ਕੀ ਅਮਰੀਕਾ ਨੂੰ ਤਾਲਿਬਾਨ ਦੇ ਸਾਹਮਣੇ ਝੁਕਣਾ ਪਿਆ

    • ਲੇਖਕ, ਸਿਕੰਦਰ ਕਿਰਮਾਨੀ
    • ਰੋਲ, ਬੀਬੀਸੀ ਨਿਊਜ਼, ਕਾਬੁਲ

ਅਮਰੀਕਾ, ਅਫ਼ਗਾਨ ਤੇ ਤਾਲਿਬਾਨ ਅਧਿਕਾਰੀ ਸ਼ਨੀਵਾਰ ਨੂੰ ਕਤਰ ਦੋਹਾ ਵਿੱਚ ਹੋਏ ਸਮਝੌਤੇ ਨੂੰ 'ਸ਼ਾਂਤੀ ਸਮਝੌਤਾ' ਕਹਿਣ ਤੋਂ ਗੁਰੇਜ਼ ਕਰਦੇ ਨਜ਼ਰ ਆ ਰਹੇ ਹਨ।

ਪਰ ਅਫ਼ਗਾਨਿਸਤਾਨ ਵਿੱਚ ਇੱਕ ਉਮੀਦ ਇਹ ਜਤਾਈ ਜਾ ਰਹੀ ਹੈ ਕਿ ਸਮਝੌਤੇ ਦੇ ਲਾਗੂ ਹੋਣ ਮਗਰੋਂ 'ਹਿੰਸਾ ਵਿੱਚ ਕਮੀ ਆਵੇਗੀ' ਜਾਂ ਯੁੱਧ ਉੱਤੇ ਇੱਕ ਅਧੂਰੀ ਪਾਬੰਦੀ ਲਾਗੂ ਹੋ ਜਾਵੇਗੀ।

ਇਹ ਸਥਿਤੀ ਇੱਥੋਂ ਤੱਕ ਕਿਵੇਂ ਪਹੁੰਚੀ? ਤੇ ਇਸ ਦੇ ਹੋਣ ਲਈ ਇੰਨਾ ਸਮਾਂ ਕਿਉਂ ਲੱਗਿਆ?

ਦੋ ਦਹਾਕਿਆਂ ਤੋਂ ਚੱਲ ਰਹੇ ਅਫ਼ਗਾਨ ਯੁੱਧ ਵਿੱਚ ਕਾਫ਼ੀ ਖੂਨ ਵਗ ਚੁੱਕਾ ਹੈ। ਤਾਲਿਬਾਨ ਅਜੇ ਵੀ ਅਫ਼ਗਾਨਿਸਤਾਨ ਦੇ ਬਹੁਤ ਸਾਰੇ ਖੇਤਰਾਂ ਉੱਤੇ ਕੰਟਰੋਲ ਰੱਖਦਾ ਹੈ। ਪਰ ਉਹ ਅਜੇ ਪ੍ਰਮੁੱਖ ਸ਼ਹਿਰੀ ਕੇਂਦਰਾਂ ਨੂੰ ਕੰਟਰੋਲ ਕਰਨ ਵਿੱਚ ਅਸਮਰੱਥ ਹੈ।

ਹਾਲਾਂਕਿ, ਇਸ ਦੌਰਾਨ ਤਾਲਿਬਾਨ ਅਤੇ ਅਮਰੀਕਾ, ਦੋਵਾਂ ਧਿਰਾਂ ਨੂੰ ਇਹ ਅਹਿਸਾਸ ਹੋ ਗਿਆ ਕਿ ਦੋਵੇਂ ਹੀ ਫ਼ੌਜ ਦੇ ਸਿਰ 'ਤੇ ਜਿੱਤ ਦਰਜ ਕਰਾਉਣ ਵਿੱਚ ਅਸਫ਼ਲ ਰਹੇ ਹਨ। ਇਸੇ ਦੌਰਾਨ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਇਹ ਸਾਫ਼ ਕਰ ਦਿੱਤਾ ਕਿ ਉਹ ਇਸ ਦੇਸ ਤੋਂ ਆਪਣੇ ਫ਼ੌਜੀ ਵਾਪਸ ਬੁਲਾਉਣਗੇ।

ਇਹ ਵੀ ਪੜ੍ਹੋ:

ਅਮਰੀਕਾ ਦੀ ਰਿਆਇਤ ਤੋਂ ਬਾਅਦ ਹੋਇਆ ਸਮਝੌਤਾ

ਆਖ਼ਰ ਵਿੱਚ ਅਮਰੀਕਾ ਨੇ ਮੁੱਖ ਛੋਟ ਦਿੱਤੀ ਤੇ ਉਸ ਮਗਰੋਂ ਦੋਵਾਂ ਵਿੱਚ ਸਮਝੌਤਾ ਹੋ ਸਕਿਆ। 2018 ਵਿੱਚ ਅਮਰੀਕਾ ਨੇ ਤਾਲਿਬਾਨ ਨੂੰ ਉਸ ਸ਼ਰਤ ਉੱਤੇ ਛੁੱਟ ਦਿੱਤੀ ਸੀ ਜਿਸ ਦੇ ਹੇਠ ਉਨ੍ਹਾਂ ਨੇ ਸਭ ਤੋਂ ਪਹਿਲਾਂ ਅਫ਼ਗਾਨ ਸਰਕਾਰ ਨਾਲ ਗੱਲ ਕਰਨੀ ਸੀ। ਅਫ਼ਗਾਨ ਸਰਕਾਰ ਤਾਲਿਬਾਨ ਨੂੰ ਹਮੇਸ਼ਾ ਖਾਰਜ਼ ਕਰਦੀ ਰਹੀ ਹੈ।

ਅਮਰੀਕਾ ਨੇ ਤਾਲਿਬਾਨ ਨਾਲ ਸਿੱਧੀ ਗੱਲਬਾਤ ਕੀਤੀ ਅਤੇ ਅਫ਼ਗਾਨਿਸਤਾਨ ਵਿੱਚ ਵਿਦੇਸ਼ੀ ਫੌਜਾਂ ਦੀ ਮੌਜੂਦਗੀ ਦੀ ਮੁੱਖ ਮੰਗ ਬਾਰੇ ਸੁਣਿਆ।

ਵੀਡੀਓ: ਅਫ਼ਗਾਨਿਸਤਾਨ ਵਿੱਚ ਤਾਲਿਬਾਨ ਦੇ ਹਮਲੇ ਵਿੱਚ ਮਾਰੇ ਗਏ ਸਿੱਖ ਆਗੂ ਦਾ ਬੀਬੀਸੀ ਨੂੰ ਦਿੱਤਾ ਆਖ਼ਰੀ ਇੰਟਰਵਿਊ

ਇਸ ਗੱਲਬਾਤ ਤੋਂ ਬਾਅਦ ਸ਼ਨੀਵਾਰ ਨੂੰ ਇੱਕ ਸਮਝੌਤਾ ਹੋਂਦ ਵਿੱਚ ਆਇਆ। ਇਸ ਸਮਝੌਤੇ ਵਿੱਚ ਇਹ ਵੀ ਫੈਸਲਾ ਲਿਆ ਗਿਆ ਕਿ ਤਾਲਿਬਾਨ ਅਲ-ਕਾਇਦਾ ਨਾਲ ਉਨ੍ਹਾਂ ਦੇ ਸਬੰਧਾਂ 'ਤੇ ਵਿਚਾਰ ਕਰਨਗੇ, ਜੋ 2001 ਦੇ ਅਮਰੀਕੀ ਹਮਲਿਆਂ ਦਾ ਇੱਕ ਕਾਰਨ ਸੀ।

ਸਮਝੌਤੇ ਨੇ ਗੱਲਬਾਤ ਲਈ ਰਾਹ ਵੀ ਖੋਲ੍ਹੇ ਹਨ, ਜਿਸ ਤੋਂ ਬਾਅਦ ਕੱਟੜਵਾਦੀ ਅਤੇ ਸਰਕਾਰ ਦੇ ਨੇਤਾਵਾਂ ਸਮੇਤ ਹੋਰ ਅਫ਼ਗਾਨੀ ਸਿਆਸਤਦਾਨਾਂ ਵਿਚਾਲੇ ਗੱਲਬਾਤ ਹੋਵੇਗੀ।

ਕੀ ਅਫ਼ਗਾਨ ਸਰਕਾਰ ਦੇ ਨਾਲ ਗੱਲਬਾਤ ਚਣੌਤੀਪੂਰਨ ਹੋਵੇਗੀ?

ਇਹ ਗੱਲਬਾਤ ਬਹੁਤ ਚੁਣੌਤੀ ਪੂਰਨ ਹੋਵੇਗੀ ਕਿਉਂਕਿ ਤਾਲਿਬਾਨ ਦੇ 'ਇਸਲਾਮਿਕ ਗਣਰਾਜ' ਦੇ ਸੁਪਨੇ ਅਤੇ 2001 ਤੋਂ ਬਾਅਦ ਬਣੇ ਆਧੁਨਿਕ ਲੋਕਤੰਤਰ ਵਾਲੇ ਅਫ਼ਗਾਨਿਸਤਾਨ ਵਿੱਚ ਸੁਲ੍ਹਾ ਕਰਨੀ ਪਵੇਗੀ।

ਔਰਤਾਂ ਦੇ ਕੀ ਅਧਿਕਾਰ ਹੋਣਗੇ? ਲੋਕਤੰਤਰ ਉੱਤੇ ਤਾਲਿਬਾਨ ਦਾ ਕੀ ਰੁਖ ਹੋਵੇਗਾ? ਅਜਿਹੇ ਸਵਾਲਾਂ ਦੇ ਜਵਾਬ ਉਸ ਵੇਲੇ ਮਿਲ ਪਾਉਣਗੇ ਜਦੋਂ 'ਅਫ਼ਗਾਨ ਸਮਝੌਤਾ' ਹੋਂਦ ਵਿੱਚ ਆਵੇਗਾ।

ਉਸ ਵੇਲੇ ਤੱਕ ਤਾਲਿਬਾਨ ਸ਼ਾਇਦ ਜਾਣਬੁਝ ਕੇ ਚੁੱਪ ਰਹੇਗਾ। ਇਸ ਗੱਲ-ਬਾਤ ਦੇ ਸ਼ੁਰੂ ਹੋਣ ਤੋਂ ਪਹਿਲਾਂ ਵੀ ਕਈ ਦਿੱਕਤਾਂ ਹੋਣਗੀਆਂ। ਤਾਲਿਬਾਨ ਚਾਹੁੰਦਾ ਹੈ ਕਿ ਇਹ ਸਮਝੌਤੇ ਦੇ ਹੋਂਦ ਵਿੱਚ ਆਉਣ ਤੋਂ ਪਹਿਲਾਂ ਉਸ ਦੇ 5,000 ਲੜਾਕੂਆਂ ਨੂੰ ਰਿਹਾਅ ਕੀਤਾ ਜਾਵੇ।

ਵੀਡੀਓ: ਅਫ਼ਗਾਨਿਸਤਾਨ ਵਿੱਚ ਸੋਵੀਅਤ ਦੀਆਂ ਛੱਡੀਆਂ ਮਿਜ਼ਾਈਲਾਂ

ਅਫ਼ਗਾਨਿਸਤਾਨ ਸਰਕਾਰ ਆਪਣੀ ਕੈਦ ਵਿੱਚ ਮੌਜੂਦ ਇਨ੍ਹਾਂ ਲੜਾਕੂਆਂ ਰਾਹੀਂ ਤਾਲਿਬਾਨ ਨਾਲ ਇੱਕ ਸੌਦਾ ਕਰਨਾ ਚਾਹੁੰਦੀ ਹੈ ਤਾਂ ਜੋ ਤਾਲਿਬਾਨ ਜੰਗਬੰਦੀ ਲਈ ਸਹਿਮਤ ਹੋ ਸਕੇ।

ਉਸੇ ਸਮੇਂ, ਰਾਸ਼ਟਰਪਤੀ ਅਹੁਦੇ ਦੇ ਚੋਣ ਨਤੀਜੇ ਦੇ ਸੰਬੰਧ ਵਿੱਚ ਰਾਜਨੀਤਿਕ ਸੰਕਟ ਜਾਰੀ ਹੈ। ਅਸ਼ਰਫ਼ ਗਨੀ ਦੇ ਵਿਰੋਧੀ ਅਬਦੁੱਲਾ ਨੇ ਧੋਖਾਧੜੀ ਦਾ ਦੋਸ਼ ਲਾਇਆ ਹੈ।

ਰਾਜਨੀਤਿਕ ਅਸਥਿਰਤਾ ਦੇ ਵਿਚਾਲੇ ਗੱਲਬਾਤ ਲਈ ਇੱਕ 'ਸਮਾਵੇਸ਼ੀ' ਵਾਲੀ ਗੱਲਬਾਤ ਕਰਨ ਵਾਲੀ ਟੀਮ ਬਣਾਉਣਾ ਬਹੁਤ ਮੁਸ਼ਕਲ ਹੋ ਸਕਦਾ ਹੈ। ਇਸ ਦਾ ਕਾਰਨ ਇਹ ਹੈ ਕਿ ਉਸ ਵੇਲੇ ਅੰਤਰਰਾਸ਼ਟਰੀ ਨਿਰੀਖਕ ਮੌਜੂਦ ਹੋਣਗੇ ਅਤੇ ਉਹ ਤਾਲਿਬਾਨ ਨੂੰ ਗੱਲ-ਬਾਤ ਵਾਲੇ ਮੇਜ਼ ਉੱਤੇ ਵੇਖਣਾ ਚਾਹੁਣਗੇ।

ਸਮਝੌਤਾ ਨਾਕਾਮ ਹੋਣ 'ਤੇ ਕੀ ਹੋਵੇਗਾ?

ਇੱਕ ਅਫ਼ਗਾਨ ਅਧਿਕਾਰੀ ਨੇ ਮੇਰੇ ਸਾਹਮਣੇ ਇਹ ਗੱਲ ਮੰਨੀ ਕਿ 'ਅਫ਼ਗਾਨ ਸਮਝੌਤਾ' ਸ਼ੁਰੂ ਹੋਣ ਵਿੱਚ ਕਈ ਸਾਲ ਲੱਗ ਸਕਦੇ ਹਨ। ਪਰ ਅਮਰੀਕਾ ਨੇ ਸੰਕੇਤ ਦਿੱਤੇ ਹਨ ਕਿ ਜੇਕਰ ਤਾਲਿਬਾਨ ਸਮਝੌਤੇ ਉੱਤੇ ਆਪਣੇ ਵਾਅਦੇ ਪੂਰਾ ਕਰਦਾ ਹੈ ਤਾਂ ਉਹ 14 ਮਹੀਨਿਆਂ ਵਿੱਚ ਆਪਣੀ ਫ਼ੌਜ ਹਟਾ ਲੈਣਗੇ।

ਹਾਲਾਂਕਿ, ਇਹ ਫਿਲਹਾਲ ਸਪੱਸ਼ਟ ਨਹੀਂ ਹੋਇਆ ਹੈ ਕਿ ਜੇ ਕੋਈ ਗੱਲਬਾਤ ਕਿਸੇ ਹੱਲ 'ਤੇ ਨਹੀਂ ਪਹੁੰਚਦੀ ਤਾਂ ਅਮਰੀਕਾ ਕਿੰਨੇ ਸਮੇਂ ਲਈ ਰੁਕੇਗਾ।

ਅਫ਼ਗਾਨਿਸਤਾਨ ਦੇ ਅਧਿਕਾਰੀਆਂ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਅਮਰੀਕੀ ਫ਼ੌਜ ਦਾ ਜਾਣਾ ਪ੍ਰਤਿਬੰਧਿਤ ਹੈ। ਪਰ ਇੱਕ ਰਾਜਦੂਤ ਨੇ ਮੈਨੂੰ ਦੱਸਿਆ ਕਿ ਫ਼ੌਜ 'ਅਫ਼ਗਾਨ ਸਮਝੌਤੇ' ਦੀ ਸ਼ੁਰੂਆਤ 'ਤੇ ਨਿਕਲਣਾ ਸ਼ੁਰੂ ਹੋਵੇਗੀ, ਨਾ ਕਿ ਇਸ ਦੇ ਪੂਰਾ ਹੋਣ 'ਤੇ।

ਇਹ ਵੀ ਪੜ੍ਹੋ:

ਉਨ੍ਹਾਂ ਨੇ ਚਿੰਤਾ ਜਤਾਈ ਹੈ ਕਿ ਜੇ ਅਮਰੀਕਾ ਆਪਣੇ ਸੁਰੱਖਿਆ ਬਲਾਂ ਨੂੰ ਕੱਢ ਲੈਂਦਾ ਹੈ ਅਤੇ ਤਾਲਿਬਾਨ ਜੰਗ ਦੇ ਮੈਦਾਨ ਵਿੱਚ ਦਾਖਲ ਹੋ ਜਾਂਦਾ ਹੈ ਤਾਂ ਅਫ਼ਗਾਨ ਸੁਰੱਖਿਆ ਬਲ ਇਕੱਲੇ ਪੈ ਜਾਣਗੇ।

ਦੂਜੇ ਵਿਸ਼ਲੇਸ਼ਕਾਂ ਨੇ ਚੇਤਾਵਨੀ ਦਿੱਤੀ ਹੈ ਕਿ ਤਾਲਿਬਾਨ ਕੋਈ ਰਿਆਇਤ ਦੇਣ ਦੇ ਮੂਡ ਵਿੱਚ ਨਹੀਂ ਦਿਖ ਰਿਹਾ। ਉਸਨੇ ਇਸ ਸਮਝੌਤੇ ਨੂੰ ਆਪਣੇ ਸਮਰਥਕਾਂ ਦੇ ਅੱਗੇ ਇੱਕ 'ਜਿੱਤ' ਦੇ ਰੂਪ ਵਿੱਚ ਪੇਸ਼ ਕੀਤਾ ਹੈ। ਤਾਲਿਬਾਨ ਅੰਤਰਰਾਸ਼ਟਰੀ ਪੱਧਰ 'ਤੇ ਜਾਇਜ਼ ਹੋਣ ਦੇ ਨਾਲ ਮਾਨਤਾ ਪ੍ਰਾਪਤ ਕਰਨਾ ਚਾਹੁੰਦਾ ਹੈ।

ਦੋਹਾ ਵਿੱਚ ਧੂਮਧਾਮ ਨਾਲ ਹੋਏ ਇਸ ਸਮਝੌਤੇ ਨੇ ਉਨ੍ਹਾਂ ਨੂੰ ਅਜਿਹੀ ਪਹਿਚਾਣ ਦਿੱਤੀ ਹੈ ਅਤੇ ਉਹ ਮਹਿਸੂਸ ਕਰਦੇ ਹਨ ਕਿ ਇਹ ਗੱਲਬਾਤ ਉਨ੍ਹਾਂ ਦੇ ਉਦੇਸ਼ ਨੂੰ ਪੂਰਾ ਕਰਨ ਦਾ ਸਭ ਤੋਂ ਵਧੀਆ ਮੌਕਾ ਹੈ।

ਬਹੁਤੇ ਆਮ ਅਫ਼ਗਾਨੀ ਲੋਕਾਂ ਦੀ ਤਰਜੀਹ ਹਿੰਸਾ ਨੂੰ ਘਟਾਉਣਾ ਹੈ।

ਵੀਡੀਓ: ਬੀਬੀਸੀ ਪੰਜਾਬੀ ਨੂੰ ਲਿਆਓ ਆਪਣੇ ਮੋਬਾਈਲ 'ਤੇ

ਵੀਡੀਓ:Delhi Violence: ਲੰਗਰ ਵਰਤਾ ਕੇ ਦਿੱਲੀ ਦੇ ਸ਼ਿਵ ਵਿਹਾਰ ਇਲਾਕੇ ਵਿੱਚ ਪੀੜਤਾਂ ਦੀ ਮਦਦ ਕਰਨ ਵਾਲਿਆਂ ਨੂੰ ਮਿਲੋ

ਵੀਡੀਓ: ਸੰਨੀ ਹਿੰਦੁਸਤਾਨੀ: ਮਿਹਨਤ ਜਾਂ ਕਿਸਮਤ?

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)