ਕੋਰੋਨਾਵਾਇਰਸ -ਕੀ ਭਾਰਤ ਸੰਭਾਲ ਸਕੇਗਾ ਕੋਰੋਨਾਵਾਇਰਸ ਦਾ ਕਹਿਰ?

    • ਲੇਖਕ, ਸਿੰਧੂਵਾਸਿਨੀ
    • ਰੋਲ, ਬੀਬੀਸੀ ਪੱਤਰਕਾਰ

"ਕੋਰੋਨਾਵਾਇਰਸ ਜੇਕਰ ਸਾਰਿਆ ਦੇਸਾਂ 'ਚ ਨਹੀਂ ਤਾਂ ਜ਼ਿਆਦਾਤਰ ਦੇਸਾਂ 'ਚ ਫੈਲ ਸਕਦਾ ਹੈ।"

ਇਹ ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਦੀ ਇਹ ਇੱਕ ਤਾਜ਼ਾ ਚਿਤਾਵਨੀ ਹੈ। ਮੌਜੂਦਾ ਸਮੇਂ ਵਿੱਚ, ਜੇ ਅੰਟਾਰਕਟਿਕਾ ਨੂੰ ਛੱਡ ਦਿੱਤਾ ਜਾਵੇ, ਤਾਂ ਕੋਰੋਨਾ ਦੀ ਲਾਗ ਸਾਰੇ ਮਹਾਂਦੀਪਾਂ ਵਿੱਚ ਫੈਲ ਚੁੱਕੀ ਹੈ।

ਚੀਨ ਤੋਂ ਪੈਦਾ ਹੋਇਆ ਇਹ ਵਾਇਰਸ ਹੁਣ ਬ੍ਰਿਟੇਨ, ਅਮਰੀਕਾ, ਜਾਪਾਨ, ਦੱਖਣੀ ਕੋਰੀਆ, ਫਿਲਪੀਨਜ਼, ਥਾਈਲੈਂਡ, ਈਰਾਨ, ਨੇਪਾਲ ਅਤੇ ਪਾਕਿਸਤਾਨ ਵਰਗੇ ਕਈ ਦੇਸਾਂ ਵਿੱਚ ਪਹੁੰਚ ਗਿਆ ਹੈ।

ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ, "ਕੋਰੋਨਾ ਵਾਇਰਸ ਦੀ ਲਾਗ ਦਾ ਜੋਖ਼ਮ 'ਜ਼ਿਆਦਾ' ਤੋਂ ਵੱਧ ਕੇ 'ਬਹੁਤ ਜ਼ਿਆਦਾ' ਹੋ ਗਿਆ ਹੈ। ਜਿਸ ਤਰ੍ਹਾਂ ਵੱਖੋ ਵੱਖਰੇ ਦੇਸਾਂ ਵਿਚ ਕੋਰੋਨਾ ਇੰਫੈਕਸ਼ਨ ਦੇ ਕੇਸ ਵੱਧ ਰਹੇ ਹਨ, ਇਹ ਸਪੱਸ਼ਟ ਤੌਰ 'ਤੇ ਚਿੰਤਾਜਨਕ ਹੈ।"

ਅਜਿਹੀ ਸਥਿਤੀ ਵਿੱਚ ਭਾਰਤ ਵੀ ਇਸ ਖਤਰੇ ਤੋਂ ਅਛੂਤਾ ਨਹੀਂ ਹੈ। ਪਰ ਬਹੁਤ ਸਾਰੇ ਹੋਰ ਦੇਸ਼ਾਂ ਵਿੱਚ, ਜਿਥੇ ਕੋਰੋਨਾ ਦੀ ਲਾਗ ਨੂੰ ਲੈ ਕੇ ਚੌਕਸੀ ਦਾ ਮਾਹੌਲ ਵੇਖਿਆ ਜਾ ਰਿਹਾ ਹੈ, ਭਾਰਤ ਅਜੇ ਵੀ ਬੇਪਰਵਾਹ ਜਾਪਦਾ ਹੈ।

ਭਾਰਤ ਸਰਕਾਰ ਵੱਲੋਂ ਜਾਰੀ ਕੀਤੇ ਗਏ ਇੱਕ ਬਿਆਨ ਅਨੁਸਾਰ, ਭਾਰਤ ਵਿੱਚ ਹੁਣ ਤੱਕ ਕੋਰੋਨਾ ਵਾਇਰਸ ਇੰਫੈਕਸ਼ਨ ਦਾ ਇੱਕ ਵੀ ਵੱਡਾ ਕੇਸ ਸਾਹਮਣੇ ਨਹੀਂ ਆਇਆ ਹੈ। ਪਰ ਸਵਾਲ ਇਹ ਹੈ ਕਿ ਭਾਰਤ ਵੱਡੇ ਕੇਸ ਦਾ ਇੰਤਜ਼ਾਰ ਕਿਉਂ ਕਰ ਰਿਹਾ ਹੈ?

ਇਹ ਵੀ ਪੜ੍ਹੋ

ਜੇ ਵੱਡੇ ਕੇਸਾਂ ਦੀ ਪੁਸ਼ਟੀ ਹੋ ਜਾਂਦੀ ਹੈ ਤਾਂ ਭਾਰਤ ਦੀ ਸਰਕਾਰੀ ਸਿਹਤ ਪ੍ਰਣਾਲੀ ਕਿੰਨੀ ਕੁ ਤਿਆਰ ਹੈ?

'ਕੋਰੋਨਾ ਦਾ ਕਹਿਰ ਜਰ ਨਹੀਂ ਪਾਵੇਗਾ ਭਾਰਤ'

ਦਿੱਲੀ ਸਥਿਤ ਸਰ ਗੰਗਾਰਾਮ ਹਸਪਤਾਲ ਦੇ ਸੀਨੀਅਰ ਸਲਾਹਕਾਰ ਡਾਕਟਰ ਧੀਰੇਨ ਗੁਪਤਾ ਦਾ ਮੰਨਣਾ ਹੈ ਕਿ ਕੋਰੋਨਾ ਵਰਗੀ ਮਹਾਮਾਰੀ ਬਾਰੇ ਭਾਰਤ ਵਿੱਚ ਪਹਿਲਾਂ ਕੀਤੀ ਗਈ ਤਿਆਰੀ ਨਾ ਦੇ ਬਰਾਬਰ ਹੈ।

ਬੀਬੀਸੀ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ, "ਸਾਡੇ ਦੇਸ 'ਚ ਜੇਕਰ ਕਿਸੇ ਨੂੰ ਕੋਈ ਸੜਕ ਹਾਦਸੇ ਵਿੱਚ ਸੱਟ ਲੱਗਦੀ ਹੈ ਤਾਂ ਉਸ ਲਈ ਐਮਰਜੈਂਸੀ ਵਿੱਚ ਦਾਖ਼ਲ ਹੋਣ ਦੀ ਵੀ ਕੋਈ ਜਗ੍ਹਾ ਨਹੀਂ ਹੁੰਦੀ। ਅਜਿਹੀ ਸਥਿਤੀ ਵਿਚ, ਜੇ ਕੋਰੋਨਾ ਵਰਗਾ ਲਾਗ ਲੱਖਾਂ ਵਿੱਚ ਫੈਲ ਜਾਂਦਾ ਹੈ, ਤਾਂ ਸਾਡੀ ਸਿਹਤ ਪ੍ਰਣਾਲੀ ਇਸ ਨੂੰ ਸੰਭਾਲ ਨਹੀਂ ਸਕਦੀ। ਭਾਰਤ ਕੋਲ ਚੀਨ ਵਰਗੀ ਸਮਰੱਥਾ ਨਹੀਂ ਹੈ ਕਿ ਛੇ ਦਿਨਾਂ ਵਿੱਚ ਇੱਕ ਹਸਪਤਾਲ ਸਥਾਪਤ ਕੀਤਾ ਜਾਏ। ਭਾਰਤ ਛੱਡੋ, ਇੱਥੋਂ ਤੱਕ ਕਿ ਚੀਨ ਵਰਗਾ ਦੇਸ਼ ਕੋਰੋਨਾ ਦੇ ਸਾਮ੍ਹਣੇ ਬੇਬਸ ਨਜ਼ਰ ਆਇਆ ਸੀ। ਚੀਨ ਹੀ ਨਹੀਂ, ਦੁਨੀਆ ਦੇ ਕਿਸੇ ਵੀ ਦੇਸ ਵਿਚ ਜੇਕਰ ਲੋਕ ਕੋਰੋਨਾ ਵਰਗੀ ਲਾਗ ਦਾ ਸ਼ਿਕਾਰ ਹੋ ਜਾਣਗੇ ਤਾਂ ਉਹ ਦੇਸ ਡਗਮਗਾ ਜਾਵੇਗਾ।"

ਹਾਲਾਂਕਿ ਕੇਰਲਾ ਵਿੱਚ ਤਿੰਨ ਵਿਅਕਤੀਆਂ ਦੇ ਕੋਰੋਨਾਵਾਇਰਸ ਨਾਲ ਲਾਗ ਲੱਗਣ ਦੀ ਪੁਸ਼ਟੀ ਕੀਤੀ ਗਈ ਸੀ, ਪਰ ਉਹ ਠੀਕ ਹੋ ਗਏ ਹਨ।

ਇਸ ਬਾਰੇ ਡਾਕਟਰ ਧੀਰੇਨ ਕਹਿੰਦੇ ਹਨ ਕਿ ਉਹ ਲਾਗ ਬਹੁਤ ਸ਼ੁਰੂਆਤੀ ਪੜਾਅ 'ਤੇ ਸੀ, ਇਸ ਲਈ ਇਸ ਤੋਂ ਛੁਟਕਾਰਾ ਪਾਉਣਾ ਮੁਸ਼ਕਲ ਨਹੀਂ ਸੀ। ਉਹ ਕਹਿੰਦੇ ਹਨ ਕਿ ਜੇਕਰ ਇਹ ਵੱਡੇ ਪੱਧਰ 'ਤੇ ਫੈਲਦਾ ਹੈ ਤਾਂ ਕੋਰੋਨਾ ਦੀ ਲਾਗ ਨੂੰ ਸੰਭਾਲਣ ਲਈ ਭਾਰਤ ਕੋਲ ਇੰਨੇ ਸਰੋਤ ਨਹੀਂ ਹਨ।

ਭਾਰਤ ਸਰਕਾਰ ਨੇ ਹੁਣ ਤੱਕ ਕੀ ਕੀਤਾ ਹੈ?

  • ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਕੋਰੋਨਾ ਮਾਮਲਿਆਂ ਦੀ ਨਿਗਰਾਨੀ ਲਈ ਮੰਤਰੀਆਂ ਦਾ ਇੱਕ ਸਮੂਹ (ਜੀਓਐਮ) ਬਣਾਇਆ ਹੈ।
  • ਚੀਨ ਤੋਂ ਭਾਰਤ ਆਉਣ ਵਾਲੇ ਲੋਕਾਂ ਦੀ ਸਿਹਤ ਦੀ ਜਾਂਚ ਕੀਤੀ ਜਾ ਰਹੀ ਹੈ। ਕਿਸੇ ਵੀ ਕਿਸਮ ਦਾ ਖਦਸ਼ਾ ਹੋਣ 'ਤੇ ਉਨ੍ਹਾਂ ਨੂੰ ਵੱਖਰੇ ਰੱਖ ਕੇ ਇਲਾਜ ਕੀਤਾ ਜਾ ਰਿਹਾ ਹੈ।
  • ਕੋਰੋਨਾ ਵਾਇਰਸ ਨਾਲ ਸਬੰਧਤ ਸ਼ਿਕਾਇਤਾਂ ਅਤੇ ਸੁਝਾਵਾਂ ਲਈ ਇਕ ਕਾਲ ਸੈਂਟਰ ਸ਼ੁਰੂ ਕੀਤਾ ਗਿਆ ਹੈ। ਇਸਦਾ ਨੰਬਰ ਹੈ: 01123978046। ਇਹ 24 ਘੰਟੇ ਕੰਮ ਕਰਦਾ ਹੈ।
  • ਟਰੈਵਲ ਐਡਵਾਈਜ਼ਰੀ ਜਾਰੀ ਕੀਤੀ ਗਈ। ਯਾਤਰਾ ਨੀਤੀ ਵਿੱਚ ਬਦਲਾਅ ਕੀਤੇ ਗਏ।
  • 21 ਹਵਾਈ ਅੱਡਿਆਂ ਅਤੇ ਸਮੁੰਦਰੀ ਬੰਦਰਗਾਹਾਂ 'ਤੇ ਯਾਤਰੀਆਂ ਦੀ ਥਰਮਲ ਸਕ੍ਰੀਨਿੰਗ ਸ਼ੁਰੂ ਕੀਤੀ ਗਈ ਹੈ। ਥਰਮਲ ਸਕ੍ਰੀਨਿੰਗ ਉਹ ਪ੍ਰਕਿਰਿਆ ਹੈ ਜਿਸ ਦੁਆਰਾ ਕੋਰੋਨਾ ਵਰਗੇ ਵਿਸ਼ਾਣੂਆਂ ਦੇ ਲਾਗ ਦੀ ਜਾਂਚ ਕੀਤੀ ਜਾਂਦੀ ਹੈ।

ਮਹਾਮਾਰੀ ਰੋਗ ਐਕਟ, 1897

  • ਇਸ ਕਾਨੂੰਨ ਦੇ ਤਹਿਤ ਭਾਰਤ ਵਿੱਚ ਐਚ1ਐਨ1 ਨਾਲ ਲਾਗ ਵਾਲੇ ਲੋਕਾਂ ਨੂੰ ਅਲਗ ਰੱਖਣ ਅਤੇ ਕੁਝ ਵਿਸ਼ੇਸ਼ ਹਸਪਤਾਲਾਂ ਵਿੱਚ ਉਨ੍ਹਾਂ ਦੇ ਇਲਾਜ ਕਰਨ ਦੀ ਸਹੂਲਤ ਹੈ।
  • ਇਹ ਐਕਟ ਨਿੱਜੀ ਹਸਪਤਾਲਾਂ ਨੂੰ ਐਚ1ਐਨ1 ਨਾਲ ਸੰਕਰਮਿਤ ਲੋਕਾਂ ਲਈ ਵੱਖਰੀਆਂ ਸਹੂਲਤਾਂ ਦਾ ਪ੍ਰਬੰਧ ਕਰਨ ਅਤੇ ਅਜਿਹੇ ਮਾਮਲਿਆਂ ਦੀ ਜਾਣਕਾਰੀ ਸਰਕਾਰ ਨੂੰ ਭੇਜਣ ਲਈ ਨਿਰਦੇਸ਼ ਦਿੰਦਾ ਹੈ।

ਇਹ ਤਿਆਰੀਆਂ ਕਿੰਨਾ ਕੰਮ ਕਰੇਗੀ?

ਡਾਕਟਰ ਧੀਰੇਨ ਨੇ ਸਰਕਾਰ ਦੀਆਂ ਇਨ੍ਹਾਂ ਤਿਆਰੀਆਂ ਨੂੰ ਨਾਕਾਫ਼ੀ ਦੱਸਿਆ ਹੈ।

ਉਨ੍ਹਾਂ ਕਿਹਾ, "ਸਰਕਾਰ ਵੱਲੋਂ ਕੀਤੀਆਂ ਗਈਆਂ ਤਿਆਰੀਆਂ ਦਾ ਪ੍ਰਭਾਵ ਬਹੁਤ ਸੀਮਤ ਹੋਵੇਗਾ। ਨਿਗਰਾਨੀ ਵੀ ਸਿਰਫ਼ ਉਨ੍ਹਾਂ'ਤੇ ਕੀਤੀ ਜਾ ਰਹੀ ਹੈ ਜੋ ਜਾਂ ਤਾਂ ਚੀਨ ਤੋਂ ਵਾਪਸ ਆ ਰਹੇ ਹਨ ਜਾਂ ਕੋਰੋਨਾ ਪ੍ਰਭਾਵਿਤ ਦੇਸ਼ਾਂ ਵੱਲ ਜਾ ਰਹੇ ਹਨ।"

ਡਾਕਟਰ ਧੀਰੇਨ ਕਹਿੰਦੇ ਹਨ, "ਕਈ ਵਾਰ ਕੋਰੋਨਾ ਦੀ ਲਾਗ ਦੇ ਮੁੱਢਲੇ ਦਿਨਾਂ ਵਿੱਚ, ਮਰੀਜ਼ ਖ਼ੁਦ ਇਸਦਾ ਪਤਾ ਲਗਾਉਣ ਵਿੱਚ ਅਸਮਰਥ ਹੁੰਦਾ ਹੈ ਅਤੇ ਜਦੋਂ ਤੱਕ ਬਿਮਾਰੀ ਦੀ ਪੁਸ਼ਟੀ ਹੁੰਦੀ ਹੈ, ਇਹ ਬਹੁਤ ਗੰਭੀਰ ਹੋ ਜਾਂਦਾ ਹੈ। ਇਸ ਤੋਂ ਇਲਾਵਾ, ਕੋਰੋਨਾ ਦੀ ਲਾਗ ਦੇ ਟੈਸਟ ਦੀ ਪ੍ਰਣਾਲੀ ਵੀ ਸਾਰੇ ਸਥਾਨਾਂ ਅਤੇ ਸਾਰੇ ਹਸਪਤਾਲਾਂ ਵਿੱਚ ਉਪਲਬਧ ਨਹੀਂ ਹੈ, ਇਹ ਇੱਕ ਵੱਡੀ ਸਮੱਸਿਆ ਹੈ।"

ਭਾਰਤ ਵਿੱਚ ਅਸਰ ਨਹੀਂ ਕਰ ਪਾਵੇਗਾ ਕੋਰੋਨਾ?

ਹਾਲਾਂਕਿ, ਹੈਦਰਾਬਾਦ ਸਥਿਤ ਇੰਡੀਅਨ ਇੰਸਟੀਚਿਉਟ ਆਫ਼ ਪਬਲਿਕ ਹੈਲਥ ਦੇ ਇੱਕ ਮਹਾਂਮਾਰੀ ਵਿਗਿਆਨੀ ਅਤੇ ਸਹਿਯੋਗੀ ਪ੍ਰੋਫੈਸਰ ਸੁਰੇਸ਼ ਕੁਮਾਰ ਰਾਠੀ ਦਾ ਮੰਨਣਾ ਹੈ ਕਿ ਭਾਰਤ ਨੂੰ ਕੋਰੋਨਾ ਵਾਇਰਸ ਦੀ ਲਾਗ ਬਾਰੇ ਜ਼ਿਆਦਾ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ।

ਉਨ੍ਹਾਂ ਨੇ ਬੀਬੀਸੀ ਨੂੰ ਕਿਹਾ, "ਮੇਰੇ ਖ਼ਿਆਲ ਵਿੱਚ ਭਾਰਤ ਵਿੱਚ ਕੋਰੋਨਾ ਦਾ ਜੋਖਮ ਬਾਕੀ ਦੇਸ਼ਾਂ ਨਾਲੋਂ ਘੱਟ ਹੈ ਕਿਉਂਕਿ ਐਚ1ਐਨ1 ਦੇ ਪਰਿਵਾਰ ਦੇ ਵਿਸ਼ਾਣੂ ਉੱਚ ਤਾਪਮਾਨ 'ਤੇ ਜੀ ਨਹੀਂ ਸਕਦੇ ਅਤੇ ਭਾਰਤ ਵਿਚ ਮੌਸਮ ਤੁਲਨਾਤਮਕ ਗਰਮ ਹੈ। ਦੂਜਾ, ਭਾਰਤ ਦੇ ਲੋਕਾਂ ਵਿੱਚ ਵਿਅਕਤੀਗਤ ਸਫਾਈ ਦੀਆਂ ਆਦਤਾਂ ਬਿਹਤਰ ਹੁੰਦੀਆਂ ਹਨ। ਫਿਰ ਚਾਹੇ ਇਹ ਹੱਥ ਧੋਣ ਦੀ ਹੋਵੇ ਜਾਂ ਨਹਾਉਣ ਦੀ। ਕੋਰੋਨਾ ਦਾ ਲਾਗ ਤੋਂ ਬਚਣ ਲਈ ਇਹ ਆਦਤਾਂ ਬਹੁਤ ਮਦਦਗਾਰ ਸਾਬਤ ਹੋਣਗੀਆਂ।

ਡਾ: ਸੁਰੇਸ਼ ਰਾਠੀ ਦਾ ਮੰਨਣਾ ਹੈ ਕਿ ਭਾਰਤ ਵਿੱਚ ਇਸ ਸਮੇਂ ਸਾਵਧਾਨੀ ਵਾਲੇ ਕਦਮ ਚੁੱਕੇ ਜਾ ਰਹੇ ਹਨ, ਜੋ ਕਿ ਇਸ ਪੱਧਰ ਲਈ ਕਾਫ਼ੀ ਹਨ।

ਡਾਕਟਰ ਧੀਰੇਨ ਗੁਪਤਾ ਇਨ੍ਹਾਂ ਦਾਅਵਿਆਂ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਨਹੀਂ ਹਨ।

ਉਨ੍ਹਾਂ ਨੇ ਕਿਹਾ, "ਅਸੀਂ ਸਿਰਫ਼ ਇਹ ਸੋਚ ਕੇ ਚਿੰਤਾਮੁਕਤ ਨਹੀਂ ਹੋ ਸਕਦੇ ਕਿ ਭਾਰਤ ਵਿੱਚ ਮੌਸਮ ਗਰਮ ਹੈ ਅਤੇ ਇਸ ਲਈ ਕੋਰੋਨਾ ਵਾਇਰਸ ਇਥੇ ਨਹੀਂ ਠਹਿਰ ਸਕੇਗਾ। ਹਰ ਚੀਜ਼ ਦੀ ਤਰ੍ਹਾਂ, ਭਾਰਤ ਵਿੱਚ ਮੌਸਮ ਵੀ ਵਿਭਿੰਨ ਹੈ। ਕਿਧਰੇ ਗਰਮ ਅਤੇ ਕਿਧਰੇ ਠੰਡਾ। ਇੱਥੋਂ ਤੱਕ ਕਿ ਰਾਜਸਥਾਨ ਵਿੱਚ ਵੀ ਦਿਨ ਵਿੱਚ ਮੌਸਮ ਗਰਮ ਹੁੰਦਾ ਹੈ ਅਤੇ ਰਾਤ ਨੂੰ ਮੁਕਾਬਲਤਨ ਠੰਡਾ। ਮੇਘਾਲਿਆ ਵਰਗੇ ਰਾਜਾਂ ਵਿਚ ਮੀਂਹ ਪੈਂਦਾ ਰਹਿੰਦਾ ਹੈ। ਇਸ ਲਈ ਵਾਇਰਸ ਦੇ ਸੰਕਰਮਣ ਦੀ ਸੰਭਾਵਨਾ ਨੂੰ ਖਾਰਜ ਨਹੀਂ ਕੀਤਾ ਜਾ ਸਕਦਾ ਹੈ।"

ਡਾਕਟਰ ਧੀਰੇਨ ਦਾ ਕਹਿਣਾ ਹੈ ਕਿ ਵਿਕਾਸ ਦੇ ਸਿਧਾਂਤ ਦੇ ਅਨੁਸਾਰ ਵਿਸ਼ਾਣੂ ਵੀ ਵੱਖੋ ਵੱਖਰੇ ਖੇਤਰਾਂ 'ਚ ਖ਼ੁਦ ਨੂੰ ਵਾਤਾਵਰਨ ਦੇ ਅਨੁਸਾਰ ਢਾਲ ਲੈਂਦੇ ਹਨ।

ਉਹ ਕਹਿੰਦੇ ਹਨ, "ਭਾਰਤੀਆਂ ਦੀ ਨਿੱਜੀ ਸਫ਼ਾਈ ਦੀ ਬਿਹਤਰ ਆਦਤ ਹੈ ਪਰ ਉਹ ਬਹੁਤ ਚੰਗੇ ਹਾਲਾਤਾਂ ਵਿੱਚ ਨਹੀਂ ਰਹਿੰਦੇ। ਇੱਥੇ ਝੁੱਗੀਆਂ ਵਿੱਚ ਇੱਕ ਸੰਘਣੀ ਆਬਾਦੀ ਵੀ ਰਹਿੰਦੀ ਹੈ ਅਤੇ ਹਰ ਕਮਰੇ ਵਿੱਚ ਚਾਰ ਤੋਂ ਪੰਜ ਲੋਕ ਰਹਿੰਦੇ ਹਨ। ਅਜਿਹੇ 'ਚ ਲਾਗ ਦਾ ਖ਼ਦਸ਼ਾ ਹੋਰ ਵੱਧ ਜਾਂਦਾ ਹੈ।"

ਬਚਾਅ ਲਈ ਕਿਹੜੀਆਂ ਤਿਆਰੀਆਂ ਕੀਤੀਆਂ ਜਾਣ?

ਡਾਕਟਰ ਧੀਰੇਨ ਦਾ ਕਹਿਣਾ ਹੈ ਕਿ ਕਿਉਂਕਿ ਅਸੀਂ ਇਸ ਨੂੰ ਸੰਭਾਲਣ ਦੀ ਸਥਿਤੀ ਵਿੱਚ ਨਹੀਂ ਹੋਵਾਂਗੇ ਜੇ ਲਾਗ ਫੈਲ ਜਾਂਦੀ ਹੈ, ਤਾਂ ਬਿਹਤਰ ਹੈ ਕਿ ਇਸ ਦੇ ਬਚਾਅ ਲਈ ਤਿਆਰੀਆਂ ਕੀਤੀਆਂ ਜਾਣ।

ਇਸ ਦੇ ਲਈ, ਉਹ ਚੀਨ ਤੋਂ ਸਬਕ ਲੈਂਦੇ ਹਨ ਅਤੇ ਸੁਝਾਅ ਦਿੰਦੇ ਹਨ ਕਿ ਕੁਝ ਅਜਿਹੇ ਹਸਪਤਾਲ ਸਥਾਪਤ ਕੀਤੇ ਜਾਣ ਜਿੱਥੇ ਸੰਕਰਮਿਤ ਮਰੀਜ਼ਾਂ ਨੂੰ ਅਲੱਗ-ਥਲੱਗ ਰੱਖਣ ਦਾ ਪ੍ਰਬੰਧ ਹੋਵੇ।

ਉਨ੍ਹਾਂ ਦਾ ਕਹਿਣਾ ਹੈ ਕਿ ਅਜਿਹੇ ਹਸਪਤਾਲ ਬਣਾਉਣ ਦੀ ਤਿਆਰੀ ਅੱਜ ਤੋਂ ਅਤੇ ਹੁਣ ਤੋਂ ਸ਼ੁਰੂ ਕੀਤੀ ਜਾਣੀ ਚਾਹੀਦੀ ਹੈ।

ਡਾਕਟਰ ਧੀਰੇਨ ਕਹਿੰਦਾ ਹੈ, "ਜੇ ਅਜਿਹੇ ਹਸਪਤਾਲ ਦੇਸ਼ ਦੇ ਪੰਜ ਹਿੱਸਿਆਂ (ਉੱਤਰ, ਦੱਖਣ, ਪੂਰਬ, ਪੱਛਮ ਅਤੇ ਕੇਂਦਰ) ਵਿੱਚ ਬਣਾ ਦਿੱਤੇ ਜਾਣ ਤਾਂ ਇਹ ਬਹੁਤ ਮਦਦਗਾਰ ਸਾਬਤ ਹੋਵੇਗਾ। ਇਨ੍ਹਾਂ ਹਸਪਤਾਲਾਂ ਨੂੰ ਆਮ ਸਥਿਤੀ ਵਿੱਚ ਨਹੀਂ ਵਰਤਿਆ ਜਾਣਾ ਚਾਹੀਦਾ ਪਰ ਜਿਵੇਂ ਹੀ ਕੋਰੋਨਾ ਵਰਗੀਆਂ ਛੂਤ ਵਾਲੀਆਂ ਮਹਾਂਮਾਰੀ ਦੇ ਕੇਸ ਹੁੰਦੇ ਹਨ, ਤਾਂ ਮਰੀਜ਼ਾਂ ਨੂੰ ਇੱਥੇ ਦਾਖਲ ਹੋਣਾ ਚਾਹੀਦਾ ਹੈ। ਭਾਰਤ ਵਿੱਚ ਬਹੁਤ ਘੱਟ ਹਸਪਤਾਲ ਹਨ ਜਿਥੇ ਮਰੀਜ਼ਾਂ ਨੂੰ ਅਲੱਗ-ਥਲੱਗ ਰੱਖਏ ਜਾਣ ਦੀ ਵਿਵਸਥਾ ਹੋਵੇ।"

ਜਿੰਨੀ ਜਲਦੀ ਸੰਭਵ ਹੋ ਸਕੇ ਹਸਪਤਾਲ ਜਾਂ ਵਿਸ਼ੇਸ਼ ਸਿਹਤ ਕੇਂਦਰ ਬਣਾਉਣ ਲਈ ਵੀ ਭਾਰਤੀ ਫ਼ੌਜ ਦੀ ਮਦਦ ਲਈ ਜਾ ਸਕਦੀ ਹੈ।

ਕੋਰੋਨਾ ਇਨਫੈਕਸ਼ਨ ਦੀ ਸਕ੍ਰੀਨਿੰਗ ਲਈ ਵਰਤੀ ਜਾਣ ਵਾਲੀ ਥਰਮਲ ਸਕ੍ਰੀਨਿੰਗ ਸਹੂਲਤਾਂ ਵਧੇਰੇ ਤੋਂ ਵਧੇਰੇ ਹਸਪਤਾਲਾਂ ਵਿੱਚ ਉਪਲਬਧ ਹੋਣੀਆਂ ਚਾਹੀਦੀਆਂ ਹਨ।

ਕੋਰੋਨਾ ਦੀ ਲਾਗ ਸੰਬੰਧੀ ਜਾਗਰੂਕਤਾ ਵੀ ਨਿੱਜੀ ਪੱਧਰ 'ਤੇ ਵਰਤੀ ਜਾਣੀ ਚਾਹੀਦੀ ਹੈ। ਲੋਕਾਂ ਨੂੰ ਲਾਗ ਦੇ ਲੱਛਣਾਂ ਅਤੇ ਰੋਕਥਾਮ ਬਾਰੇ ਵੱਧ ਤੋਂ ਵੱਧ ਜਾਣਕਾਰੀ ਦਿੱਤੀ ਜਾਣੀ ਚਾਹੀਦੀ ਹੈ।

ਇਹ ਵੀ ਪੜ੍ਹੋ

ਹ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)