ ਹੋਈਆਂ ਹਨ ਅਤੇ 1,694 ਪੁਸ਼ਟੀ ਕੀਤੇ ਕੇਸ ਹਨ। ਅਮੇਜ਼ਨ ਨੇ ਦੱਸਿਆ ਕਿ ਇਟਲੀ ਵਿੱਚ ਉਸ ਦੇ ਦੋ ਕਰਮਚਾਰੀਆਂ ਨੂੰ ਵਾਇਰਸ ਹੈ ਅਤੇ ਉਨ੍ਹਾਂ ਨੂੰ ਅਲੱਗ-ਥਲੱਗ ਰੱਖਿਆ ਗਿਆ ਹੈ।
  • ਯੂਕੇ ਵਿੱਚ ਜਿਥੇ 36 ਕੇਸ ਹਨ, ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਸੋਮਵਾਰ ਲਈ ਇੱਕ ਐਮਰਜੈਂਸੀ ਕੋਬਰਾ ਕਮੇਟੀ ਬੁਲਾਈ ਹੈ।
  • ਸੋਮਵਾਰ ਨੂੰ ਚੀਨ ਤੋਂ ਬਾਅਦ ਵਾਇਰਸ ਦੇ ਸਭ ਤੋਂ ਵੱਡੇ ਸਥਾਨ ਦੱਖਣੀ ਕੋਰੀਆ ’ਚ 476 ਨਵੇਂ ਕੇਸ ਸਾਹਮਣੇ ਆਏ, ਜਿਸ ਨਾਲ ਕੁੱਲ ਕੇਸਾਂ ਦੀ ਗਿਣਤੀ 4,212 ਹੋ ਗਈ ਹੈ। ਇੱਥੇ 26 ਮੌਤਾਂ ਵੀ ਹੋ ਚੁੱਕੀਆਂ ਹਨ।
  • ਸਭ ਤੋਂ ਵੱਧ ਪ੍ਰਭਾਵਤ ਦੇਸ਼ਾਂ ਵਿੱਚ ਸ਼ਾਮਲ ਈਰਾਨ ਨੇ ਐਤਵਾਰ ਨੂੰ ਕਿਹਾ ਕਿ ਹੁਣ ਤੱਕ 978 ਸੰਕਰਮਣ ਦੇ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਅਤੇ 54 ਮੌਤਾਂ ਹੋਈਆਂ ਹਨ।
  • ਇੰਡੋਨੇਸ਼ੀਆਂ, ਆਈਸਲੈਂਡ, ਪੁਰਤਗਾਲ, ਅਰਮੇਨੀਆ, ਐਂਡੋਰਾ, ਕਤਰ, ਇਕੂਏਡਰ, ਲਕਸਮਬਰਗ ਨੇ ਵੀ ਆਪਣੇ ਮੁਲਕਾਂ ਤੋਂ ਆਪਣੇ ਕੇਸਾਂ ਦੀ ਪੁਸ਼ਟੀ ਕੀਤੀ ਹੈ।
  • ਅਮਰੀਕੀ ਦੇ ਨਿਉਯਾਰਕ ਵਿੱਚ ਵੀ ਪਹਿਲੇ ਕੇਸ ਦੀ ਪੁਸ਼ਟੀ ਕੀਤੀ ਹੈ। ਮਰੀਜ਼ 30 ਵਰਿਆਂ ਦੀ ਇੱਕ ਔਰਤ ਹੈ ਜਿਸ ਨੂੰ ਹਾਲ ਹੀ 'ਚ ਈਰਾਨ ਦੀ ਯਾਤਰਾ ਦੌਰਾਨ ਵਾਇਰਸ ਨਾਲ ਇਨਫ਼ੈਕਸ਼ਨ ਹੋ ਗਈ। ਅਮਰੀਕਾ ਵਿੱਚ ਹੁਣ ਤੱਕ ਇਕ ਵਿਅਕਤੀ ਦੀ ਮੌਤ ਹੋ ਗਈ ਹੈ ਜਿਸ ਦੀ ਉਮਰ 50 ਸਾਲ ਸੀ।

ਇਹ ਵੀ ਪੜ੍ਹੋ

ਚੀਨ 'ਚ ਹੁਣ ਕੀ ਸਥਿਤੀ ਹੈ?

ਚੀਨ ਨੇ ਸੋਮਵਾਰ ਨੂੰ 42 ਹੋਰ ਮੌਤਾਂ ਦੀ ਪੁਸ਼ਟੀ ਕੀਤੀ, ਸਾਰੇ ਕੇਸ ਹੁਬੇਈ ਤੋਂ ਹੀ ਸਾਹਮਣੇ ਆਏ ਹਨ। ਇੱਥੇ 202 ਨਵੇਂ ਕੇਸਾਂ ਦੀ ਵੀ ਪੁਸ਼ਟੀ ਹੋਈ ਹੈ ਜਿਨ੍ਹਾਂ ਵਿੱਚੋਂ ਸਿਰਫ਼ ਛੇ ਹੁਬੇਈ ਤੋਂ ਬਾਹਰ ਦੇ ਹਨ।

ਚੀਨ ਦੇ ਅੰਦਰ ਕੁੱਲ 2,912 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਵਾਇਰਸ ਦੇ 80,000 ਕੇਸ ਸਾਹਮਣੇ ਆਏ ਹਨ।

ਚੀਨ ਦੇ ਨੈਸ਼ਨਲ ਹੈਲਥ ਕਮਿਸ਼ਨ ਦੇ ਇਕ ਬੁਲਾਰੇ ਨੇ ਕਿਹਾ ਕਿ ਅਗਲਾ ਸਭ ਤੋਂ ਵੱਡਾ ਚੈਲੇਂਜ "ਮੁੜ ਤੋਂ ਕੰਮਾਂ 'ਤੇ ਪਰਤਣ" ਦਾ ਹੈ।

ਚੀਨ ਦੀ ਆਰਥਿਕਤਾ 'ਤੇ ਇਸ ਦਾ ਵੱਡਾ ਅਸਰ ਹੋਇਆ ਹੈ।

ਯੂਐਸ ਪੁਲਾੜ ਏਜੰਸੀ ਨਾਸਾ ਮੁਤਾਬ਼ਕ, ਇਸ ਸਾਲ ਪ੍ਰਦੂਸ਼ਣ ਦੇ ਪੱਧਰਾਂ ਵਿੱਚ ਵੱਡੀ ਗਿਰਾਵਟ ਆਈ ਹੈ। ਇਸ ਦਾ ਮੁੱਖ ਕਾਰਨ ਅਰਥਚਾਰੇ ਦੀ ਸੁਸਤ ਰਫ਼ਤਾਰ ਨੂੰ ਮਣਿਆ ਜਾ ਰਿਹਾ ਹੈ।

WHO ਨੇ ਕੀ ਕਿਹਾ ਹੈ?

ਵਰਲਡ ਹੈਲਥ ਆਰਗੇਨਾਈਜ਼ੇਸ਼ਨ ਨੇ ਕਿਹਾ ਕਿ ਵਾਇਰਸ ਖ਼ਾਸ ਤੌਰ 'ਤੇ 60 ਤੋਂ ਵੱਧ ਉਮਰ ਦੇ ਲੋਕਾਂ ਨੂੰ ਪ੍ਰਭਾਵਤ ਕਰਦਾ ਹੈ ਅਤੇ ਉਨ੍ਹਾਂ ਲੋਕਾਂ ਨੂੰ ਜੋ ਪਹਿਲਾਂ ਹੀ ਬਿਮਾਰ ਹਨ।

WHO ਨੇ ਸਾਰਿਆ ਦੇਸ਼ਾਂ ਨੂੰ ਵੈਂਟੀਲੇਟਰਾਂ ਨੂੰ ਸਟਾਕ 'ਤੇ ਰੱਖਣ ਦੀ ਅਪੀਲ ਕਰਦਿਆਂ ਕਿਹਾ ਕਿ "ਗੰਭੀਰ ਕੋਵਿਡ -19 ਦੇ ਮਰੀਜ਼ਾਂ ਲਈ ਆਕਸੀਜਨ ਥੈਰੇਪੀ ਇਕ ਵੱਡਾ ਇਲਾਜ ਹੈ।"

ਚੀਨ ਤੋਂ ਆਏ 44,000 ਤੋਂ ਵੱਧ ਮਾਮਲਿਆਂ ਦੇ ਪਹਿਲੇ ਵੱਡੇ ਵਿਸ਼ਲੇਸ਼ਣ ਵਿੱਚ, ਬਜ਼ੁਰਗਾਂ ਵਿੱਚ ਵਾਇਰਸ ਦੇ ਨਾਲ ਮੌਤ ਦੀ ਦਰ ਅੱਧਖੜ ਉਮਰ ਦੇ ਮੁਕਾਬਲੇ ਦਸ ਗੁਣਾ ਵਧੇਰੇ ਹੈ।

ਇਹ ਵੀ ਪੜ੍ਹੋ

ਇਹ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)