You’re viewing a text-only version of this website that uses less data. View the main version of the website including all images and videos.
ਦਿੱਲੀ ਹਿੰਸਾ: ਲੰਗਰ ਲਾਉਣ ਸਣੇ ਉਹ 5 ਮੌਕੇ ਜਦੋਂ ਲੋਕਾਂ ਨੇ ਦਿੱਤੀ ਇਨਸਾਨੀਅਤ ਦੀ ਮਿਸਾਲ
ਉੱਤਰੀ-ਪੂਰਬੀ ਦਿੱਲੀ ਵਿੱਚ ਭੜਕੀ ਫਿਰਕੂ ਹਿੰਸਾ ਵਿੱਚ ਘੱਟੋ-ਘੱਟ 40 ਜਾਨਾਂ ਗਈਆਂ ਹਨ ਤੇ ਸੈਂਕੜੇ ਲੋਕ ਜ਼ਖਮੀ ਹੋ ਗਏ। ਜਦੋਂ ਇੱਕ ਦੂਜੇ ਦੀ ਖੂਨ ਦੀ ਪਿਆਸੀ ਭੀੜ ਭੜਕੀ ਹੋਈ ਸੀ ਤਾਂ ਕਈ ਲੋਕ ਅਜਿਹੇ ਵੀ ਸਨ ਜਿਨ੍ਹਾਂ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਜਾਤ-ਧਰਮ ਤੋਂ ਉੱਪਰ ਉੱਠ ਕੇ ਲੋਕਾਂ ਦੀ ਮਦਦ ਕੀਤੀ।
ਉਨ੍ਹਾਂ ਵਿੱਚੋਂ ਅਸੀਂ ਪੰਜ ਅਜਿਹੇ ਮੌਕਿਆਂ ਦੀ ਗੱਲ ਕਰਾਂਗੇ ਜਿਨ੍ਹਾਂ ਨੇ ਇਸ ਔਖੀ ਘੜੀ ਵਿੱਚ ਅਮਨ ਅਤੇ ਭਾਈਚਾਰੇ ਦਾ ਪੈਗਾਮ ਦਿੱਤਾ ਹੈ।
1. ਲੋੜਵੰਦਾਂ ਲਈ ਲੰਗਰ
ਦਿੱਲੀ 'ਚ ਭੜਕੀ ਹਿੰਸਾ ਤੋਂ ਬਾਅਦ ਬੇਘਰ ਤੇ ਬੇਸਹਾਰਾ ਹੋਏ ਲੋਕਾਂ ਲਈ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲੰਗਰ ਲਾਇਆ ਗਿਆ।
ਕਮੇਟੀ ਵੱਲੋਂ ਸ਼ਿਵ ਵਿਹਾਰ ਸਣੇ ਕਈ ਪ੍ਰਭਾਵਿਤ ਇਲਾਕਿਆਂ ਵਿੱਚ ਅਜਿਹੇ ਲੰਗਰ ਲਾਏ ਗਏ।
ਹਿੰਸਾ ਕਾਰਨ ਪ੍ਰਭਾਵਿਤ ਹੋਏ ਲੋਕਾਂ ਨੂੰ ਖਾਣਾ ਮਿਲਿਆ ਤਾਂ ਉਹ ਕਾਫ਼ੀ ਸੰਤੁਸ਼ਟ ਨਜ਼ਰ ਆਏ। ਹਰਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਕਈ ਦਿਨਾਂ ਬਾਅਦ ਖਾਣਾ ਨਸੀਬ ਹੋਇਆ।
ਇਹ ਵੀ ਪੜ੍ਹੋ:
2. ਮੁਸਲਮਾਨਾਂ ਨੇ ਬਚਾਇਆ ਮੰਦਿਰ
ਦਿੱਲੀ ਦੇ ਭਜਨਪੁਰਾ ਇਲਾਕੇ ਵਿੱਚ ਜਦੋਂ ਹਿੰਸਾ ਭੜਕੀ ਤਾਂ ਇੱਕ ਅਜਿਹੀ ਘਟਨਾ ਵੀ ਹੋਈ ਜਿਸ ਨੇ ਭਾਈਚਾਰੇ ਦਾ ਸੁਨੇਹਾ ਭੇਜਿਆ।
ਇਲਾਕੇ ਦੇ ਹਿੰਦੂ ਬਾਸ਼ਿੰਦਿਆਂ ਨੇ ਦੱਸਿਆ ਕਿ ਕਿਵੇਂ ਮੁਸਲਮਾਨਾਂ ਨੇ ਮੰਦਿਰ ਬਚਾਇਆ। ਰਾਜੇਂਦਰ ਕੁਮਾਰ ਮਿਸ਼ਰਾ ਦਾ ਕਹਿਣਾ ਹੈ ਕਿ ਜੋ ਹੁਣ ਹੋਇਆ ਹੈ, ਉਹ ਉਨ੍ਹਾਂ ਨੇ ਕਦੇ ਵੀ ਨਹੀਂ ਦੇਖਿਆ।
ਰਾਜੇਸ਼ ਮਿਸ਼ਰਾ ਮੁਤਾਬਕ, "ਸਾਡੀ ਗਲੀ ਵਿੱਚ ਤਿੰਨ ਮੰਦਰ ਹਨ। ਮੈਂ ਪਿਛਲੇ 40 ਸਾਲਾਂ ਤੋਂ ਇੱਥੇ ਰਹਿ ਰਿਹਾ ਹਾਂ। ਅਜਿਹਾ ਕਦੇ ਵੀ ਨਹੀਂ ਦੇਖਿਆ। ਸਾਡੇ ਵਿੱਚ ਇੰਨਾ ਭਾਈਚਾਰਾ ਹੈ ਕਿ ਸਾਰੇ ਤਿਉਹਾਰ ਇਕੱਠੇ ਮਨਾਉਂਦੇ ਹਾਂ।"
"ਇਨ੍ਹਾਂ ਮੁਸਲਮਾਨ ਭਰਾਵਾਂ ਨੇ ਬਹੁਤ ਮਦਦ ਕੀਤੀ ਹੈ। ਸਾਡੇ ਉੱਤੇ ਇਨ੍ਹਾਂ ਦੀ ਮਿਹਰਬਾਨੀ ਹੈ।"
ਮੋਹਨ ਸਿੰਘ ਤੋਮਰ ਦਾ ਕਹਿਣਾ ਹੈ, "ਇੱਥੇ 70 ਫੀਸਦ ਘਰ ਮੁਸਲਮਾਨਾਂ ਦੇ ਹਨ ਜਦਕਿ 30 ਫੀਸਦ ਹਿੰਦੂਆਂ ਦੇ। ਅਸੀਂ ਬੜੇ ਪਿਆਰ ਨਾਲ ਰਹਿੰਦੇ ਹਾਂ। ਭਾਈਚਾਰੇ ਕਾਰਨ ਹੀ ਇਕੱਠੇ ਰਹਿੰਦੇ ਹਾਂ।"
3. ਹਿੰਦੂਆਂ ਨੇ ਬਚਾਈ ਮਸਜਿਦ
ਉੱਤਰੀ-ਪੂਰਬੀ ਦਿੱਲੀ ਦੇ ਅਸ਼ੋਕ ਨਗਰ ਵਿੱਚ 25 ਫਰਵਰੀ ਨੂੰ ਦੰਗਾਈਆਂ ਨੇ ਮਸਜਿਦ ਨੂੰ ਅੱਗ ਲਾ ਦਿੱਤੀ ਸੀ। ਮੁਸਲਿਮ ਭਾਈਚਾਰੇ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਚੰਦਾ ਇਕੱਠਾ ਕਰ ਕੇ ਇਹ ਮਸਜਿਦ ਬਣਾਵਾਈ ਸੀ।
ਜਦੋਂ ਅੱਗ ਲਾ ਦਿੱਤੀ ਗਈ ਤਾਂ ਗੁਆਂਢ ਵਿੱਚ ਰਹਿੰਦੇ ਇੱਕ ਹਿੰਦੂ ਵਸਨੀਕ ਨੇ ਆਪਣੇ ਘਰ ਦਾ ਸਬਮਰਸੀਬਲ ਚਲਾ ਕੇ ਅੱਗ ਬੁਝਾਉਣ ਵਿੱਚ ਮਦਦ ਕੀਤੀ।
ਸੁਭਾਸ਼ ਸ਼ਰਮਾ ਦਾ ਕਹਿਣਾ ਹੈ, "ਹਜ਼ਾਰਾਂ ਦੀ ਭੀੜ ਸੀ, ਉਹ ਕੀ ਕਰਦੇ, ਅੱਗ ਬੁਝਾਉਣ ਲਈ ਪਾਣੀ ਮੰਗਿਆ ਤਾਂ ਅਸੀਂ ਦੇ ਦਿੱਤਾ। ਸਬਮਰਸੀਬਲ ਚਲਾ ਦਿੱਤਾ।"
ਮੁਰਤਜਾ ਦਾ ਕਹਿਣਾ ਹੈ, "ਸਾਡੇ ਸਾਰੇ ਗੁਆਂਢੀਆਂ ਨੇ ਕਿਹਾ ਇੱਥੇ ਰੁਕੋ, ਤੁਹਾਨੂੰ ਕੋਈ ਮੁਸ਼ਕਿਲ ਨਹੀਂ ਆਵੇਗੀ। ਸਭ ਨੇ ਸਾਨੂੰ ਇੱਥੇ ਹੀ ਰੋਕ ਲਿਆ। "
4. ਸ਼ਰਮਾ ਜੀ ਤੇ ਸੈਫੀ ਸਾਬ੍ਹ ਨੇ ਦੰਗਾਈਆਂ ਨੂੰ ਭਜਾਇਆ
ਬੀਬੀਸੀ ਹਿੰਦੀ ਦੇ ਪੱਤਰਕਾਰ ਫੈਸਲ ਮੁਹੰਮਦ ਨੇ ਵੀ ਦੋ ਗੁਆਂਢੀਆਂ ਨਾਲ ਗੱਲ ਕੀਤੀ — ਇੱਕ ਹਿੰਦੂ ਤੇ ਦੂਜਾ ਮੁਸਲਮਾਨ।
ਇਹ ਦੋਵੇਂ ਮੌਜਪੂਰ ਇਲਾਕੇ ਦੇ ਵਿਜੇ ਪਾਰਕ ਇਲਾਕੇ ਦੇ ਰਹਿਣ ਵਾਲੇ ਹਨ। ਜਦੋਂ ਚਾਰੇ ਪਾਸੇ ਦੰਗਾਈ ਬੂਮਾਣਸ-ਬੂਮਾਣਸ ਕਰਦੇ ਘੁੰਮ ਰਹੇ ਸਨ ਤਾਂ ਇਨ੍ਹਾਂ ਦਾ ਇਲਾਕਾ ਵੀ ਬਚ ਨਾ ਸਕਿਆ।
ਦੋਵਾਂ ਨੇ ਦੱਸਿਆ ਕਿ ਕਿਵੇਂ ਗੁਆਂਢ ਵਿੱਚ ਰਹਿੰਦੇ ਲੋਕਾਂ 'ਤੇ ਵਿਸ਼ਵਾਸ ਕਰ ਕੇ ਉਹ ਹਿੰਸਾ ਭੜਕਾਊ ਭੀੜ ਤੋਂ ਬਚੇ। ਜਮਾਲੁਦੀਨ ਸੈਫ਼ੀ ਦੱਸਦੇ ਹਨ ਕਿ ਮੇਨ ਸੜਕ ਦਾ ਰਸਤਾ ਰੋਕਣ ਲਈ ਕਿਵੇਂ ਸਾਰੇ ਇਕੱਠੇ ਹੋ ਕੇ ਬਾਹਰ ਬੈਠ ਗਏ।
ਮਨੋਜ ਸ਼ਰਮਾ ਅਤੇ ਜਮਾਲੁਦੀਨ ਸੈਫ਼ੀ ਉਸ ਦੁਪਹਿਰ ਵੀ ਇਕੱਠੇ ਹੀ ਬੈਠੇ ਸਨ।
ਮਨੋਜ ਸ਼ਰਮਾ ਕਹਿੰਦੇ ਹਨ, "ਐਤਵਾਰ ਦਾ ਦਿਨ ਸੀ, ਮੈਂ ਅਤੇ ਸਾਫ਼ੀ ਸਾਬ੍ਹ ਬੈਠੋ ਹੋਏ ਸੀ। ਇੱਕ ਭੀੜ ਪਹਿਲਾਂ ਹੀ ਰੌਲਾ ਪਾ ਰਹੀ ਸੀ ਤੇ ਪੱਥਰ ਮਾਰ ਰਹੀ ਸੀ। ਸਾਡੇ ਕੋਲ ਬਚਾਅ ਲਈ ਕੁਝ ਨਹੀਂ ਸੀ। ਇਸ ਲਈ ਜੋ ਪੱਥਰ ਉਨ੍ਹਾਂ ਨੇ ਸਾਡੇ ਉੱਤੇ ਸੁੱਟੇ ਉਹੀ ਅਸੀਂ ਉਨ੍ਹਾਂ ’ਤੇ ਸੁੱਟੇ।"
ਜਮਾਲੁਦੀਨ ਸੈਫ਼ੀ ਕਹਿੰਦੇ ਹਨ, "ਦੰਗਾਈਆਂ ਨੇ ਮੇਰੇ ਮਕਾਨ ਉੱਤੇ ਪੱਥਰਬਾਜ਼ੀ ਕੀਤੀ। ਸ਼ੀਸ਼ੇ ਤੋੜੇ, ਥੋੜ੍ਹੇ ਉੱਧਰ ਦੇ ਦੰਗਾਈ ਸਨ ਅਤੇ ਥੋੜ੍ਹੇ ਇੱਧਰ ਦੇ।"
ਦੇਵ ਮੰਦਿਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵਪਨ ਕੁਮਾਰ ਸ਼ਰਮਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ 20 ਹਿੰਦੂਆਂ-20 ਮੁਸਲਮਾਨਾਂ ਦੀ ਇੱਕ 'ਸ਼ਾਂਤੀ ਕਮੇਟੀ' ਵੀ ਬਣਾਈ ਹੈ। ਇਹ ਲੋਕ ਘਰ-ਘਰ ਜਾ ਕੇ ਅਫ਼ਵਾਹਾਂ ਤੋਂ ਦੂਰ ਰਹਿਣ ਤੇ ਬੱਚਿਆਂ ਨੂੰ ਬਚਾਅ ਕੇ ਰੱਖਣ ਦੀ ਸਲਾਹ ਦਿੰਦੇ ਹਨ।"
5.'ਹੀਰੋ' ਪੁਲਿਸ ਮੁਲਾਜ਼ਮ
ਇਸ ਦੌਰਾਨ ਇੱਕ ਪੁਲਿਸ ਮੁਲਾਜ਼ਮ ਨੂੰ ਹੀਰੋ ਤੋਂ ਘੱਟ ਨਹੀਂ ਸਮਝਿਆ ਜਾ ਰਿਹਾ। ਜਦੋਂ ਉੱਤਰ-ਪੂਰਬੀ ਦਿੱਲੀ ਹਿੰਸਾ ਵਿੱਚ ਬਹਿਕ ਰਹੀ ਸੀ ਤਾਂਉੱਤਰ ਪ੍ਰਦੇਸ਼ ਦੇ ਐੱਸਪੀ ਨੀਰਜ ਜਾਦੌਨ ਨੇ ਇਸ ਫਿਰਕੂ ਹਿੰਸਾ ਕਈ ਪਰਿਵਾਰਾਂ ਦੀ ਜਾਨ ਬਚਾਈ।
ਬੀਬੀਸੀ ਪੱਤਰਕਾਰ ਵਿਕਾਸ ਪਾਂਡੇ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਦੱਸਿਆ ਕਿ ਉਹ 25 ਫਰਵਰੀ ਨੂੰ ਸੂਬੇ ਦੇ ਬਾਰਡਰ 'ਤੇ ਸਨ। ਉਨ੍ਹਾਂ ਨੇ ਕਰਾਵਲ ਨਗਰ ਇਲਾਕੇ ਤੋਂ ਗੋਲੀਬਾਰੀ ਦੀ ਆਵਾਜ਼ ਸੁਣੀ।
ਇਹ ਇਲਾਕਾ ਦਿੱਲੀ ਵਿੱਚ ਪੈਂਦਾ ਹੈ ਤੇ ਨੀਰਜ ਦੀ ਥਾਂ ਤੋਂ ਦੋ ਕੁ ਸੌ ਮੀਟਰ ਦੂਰ ਹੈ।
ਉਨ੍ਹਾਂ ਨੇ 40-50 ਲੋਕਾਂ ਦੇ ਹਜੂਮ ਨੂੰ ਵਾਹਨਾਂ ਨੂੰ ਅੱਗ ਲਾਉਂਦਿਆਂ ਦੇਖਿਆ। ਨੀਰਜ ਨੇ ਰਵਾਇਤੀ ਪੁਲਿਸ ਨਿਯਮਾਂ ਦੀ ਫ਼ਿਕਰ ਕੀਤੇ ਬਿਨਾਂ ਇੱਕ ਪਲ ਗਵਾਏ ਬਾਰਡਰ ਪਾਰ ਕਰਨ ਦਾ ਫੈਸਲਾ ਲੈ ਲਿਆ।
ਹਿੰਦੀ ਅਖ਼ਬਾਰ ਅਮਰ ਉਜਾਲਾ ਦੇ ਪੱਤਰਕਾਰ ਰਿਚੀ ਕੁਮਾਰ ਨੇ ਨੀਰਜ ਦੇ ਇਸ ਫੈਸਲੇ ਨੂੰ 'ਬਹਾਦਰੀ ਭਰਿਆ' ਦੱਸਿਆ ਹੈ।
ਰਿਚੀ ਕੁਮਾਰ ਨੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਦੱਸਿਆ, "ਹਿੰਸਾ ਫੈਲਾ ਰਹੇ ਲੋਕ ਹਥਿਆਰਾਂ ਨਾਲ ਲੈਸ ਸਨ ਤੇ ਕਿਸੇ ਦੀ ਵੀ ਸੁਣਨ ਲਈ ਤਿਆਰ ਨਹੀਂ ਸਨ। ਮੈਂ ਉਨ੍ਹਾਂ ਨੂੰ 'ਖੂਨ ਦੇ ਪਿਆਸੇ' ਕਹਾਂਗਾ। ਉਹ ਪੁਲਿਸ 'ਤੇ ਪੱਥਰਬਾਜ਼ੀ ਕਰ ਰਹੇ ਸਨ ਪਰ ਨੀਰਜ ਪਿੱਛੇ ਨਹੀਂ ਹਟੇ।"
ਇਹ ਵੀ ਦੇਖੋ: