ਸਿੱਖਾਂ ਨੂੰ ਯੂਕੇ ਦੇ ਕੌਮੀ ਸਰਵੇ 'ਚ ਵੱਖਰੀ ਨਸਲ ਨਾ ਮੰਨੇ ਜਾਣ ’ਤੇ ਇਤਰਾਜ਼ - 5 ਅਹਿਮ ਖ਼ਬਰਾਂ

ਯੂਕੇ ਦੇ ਨੈਸ਼ਨਲ ਸਟੈਟਿਕਸ ਆਫਿਸ ਤੇ ਉਸ ਦੇ ਸੈਂਸਸ ਵ੍ਹਾਈਟ ਪੇਪਰ ਵਿੱਚ ਸਿੱਖਾਂ ਨੂੰ ਵੱਖਰੀ ਨਸਲ ਵਜੋਂ ਪਛਾਣ ਨਹੀਂ ਮਿਲੀ ਹੈ। ਯੂਕੇ ਵ੍ਹਾਈਟ ਪੇਪਰ ਰਾਹੀਂ ਇੰਗਲੈਂਡ ਅਤੇ ਵੇਲ੍ਹਸ ਵਿੱਚ ਜਣਗਨਣਾ ਕੀਤੀ ਜਾਣੀ ਹੈ।

ਪ੍ਰੈਸ ਐਸੋਸੀਏਸ਼ਨ ਮੁਤਾਬਕ ਇਹ ਜਣਗਨਣਾ ਮਾਰਚ 2021 ਵਿੱਚ ਹੋਣੀ ਹੈ ਪਰ ਸਰਕਾਰ ਦੇ ਪਲਾਨ ਵਿੱਚ ਸਿੱਖ ਇੱਕ ਧਰਮ ਵਜੋਂ ਤਾਂ ਹੈ ਪਰ ਨਸਲ ਦੇ ਕਾਲਮ ਵਿੱਚ ਸਿੱਖਾਂ ਲਈ ਕੋਈ ਟਿਕ ਬਾਕਸ ਨਹੀਂ ਹੈ।

ਸਿੱਖ ਫੈਡਰੇਸ਼ਨ ਯੂਕੇ ਸਣੇ ਹੋਰ ਜਥੇਬੰਦੀਆਂ ਵੱਲੋਂ ਸਿੱਖਾਂ ਨੂੰ ਇਸ ਸਰਵੇ ਵਿੱਚ ਵੱਖਰੀ ਨਸਲ ਮੰਨੇ ਜਾਣ ਲਈ ਮੁਹਿੰਮ ਚਲਾਏ ਜਾਣ ਦਾ ਐਲਾਨ ਕੀਤਾ ਗਿਆ ਹੈ।

'84 ਸਿੱਖ ਕਤਲੇਆਮ - ਅੱਜ ਆ ਸਕਦਾ ਸੱਜਣ ਕੁਮਾਰ 'ਤੇ ਫ਼ੈਸਲਾ

ਦਿੱਲੀ ਹਾਈ ਕੋਰਟ 34 ਸਾਲ ਪੁਰਾਣੇ 1984 ਦੇ ਸਿੱਖ ਕਤਲੇਆਮ ਦੌਰਾਨ ਪੰਜ ਲੋਕਾਂ ਦੇ ਕਤਲ ਮਾਮਲੇ 'ਚ ਅੱਜ ਸੱਜਣ ਕੁਮਾਰ ਨੂੰ ਬਰੀ ਕੀਤੇ ਜਾਣ ਬਾਰੇ ਫ਼ੈਸਲਾ ਸੁਣਾ ਸਕਦੀ ਹੈ।

ਇੱਕ ਨਵੰਬਰ 1984 ਵਿੱਚ ਭੀੜ ਨੇ ਦਿੱਲੀ ਕੈਂਟ ਦੇ ਰਾਜ ਨਗਰ ਇਲਾਕੇ ਵਿੱਚ ਜਗਦੀਸ਼ ਕੌਰ ਦੇ ਘਰ ’ਤੇ ਹਮਲਾ ਕਰ ਦਿੱਤਾ ਸੀ। ਇਸ ਹਮਲੇ ਵਿੱਚ ਜਗਦੀਸ਼ ਕੌਰ ਦੇ ਵੱਡੇ ਪੁੱਤਰ ਤੇ ਪਤੀ ਸਣੇ 5 ਲੋਕਾਂ ਦੀ ਮੌਤ ਹੋਈ ਸੀ। ਸੱਜਣ ਕੁਮਾਰ ਉੱਤੇ ਇਲਜ਼ਾਮ ਹੈ ਕਿ ਉਹ ਵੀ ਭੀੜ ਵਿਚ ਸ਼ਾਮਿਲ ਸੀ।

30 ਅਪ੍ਰੈਲ 2013 ਨੂੰ ਦਿੱਲੀ ਦੀ ਕੜਕੜਡੂਮਾ ਅਦਾਲਤ ਨੇ ਇਸ ਕਤਲੇਆਮ ਲਈ 5 ਲੋਕਾਂ ਨੂੰ ਦੋਸ਼ੀ ਠਹਿਰਾਇਆ ਸੀ। ਜਿਸ ਵਿੱਚ ਸਾਬਕਾ ਕਾਂਗਰਸੀ ਵਿਧਾਇਕ ਮਹਿੰਦਰ ਯਾਦਵ ਨੂੰ ਉਮਰ ਕੈਦ ਅਤੇ ਕੌਂਸਲਰ ਬਲਵਾਨ ਖੋਕਰ ਅਤੇ 3 ਸਾਲ ਕੈਦ ਦੀ ਸਜ਼ਾ ਸੁਣਾਈ ਸੀ। ਸੱਜਣ ਕੁਮਾਰ ਨੂੰ ਅਦਾਲਤ ਨੇ ਬਰੀ ਕਰ ਦਿੱਤਾ ਸੀ।

ਇਹ ਵੀ ਪੜ੍ਹੋ-

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਸੱਜਣ ਕੁਮਾਰ ਨੂੰ ਬਰੀ ਕੀਤੇ ਜਾਣ ਖਿਲਾਫ਼ 77 ਸਾਲਾਂ ਜਗਦੀਸ਼ ਕੌਰ ਤੇ ਜਗਸ਼ੇਰ ਸਿੰਘ ਨੇ ਦਿੱਲੀ ਹਾਈ ਕੋਰਟ ਵਿੱਚ ਅਪੀਲ ਕੀਤੀ ਸੀ।

ਹਰਿਆਣਾ- ਮੁੱਖ ਮੰਤਰੀ ਦੇ ਪੰਜਾਬੀ ਵਾਲੇ ਇਸ਼ਤਿਹਾਰ ਬਾਰੇ ਪੋਲ ਪੈਨਲ ਕਰੇਗਾ ਜਾਂਚ

ਹਰਿਆਣਾ 'ਚ ਵਿਰੋਧੀ ਧਿਰਾਂ ਵੱਲੋਂ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਪੰਜਾਬੀ ਦੇ ਇਸ਼ਤਿਹਾਰ ਬਾਰੇ ਪੋਲ ਪੈਨਲ ਜਾਂਚ ਕਰੇਗਾ।

ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਮੁੱਖ ਮੰਤਰੀ ਦੇ ਘਰ ਕਰਨਾਲ 'ਚ ਨਗਰ ਨਿਗਮ ਚੋਣਾਂ ਦੌਰਾਨ "ਜਾਤੀ ਦੇ ਆਧਾਰ 'ਤੇ ਵੋਟ ਮੰਗਣ ਵਾਲੀ ਇਤਰਾਜ਼ਯੋਗ ਇਸ਼ਤਿਹਾਰ" ਕਾਰਨ ਭਾਜਪਾ 'ਤੇ ਇਤਰਾਜ਼ ਚੁੱਕਿਆ ਗਿਆ ਹੈ।

ਅਖ਼ਬਾਰ ਨੇ ਹਰਿਆਣਾ ਸਟੇਟ ਇਲੈਕਸ਼ਨ ਕਮਿਸ਼ਨਰ ਦਲੀਪ ਸਿੰਘ ਨੇ ਹਵਾਲੇ ਨਾਲ ਲਿਖਿਆ ਹੈ ਕਿ ਇਸ਼ਤਿਹਾਰ "ਇਤਰਾਜ਼ਯੋਗ" ਲੱਗ ਰਿਹਾ ਹੈ।

ਬਾਗ਼ੀਆਂ ਦੀ ਨਵੀਂ ਰਣਨੀਤੀ ਕਿਤੇ ਨਵੀਂ ਪਾਰਟੀ ਤੇ ਕਿਤੇ ਨਵਾਂ ਗਠਜੋੜ

ਸ਼੍ਰੋਮਣੀ ਅਕਾਲੀ ਦਲ ਦੇ ਬਾਗ਼ੀਆਂ ਆਗੂਆਂ ਬੀਤੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਨਾਂਅ ਹੇਠ ਨਵੀਂ ਪਾਰਟੀ ਦਾ ਐਲਾਨ ਕੀਤਾ।

ਹ ਵੀ ਪੜ੍ਹੋ-

ਲੋਕ ਸਭਾ ਮੈਂਬਰ ਰਣਜੀਤ ਸਿੰਘ ਬ੍ਰਹਮਪੁਰਾ ਦੀ ਪ੍ਰਧਾਨਗੀ 'ਚ ਬਣਾਏ ਇਸ ਅਕਾਲੀ ਦਲ ਟਕਸਾਲੀ ਦੀ ਬੁਨਿਆਦ 1920 ਵਾਲਾ ਸੰਵਿਧਾਨ ਹੀ ਰਹੇਗਾ।

ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਕਿਹਾ ਅਜਿਹੇ ਕਈ ਅਕਾਲੀ ਦਲ ਆਏ ਪਰ ਉਨ੍ਹਾਂ ਦਾ ਕੁਝ ਨਹੀਂ ਹੋਇਆ।

ਉੱਧਰ ਦੂਜੇ ਪਾਸੇ ਆਪ ਦੇ ਬਾਗ਼ੀ ਆਗੂ ਸੁਖਪਾਲ ਖਹਿਰਾ ਨੇ ਡੈਮੋਕ੍ਰੈਟਿਕ ਗਠਜੋੜ ਦਾ ਐਲਾਨ ਕੀਤਾ ਹੈ। ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਇਸ ਗਠਜੋੜ ਨਾਲ ਉਨ੍ਹਾਂ ਦੀ ਪਾਰਟੀ ਨੂੰ ਕੋਈ ਫਰਕ ਨਹੀਂ ਪਵੇਗਾ। ਪੂਰੀ ਖ਼ਬਰ ਪੜ੍ਹਨ ਇੱਥੇ ਕਲਿੱਕ ਕਰੋ।

ਸਾਊਦੀ ਅਰਬ ਨੇ ਕੀਤੀ ਅਮਰੀਕੀ ਸੈਨੇਟ ਦੇ 'ਦਖ਼ਲ' ਦੀ ਨਿੰਦਾ

ਸਾਊਦੀ ਅਰਬ ਨੇ ਯਮਨ 'ਚ ਰਿਆਦ ਦੀ ਅਗਵਾਈ ਵਾਲੀ ਜੰਗ ਲਈ ਅਮਰੀਕੀ ਸੈਨਿਕ ਸਹਾਇਤਾ ਖ਼ਤਮ ਕਰਨ ਤੇ ਪੱਤਰਕਾਰ ਜਮਾਲ ਖਾਸ਼ੋਗੀ ਦੇ ਕਤਲ ਮਾਮਲੇ ਵਿੱਚ ਸਾਊਦੀ ਦੇ ਕ੍ਰਾਊਨ ਪ੍ਰਿੰਸ ਨੂੰ ਦੋਸ਼ੀ ਠਹਿਰਾਉਣ 'ਤੇ ਅਮਰੀਕੀ ਸੀਨੇਟ ਦੀ ਨਿੰਦਾ ਕੀਤੀ ਹੈ।

ਸਾਊਦੀ ਦੇ ਵਿਦੇਸ਼ ਮੰਤਰੀ ਨੇ ਇਸ ਕਦਮ ਨੂੰ "ਦਖ਼ਲ" ਅਤੇ "ਝੂਠ ਦੋਸ਼ਾਂ" 'ਤੇ ਆਧਾਰਿਤ ਮੰਨਿਆ ਹੈ। ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)