You’re viewing a text-only version of this website that uses less data. View the main version of the website including all images and videos.
ਜਦੋਂ ਮਾਇਆਵਤੀ ਨੂੰ ਪਿਤਾ ਦੀ ਗੱਲ ਨਾ ਮੰਨਣ ਕਾਰਨ ਘਰ ਛੱਡਣਾ ਪਿਆ
- ਲੇਖਕ, ਰੇਹਾਨ ਫਜ਼ਲ
- ਰੋਲ, ਬੀਬੀਸੀ ਪੱਤਰਕਾਰ
ਪਿਛਲੇ ਦਿਨੀਂ ਜਦੋਂ ਯੂਪੀ ਦੇ ਦਿਓਬੰਦ ਵਿੱਚ ਮਾਇਆਵਤੀ, ਅਖਿਲੇਸ਼ ਯਾਦਵ ਅਤੇ ਅਜੀਤ ਸਿੰਘ ਦੀ ਸਾਂਝੀ ਰੈਲੀ ਹੋਈ ਅਤੇ ਜਿਉਂ ਹੀ ਅਜੀਤ ਸਿੰਘ ਨੇ ਸਟੇਜ 'ਤੇ ਚੜ੍ਹਨ ਦੀ ਕੋਸ਼ਿਸ਼ ਕੀਤੀ ਤਾਂ ਇੱਕ ਬੀਐੱਸਪੀ ਆਗੂ ਨੇ ਅਜੀਤ ਸਿੰਘ ਨੂੰ ਆਪਣੇ ਜੁੱਤੀ ਉਤਾਰਨ ਲਈ ਕਿਹਾ।
ਮਾਇਆਵਤੀ ਨੂੰ ਇਹ ਪਸੰਦ ਨਹੀਂ ਹੈ ਕਿ ਜਦੋਂ ਉਹ ਸਟੇਜ 'ਤੇ ਹੋਣ ਤਾਂ ਉਨ੍ਹਾਂ ਦੇ ਇਲਾਵਾ ਕੋਈ ਹੋਰ ਉੱਥੇ ਜੁੱਤੀ ਪਾ ਕੇ ਬੈਠੇ।
ਅਜੀਤ ਸਿੰਘ ਨੂੰ ਆਪਣੇ ਜੁੱਤੀ ਲਾਹੁਣੀ ਪਈ ਤੇ ਫਿਰ ਉਨ੍ਹਾਂ ਨੂੰ ਮਾਇਆਵਤੀ ਨਾਲ ਸਟੇਜ 'ਤੇ ਖੜਨ ਦਾ ਮੌਕਾ ਮਿਲਿਆ।
ਇਹ ਸਿਰਫ਼ ਇੱਕ ਔਰਤ ਦੀ ਸਫ਼ਾਈ ਲਈ ਪਸੰਦ ਨਹੀਂ ਸੀ। ਬਲਕਿ ਇਹ ਦੇਸ ਵਿੱਚ ਬਦਲਦੀ ਸਮਾਜਿਕ ਹਿੱਸੇਦਾਰੀ ਦੇ ਸਮੀਕਰਣਾਂ ਨੂੰ ਦਰਸਾਉਂਦਾ ਹੈ।
ਇਹ ਵੀ ਪੜ੍ਹੋ:
ਮਾਇਆਵਤੀ ਦੇ ਜੀਵਨੀਕਾਰ ਅਜੈ ਬੋਸ ਦੀ ਮੰਨੀ ਜਾਵੇ ਤਾਂ ਸਫਾਈ ਬਾਰੇ ਉਨ੍ਹਾਂ ਦੀ ਇਸ ਸਨਕ ਪਿੱਛੇ ਵੀ ਇੱਕ ਕਹਾਣੀ ਹੈ।
ਅਜੈ ਬੋਸ 'ਬਹਿਨਜੀ: ਏ ਪਾਲੀਟਿਕਲ ਬਾਇਓਗ੍ਰਾਫੀ ਆਫ ਮਾਇਆਵਤੀ' ਵਿੱਚ ਲਿਖਦੇ ਹਨ, "ਜਦੋਂ ਮਾਇਆਵਤੀ ਪਹਿਲੀ ਵਾਰ ਚੁਣ ਕੇ ਲੋਕ ਸਭਾ ਵਿੱਚ ਆਏ ਤਾਂ ਉਨ੍ਹਾਂ ਦੇ ਤੇਲ ਲੱਗੇ ਵਾਲ ਅਤੇ ਦਿਹਾਤੀ ਪਹਿਰਾਵਾ ਉਸ ਸਮੇਂ ਦੀਆਂ ਮਹਿਲਾ ਸੰਸਦ ਮੈਂਬਰਾਂ ਲਈ ਮਜ਼ੇਦਾਰ ਚੀਜ਼ਾਂ ਹੁੰਦੀਆਂ ਸਨ।"
"ਉਹ ਅਕਸਰ ਸ਼ਿਕਾਇਤ ਕਰਦੀਆਂ ਸਨ ਕਿ ਮਾਇਆਵਤੀ ਨੂੰ ਬਹੁਤ ਪਸੀਨਾ ਆਉਂਦਾ ਹੈ।"
"ਉਨ੍ਹਾਂ ਵਿੱਚੋਂ ਇੱਕ ਸੀਨੀਅਰ ਮਹਿਲਾ ਸੰਸਦ ਮੈਂਬਰ ਨੇ ਇਹ ਵੀ ਕਿਹਾ ਸੀ ਕਿ ਮਾਇਆਵਤੀ ਨੂੰ ਕਿਹਾ ਜਾਵੇ ਕਿ ਉਹ ਚੰਗਾ 'ਪਰਫੀਊਮ' ਲਾ ਕੇ ਸਦਨ ਵਿੱਚ ਆਇਆ ਕਰਨ।"
ਮਾਇਆਵਤੀ ਦੇ ਨਜ਼ਦੀਕੀ ਲੋਕਾਂ ਮੁਤਾਬਕ ਬਾਰ-ਬਾਰ ਉਨ੍ਹਾਂ ਦੀ ਜਾਤੀ ਦੇ ਜ਼ਿਕਰ ਅਤੇ ਉਨ੍ਹਾਂ ਨੂੰ ਇਹ ਅਹਿਸਾਸ ਦਵਾਉਣਾ ਕਿ ਦਲਿਤ ਗੰਦੇ ਹੁੰਦੇ ਹਨ, ਦਾ ਉਨ੍ਹਾਂ 'ਤੇ ਗਹਿਰਾ ਅਸਰ ਪਿਆ।
ਉਨ੍ਹਾਂ ਨੇ ਹੁਕਮ ਦਿੱਤਾ ਕਿ ਉਨ੍ਹਾਂ ਦੇ ਕਮਰੇ ਵਿੱਚ ਕੋਈ ਵੀ ਇਨਸਾਨ ਜੁੱਤੀ ਪਾ ਕੇ ਨਹੀਂ ਜਾਵੇਗਾ ਭਾਵੇਂ ਉਹ ਕਿੰਨਾ ਹੀ ਵੱਡਾ ਕਿਉਂ ਨਾ ਹੋਵੇ।
ਮਾਇਆਵਤੀ ਦੀ ਇੱਕ ਹੋਰ ਜੀਵਨੀਕਾਰ ਨੇਹਾ ਦੀਕਸ਼ਿਤ ਨੇ ਕਾਰਵਾਂ ਮੈਗਜ਼ੀਨ ਵਿੱਚ ਉਨ੍ਹਾਂ ਬਾਰੇ ਲਿਖੇ ਲੇਖ 'ਦਿ ਮਿਸ਼ਨ - ਇਨਸਾਈਡ ਮਾਇਆਵਤੀਜ਼ ਬੈਟਲ ਫਾਰ ਉੱਤਰ ਪ੍ਰਦੇਸ਼' ਵਿੱਚ ਲਿਖਿਆ ਸੀ, "ਮਾਇਆਵਤੀ ਵਿੱਚ ਇਸ ਹੱਦ ਤੱਕ ਸਫ਼ਾਈ ਲਈ ਜਨੂੰਨ ਸੀ ਕਿ ਉਹ ਆਪਣੇ ਘਰ ਵਿੱਚ ਤਿੰਨ ਵਾਰ ਪੋਚਾ ਲਗਵਾਉਂਦੇ ਸਨ।"
ਜਦੋਂ ਗਿਰਵਾਈ ਸੀ ਵਾਜਪਾਈ ਦੀ ਸਰਕਾਰ
ਮਾਇਆਵਤੀ ਦੇ ਮਿਜਾਜ਼ ਬਾਰੇ ਭਵਿੱਖਬਾਣੀ ਕਰਨਾ ਬਹੁਤ ਔਖਾ ਹੈ।
ਗੱਲ 17 ਅਪ੍ਰੈਲ 1999 ਦੀ ਹੈ। ਰਾਸ਼ਟਰਪਤੀ ਕੇ. ਆਰ. ਨਾਰਾਇਣਨ ਨੇ ਵਾਜਪਾਈ ਸਰਕਾਰ ਨੂੰ ਲੋਕ ਸਭਾ ਵਿੱਚ ਭਰੋਸੇ ਦਾ ਵੋਟ ਲੈਣ ਲਈ ਕਿਹਾ ਸੀ।
ਸਰਕਾਰ ਨੂੰ ਇਸ ਬਾਰੇ ਪੂਰਾ ਵਿਸ਼ਵਾਸ ਸੀ ਕਿਉਂਕਿ ਚੌਟਾਲਾ ਐੱਨਡੀਏ ਵਿੱਚ ਵਾਪਿਸ ਆਉਣ ਦਾ ਐਲਾਨ ਕਰ ਚੁੱਕੇ ਸਨ ਅਤੇ ਮਾਇਆਵਤੀ ਵੱਲੋਂ ਇਸ਼ਾਰਾ ਸੀ ਕਿ ਉਨ੍ਹਾਂ ਦੀ ਪਾਰਟੀ ਵੋਟ ਵਿੱਚ ਹਿੱਸਾ ਨਹੀਂ ਲਵੇਗੀ।
ਉਸ ਦਿਨ ਜਦੋਂ ਸੰਸਦ ਭਵਨ 'ਚ ਅਟਲ ਬਿਹਾਰੀ ਵਾਜਪਾਈ ਆਪਣੀ ਕਾਰ ਵਿੱਚ ਬੈਠ ਰਹੇ ਸਨ ਤਾਂ ਪਿੱਛੋਂ ਮਾਇਆਵਤੀ ਨੇ ਜ਼ੋਰ ਦੀ ਕਿਹਾ ਸੀ 'ਤੁਹਾਨੂੰ ਚਿੰਤਾ ਕਰਨ ਦੀ ਲੋੜ ਨਹੀਂ।'
ਵੋਟਿੰਗ ਤੋਂ ਕੁਝ ਸਮਾਂ ਪਹਿਲਾਂ, ਕੇਂਦਰੀ ਮੰਤਰੀ ਕੁਮਾਰਮੰਗਲਮ ਨੇ ਬਹੁਜਨ ਸਮਾਜ ਪਾਰਟੀ ਦੇ ਸੰਸਦ ਮੈਂਬਰਾਂ ਨਾਲ ਗੱਲਬਾਤ ਕਰਦਿਆਂ ਕਿਹਾ, "ਜੇ ਤੁਸੀਂ ਸਾਡਾ ਸਹਿਯੋਗ ਕਰੋਗੇ ਤਾਂ ਸ਼ਾਮ ਤੱਕ ਮਾਇਆਵਤੀ ਉੱਤਰ ਪ੍ਰਦੇਸ਼ ਦੀ ਮੁੱਖ ਮੰਤਰੀ ਹੋ ਸਕਦੀ ਹੈ।"
ਸਰਕਾਰ ਦੇ ਖੇਮੇ ਵਿੱਚ ਗਤੀਵਿਧੀਆਂ ਵੱਧਦੀਆਂ ਦੇਖ ਕੇ ਸ਼ਰਦ ਪਵਾਰ ਮਾਇਆਵਤੀ ਕੋਲ ਪਹੁੰਚੇ।
ਮਾਇਆਵਤੀ ਨੇ ਉਨ੍ਹਾਂ ਨੂੰ ਸਿੱਧਾ ਸਵਾਲ ਕੀਤਾ, "ਜੇ ਅਸੀਂ ਸਰਕਾਰ ਦੇ ਖ਼ਿਲਾਫ਼ ਵੋਟ ਕਰਦੇ ਹਾਂ ਤੇ ਕੀ ਸਰਕਾਰ ਗਿਰ ਜਾਵੇਗੀ?"
ਪਵਾਰ ਨੇ ਜਵਾਬ ਦਿੱਤਾ,"ਹਾਂ।"
ਜਦੋਂ ਬਹਿਸ ਤੋਂ ਬਾਅਦ ਵੋਟਿੰਗ ਦਾ ਵੇਲਾ ਆਇਆ ਤਾਂ ਸਾਰੇ ਸਦਨ ਵਿੱਚ ਚੁੱਪੀ ਛਾਈ ਹੋਈ ਸੀ।
ਮਾਇਆਵਤੀ, ਆਰਿਫ ਮੁਹੰਮਦ ਖ਼ਾਨ ਅਤੇ ਅਕਬਰ ਅਹਿਮਦ ਡੰਪੀ ਵੱਲ ਵੇਖ ਕੇ ਗੜਕ ਨਾਲ ਬੋਲੇ, 'ਲਾਲ ਬਟਨ ਦਬਾਓ।' ਇਹ ਉਸ ਜ਼ਮਾਨੇ ਦੀ ਸਭ ਤੋਂ ਵੱਡੀ 'ਸਿਆਸੀ ਕਲਾਬਾਜ਼ੀ' ਸੀ।
ਜਦੋਂ ਇਲੈਕਟਰਾਨਿਕ ਵੋਟਿੰਗ ਮਸ਼ੀਨ ਦਾ ਨਤੀਜਾ ਫਲੈਸ਼ ਹੋਇਆ ਤਾਂ ਵਾਜਪਾਈ ਸਰਕਾਰ ਭਰੋਸੇ ਦਾ ਵੋਟ ਹਾਰ ਚੁੱਕੀ ਸੀ।
ਮਾਇਆਵਤੀ ਨੂੰ ਅਜਿਹੇ ਵੱਡੇ ਫੈਸਲੇ ਲੈਣ ਵਿੱਚ ਕਦੇ ਪਰਹੇਜ਼ ਨਹੀਂ ਰਿਹਾ।
ਕਾਂਸ਼ੀਰਾਮ ਨਾਲ ਮਾਇਆਵਤੀ ਦੀ ਪਹਿਲੀ ਮੁਲਾਕਾਤ
ਅਜਿਹਾ ਹੀ ਇੱਕ ਵੱਡਾ ਫੈਸਲਾ ਉਨ੍ਹਾਂ ਨੇ ਦਸੰਬਰ 1977 ਦੀ ਇੱਕ ਠੰਡੀ ਰਾਤ ਵਿੱਚ ਲਿਆ ਸੀ।
ਹੋਇਆ ਇਹ ਸੀ ਕਿ ਇੱਕ ਦਿਨ ਪਹਿਲਾਂ ਕਾਂਸਟੀਟਿਊਸ਼ਨ ਕੱਲਬ ਵਿੱਚ 21 ਸਾਲ ਦੀ ਮਾਇਆਵਤੀ ਨੇ ਉਸ ਸਮੇਂ ਦੇ ਸਿਹਤ ਮੰਤਰੀ ਰਾਜ ਨਾਰਾਇਣ 'ਤੇ ਜ਼ਬਰਦਸਤ ਹਮਲਾ ਬੋਲਿਆ ਸੀ।
ਰਾਜ ਨਾਰਾਇਣ ਆਪਣੇ ਭਾਸ਼ਣ ਵਿੱਚ ਬਾਰ-ਬਾਰ ਦਲਿਤਾਂ ਨੂੰ 'ਹਰਿਜਨ' ਕਹਿ ਰਹੇ ਸਨ।
ਆਪਣੀ ਵਾਰੀ ਆਉਣ 'ਤੇ ਮਾਇਆਵਤੀ ਜ਼ੋਰ ਦੀ ਬੋਲੀ, "ਤੁਸੀਂ ਸਾਨੂੰ 'ਹਰਿਜਨ' ਕਹਿ ਕੇ ਬੇਇੱਜ਼ਤ ਕਰ ਰਹੇ ਹੋ।"
ਇੱਕ ਦਿਨ ਰਾਤ 11 ਵਜੇ ਕਿਸੀ ਨੇ ਉਨ੍ਹਾਂ ਦੇ ਘਰ ਦਾ ਬੂਹਾ ਖੜਕਾਇਆ।
ਜਦੋਂ ਮਾਇਆਵਤੀ ਦੇ ਪਿਤਾ ਪ੍ਰਭੂਦਿਆਲ ਨੇ ਦਰਵਾਜ਼ਾ ਖੋਲ੍ਹਿਆ ਤਾਂ ਉਨ੍ਹਾਂ ਨੇ ਦੇਖਿਆ ਕਿ ਬਾਹਰ ਸਾਦੇ ਕਪੜਿਆਂ 'ਚ, ਗਲੇ ਵਿੱਚ ਮਫ਼ਲਰ ਪਾਈ, ਇੱਕ ਲਗਭਗ ਗੰਜਾ ਇਨਸਾਨ ਖੜ੍ਹਾ ਸੀ।
ਉਸ ਵਿਅਕਤੀ ਨੇ ਕਿਹਾ ਕਿ ਉਹ ਕਾਂਸ਼ੀਰਾਮ ਹਨ ਅਤੇ 'ਬਾਮਸੇਫ' ਦੇ ਪ੍ਰਧਾਨ ਹਨ।
ਉਨ੍ਹਾਂ ਨੇ ਮਾਇਆਵਤੀ ਨੂੰ ਪੁਣੇ ਵਿੱਚ ਇੱਕ ਭਾਸ਼ਣ ਦੇਣ ਲਈ ਸੱਦਾ ਦੇਣ ਆਏ ਸਨ।
ਉਸ ਸਮੇਂ ਮਾਇਆਵਤੀ ਦਿੱਲੀ ਦੇ ਇੰਦਰਾਪੁਰੀ ਇਲਾਕੇ ਵਿੱਚ ਰਹਿੰਦੇ ਸਨ।
ਉਨ੍ਹਾਂ ਦੇ ਘਰ ਵਿੱਚ ਬਿਜਲੀ ਨਹੀਂ ਹੁੰਦੀ ਸੀ। ਉਹ ਲਾਲਟੇਨ ਦੀ ਰੌਸ਼ਨੀ ਵਿੱਚ ਪੜ੍ਹ ਰਹੇ ਸਨ।
ਕਾਂਸ਼ੀਰਾਮ ਦੀ ਜੀਵਨੀ 'ਦਿ ਲੀਡਰ ਆਫ ਦਲਿਤਸ' ਲਿਖਣ ਵਾਲੇ ਬਦਰੀ ਨਾਰਾਇਣ ਦੱਸਦੇ ਹਨ, "ਕਾਂਸ਼ੀਰਾਮ ਨੇ ਮਾਇਆਵਤੀ ਤੋਂ ਪਹਿਲਾ ਸਵਾਲ ਪੁੱਛਿਆ ਕਿ ਉਹ ਕੀ ਕਰਨਾ ਚਾਹੁੰਦੇ ਹਨ। ਮਾਇਆਵਤੀ ਨੇ ਕਿਹਾ ਕਿ ਉਹ ਆਈਏਐਸ ਬਣਨਾ ਚਾਹੁੰਦੀ ਹੈ ਤਾਂ ਜੋ ਉਹ ਲੋਕਾਂ ਦੀ ਸੇਵਾ ਕਰ ਸਕੇਗੀ।"
ਕਾਂਸ਼ੀਰਾਮ ਨੇ ਕਿਹਾ, "ਤੂੰ ਆਈਏਐਸ ਬਣ ਕੇ ਕੀ ਕਰੇਂਗੀ? ਮੈਂ ਤੈਨੂੰ ਅਜਿਹਾ ਨੇਤਾ ਬਣਾ ਸਕਦਾ ਹਾਂ ਜਿਸ ਦੇ ਪਿੱਛੇ ਇੱਕ ਨਹੀਂ ਦਸ ਕਲੈਕਟਰਾਂ ਦੀ ਲਾਈਨ ਲੱਗੀ ਰਹੇਗੀ। ਤੂੰ ਸਹੀ ਮਾਅਨਿਆਂ ਵਿੱਚ ਉਸ ਸਮੇਂ ਆਪਣੇ ਲੋਕਾਂ ਦੀ ਸੇਵਾ ਕਰ ਸਕੇਂਗੀ।"
ਮਾਇਆਵਤੀ ਨੂੰ ਉਸੇ ਸਮੇਂ ਸਮਝ ਆ ਗਿਆ ਕਿ ਉਨ੍ਹਾਂ ਦਾ ਭਵਿੱਖ ਕਿੱਥੇ ਹੈ। ਹਾਲਾਂਕਿ ਉਨ੍ਹਾਂ ਦੇ ਪਿਤਾ ਇਸ ਦੇ ਸਖ਼ਤ ਖਿਲਾਫ ਸਨ।
ਇਸ ਤੋਂ ਬਾਅਦ ਮਾਇਆਵਤੀ ਕਾਂਸ਼ੀਰਾਮ ਦੇ ਅੰਦੋਲਨ ਵਿੱਚ ਸ਼ਾਮਲ ਹੋ ਗਏ।
ਮਾਇਆਵਤੀ ਆਪਣੀ ਆਤਮ ਕਥਾ 'ਬਹੁਜਨ ਆਨਦੋਲਨ ਕੀ ਰਾਹ ਮੇਂ ਮੇਰੀ ਸੰਘਰਸ਼ ਗਾਥਾ' ਵਿੱਚ ਲਿਖਦੇ ਹਨ ਕਿ ਇੱਕ ਦਿਨ ਉਨ੍ਹਾਂ ਦੇ ਪਿਤਾ ਉਨ੍ਹਾਂ 'ਤੇ ਚੀਕੇ - ਤੂੰ ਕਾਂਸ਼ੀਰਾਮ ਨੂੰ ਮਿਲਣਾ ਬੰਦ ਕਰ ਅਤੇ ਆਈਏਐਸ ਦੀ ਤਿਆਰੀ ਫਿਰ ਸ਼ੁਰੂ ਕਰ, ਨਹੀਂ ਤਾਂ ਹੁਣੇ ਮੇਰਾ ਘਰ ਛੱਡ ਦੇ।
ਘਰ ਛੱਡ ਕੇ ਕਾਂਸ਼ੀਰਾਮ ਦੇ ਕੋਲ ਆਏ
ਮਾਇਆਵਤੀ ਨੇ ਆਪਣੇ ਪਿਤਾ ਦੀ ਗੱਲ ਨਹੀਂ ਮੰਨੀ। ਉਨ੍ਹਾਂ ਨੇ ਆਪਣਾ ਘਰ ਛੱਡ ਦਿੱਤਾ ਅਤੇ ਪਾਰਟੀ ਦਫ਼ਤਰ ਵਿੱਚ ਆ ਕੇ ਰਹਿਣ ਲੱਗ ਪਏ।
ਅਜੈ ਬੋਸ 'ਬਹਿਨਜੀ: ਏ ਪਾਲੀਟਿਕਲ ਬਾਇਓਗ੍ਰਾਫੀ ਆਫ ਮਾਇਆਵਤੀ' ਵਿੱਚ ਲਿਖਦੇ ਹਨ, "ਮਾਇਆਵਤੀ ਨੇ ਸਕੂਲ ਅਧਿਆਪਕ ਵਜੋਂ ਮਿਲੇ ਪੈਸਿਆਂ ਨੂੰ ਚੁੱਕਿਆ ਜੋ ਉਨ੍ਹਾਂ ਨੇ ਜੋੜੇ ਹੋਏ ਸਨ, ਇੱਕ ਸੂਟਕੇਸ ਵਿੱਚ ਕਪੜੇ ਭਰੇ ਅਤੇ ਉਸ ਘਰ ਤੋਂ ਬਾਹਰ ਆ ਗਏ ਜਿੱਥੇ ਉਹ ਵੱਡੇ ਹੋਏ ਸਨ।"
ਕਾਂਸ਼ੀਰਾਮ ਦੀ ਜੀਵਨੀ ਲਿਖਣ ਵਾਲੇ ਬਦਰੀ ਨਾਰਾਇਣ ਦਸਦੇ ਹਨ ਕਿ ਮਾਇਆਵਤੀ ਨੇ ਦੱਸਿਆ ਕਿ ਉਸ ਸਮੇਂ ਉਨ੍ਹਾਂ ਨੇ ਕਿੰਨਾਂ ਸੰਘਰਸ਼ ਕੀਤਾ ਸੀ ਅਤੇ ਲੋਕ ਉਨ੍ਹਾਂ ਬਾਰੇ ਕੀ ਸੋਚਦੇ ਸਨ।
ਉਸ ਸਮੇਂ ਇੱਕ ਕੁੜੀ ਦਾ ਘਰ ਛੱਡ ਕੇ ਇਕੱਲੇ ਰਹਿਣਾ ਬਹੁਤ ਵੱਡੀ ਗੱਲ ਸੀ।
ਉਹ ਅਸਲ ਵਿੱਚ ਕਿਰਾਏ ਦਾ ਕਮਰਾ ਲੈ ਕੇ ਰਹਿਣਾ ਚਾਹੁੰਦੇ ਸਨ, ਪਰ ਇਸ ਦੇ ਲਈ ਉਨ੍ਹਾਂ ਕੋਲ ਪੈਸੇ ਨਹੀਂ ਸਨ। ਇਸ ਲਈ ਪਾਰਟੀ ਦਫ਼ਤਰ ਵਿੱਚ ਰਹਿਣਾ ਉਨ੍ਹਾਂ ਦੀ ਮਜਬੂਰੀ ਸੀ।
ਉਨ੍ਹਾਂ 'ਤੇ ਕਾਂਸ਼ੀਰਾਮ ਦੇ ਵਿੱਚ ਵਧੀਆ 'ਕੈਮਿਸਟਰੀ' ਸੀ।
ਕਾਂਸ਼ੀਰਾਮ ਲਈ 'ਪੋਜ਼ੈਸਿਵ' ਸਨ ਮਾਇਆਵਤੀ
ਦੋਵਾਂ ਵਿਚਾਲੇ ਸ਼ੁਰੂ ਵਿੱਚ ਬਹੁਤ ਪਿਆਰ ਸੀ, ਪਰ ਲੜਾਈਆਂ ਵੀ ਬਹੁਤ ਹੁੰਦੀਆਂ ਸਨ।
ਅਜੈ ਬੋਸ ਲਿਖਦੇ ਹਨ, "ਕਾਂਸ਼ੀਰਾਮ ਗਰਮ ਮਿਜਾਜ਼ ਦੇ ਵਿਅਕਤੀ ਸਨ। ਉਨ੍ਹਾਂ ਦੀ ਬੋਲੀ ਬਹੁਤ ਖਰਾਬ ਸੀ।"
"ਨਾਰਾਜ਼ ਹੋਣ 'ਤੇ ਉਨ੍ਹਾਂ ਨੂੰ ਆਪਣੇ ਹੱਥਾਂ ਦਾ ਇਸਤੇਮਾਲ ਕਰਨ ਵਿੱਚ ਵੀ ਕੋਈ ਪਰਹੇਜ਼ ਨਹੀਂ ਸੀ। ਮਾਇਆਤੀ ਵੀ ਕਿਸੇ ਵੱਲੋਂ ਦਬਾਏ ਜਾਣ ਵਾਲਿਆਂ ਵਿੱਚੋਂ ਨਹੀਂ ਸਨ।"
"ਉਹ ਵੀ ਕਾਂਸ਼ੀਰਾਮ ਲਈ ਉਸ ਤਰ੍ਹਾਂ ਦੇ ਸ਼ਬਦਾਂ ਦਾ ਇਸਤੇਮਾਲ ਕਰਦੇ ਸਨ ਜਿਹੋ-ਜਿਹੇ ਕਾਂਸ਼ੀਰਾਮ ਕਰਦੇ ਸਨ।"
"ਮਾਇਆਵਤੀ ਕਾਂਸ਼ੀਰਾਮ ਨੂੰ ਲੈ ਕੇ ਬਹੁਤ 'ਪੋਜ਼ੈਸਿਵ' ਸਨ। ਜੇ ਕੋਈ ਸ਼ਖ਼ਸ ਉਨ੍ਹਾਂ ਕੋਲ ਪੰਜ ਮਿੰਟ ਤੋਂ ਵੱਧ ਬੈਠ ਜਾਂਦਾ ਤਾਂ ਉਹ ਵੀ ਕਮਰੇ ਵਿੱਚ ਕਿਸੇ ਨਾ ਕਿਸੇ ਬਹਾਨੇ ਆ ਹੀ ਜਾਂਦੇ ਸਨ।"
ਇਹ ਵੀ ਪੜ੍ਹੋ:
ਮਾਇਆਵਤੀ ਅਤੇ ਕਾਂਸ਼ੀਰਾਮ ਦੇ ਸਬੰਧਾਂ ਬਾਰੇ ਜ਼ਿਕਰ ਨੇਹਾ ਦੀਕਸ਼ਿਤ ਨੇ ਵੀ ਕਾਰਵਾਂ ਮੈਗਜ਼ੀਨ ਵਿੱਚ ਛਪੇ ਆਪਣੇ ਲੇਖ ਵਿੱਚ ਵੀ ਕੀਤਾ ਹੈ।
ਦੀਕਸ਼ਿਤ ਲਿਖਦੇ ਹਨ, "ਜਦੋਂ ਕਾਂਸ਼ੀਰਾਮ ਆਪਣੇ ਹੁਮਾਯੂੰ ਰੋਡ ਵਾਲੇ ਘਰ ਵਿੱਚ ਆਏ ਤਾਂ ਮਾਇਆਵਤੀ ਨੂੰ ਉੱਥੇ ਰਹਿਣ ਲਈ ਕੋਈ ਕਮਰਾ ਨਹੀਂ ਦਿੱਤਾ ਗਿਆ।"
"ਜਦੋਂ ਕਾਂਸ਼ੀਰਾਮ ਆਪਣੇ ਡਰਾਇੰਗ ਰੂਮ ਵਿੱਚ ਸਿਆਸੀ ਦਿੱਗਜਾਂ ਨਾਲ ਗੱਲਬਾਤ ਕਰ ਰਹੇ ਹੁੰਦੇ ਤਾਂ ਮਾਇਆਵਤੀ ਘਰ ਦੇ ਪਿੱਛਲੇ ਵਿਹੜੇ ਵਿੱਚ ਪੇਂਡੂ ਇਲਾਕਿਆਂ ਤੋਂ ਆਏ ਕਾਰਕੁਨਾਂ ਨਾਲ ਗੱਲਬਾਤ ਕਰ ਰਹੇ ਹੁੰਦੇ।"
"ਕਾਂਸ਼ੀਰਾਮ ਆਪਣੇ ਘਰ ਦੇ ਫਰਿੱਜ ਨੂੰ ਲਾਕ ਕਰ ਕੇ ਚਾਬੀ ਆਪਣੇ ਕੋਲ ਰਖਦੇ ਸਨ ਉਨ੍ਹਾਂ ਨੇ ਮਾਇਆਵਤੀ ਅਤੇ ਦੂਜੇ ਸਹਿਯੋਗੀਆਂ ਨੂੰ ਇਹ ਕਹਿ ਰੱਖਿਆ ਸੀ ਕਿ ਫਰਿੱਜ 'ਚੋਂ ਸਿਰਫ਼ ਉਨ੍ਹਾਂ ਲੋਕਾਂ ਨੂੰ ਕੋਲਡ ਡਰਿੰਕ ਦਿੱਤੇ ਜਾਣ ਜਿਨ੍ਹਾਂ ਨਾਲ ਉਹ ਡਰਾਇੰਗ ਰੂਮ ਵਿੱਚ ਮਿਲਦੇ ਹਨ।"
ਆਪਣੇ ਹੱਥਾਂ ਨਾਲ ਕਾਂਸ਼ੀਰਾਮ ਨੂੰ ਖਾਣਾ ਖਵਾਉਂਦੇ ਸਨ ਮਾਇਆਵਤੀ
ਕਾਂਸ਼ੀਰਾਮ ਦੇ ਆਖਰੀ ਦਿਨਾਂ ਵਿੱਚ ਜਿਸ ਤਰ੍ਹਾਂ ਮਾਇਆਵਤੀ ਨੇ ਉਨ੍ਹਾਂ ਦੀ ਸੇਵਾ ਕੀਤੀ ਉਸ ਦੀ ਮਿਸਾਲ ਮਿਲਣਾ ਬਹੁਤ ਔਖਾ ਹੈ।
ਅਜੈ ਬੋਸ ਲਿਖਦੇ ਹਨ, "ਆਪਣੇ ਆਖਰੀ ਦਿਨਾਂ ਵਿੱਚ ਲਕਵਾ ਮਾਰ ਜਾਣ ਕਾਰਨ ਕਾਂਸ਼ੀਰਾਮ ਲਗਭਗ ਅਪੰਗ ਹੋ ਗਏ ਸਨ। ਉਹ ਪੂਰੇ ਤਿੰਨ ਸਾਲ ਮਾਇਆਵਤੀ ਦੇ ਘਰ ਰਹੇ।"
"ਜਿਸ ਤਰ੍ਹਾਂ ਮਾਇਆਵਤੀ ਆਪਣੇ ਹੱਥਾਂ ਨਾਲ ਉਨ੍ਹਾਂ ਦੇ ਕਪੜੇ ਧੋਂਦੇ ਅਤੇ ਖਾਣਾ ਖਵਾਉਂਦੇ, ਇਹ ਦੱਸਦਾ ਹੈ ਕਿ ਕਾਂਸ਼ੀਰਾਮ ਲਈ ਉਨ੍ਹਾਂ ਦੇ ਦਿਲ ਵਿੱਚ ਕੀ ਥਾਂ ਸੀ।"
ਮਾਇਆਵਤੀ ਨੇ 1985 ਵਿੱਚ ਪਹਿਲੀ ਵਾਰ ਬਿਜਨੌਰ ਤੋਂ ਲੋਕ ਸਭਾ ਦੀ ਜ਼ਿਮਨੀ ਚੋਣ ਲੜੀ ਸੀ ਪਰ ਉਹ ਰਾਮ ਕੁਮਾਰ ਦੀ ਬੇਟੀ ਮੀਰਾ ਕੁਮਾਰ ਤੋਂ ਹਾਰ ਗਏ ਸਨ।
1989 ਵਿੱਚ ਉਹ ਬਿਜਨੌਰ ਤੋਂ ਹੀ ਚੋਣ ਜਿੱਤ ਕੇ ਪਹਿਲੀ ਵਾਰ ਲੋਕ ਸਭਾ ਵਿੱਚ ਪਹੁੰਚੇ ਸਨ।
ਉਸ ਜ਼ਮਾਨੇ ਵਿੱਚ ਮਾਇਆਵਤੀ ਗੱਲ-ਗੱਲ 'ਤੇ ਲੋਕ ਸਭਾ ਦੇ 'ਵੇਲ' ਵਿੱਚ ਪਹੁੰਚ ਜਾਂਦੇ ਸਨ।
ਮਾਇਆਵਤੀ ਦੀ ਜ਼ਿੰਦਗੀ ਦੀ ਸਭ ਤੋਂ ਵੱਡੀ ਬੇਇੱਜ਼ਤੀ
1993 ਵਿੱਚ ਉੱਤਰ ਪ੍ਰਦੇਸ਼ ਵਿੱਚ ਭਾਜਪਾ ਨੂੰ ਹਰਾਉਣ ਲਈ ਦਿੱਲੀ ਦੇ ਅਸ਼ੋਕਾ ਹੋਟਲ ਵਿੱਚ ਕਾਂਸ਼ੀਰਾਮ ਅਤੇ ਮੁਲਾਇਮ ਸਿੰਘ ਯਾਦਵ ਦੇ ਵਿਚਕਾਰ ਇੱਕ ਗੱਠਜੋੜ ਹੋਇਆ।
ਚੋਣ ਨਤੀਜਿਆਂ ਵਿੱਚ ਸਮਾਜਵਾਦੀ ਪਾਰਟੀ ਨੂੰ 109 ਅਤੇ ਬਹੁਜਨ ਸਮਾਜ ਪਾਰਟੀ ਨੂੰ 67 ਸੀਟਾਂ ਮਿਲੀਆਂ।
ਦੋਵਾਂ ਨੇ ਮਿਲ ਕੇ ਉੱਤਰ ਪ੍ਰਦੇਸ਼ ਵਿੱਚ ਸਰਕਾਰ ਬਣਾਈ ਪਰ ਇਹ ਤਜਰਬਾ ਬਹੁਤੇ ਦਿਨਾਂ ਤੱਕ ਨਹੀਂ ਚੱਲਿਆ।
ਦੋਵੇਂ ਪਾਰਟੀਆਂ ਵਿਚਕਾਰ ਜਲਦੀ ਹੀ ਮਤਭੇਦ ਪੈਦਾ ਹੋ ਗਏ।
ਇਹ ਵੀ ਪੜ੍ਹੋ:
ਅਜੈ ਬੋਸ ਲਿਖਦੇ ਹਨ, "ਕਾਂਸ਼ੀਰਾਮ ਜਦੋਂ ਵੀ ਲਖਨਊ ਆਉਂਦੇ ਸਨ, ਉਹ ਕਦੇ ਵੀ ਮੁਲਾਇਮ ਸਿੰਘ ਯਾਦਵ ਨੂੰ ਮਿਲਣ ਉਨ੍ਹਾਂ ਦੇ ਘਰ ਨਹੀਂ ਜਾਂਦੇ ਸਨ।"
"ਮੁਲਾਇਮ ਨੂੰ ਹੀ ਉਨ੍ਹਾਂ ਨੂੰ ਮਿਲਣ ਸਰਕਾਰੀ ਗੈਸਟ ਹਾਊਸ ਆਉਣਾ ਪੈਂਦਾ ਸੀ। ਉੱਥੇ ਵੀ ਕਾਂਸ਼ੀਰਾਮ ਉਨ੍ਹਾਂ ਨੂੰ ਅੱਧਾ ਘੰਟਾ ਇੰਤਜ਼ਾਰ ਕਰਵਾਉਂਦੇ ਸਨ।"
"ਜਦੋਂ ਉਹ ਆਪਣੇ ਕਮਰੇ ਚੋਂ ਬਾਹਰ ਨਿਕਲਦੇ ਤਾਂ ਬਨੈਣ ਅਤੇ ਲੂੰਗੀ ਪਾਈ ਹੁੰਦੀ, ਜਦਕਿ ਮੁਲਾਇਮ, ਮੁੱਖ ਮੰਤਰੀ ਦੇ ਰਸਮੀਂ ਕਪੜਿਆਂ ਵਿੱਚ ਤਿਆਰ ਹੁੰਦੇ।"
"ਉਹ ਮੁਲਾਇਮ ਸਿੰਘ ਦੀ ਬੇਇੱਜ਼ਤੀ ਕਰਨ ਦਾ ਕੋਈ ਮੌਕਾ ਨਹੀਂ ਛੱਡਦੇ ਸਨ।"
ਇਹ ਗੱਠਜੋੜ ਜ਼ਿਆਦਾ ਦਿਨ ਨਹੀਂ ਚੱਲਿਆ।
ਮਾਇਆਵਤੀ ਨੇ ਮੁਲਾਇਮ ਸਿੰਘ ਯਾਦਵ ਦਾ ਸਾਥ ਛੱਡ ਕੇ ਭਾਜਪਾ ਦੀ ਮਦਦ ਨਾਲ ਪਹਿਲੀ ਵਾਰੀ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕੀ।
ਇਸ ਤੋਂ ਪਹਿਲਾਂ 2 ਜੂਨ, 1995 ਨੂੰ ਮਾਇਆਵਤੀ ਨੂੰ ਆਪਣੀ ਜ਼ਿੰਦਗੀ ਦੀ ਸਭ ਤੋਂ ਵੱਡੀ ਬੇਇਜ਼ਤੀ ਸਹਿਣੀ ਪਈ।
ਸ਼ਾਮ ਚਾਰ ਵਜੇ ਸਟੇਟ ਗੈਸਟ ਹਾਊਸ ਵਿੱਚ ਉਨ੍ਹਾਂ ਦੇ ਕਮਰੇ 'ਤੇ ਮੁਲਾਇਮ ਦੇ ਕਰੀਬ 200 ਸਮਰਥਕਾਂ ਨੇ ਹਮਲਾ ਬੋਲ ਦਿੱਤਾ।
ਉਹ ਗੈਸਟ ਹਾਉਸ ਦਾ ਦਰਵਾਜ਼ਾ ਤੋੜ ਕੇ ਅੰਦਰ ਦਾਖ਼ਲ ਹੋ ਗਏ ਅਤੇ ਮਾਇਆਵਤੀ ਦੇ ਸਮਰਥਕਾਂ ਨੂੰ ਬਹੁਤ ਕੁੱਟਿਆ।
ਮਾਇਆਵਤੀ ਲਈ ਗੰਦੀਆਂ ਗਾਲਾਂ ਅਤੇ ਭੱਦੇ ਸ਼ਬਦਾਂ ਦੀ ਵਰਤੋਂ ਕੀਤੀ।
ਮਾਇਆਵਤੀ ਆਪਣੇ ਕਮਰੇ ਵਿੱਚ ਰਾਤ 1 ਵਜੇ ਤੱਕ ਕੈਦ ਰਹੇ। ਲੋਕਾਂ ਨੇ ਉਨ੍ਹਾਂ ਦੇ ਕਮਰੇ ਦਾ ਬਿਜਲੀ ਅਤੇ ਪਾਣੀ ਦਾ ਕੁਨੈਕਸ਼ਨ ਵੀ ਕੱਟ ਦਿੱਤਾ। ਮਾਇਆਵਤੀ ਇਹ ਬੇਇਜ਼ਤੀ ਕਦੇ ਨਹੀਂ ਭੁੱਲੇ।
ਨਾਂ ਬਦਲਣ ਅਤੇ ਮੂਰਤੀਆਂ ਲਗਵਾਉਣ ਦਾ ਸਿਲਸਿਲਾ
ਮੁੱਖ ਮੰਤਰੀ ਬਣਨ ਤੋਂ ਬਾਅਦ ਉਨ੍ਹਾਂ ਨੇ ਸ਼ਹਿਰਾਂ ਅਤੇ ਜ਼ਿਲ੍ਹਿਆਂ ਦੇ ਨਾਂ ਬਦਲਣ ਦਾ ਰਿਵਾਜ਼ ਸ਼ੁਰੂ ਕੀਤਾ।
ਆਗਰਾ ਯੂਨਿਵਰਸਿਟੀ ਦਾ ਨਾਂ ਬਦਲ ਕੇ ਭੀਮਰਾਓ ਅੰਬੇਦਕਰ ਯੂਨੀਵਰਸਿਟੀ ਰੱਖ ਦਿੱਤਾ ਅਤੇ ਕਾਨਪੁਰ ਯੂਨੀਵਰਸਿਟੀ ਦਾ ਛਤਰਪਤੀ ਸ਼ਾਹੂਜੀ ਮਹਾਰਾਜ ਯੂਨੀਵਰਸਿਟੀ ।
ਮਾਇਆਵਤੀ ਦੀ ਸਭ ਤੋਂ ਵੱਡੀ ਯੋਜਨਾ ਸੀ - ਲਖਨਊ ਵਿੱਚ ਅੰਬੇਦਕਰ ਪਾਰਕ ਅਤੇ ਪਰਿਵਰਤਨ ਚੌਂਕ ਬਣਾਉਣਾ।
ਇਸ ਪਾਰਕ ਵਿੱਚ ਦਲਿਤਾਂ ਦੇ ਉੱਘੇ ਲੀਡਰਾਂ ਦੀਆਂ ਤਸਵੀਰਾਂ ਲਗਵਾਈਆਂ ਗਈਆਂ।
ਭਾਜਪਾ ਨੂੰ ਛੇਤੀ ਹੀ ਲੱਗਿਆ ਕਿ ਮਾਇਆਵਤੀ ਉਨ੍ਹਾਂ ਦੇ ਏਜੰਡੇ 'ਤੇ ਨਹੀਂ ਚੱਲ ਰਹੇ। ਕੁਝ ਹੀ ਮਹੀਨਿਆਂ ਅੰਦਰ ਉਨ੍ਹਾਂ ਨੇ ਸਮਰਥਨ ਵਾਪਿਸ ਲੈ ਲਿਆ।
ਜਦੋਂ ਰਾਜਾ ਭਈਆ ਨੂੰ ਜੇਲ੍ਹ ਵਿੱਚ ਬੰਦ ਕਰਵਾਇਆ
ਕੁਝ ਸਾਲਾਂ ਬਾਅਦ ਮਾਇਆਵਤੀ ਨੇ ਦੁਬਾਰਾ ਭਾਜਪਾ ਨਾਲ ਹੱਥ ਮਿਲਾਇਆ ਪਰ ਇਹ ਤਜਰਬਾ ਵੀ ਜ਼ਿਆਦਾ ਦਿਨ ਤੱਕ ਨਹੀਂ ਚੱਲ ਸਕਿਆ।
ਹਾਲਾਂਕਿ ਇਸ ਦੌਰਾਨ ਉਨ੍ਹਾਂ ਨੇ ਇੱਕ ਸਖ਼ਤ ਪ੍ਰਸ਼ਾਸਕ ਦੀ ਦਿੱਖ ਬਣਾ ਲਈ।
ਉਨ੍ਹਾਂ ਨੇ ਪ੍ਰਤਾਪਗੜ੍ਹ ਦੇ ਮਸ਼ਹੂਰ ਨੇਤਾ ਰਘੂਰਾਜ ਪ੍ਰਤਾਪ ਸਿੰਘ ਉਰਫ਼ ਰਾਜਾ ਭਈਆ 'ਤੇ ਕੌਮੀ ਸੁਰੱਖਿਆ ਦਾ ਕਾਨੂੰਨ ਲਗਾ ਕੇ ਜੇਲ੍ਹ ਵਿੱਚ ਬੰਦ ਕਰਵਾ ਦਿੱਤਾ।
ਰਾਜਾ ਭਈਆ ਉੱਤਰ ਪ੍ਰਦੇਸ਼ ਦੀ ਸਿਆਸਤ ਵਿੱਚ 20 ਸਾਲਾਂ ਤੋਂ ਸਰਗਰਮ ਸਨ ਅਤੇ ਮੰਨਿਆ ਜਾਂਦਾ ਹੈ ਕਿ ਉਨ੍ਹਾਂ 'ਤੇ ਵੱਡੇ ਸਿਆਸੀ ਆਗੂਆਂ ਜਿਵੇਂ ਰਾਜਨਾਥ ਸਿੰਘ ਅਤੇ ਮੁਲਾਇਮ ਸਿੰਘ ਯਾਦਵ ਦਾ ਹੱਥ ਰਿਹਾ ਹੈ।
ਮਾਇਆਵਤੀ ਦੇ ਕਾਰਨ ਹੀ ਰਾਜਾ ਭਈਆ ਨੂੰ ਪੂਰਾ ਇੱਕ ਸਾਲ ਜੇਲ੍ਹ ਵਿੱਚ ਲੰਘਾਉਣਾ ਪਿਆ ਅਤੇ ਉਨ੍ਹਾਂ ਦੀ ਰਿਹਾਈ ਮੁਲਾਇਮ ਸਿੰਘ ਯਾਦਵ ਦੇ ਮੁੜ ਸਰਕਾਰ ਵਿੱਚ ਆਉਣ ਤੋਂ ਬਾਅਦ ਹੀ ਹੋ ਸਕੀ ਸੀ।
ਕੈਲਕਟਰ ਨੂੰ ਕਿਹਾ ਤੂੰ ਤਾਂ ਗਿਆ
ਮਾਇਆਵਤੀ ਦੇ ਨਜ਼ਦੀਕੀ ਰਹੇ ਇੱਕ ਅਧਿਕਾਰੀ ਨੇ 2008 ਦਾ ਇੱਕ ਕਿੱਸਾ ਸੁਣਾਇਆ।
ਮਾਇਆਵਤੀ ਨੇ ਅਚਾਨਕ ਮਥੁਰਾ ਵਿੱਚ ਇੱਕ ਬਣ ਚੁੱਕੇ ਨਾਲੇ ਦਾ ਹੈਲੀਕਾਪਟਰ ਰਾਹੀਂ ਉਧਘਾਟਨ ਕਰਨ ਦਾ ਫੈਸਲਾ ਕੀਤਾ।
ਹਾਲਾਂਕਿ ਮਾਇਆਵਤੀ ਦਾ ਇਹ ਅਚਾਨਕ ਦੌਰਾ ਸੀ ਪਰ ਕਲੈਕਟਰ ਨੂੰ ਕਿਸੇ ਤਰ੍ਹਾਂ ਭਿਣਕ ਪੈ ਗਈ ਕਿ ਮਾਇਆਵਤੀ ਪਹੁੰਚਣ ਵਾਲੀ ਹੈ। ਉਨ੍ਹਾਂ ਨੇ ਤੁਰੰਤ ਨਾਲੇ ਦੀ ਮੁਰੰਮਤ ਕਰਾ ਦਿੱਤੀ।
ਮਾਇਆਵਤੀ ਨੇ ਪੈਰ ਨਾਲ ਨਾਲੇ ਤੇ ਰੱਖਿਆ ਕਵਰ ਹਟਾਇਆ ਅਤੇ ਦੇਖਿਆ ਕਿ ਨਾਲੇ ਦੀ ਤਾਂ ਤਾਜ਼ੀ ਮੁਰੰਮਤ ਕਰਵਾਈ ਗਈ ਹੈ। ਸਾਰਾ ਪਿੰਡ ਇਹ ਨਜ਼ਾਰਾ ਦੇਖ ਰਿਹਾ ਸੀ।
ਹੈਲੀਕਾਪਟਰ ਤੇ ਸਵਾਰ ਹੋਣ ਤੋਂ ਪਹਿਲਾਂ ਮਾਇਆਵਤੀ ਨੇ ਉਸ ਕਲੈਕਟਰ ਨੂੰ ਕਿਹਾ, "ਤੂੰ ਤਾਂ ਗਿਆ।" ਉਸੇ ਸ਼ਾਮ ਕਲੈਕਟਰ ਦੀ ਬਦਲੀ ਕਰ ਦਿੱਤੀ ਗਈ।
ਸਿਆਸੀ ਪੰਡਿਤਾਂ ਨੂੰ ਗ਼ਲਤ ਸਾਬਤ ਕੀਤਾ
ਸਾਲ 2007 ਵਿੱਚ ਮਾਇਆਵਤੀ ਨੇ ਬਿਨਾਂ ਕਿਸੇ ਗਠਜੋੜ ਤੋਂ ਆਪਣੀ ਪਾਰਟੀ ਨੂੰ ਉੱਤਰ ਪ੍ਰਦੇਸ਼ ਵਿਧਾਨ ਸਭਾ ਵਿੱਚ ਬਹੁਮਤ ਦਵਾਇਆ। ਉਸੇ ਸਾਲ ਨਿਊਜ਼ਵੀਕ ਨੇ ਨਾ ਸਿਰਫ਼ ਉਨ੍ਹਾਂ ਨੂੰ ਵਿਸ਼ਵ ਦੀਆਂ ਸਿਰਮੌਰ ਮਹਿਲਾਵਾਂ ਵਿੱਚ ਥਾਂ ਦਿੱਤੀ ਸਗੋਂ ਮੁੱਖ-ਪੰਨੇ ਤੇ ਉਨ੍ਹਾਂ ਦੀ ਤਸਵੀਰ ਵੀ ਛਾਪੀ।
ਉਨ੍ਹਾਂ ਦੀ ਇਸ ਕਾਮਯਾਬੀ ਤੱਕ ਉਨ੍ਹਾਂ ਦੇ ਸਭ ਤੋਂ ਵੱਡੇ ਸ਼ੁਭਚਿੰਤਕ ਕਾਂਸ਼ੀਰਾਮ ਇਸ ਦੁਨੀਆਂ ਤੋਂ ਜਾ ਚੁੱਕੇ ਸਨ।
ਮਾਇਆਵਤੀ ਨੇ ਸਿਆਸੀ ਪੰਡਿਤਾਂ ਦੀ ਇਸ ਭਵਿੱਖਬਾਣੀ ਨੂੰ ਗ਼ਲਤ ਸਾਬਤ ਕਰ ਦਿੱਤਾ ਕਿ ਕਾਂਸ਼ੀਰਾਮ ਤੋਂ ਬਾਅਦ ਬਸਪਾ ਦਾ ਕੋਈ ਸਿਆਸੀ ਭਵਿੱਖ ਨਹੀਂ ਰਹੇਗਾ।
ਉਸ ਜਿੱਤ ਮਗਰੋਂ ਇੱਕ ਦਲਿਤ ਬਸਪਾ ਵਰਕਰ ਨੇ ਕਿਹਾ ਕਿ ਜਿੱਤ ਤੋਂ ਪਹਿਲਾਂ ਲੋਕ ਉਸ ਨੂੰ ਰਮੂਆ ਕਹਿੰਦੇ ਸਨ ਪਰ ਫਿਰ ਰਮਾਜੀ ਕਹਿਣ ਲੱਗ ਪਏ।
ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਵਿੱਚ ਘਿਰੀ
ਚੰਗਾ ਪ੍ਰਸ਼ਾਸ਼ਨ ਦੇਣ ਵਾਲੀ ਮਾਇਆਵਤੀ ਆਪਣੇ ਆਪ ਨੂੰ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਤੋਂ ਬਚਾ ਕੇ ਨਹੀਂ ਰੱਖ ਸਕੇ।
ਤਾਜ ਕਾਰੀਡੋਰ ਮਾਮਲੇ ਵਿੱਚ ਉਨ੍ਹਾਂ ਦੀ ਕਾਫੀ ਕਿਰਕਰੀ ਹੋਈ ਸੀ।
ਸਾਲ 2012 ਵਿੱਚ ਰਾਜ ਸਭਾ ਦੇ ਨਾਮਜ਼ਦਗੀ ਪੱਤਰ ਭਰਨ ਸਮੇਂ ਉਨ੍ਹਾਂ ਨੇ 112ਕਰੋੜ ਦੀ ਜਾਇਦਾਦ ਦਾ ਵੇਰਵਾ ਦਿੱਤਾ।
ਦਿੱਲੀ ਦੇ ਸਰਦਾਰ ਪਟੇਲ ਮਾਰਗ 'ਤੇ ਉਨ੍ਹਾਂ ਨੇ ਕਰੋੜਾਂ ਰੁਪਏ ਦੇ ਕੇ 22 ਅਤੇ 23 ਨੰਬਰ ਬੰਗਲਿਆਂ ਦਾ ਸੌਦਾ ਕੀਤਾ। ਆਪਣੇ ਜੱਦੀ ਪਿੰਡ ਵਿੱਚ ਉਨ੍ਹਾਂ ਨੇ ਆਲੀਸ਼ਾਨ ਕੋਠੀ ਬਣਵਾਈ।
2012 ਦੇ ਹਲਫ਼ੀਆ ਬਿਆਨ ਵਿੱਚ ਉਨ੍ਹਾਂ ਆਪਣੇ ਕੋਲ ਇੱਕ ਕਰੋੜ ਰੁਪਏ ਦੇ ਗਹਿਣੇ ਹੋਣ ਬਾਰੇ ਦੱਸਿਆ।
ਉਨ੍ਹਾਂ ਦੇ ਰਿਸ਼ਤੇਦਾਰਾਂ ਉੱਪਰ ਵੀ ਆਮਦਨੀ ਤੋਂ ਵਧੇਰੇ ਜਾਇਦਾਦ ਰੱਖਣ ਦੇ ਇਲਜ਼ਾਮ ਲੱਗੇ।
ਹਾਲ ਹੀ ਵਿੱਚ ਸਰਕਾਰ ਨੇ ਹੁਕਮ ਦਿੱਤੇ ਕਿ ਪਾਰਕਾਂ ਵਿੱਚ ਮਾਇਆਵਤੀ ਨੇ ਸਰਕਾਰੀ ਪੈਸੇ ਨਾਲ ਆਪਣੀਆਂ ਤੇ ਕਾਂਸ਼ੀਰਾਮ ਦੀਆਂ ਮੂਰਤੀਆਂ ਲਗਵਾਈਆਂ ਹਨ, ਉਨ੍ਹਾਂ ਦੇ ਪੈਸੇ ਵਸੂਲ ਕੀਤੇ ਜਾਣ।
ਇੱਕ ਤੋਂ ਬਾਅਦ ਇੱਕ ਹਾਰ
ਮਾਇਆਵਤੀ ਸਦਭਾਵਨਾ ਨੂੰ ਬਹੁਤੀ ਦੇਰ ਕਾਇਮ ਨਾ ਰੱਖ ਸਕੇ। ਸਾਲ 2012 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਹਿਲਾਂ ਸਮਾਜਵਾਦੀ ਪਾਰਟੀ ਅਤੇ ਫਿਰ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਮੋਦੀ ਲਹਿਰ ਨੇ ਉਨ੍ਹਾਂ ਨੂੰ ਨਾਕਾਮ ਕੀਤਾ।
ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਮਾਇਆਵਤੀ ਨੇ ਕਮਬੈਕ ਕੀਤਾ ਅਤੇ ਮਾਇਆਵਤੀ ਦੀਆਂ ਉਮੀਦਾ ਧਰੀਆਂ ਰਹਿ ਗਈਆਂ।
ਇਸ ਦਾ ਤੋੜ ਉਨ੍ਹਾਂ ਨੇ ਸਮਾਜਵਾਦੀ ਪਾਰਟੀ ਨਾਲ 2019 ਦੀਆਂ ਲੋਕ ਸਭਾ ਚੋਣਾਂ ਲਈ ਗਠਜੋੜ ਕਰਕੇ ਕੱਢਿਆ।
ਹਾਲਾਂਕਿ ਬੀਐਸਪੀ ਦਾ ਗਠਜੋੜਾਂ ਦਾ ਇਤਿਹਾਸ ਕੋਈ ਬਹੁਤਾ ਵਧੀਆ ਨਹੀਂ ਰਿਹਾ।
ਇਹ ਵੀ ਪੜ੍ਹੋ:
1996 ਵਿੱਚ ਉਨ੍ਹਾਂ ਨੇ ਕਾਂਗਰਸ ਨਾਲ ਚੋਣ ਸਮਝੌਤਾ ਕੀਤਾ ਅਤੇ ਬੀਐੱਸਪੀ ਨੇ 315 ਅਤੇ ਕਾਂਗਰਸ ਨੇ 110 ਸੀਟਾਂ 'ਤੇ ਚੋਣਾਂ ਲੜੀਆਂ। ਜਦੋਂ ਨਤੀਜੇ ਆਏ ਤਾਂ ਗੱਠਜੋੜ ਦੀਆਂ ਸੀਟਾਂ 100 ਤੋਂ ਨਾ ਟੱਪ ਸਕੀਆਂ।
ਉਸ ਸਮੇਂ ਕਾਂਸ਼ੀ ਰਾਮ ਨੇ ਇੱਕ ਪਤੇ ਦੀ ਗੱਲ ਕਹੀ ਸੀ, ਅੱਜ ਤੋਂ ਬਾਅਦ ਅਸੀਂ ਕਿਸੇ ਪਾਰਟੀ ਨਾਲ ਚੋਣ ਸਮਝੌਤਾ ਨਹੀਂ ਕਰਾਂਗੇ। ਸਾਡੇ ਵੋਟ ਤਾਂ ਦੂਸਰੀ ਪਾਰਟੀ ਨੂੰ ਮਿਲ ਜਾਂਦੇ ਹਨ ਪਰ ਦੂਸਰੀਆਂ ਪਾਰਟੀਆਂ ਦੇ ਵੋਟ ਕਦੇ ਸਾਨੂੰ ਨਹੀਂ ਮਿਲਦੇ।"
ਮਾਇਆਵਤੀ ਆਪਣੇ ਗੁਰੂ ਦੇ ਇਸ ਕਥਨ ਨੂੰ ਗਲਤ ਸਾਬਤ ਕਰਨ ਲਈ ਪੂਰੀ ਵਾਹ ਲਾ ਰਹੇ ਹਨ।
ਇਸ ਤੋਂ ਇਲਾਵਾ ਬੀਐੱਸਪੀ ਚੰਗੀਆਂ ਪ੍ਰਤਿਭਾਵਾਂ ਨੂੰ ਆਪਣੇ ਨਾਲ ਜੋੜੀ ਰੱਖਣ ਵਿੱਚ ਨਾਕਾਮ ਰਹਿੰਦੀ ਹੈ।
ਅਜੈ ਬੋਸ ਲਿਖਦੇ ਹਨ, "ਮਸੂਦ ਮੁਲਾਇਮ ਮੰਤਰੀ ਮੰਡਲ ਵਿੱਚ ਸਿੱਖਿਆ ਮੰਤਰੀ ਸਨ। ਜੂਨ 1994 ਵਿੱਚ ਉਨ੍ਹਾਂ ਨੇ ਮਾਇਆਵਤੀ ਉੱਪਰ ਤਾਨਾਸ਼ਾਹੀ ਦਾ ਇਲਜ਼ਾਮ ਲਾ ਕੇ ਸ਼ੇਖ਼ ਸੁਲੇਮਾਨ ਨਾਲ ਪਾਰਟੀ ਛੱਡ ਦਿੱਤੀ। ਬਾਅਦ ਵਿੱਚ ਕਈ ਵੱਡੇ ਮੁਸਲਮਾਨ ਆਗੂ ਅਕਬਰ ਅਹਿਮਦ ਡੰਪੀ, ਆਰਿਫ਼ ਮੋਹੰਮਦ ਖ਼ਾਨ ਅਤੇ ਰਾਸ਼ਿਦ ਅਲਵੀ ਉਨ੍ਹਾਂ ਦੀ ਪਾਰਟੀ ਵਿੱਚ ਆਏ ਪਰ ਕੁਝ ਸਮੇਂ ਬਾਅਦ ਮਾਇਆਵਤੀ ਨੇ ਉਨ੍ਹਾਂ ਨੂੰ ਬਾਹਰ ਭੇਜ ਦਿੱਤਾ।"
ਹਾਲ ਹੀ ਵਿੱਚ ਛੱਡਣ ਵਾਲਿਆਂ ਵਿੱਚ ਸਵਾਮੀ ਪ੍ਰਸਾਦ ਮੌਰਿਆ ਅਤੇ ਮਾਇਵਤੀ ਦੇ ਬੇਹੱਦ ਖ਼ਾਸ ਰਹੇ ਨਸੀਮੁਦੀਨ ਸਿਦੀਕੀ ਵੀ ਹਨ।
ਕਦੇ ਪ੍ਰਧਾਨ ਮੰਤਰੀ ਬਣ ਸਕਣਗੇ?
ਮਾਇਆਵਤੀ ਦੀ ਦਿੱਲ਼ੀ ਇੱਛਾ ਹੈ ਕਿ ਇੱਕ ਦਿਨ ਉਹ ਭਾਰਤ ਦੀ ਪ੍ਰਧਾਨ ਮੰਤਰੀ ਬਣਨ।
ਉਨ੍ਹਾਂ ਦੇ ਗੱਠਜੋੜ ਦੇ ਸਹਿਯੋਗੀ ਅਖਿਲੇਸ਼ ਯਾਦਵ ਨੇ ਜਨਤਕ ਰੂਪ ਵਿੱਚ ਕਿਹਾ ਹੈ ਕਿ ਉਹ ਮਾਇਆਵਤੀ ਦੀ ਇਸ ਇੱਛਾ ਦੇ ਰਾਹ ਵਿੱਚ ਰੋੜਾ ਨਹੀਂ ਬਣਨਗੇ। ਇਸ ਵਿੱਚ ਸਭ ਤੋਂ ਵੱਡਾ ਸਵਾਲ ਤਾਂ ਇਹ ਹੈ ਕੀ ਕੋਈ ਵਿਅਕਤੀ ਉੱਤਰ ਪ੍ਰਦੇਸ਼ ਵਿੱਚ ਸਿਰਫ਼ 38 ਸੀਟਾਂ ਉੱਪਰ ਚੋਣਾਂ ਲੜ ਕੇ ਭਾਰਤ ਦਾ ਪ੍ਰਧਾਨ ਮੰਤਰੀ ਬਣ ਸਕਦਾ ਹੈ?
ਮਾਇਆਵਤੀ ਨੇ ਹਮੇਸ਼ਾ ਮੁਸੀਬਤਾਂ ਦਾ ਬਹੁਤ ਬਹਾਦੁਰੀ ਨਾਲ ਸਾਹਮਣਾ ਕੀਤਾ ਹੈ ਅਤੇ ਚੁਣੌਤੀਆਂ ਦੇ ਮੂੰਹ ਵਿੱਚੋਂ ਸਫ਼ਲਤਾ ਨੂੰ ਖਿੱਚਿਆਂ ਹੈ। ਆਪਣੇ ਪਿਤਾ ਤੋਂ ਬਗਾਵਤ ਕਰਕੇ ਉਹ ਘਰੋਂ ਬਾਹਰ ਨਿਕਲ ਆਏ।
ਉਨ੍ਹਾਂ ਦੀ ਪਾਰਟੀ ਦੇ ਲੋਕ ਇੰਤਜ਼ਾਰ ਕਰਦੇ ਰਹੇ ਕਿ ਕਾਂਸ਼ੀ ਰਾਮ ਦੀ ਮੌਤ ਤੋਂ ਬਾਅਦ ਉਹ ਮੂੰਹ ਭਾਰ ਡਿੱਗਣ ਪਰ ਉਨ੍ਹਾਂ ਨੇ ਪਾਰਟੀ ਦੀ ਅਗਵਾਈ ਕੀਤੀ। ਮੁਲਾਇਮ ਸਿੰਘ ਯਾਦਵ ਨੇ ਉਨ੍ਹਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੂੰ ਮੂੰਹ ਦੀ ਖਾਣੀ ਪਈ। ਸਿਆਸੀ ਪੰਡਿਤਾਂ ਨੇ 2007 ਵਿੱਚ ਤ੍ਰਿਸ਼ੰਕੂ ਵਿਧਾਨ ਸਭਾ ਦੀ ਭਵਿੱਖਬਾਣੀ ਕੀਤੀ ਸੀ ਪਰ ਉਹ ਗਲਤ ਸਾਬਤ ਹੋਏ।
ਲਗਾਤਾਰ ਤਿੰਨ ਚੋਣਾਂ ਵਿੱਚ ਹਾਰ ਤੋਂ ਬਾਅਦ ਮਾਇਆਵਤੀ ਦੀ ਪ੍ਰਧਾਨ ਮੰਤਰੀ ਬਣਨ ਦੀ ਇੱਛਾ ਨੂੰ ਧੱਕਾ ਤਾਂ ਜ਼ਰੂਰ ਲੱਗਿਆ ਹੈ ਪਰ ਕੀ ਇਸ ਦਾ ਮਤਲਬ ਇਹ ਹੋਇਆ ਕਿ ਮਾਇਆਵਤੀ ਦਾ ਸਿਆਸੀ ਸਫ਼ਰ ਉਤਰਾਅ ਵੱਲ ਜਾ ਰਿਹਾ ਹੈ?
ਭਾਰਤੀ ਸਿਆਸਤ ਦਾ ਇਤਿਹਾਸ ਦੱਸਦਾ ਹੈ ਕਿ ਕਿਸੇ ਜਿਉਂਦੇ ਸਿਆਸਤਦਾਨ ਚਾਹੇ ਉਹ ਕਿੰਨੀਆਂ ਹੀ ਚੋਣਾਂ ਹਾਰ ਚੁੱਕਿਆ ਹੋਵੇ, ਉਸ ਦੀ ਸਿਆਸੀ ਔਬਿਚਿਊਰੀ ਲਿਖਣਾ ਬੜਾ ਖ਼ਤਰਨਾਕ ਹੈ। ਕਈ ਲੋਕ ਸਿਆਸੀ ਪੰਡਿਤਾਂ ਅਤੇ ਲੋਕਾਂ ਵੱਲੋਂ ਦਰਕਿਨਾਰ ਕਰ ਦਿੱਤੇ ਜਾਣ ਦੇ ਬਾਵਜੂਦ ਕਲਪਨਾ ਤੋਂ ਪਰੇ ਦੀਆਂ ਉਚਾਈਆਂ ਛੂਹਣ ਵਿੱਚ ਸਫ਼ਲ ਰਹੇ ਹਨ।
ਇਹ ਵੀ ਪੜ੍ਹੋ
ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ