ਇੱਕ ਅਜਿਹਾ ਸ਼ਹਿਰ ਜਿਸ ਵਿੱਚ ਗੁਆਚੀ ਚੀਜ਼ ਗੁਆਚੀ ਨਹੀਂ ਰਹਿੰਦੀ

ਅਜੋਕੇ ਸਮੇਂ ਵਿੱਚ ਸਾਡੇ ਬਟੂਏ ਵਿੱਚ ਬਹੁਤ ਸਾਰੇ ਕਾਰਡ, ਪਛਾਣ ਪੱਤਰ ਤੇ ਹੋਰ ਮਹੱਤਵਪੂਰਨ ਕਾਗਜ਼ਾਤ ਹੁੰਦੇ ਹਨ। ਅਜਿਹੇ ਵਿੱਚ ਬਟੂਆ ਗੁੰਮਣ ਦਾ ਮਤਲਬ ਹੈ ਚੋਖੀ ਪ੍ਰੇਸ਼ਾਨੀ।

ਫਿਰ ਤੁਸੀਂ ਫੌਰੀ ਤੌਰ 'ਤੇ ਆਪਣੇ ਸਾਰੇ ਕਾਰਡ ਰੱਦ ਵੀ ਕਰਵਾਓ, ਨਵੇਂ ਕਾਰਡ ਜਾਰੀ ਕਰਵਾਓ।

ਹਾਲਾਂਕਿ ਦੁਨੀਆਂ ਵਿੱਚ ਇੱਕ ਸ਼ਹਿਰ ਅਜਿਹਾ ਵੀ ਹੈ ਜਿੱਥੇ ਨਿਸ਼ਚਿੰਤ ਰਹਿ ਸਕਦੇ ਹੋ। ਉਹ ਸ਼ਹਿਰ ਹੈ ਟੋਕਿਓ।

ਇੱਥੇ ਹਰ ਸਾਲ ਲੱਖਾਂ ਚੀਜ਼ਾਂ ਗੁੰਮ ਹੁੰਦੀਆਂ ਹਨ ਪਰ ਫੇਰਾ ਪਾ ਕੇ ਆਪਣੇ ਮਾਲਕ ਕੋਲ ਪਹੁੰਚ ਵੀ ਜਾਂਦੀਆਂ ਹਨ।

ਸਾਲ 2018 'ਚ ਟੋਕਿਓ ਪੁਲਿਸ ਨੇ 5 ਲੱਖ ਤੋਂ ਵੱਧ ਪਛਾਣ ਪੱਤਰ ਮਾਲਕਾਂ ਤੱਕ ਪਹੁੰਚਾਏ। ਇਸ ਅੰਕੜੇ ਨੂੰ ਇਸ ਤਰ੍ਹਾਂ ਸਮਝੋ ਕਿ ਇਹ ਗਿਣਤੀ ਕੁਲ ਗੁਆਚੇ ਪਛਾਣ ਪੱਤਰਾਂ ਦਾ 73 ਫ਼ੀਸਦੀ ਬਣਦਾ ਹੈ।

ਜਪਾਨ ਵਿੱਚ ਲੱਭੀ ਚੀਜ਼ ਵਾਪਸ ਕਰਨਾ ਕੋਈ ਅਨੋਖੀ ਗੱਲ ਨਹੀਂ

ਇਸੇ ਤਰ੍ਹਾਂ ਹੀ 1.3 ਲੱਖ ਮੋਬਾਈਲ ਫੋਨ (83%) ਅਤੇ 2.4 ਲੱਖ ਪਰਸ (65%) ਵੀ ਮਾਲਕਾਂ ਤੱਕ ਪਹੁੰਚਾਏ ਗਏ। ਇਨ੍ਹਾਂ ਵਿੱਚੋਂ ਬਹੁਤੀਆਂ ਚੀਜ਼ਾਂ ਉਸੇ ਦਿਨ ਹੀ ਮਾਲਕਾਂ ਤੱਕ ਪਹੁੰਚਾਈਆਂ ਗਈਆਂ।

ਇਹ ਕਾਰਵਾਈ ਟੋਕਿਓ ਦੀ ਪੁਲਿਸ ਅਤੇ ਗੁਆਚੀਆਂ ਵਸਤਾਂ ਪੁਲਿਸ ਹਵਾਲੇ ਕਰਨ ਵਾਲੇ ਲੋਕਾਂ ਦੀ ਫੁਰਤੀ ਅਤੇ ਇਮਾਨਦਾਰੀ ਨੂੰ ਪੇਸ਼ ਕਰਦੀ ਹੈ।

ਅਜਿਹਾ ਬਹੁਤ ਘੱਟ ਹੁੰਦਾ ਹੈ ਕਿ ਕਿਸੇ ਸਥਾਨਕ ਨਿਊਜ਼ ਚੈਨਲ ਵੱਲੋਂ ਪਰਸ ਮੋੜਨ ਵਾਲੇ ਵਿਅਕਤੀ ਦੀ ਇੰਟਰਵਿਊ ਲਈ ਗਈ ਹੋਵੇ ਅਤੇ ਉਸ ਨੂੰ "ਇਮਾਨਦਾਰ ਵਿਅਕਤੀ" ਸਿਰਲੇਖ ਹੇਠ ਪ੍ਰਸਾਰਿਤ ਕੀਤਾ ਹੋਵੇ।

ਅਮਰੀਕਾ ਦੇ ਨਿਊ ਯਾਰਕ 'ਚ ਰਹਿਣ ਵਾਲੀ ਕੁਜ਼ੁਕੋ ਬੈਹਰਨਜ਼ ਮੂਲ ਰੂਪ ਵਿੱਚ ਇੱਕ ਜਪਾਨੀ ਹੈ।

ਉਨ੍ਹਾਂ ਨੇ ਦੱਸਿਆ ,"ਜਦੋਂ ਮੈਂ ਸੈਨ ਫਰਾਨਸਿਸਕੋ ਤੋਂ ਜਾ ਰਹੀ ਸੀ ਤਾਂ ਮੈਨੂੰ ਚਾਈਨਾ ਟਾਊਨ ਦੀ ਇਕ ਖ਼ਬਰ ਯਾਦ ਆਈ ਕਿ ਉੱਥੇ ਕਿਸੇ ਵਿਅਕਤੀ ਦਾ ਪਰਸ ਗੁੰਮ ਹੋ ਗਿਆ ਅਤੇ ਬਾਅਦ 'ਚ ਕਿਸੇ ਨੇ ਉਹ ਪੁਲਿਸ ਨੂੰ ਮੋੜ ਦਿੱਤਾ ਸੀ।"

ਕੁਜ਼ੁਕੋ ਨੇ ਦੱਸਿਆ ਕਿ ਜਪਾਨ ਵਿੱਚ ਅਜਿਹਾ ਨਹੀਂ ਹੈ ਉੱਥੇ ਜੇ ਤੁਹਾਨੂੰ ਕਿਸੇ ਦਾ ਬਟੂਆ ਮਿਲੇ ਤੇ ਤੁਸੀਂ ਉਹ ਵਾਪਸ ਕਰੋ ਤਾਂ ਹੈਰਾਨੀ ਵਾਲੀ ਗੱਲ ਹੋਵੇਗੀ। ਉੱਥੇ ਸਮਝਿਆ ਜਾਂਦਾ ਹੈ ਕਿ ਮਿਲੀ ਚੀਜ਼ ਤਾਂ ਵਾਪਸ ਕਰਨੀ ਹੀ ਚਾਹੀਦੀ ਹੈ, ਇਸ ਵਿੱਚ ਅਨੋਖਾ ਕੀ ਹੈ?

ਸਾਲ 2018 ਵਿੱਚ ਜਿਹੜੇ 1.5 ਲੱਖ ਮੋਬਾਈਲ ਫੋਨ ਵਾਪਸ ਕੀਤੇ ਗਏ ਉਨ੍ਹਾਂ 'ਚੋਂ ਕੋਈ ਵੀ ਲੱਭਣ ਵਾਲੇ ਨੂੰ ਨਹੀਂ ਦਿੱਤਾ ਗਿਆ ਅਤੇ ਨਾ ਹੀ ਸਰਕਾਰ ਨੇ ਆਪਣੇ ਕੋਲ ਰੱਖਿਆ।

ਇਸ ਤਰ੍ਹਾਂ ਜਿਹੜੇ 17% ਗੁਆਚੇ ਮੋਬਾਈਲ ਉਨ੍ਹਾਂ ਦੇ ਮਾਲਕਾਂ ਤੱਕ ਨਾ ਪਹੁੰਚ ਸਕੇ. ਉਹ ਨਸ਼ਟ ਕਰ ਦਿੱਤੇ ਗਏ।

ਜਪਾਨ ਵਿੱਚ ਪੁਲਿਸ ਥਾਣੇ ਬਹੁਤੀ ਦੂਰ-ਦੂਰ ਨਹੀਂ ਹਨ, ਜਿਨ੍ਹਾਂ ਨੂੰ ਕੋਬਨ ਕਿਹਾ ਜਾਂਦਾ ਹੈ।

ਇੰਨ੍ਹਾਂ ਥਾਣਿਆਂ 'ਚ ਤੈਨਾਤ ਪੁਲਿਸ ਅਫ਼ਸਰ ਬਹੁਤ ਹੀ ਦੋਸਤਾਨਾ ਹੁੰਦੇ ਹਨ। ਇਹ ਦੁਰਵਿਹਾਰ ਕਰਨ ਵਾਲੇ ਨੌਜਵਾਨਾਂ ਨੂੰ ਝਿੜਕਦੇ ਵੀ ਹਨ ਅਤੇ ਨਾਲ ਹੀ ਬਜ਼ੁਰਗਾਂ ਦੀ ਸੜਕ ਪਾਰ ਕਰਨ 'ਚ ਵੀ ਮਦਦ ਕਰਦੇ ਹਨ।

ਜਪਾਨ ਵਿੱਚ ਪੁਲਿਸ ਵਾਲੇ ਅਕਸਰ ਲੋਕਾਂ ਦੇ ਘਰੀਂ ਫੋਨ ਕਰ ਕੇ ਉਨ੍ਹਾਂ ਦੀ ਖ਼ੈਰੀਅਤ ਪੁੱਛਦੇ ਰਹਿੰਦੇ ਹਨ।

ਸਿੱਕਾ ਚੋਰੀ ਦਾ ਕਿਉਂ ਨਹੀਂ ਰਹਿੰਦਾ?

ਬੱਚਿਆਂ ਨੂੰ ਛੋਟੀ ਤੋਂ ਛੋਟੀ ਗੁਆਚੀ ਚੀਜ਼ ਵੀ ਪੁਲਿਸ ਮੁਲਾਜ਼ਮਾਂ ਤੱਕ ਪਹੁੰਚਾਉਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ।

ਉੱਥੇ ਜੇ ਕਿਸੇ ਬੱਚੇ ਨੂੰ 10 ਜਪਾਨੀ ਪੈਸੇ ਦਾ ਸਿੱਕਾ ਵੀ ਮਿਲ ਜਾਵੇ ਤਾਂ ਉਹ ਥਾਣੇ ਭੱਜੇਗਾ।

ਜਦੋਂ ਕੋਈ ਬੱਚਾ ਪੁਲਿਸ ਮੁਲਾਜ਼ਮ ਨੂੰ ਇਹ ਸਿੱਕਾ ਦਿੰਦਾ ਹੈ ਤਾਂ ਉਹ ਇਸ ਨੂੰ ਵੀ ਰਸਮੀ ਤੌਰ 'ਤੇ ਗੁਆਚੀ ਵਸਤੂ ਹੀ ਮੰਨਦਾ ਹੈ।

ਪੁਲਿਸ ਨੂੰ ਇਹ ਵੀ ਪਤਾ ਹੈ ਕਿ ਕੋਈ ਵੀ ਇਸ ਸਿੱਕੇ ਦੇ ਗੁਆਚਣ ਦੀ ਰਿਪੋਰਟ ਦਰਜ ਨਹੀਂ ਕਰਵਾਏਗਾ। ਇਸ ਲਈ ਹੋ ਸਕਦਾ ਹੈ ਪੁਲਿਸ ਉਸ ਸਿੱਕੇ ਨੂੰ ਇਨਾਮ ਵੱਜੋਂ ਉਸ ਬੱਚੇ ਨੂੰ ਹੀ ਦੇ ਦੇਵੇ।

ਸਿੱਕਾ ਤਾਂ ਉਹੀ ਰਹਿੰਦਾ ਹੈ ਪਰ ਅਰਥ ਬਦਲ ਜਾਂਦੇ ਹਨ। ਕਿੱਥੇ ਚੋਰੀ ਕੀਤਾ ਸਿੱਕਾ ਅਤੇ ਕਿੱਥੇ ਇਹ ਇਨਾਮ ਵੱਜੋਂ ਹਾਸਲ ਹੋਇਆ ਸਿੱਕਾ ਹੈ।

ਇਹੀ ਕਾਰਨ ਹੈ ਕਿ ਟੋਕਿਓ 'ਚ 88% ਗੁਆਚੇ ਫੋਨ ਪੁਲਿਸ ਹਵਾਲੇ ਕੀਤੇ ਗਏ ਜਦਕਿ ਨਿਊ ਯਾਰਕ 'ਚ ਸਿਰਫ 6 ਫ਼ੀਸਦੀ।

ਇਸੇ ਤਰ੍ਹਾਂ ਹੀ ਟੋਕਿਓ 'ਚ 80% ਗੁੰਮੇ ਪਰਸ ਪੁਲਿਸ ਹਵਾਲੇ ਹੋਏ ਜਦਕਿ ਨਿਊ ਯਾਰਕ 'ਚ ਇਹ ਗਿਣਤੀ ਸਿਰਫ਼ 10% ਹੀ ਰਹੀ।

ਮੋਬਾਈਲ ਤਾਂ ਠੀਕ ਹੈ ਪਰ ਛਤਰੀ ਗੁਆਚੇ ਤਾਂ?

ਜਪਾਨ ਵਿੱਚ ਛਤਰੀ ਗੁਆਚਣ ’ਤੇ ਨਾ ਤਾਂ ਮਾਲਕ ਸਿਰਦਰਦੀ ਲੈਂਦਾ ਹੈ ਤੇ ਨਾ ਹੀ ਉਹ, ਜਿਸ ਨੂੰ ਮਿਲਦੀ ਹੈ। ਹੁੰਦਾ ਇਹ ਹੈ ਕਿ ਗੁੰਮ ਹੋਈਆਂ ਛਤਰੀਆਂ ਇੱਕ ਸਾਂਝੀ ਥਾਂ ’ਤੇ ਟੰਗ ਦਿੱਤੀਆਂ ਜਾਂਦੀਆਂ ਹਨ।

ਟੋਕਿਓ ਦੇ ਰਹਿਣ ਵਾਲੇ ਇੱਕ ਸਾਬਕਾ ਵਕੀਲ ਸਤੋਸ਼ੀ ਦਾ ਕਹਿਣਾ ਹੈ ਕਿ ਜੇਕਰ ਉਹ ਬਾਰਿਸ਼ 'ਚ ਫਸ ਗਏ ਹੈ ਤਾਂ ਉਹ ਗੁਆਚੀਆਂ ਵਸਤਾਂ ਵਾਲੀ ਥਾਂ ਤੋਂ ਇਕ ਛਤਰੀ ਲੈ ਲੈਣਗੇ ਕਿਉਂਕਿ ਉੱਥੇ ਕਈ ਅਜਿਹੀਆਂ ਕਈ ਛਤਰੀਆਂ ਪਈਆਂ ਹੁੰਦੀਆਂ ਹਨ।

ਜਪਾਨ ਦਾ ਇਮਾਨਦਾਰੀ ਨਾਲ ਬਹੁਤ ਹੀ ਗੁੰਝਲਦਾਰ ਇਤਿਹਾਸ ਹੈ।

ਸਿਹਤ ਦੀ ਸਾਂਭ ਸੰਭਾਲ

ਜਪਾਨ 'ਚ 10-20 ਸਾਲ ਪਹਿਲਾਂ ਤੱਕ ਡਾਕਟਰ ਆਮ ਹੀ ਪਰਿਵਾਰ ਵਾਲਿਆਂ ਨੂੰ ਦੱਸੇ ਬਿਨ੍ਹਾਂ ਮਰੀਜ਼ ਦਾ ਇਲਾਜ ਕਰ ਦਿੰਦੇ ਸਨ। ਇਸ ਲਈ ਮਰੀਜ ਨੂੰ ਪਤਾ ਹੀ ਨਹੀਂ ਹੁੰਦਾ ਸੀ ਕਿ ਉਸ ਨੂੰ ਕੀ ਬਿਮਾਰੀ ਹੈ।

ਇੱਥੋਂ ਤੱਕ ਕਿ ਕੈਂਸਰ ਵਰਗੀ ਬਿਮਾਰੀ ਬਾਰੇ ਵੀ ਮਰੀਜ ਜਾਂ ਉਸ ਦੇ ਪਰਿਵਾਰ ਨੂੰ ਨਹੀਂ ਦੱਸਿਆ ਜਾਂਦਾ ਸੀ।

ਕੁਜ਼ੁਕੋ ਕਹਿੰਦੇ ਹਨ ਕਿ ਜਾਪਾਨੀ ਲੋਕ ਮੰਨਦੇ ਹਨ ਕਿ ਮਰੀਜ ਦੀ ਜਿਊਣ ਦੀ ਇੱਛਾ ਕਮਜ਼ੋਰ ਨਾ ਹੋ ਜਾਵੇ ਇਸ ਲਈ ਪਰਿਵਾਰਕ ਮੈਂਬਰ ਮਰੀਜ ਅੱਗੇ ਇਹ ਦਰਸਾਉਂਦੇ ਹਨ ਕਿ ਕੁਝ ਵੀ ਨਹੀਂ ਹੋਇਆ ਹੈ।

ਕੁਜ਼ੁਕੋ ਦਾ ਕਹਿਣਾ ਹੈ ਕਿ ਜਪਾਨੀ ਇੱਕ 'ਡਰ' ਨਾਲ ਜਿਉਂਦੇ ਹਨ, ਜੋ ਕਿ ਬੋਧ ਧਰਮ ਅਨੁਸਾਰ ਮੁੜ ਜਨਮ ਤੋਂ ਪੈਦਾ ਹੋਇਆ ਹੈ। ਭਾਵੇਂ ਕਿ ਬਹੁਤੇ ਜਪਾਨੀ ਕਿਸੇ ਸੰਗਠਤ ਧਰਮ ਨੂੰ ਨਹੀਂ ਮੰਨਦੇ ਪਰ ਫਿਰ ਵੀ ਬਹੁਤ ਸਾਰੇ ਸ਼ਿੰਤੋ ਦੇ ਰਿਵਾਜ਼ ਅਤੇ ਬੋਧ ਧਰਮ ਦੀ ਪਾਲਣਾ ਕਰਦੇ ਹਨ।

ਕੀ ਕੋਈ ਵੇਖ ਰਿਹਾ ਹੈ?

ਸਾਲ 2011 'ਚ ਉੱਤਰ-ਪੂਰਬੀ ਜਾਪਾਨ 'ਚ ਸੁਨਾਮੀ ਤੋਂ ਬਾਅਦ ਬਹੁਤ ਸਾਰੇ ਲੋਕ ਬੇਘਰ ਹੋ ਗਏ ਸਨ। ਫਿਰ ਵੀ ਲੋਕ ਮਦਦ ਕਰਨ ਤੋਂ ਪਿੱਛੇ ਨਹੀਂ ਹੱਟ ਰਹੇ ਸਨ।

ਕੁਜ਼ੁਕੋ ਇਸ ਦੀ ਤੁਲਨਾ ਬੋਧ ਧਰਮ ਦੇ 'ਗਮਨ' ਨਾਲ ਕਰਦੇ ਹਨ ਜਿਸ ਦਾ ਅਰਥ ਹੈ ਸਬਰ ਜਾਂ ਧੀਰਜ। ਮੁਸ਼ਕਲ ਸਮੇਂ ਆਪਣੇ ਤੋਂ ਪਹਿਲਾਂ ਦੂਜੇ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨਾ ਹੀ ਇਸ ਦਾ ਬੁਨਿਆਦੀ ਕਾਰਜ ਹੈ।

ਉਸ ਸਮੇਂ ਮੀਡੀਆ 'ਚ ਇਹ ਬਹੁਤ ਚਰਚਾ 'ਚ ਰਿਹਾ ਸੀ ਕਿ ਜਪਾਨ 'ਚ ਸੁਨਾਮੀ-ਪ੍ਰਭਾਵਿਤ ਖੇਤਰਾਂ 'ਚ ਨਾ ਦੇ ਬਰਾਬਰ ਲੁੱਟ-ਖਸੁੱਟ ਹੋਈ ਹੈ ਜਦਕਿ ਦੂਜੇ ਮੁਲਕਾਂ 'ਚ ਲੁੱਟ ਦੀਆਂ ਵਾਰਦਾਤਾਂ ਵੱਡੀ ਮਾਤਰਾ 'ਚ ਹੋਈਆਂ ਹਨ।

ਤਾਮੁਰਾ ਕਹਿੰਦੇ ਹਨ, "2011 'ਚ ਆਏ ਭੂਚਾਲ ਦੇ ਕਾਰਨ ਫੂਕੂਸ਼ੀਮਾ 'ਚ ਪਰਮਾਣੂ ਰਿਐਕਟਰ ਅਸਫਲ ਹੋ ਗਏ ਅਤੇ ਰੇਡੀਓ-ਐਕਟਿਵ ਰੇਡੀਏਸ਼ਨ ਦੇ ਫੈਲਣ ਕਰਕੇ ਇਸ ਖੇਤਰ ਨੂੰ ਕਈ ਮਹੀਨਿਆਂ ਲਈ ਬੰਦ ਕਰ ਦਿੱਤਾ ਗਿਆ ਸੀ।

ਤਾਮੁਰਾ 'ਹਿਟੋ ਨੋ ਮੀ' ਦੇ ਸੰਕਲਪ ਦਾ ਵਰਣਨ ਕਰਦੇ ਹਨ ਕਿ ‘ਸਮਾਜਕ ਅੱਖ’ ਦਾ ਬਹੁਤ ਅਸਰ ਪੈਂਦਾ ਹੈ। ਜੇਕਰ ਸਮਾਜਕ ਅੱਖ ਮੌਜੂਦ ਹੈ ਤਾਂ ਉੱਥੇ ਭਾਵੇਂ ਪੁਲਿਸ ਨਾ ਵੀ ਹੋਵੇ, ਕਿਸੇ ਵੀ ਤਰ੍ਹਾਂ ਦੀ ਚੋਰੀ ਨਹੀਂ ਹੋਵੇਗੀ।

ਇਸੇ ਤਰ੍ਹਾਂ ਹੀ ਸ਼ਿੰਤੋਇਜ਼ਮ ਹਰ ਵਸਤੂ 'ਚ ਆਤਮਾ ਦੀ ਮੌਜੂਦਗੀ ਨੂੰ ਮੰਨਦਾ ਹੈ।

ਇਹ ਵੀ ਪੜ੍ਹੋ:

ਵੀਡੀਓ: ਬੀਬੀਸੀ ਪੰਜਾਬੀ ਨੂੰ ਲਿਆਓ ਆਪਣੇ ਮੋਬਾਈਲ 'ਤੇ

ਵੀਡੀਓ: 'ਨਹਿਰੂ ਦੀ ਲੀਡਰਸ਼ਿੱਪ 'ਚ ਅਜਿਹਾ ਭਾਰਤ ਕਦੇ ਨਾ ਹੁੰਦਾ ਜੋ ਅੱਜ ਨਜ਼ਰ ਆਉਂਦਾ ਹੈ'

ਵੀਡੀਓ: ਪੰਜਾਬੀ ਦੀ ਬੇਇਜ਼ਤੀ, ਪੰਜਾਬੀ ਆਪ ਈ ਕਰਦੇ ਨੇ‘ ਪਰ ਕਿਵੇਂ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)