ਨਾਂ ਅੱਗੇ 'ਨਾਸਤਿਕ' ਲਿਖਵਾਉਣ ਲਈ 2 ਸਾਲ ਕੀਤਾ ਸੰਘਰਸ਼

    • ਲੇਖਕ, ਸਤ ਸਿੰਘ
    • ਰੋਲ, ਬੀਬੀਸੀ ਪੰਜਾਬੀ ਲਈ

"ਜਦੋਂ ਮੈਂ ਬੱਚਾ ਸੀ ਤਾਂ ਮੇਰੇ ਪਿਤਾ ਹਿੰਦੂ ਤਿਉਹਾਰਾਂ ਵੇਲੇ ਭਗਵਾਨ ਦੀ ਤਸਵੀਰ ਨੂੰ ਮਿਠਾਈ ਚੜ੍ਹਾਉਂਦੇ ਸਨ। ਮੈਨੂੰ ਭਗਵਾਨ ਦਾ ਇੰਤਜ਼ਾਰ ਕਰਨਾ ਪੈਂਦਾ ਸੀ ਉਹ ਆਉਣ ਤੇ ਖਾਣ। ਪਰ ਜਦੋਂ ਇਸ ਦੌਰਾਨ ਚੂਹੇ ਆਉਂਦੇ ਤੇ ਉਸ ਨੂੰ ਖਾ ਜਾਂਦੇ ਇਸ ਨਾਲ ਮੈਂ ਅੰਦਰੋਂ ਵਿੰਨ੍ਹਿਆ ਗਿਆ।"

ਇਹ ਕਹਿਣਾ ਹੈ ਹਰਿਆਣਾ ਦੇ ਟੋਹਾਣਾ ਦੇ ਰਹਿਣ ਵਾਲੇ 32 ਸਾਲਾਂ ਰਵੀ ਕੁਮਾਰ ਐਥੀਸਟ ਦਾ।

ਦਰਅਸਲ ਰਵੀ ਉਸ ਵੇਲੇ ਚਰਚਾ ਆਏ ਜਦੋਂ ਉਨ੍ਹਾਂ ਨੇ ਫਤਿਹਾਬਾਦ ਜ਼ਿਲ੍ਹਾ ਪ੍ਰਸ਼ਾਸਨ ਤੋਂ 'ਨੋ ਕਾਸਟ, ਨੋ ਰੈਲੀਜਨ ਐਂਡ ਨੋ ਗੌਡ' ਯਾਨਿ ਕਿ ਨਾ ਜਾਤ, ਨਾ ਧਰਮ ਅਤੇ ਨਾ ਹੀ ਕਿਸੇ ਰੱਬ ਨੂੰ ਮੰਨਣ ਬਾਰੇ ਸਰਟੀਫਿਕੇਟ ਹਾਸਿਲ ਕੀਤਾ ਹੈ।

ਪ੍ਰਸ਼ਾਸਨ ਇਸ ਸਰਟੀਫਿਕੇਟ ਨੂੰ ਹੁਣ ਵਾਪਿਸ ਲੈਣ ਜੀ ਗੱਲ ਕਰ ਰਿਹਾ ਹੈ।

ਕਿਸੇ ਨਿੱਜੀ ਕਾਰਨ ਕਰਕੇ ਬੀਏ ਦੀ ਪੜ੍ਹਾਈ ਛੱਡਣ ਵਾਲੇ ਰਵੀ ਨੂੰ ਦਸਵੀਂ ਦੀ ਮਾਰਕਸ਼ੀਟ ਵਿੱਚ ਆਪਣੇ ਨਾਮ ਦੇ ਅੱਗੇ 'ਐਥੀਸਟ' ਯਾਨਿ ਨਾਸਤਿਕ ਲਿਖਵਾਉਣ ਲਈ 2 ਸਾਲ ਤੱਕ ਸੰਘਰਸ਼ ਕਰਨਾ ਪਿਆ।

ਇਹ ਵੀ ਪੜ੍ਹੋ-

'ਐਥੀਸਟ' ਨਾਮ ਲਿਖਵਾਉਣ ਦੇ ਪਿੱਛੇ ਦੀ ਕਹਾਣੀ

ਰਵੀ ਦੇ ਪਿਤਾ ਇੱਕ ਫਰਨੀਚਰ ਦੀ ਦੁਕਾਨ 'ਤੇ ਕੰਮ ਕਰਦੇ ਹਨ ਅਤੇ ਮਾਤਾ ਘਰ ਸੰਭਾਲਦੀ ਹੈ।

ਰਵੀ ਦਾ ਕਹਿਣਾ ਹੈ, "ਮੈਂ ਪ੍ਰਮਾਤਮਾ ਵਿੱਚ ਵਿਸ਼ਵਾਸ ਨਹੀਂ ਰੱਖਦਾ। ਲੋਕ ਮੈਨੂੰ ਪਾਗਲ ਕਹਿੰਦੇ ਹਨ ਪਰ ਮੈਨੂੰ ਇਸ ਦੀ ਪਰਵਾਹ ਨਹੀਂ ਤੇ ਮੈਂ ਉਨ੍ਹਾਂ ਨੂੰ ਇਹ ਕਹਿ ਕੇ ਚੁੱਪ ਕਰਵਾ ਦਿੰਦਾ ਹਾਂ ਕਿ ਰੱਬ ਦੀ ਹੋਂਦ ਨੂੰ ਸਾਬਤ ਕਰਕੇ ਦਿਖਾਓ।"

ਰਵੀ ਨੇ ਕਿਹਾ, "ਮੈਂ ਆਪਣੇ ਪਰਿਵਾਰ ਅਤੇ ਦੋਸਤਾਂ ਕੋਲੋਂ ਭਗਵਾਨ ਦੀ ਹੋਂਦ ਬਾਰੇ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ, ਜਿਸ ਤੋਂ ਬਾਅਦ ਉਨ੍ਹਾਂ ਨੇ ਮੈਨੂੰ ਅਣਗੌਲਿਆ ਕਰਨਾ ਸ਼ੁਰੂ ਕਰਨ ਦਿੱਤਾ।"

ਉਨ੍ਹਾਂ ਨੇ ਕਿਹਾ, "ਤੁਸੀਂ ਪਾਗਲ ਹੋ, ਤੁਸੀਂ ਰੱਬ ਦੀ ਹੋਂਦ ਨੂੰ ਕਿਵੇਂ ਚੁਣੌਤੀ ਦੇ ਸਕਦੇ ਹੋ। ਅਜਿਹੀਆਂ ਗੱਲਾਂ ਨਾਲ ਮੈਨੂੰ ਬੇਇੱਜ਼ਤ ਕਰਨਾ ਸ਼ੁਰੂ ਕਰ ਦਿੱਤਾ ਪਰ ਮੈਨੂੰ ਬਹੁਤਾ ਫਰਕ ਨਹੀਂ ਪਿਆ।"

ਆਪਣੇ ਬਚਪਨ ਬਾਰੇ ਉਨ੍ਹਾਂ ਨੇ ਦੱਸਿਆ, "ਪਿੱਛੜੀ ਜਾਤ ਤੋਂ ਹੋਣ ਕਰਕੇ ਵੀ ਮੈਨੂੰ ਅਧਿਆਪਕਾਂ, ਦੋਸਤਾਂ ਅਤੇ ਹੋਰ ਲੋਕਾਂ ਨੇ ਕਈ ਵਾਰ ਮੈਨੂੰ ਇਸਬਾਰੇ ਬੁਰਾ ਮਹਿਸੂਸ ਕਰਵਾਇਆ।"

ਰਵੀ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੀ ਜਾਤ ਬਾਰੇ ਪੁੱਛੇ ਜਾਣਾ ਬਿਲਕੁਲ ਪਸੰਦ ਨਹੀਂ ਸੀ।

ਰਵੀ ਕਹਿੰਦੇ ਹਨ, "ਮੈਨੂੰ ਆਪਣੀ ਬੇਇਜ਼ਤੀ ਦੇ ਪਿੱਛੇ ਦੇ ਕਾਰਨ ਉਦੋਂ ਤੱਕ ਸਮਝ ਨਹੀਂ ਆਏ ਜਦੋਂ ਤੱਕ ਮੈਂ ਭਗਤ ਸਿੰਘ ਅਤੇ ਭੀਮਰਾਓ ਅੰਬੇਡਕਰ ਬਾਰੇ ਨਹੀਂ ਪੜ੍ਹਿਆ। ਉਨ੍ਹਾਂ ਦੀ ਸਿੱਖਿਆ ਨੇ ਮੇਰੇ ਅੰਦਰ ਨਵੀਂ ਸੋਚ ਨੂੰ ਪੈਦਾ ਕੀਤਾ ਅਤੇ ਮੈਂ ਸੋਚਿਆ ਕਿ ਜਾਤ ਤੇ ਧਰਮ ਨੂੰ ਚੁਣੌਤੀ ਦੇਣੀ ਚਾਹੀਦੀ ਸੀ।"

ਸਾਲ 2017 ਵਿੱਚ ਉਨ੍ਹਾਂ ਦਾ ਆਧਾਰ ਕਾਰਡ ਬਣਿਆ ਅਤੇ ਉਸ 'ਤੇ ਉਨ੍ਹਾਂ ਨੇ ਆਪਣਾ ਨਾਮ ਰਵੀ ਕੁਮਾਰ ਐਥੀਸਟ ਲਿਖਵਾਇਆ ਅਤੇ ਬਾਅਦ ਵਿੱਚ ਡੋਮੀਸਾਇਲ 'ਤੇ ਵੀ ਇਹੀ ਨਾਮ ਲਿਖਵਾਇਆ।

ਉਨ੍ਹਾਂ ਨੂੰ ਇਸੇ ਸਮਾਂ ਲੱਗਾ ਕਿ ਅਧਿਕਾਰੀਆਂ ਨੂੰ ਆਪਣੇ ਨਾਮ ਦੇ ਅੱਗੇ ਐਥੀਸਟ ਲਿਖਵਾਉਣ ਲਈ ਅਪੀਲ ਕਰਨੀ ਚਾਹੀਦੀ ਹੈ ਕਿਉਂਕਿ ਉਨ੍ਹਾਂ ਦਾ ਕਿਸੇ ਜਾਤ ਜਾਂ ਧਰਮ 'ਚ ਵਿਸ਼ਵਾਸ ਨਹੀਂ ਸੀ।

ਰਵੀ ਨੇ ਦੱਸਿਆ, "ਮੈਂ ਸਾਲ 2018 ਵਿੱਚ ਫਤਿਹਾਬਾਦ ਕੋਰਟ 'ਚ ਸਿਵਿਲ ਕੇਸ ਲਗਾਇਆ ਤਾਂ ਜੋ ਸੂਬਾ ਸਿੱਖਿਆ ਵਿਭਾਗ ਨੂੰ ਮੇਰੇ ਨਾਮ ਦੇ ਅੱਗੇ ਐਥੀਸਟ ਲਗਵਾਉਣ ਲਈ ਨਿਰਦੇਸ਼ ਦਿੱਤੇ ਜਾਣ। ਮੇਰੇ ਸਾਰੇ ਦਸਤਾਵੇਜ਼ਾਂ ਦੀ ਤਸਦੀਕ ਕਰਨ ਤੋਂ ਬਾਅਦ ਅਦਾਲਤ ਨੇ ਸਿੱਖਿਆ ਵਿਭਾਗ ਨੂੰ ਅਜਿਹਾ ਕਰਨ ਦੇ ਆਦੇਸ਼ ਦਿੱਤੇ।"

ਉਨ੍ਹਾਂ ਨੇ ਦੱਸਿਆ ਕਿ ਇਸ ਤੋਂ ਬਾਅਦ ਉਨ੍ਹਾਂ ਆਪਣੀ ਤਹਿਸੀਲ ਨੂੰ ਆਪਣੇ ਦਸਤਾਵੇਜ਼ਾਂ ਦੇ ਆਧਾਰ 'ਤੇ 'ਨਾ ਜਾਤ, ਨਾ ਧਰਮ ਤੇ ਨਾ ਕੋਈ ਰੱਬ' ਨੂੰ ਮੰਨਣ ਦਾ ਸਰਟੀਫਿਕੇਟ ਜਾਰੀ ਕਰਨ ਲਈ ਕਿਹਾ ਪਰ ਅਧਿਕਾਰੀ ਨੇ ਇਨਕਾਰ ਕਰ ਦਿੱਤਾ।

ਇਹ ਵੀ ਪੜ੍ਹੋ

ਰਵੀ ਨੇ ਦੱਸਿਆ, "ਮੈਂ ਉਸ ਨੂੰ ਚੁਣੌਤੀ ਦਿੱਤੀ ਕਿ ਰੱਬ ਨੂੰ ਸਾਬਿਤ ਕਰੇ ਪਰ ਉਸ ਨੇ ਨਹੀਂ ਸੁਣਿਆ। ਫਿਰ ਮੈਂ ਫਤਿਹਾਬਾਦ ਡਿਪਟੀ ਕਮਿਸ਼ਨਰ ਕੋਲ ਆਪਣੀ ਅਪੀਲ ਲੈ ਕੇ ਗਿਆ। ਉਨ੍ਹਾਂ ਨੇ ਮੇਰੀ ਗੱਲ ਹੌਸਲੇ ਨਾਲ ਸੁਣੀ ਤੇ ਮੇਰੇ ਸਰਟੀਫਿਕੇਟਾਂ ਦੀ ਤਸਦੀਕ ਕੀਤੀ। 29, ਅਪ੍ਰੈਲ 2019 ਨੂੰ ਉਨ੍ਹਾਂ ਨੇ ਇਸ ਸਬੰਧੀ ਅਧਿਕਾਰੀ ਨੂੰ ਸਰਟੀਫਿਕੇਟ ਜਾਰੀ ਕਰਨ ਲਈ ਕਿਹਾ।"

ਜਾਤ ਰਹਿਤ ਸਮਾਜ

ਰਵੀ ਦਾ ਕਹਿਣਾ ਹੈ ਕਿ ਕਈ ਚੀਜ਼ਾਂ ਕਾਰਨ ਉਹ ਐਥੀਸਟ ਜਾਂ ਨਾਸਤਿਕ ਬਣੇ।

ਸਾਲ 2016 ਵਿੱਚ ਹਰਿਆਣਾ ਦੇ ਸਿਆਸਤਦਾਨਾਂ ਨੇ ਵੋਟਾਂ ਲਈ ਜਾਤ ਦਾ ਜ਼ਹਰਿ ਫੈਲਾਉਣ ਦੀ ਕੋਸ਼ਿਸ਼ ਕੀਤੀ ਅਤੇ ਹੁਣ ਵੀ ਲੋਕ ਸਭਾ ਚੋਣਾਂ ਦੌਰਾਨ ਇਹ ਸਿਆਸੀ ਪ੍ਰਵਚਨ ਬਣ ਗਿਆ ਹੈ।

ਉਹ ਕਹਿੰਦੇ ਹਨ, "ਅਜਿਹੇ 'ਚ ਨਾਸਤਿਕ ਹੋਣਾ ਹੀ ਇਸ ਮੁੱਦੇ ਦਾ ਹੱਲ ਹੈ। ਜਦੋਂ ਤੁਹਾਡੀ ਕੋਈ ਜਾਤ ਨਹੀਂ ਤੇ ਨਾ ਹੀ ਕੋਈ ਧਰਮ ਹੋਵੇਗਾ ਤਾਂ ਕੋਈ ਵੀ ਸਿਆਸਤਦਾਨ ਇਸ ਦਾ ਲਾਹਾ ਨਹੀਂ ਲੈ ਸਕੇਗਾ।"

ਅਦਾਲਤ ਦੇ ਹੁਕਮਾਂ ਤੋਂ ਬਾਅਦ ਰਵੀ ਨੂੰ ਉਨ੍ਹਾਂ ਦੀ ਮੰਗ ਮੁਤਾਬਕ ਸਰਟੀਫਿਕੇਟ ਜਾਰੀ ਕਰ ਦਿੱਤੇ ਗਏ।

ਫਤਿਹਾਬਾਦ ਡਿਪਟੀ ਕਮਿਸ਼ਨਰ ਧਿਰੇਂਦਰ ਖੜਕਾਤਾ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਹੁਣ ਇਹ ਸਰਟੀਫਿਕੇਟ ਵਾਪਸ ਲੈ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਅਦਾਲਤ ਨੇ ਰਵੀ ਨੂੰ ਆਪਣੇ ਨਾਮ ਨਾਲ ਨਾਸਤਿਕ ਲਿਖਣ ਦੇ ਹੁਕਮ ਸਨ ਪਰ ਤਹਿਸੀਲਦਾਰ ਨੂੰ ਆਪਣੀ ਭਾਸ਼ਾ ਉਸੇ ਤੱਕ ਸੀਮਤ ਰੱਖਣੀ ਚਾਹੀਦੀ ਸੀ। ਪਰ ਉਨ੍ਹਾਂ ਨੂੰ ਗਲਤਫ਼ਹਿਮੀ ਹੋ ਗਈ ਅਤੇ ਗਲਤ ਸਰਟੀਫਿਕੇਟ ਜਾਰੀ ਕਰ ਦਿੱਤਾ ਪਰ ਹੁਣ ਪ੍ਰਸ਼ਾਸਨ ਇਸ ਨੂੰ ਵਾਪਸ ਲੈ ਰਿਹਾ ਹੈ।

ਇਹ ਵੀ ਪੜ੍ਹੋ-

ਇਹ ਵੀਡੀਓ ਵੀ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।