ਬੁਰਾੜੀ ਮਾਮਲਾ: ਇਹ ਦੈਵੀ ਸ਼ਕਤੀ ਹੈ ਜਾਂ ਮਾਨਸਿਕ ਬਿਮਾਰੀ?

ਤਸਵੀਰ ਸਰੋਤ, Getty Images
- ਲੇਖਕ, ਹਾਮਿਦ ਦਾਭੋਲਕਰ
- ਰੋਲ, ਮਨੋਰੋਗ ਮਾਹਿਰ, ਬੀਬੀਸੀ ਪੰਜਾਬੀ ਲਈ
ਕੁਝ ਦਿਨ ਪਹਿਲਾਂ ਦਿੱਲੀ ਦੇ ਬੁਰਾੜੀ ਇਲਾਕੇ 'ਚ ਇੱਕ ਹੀ ਪਰਿਵਾਰ ਦੇ 11 ਜੀਆਂ ਦੀ ਮੌਤ ਦੀ ਘਟਨਾ ਨੇ ਪੂਰੇ ਦੇਸ ਨੂੰ ਹਿਲਾ ਕੇ ਰੱਖ ਦਿੱਤਾ।
ਇਸ ਪਰਿਵਾਰ 'ਚ ਬਜ਼ੁਰਗ, ਜਵਾਨ ਅਤੇ ਬੱਚੇ ਵੀ ਸਨ। ਤਿੰਨ ਪੀੜ੍ਹੀਆਂ ਦੇ ਇਸ ਪਰਿਵਾਰ ਦੀ ਇੱਕੋ ਸਮੇਂ ਜਾਨ ਚਲੀ ਗਈ।
ਭਾਟੀਆ ਪਰਿਵਾਰ ਦੀ ਇੱਕ ਲੜਕੀ ਦਾ ਅਗਲੇ ਮਹੀਨੇ ਵਿਆਹ ਵੀ ਹੋਣ ਵਾਲਾ ਸੀ।
ਇਹ ਵੀ ਪੜ੍ਹੋ:
ਪੁਲਿਸ ਦੀ ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਕਿ ਇਸ ਦਿਲ ਦਹਿਲਾ ਦੇਣ ਵਾਲੀ ਘਟਨਾ ਵਿੱਚ ਕਿਸੇ ਬਾਹਰੀ ਵਿਅਕਤੀ ਦੀ ਸ਼ਮੂਲੀਅਤ ਨਹੀਂ ਸੀ।
'ਮੁਕਤੀ' ਪਾਉਣ ਦੀ ਖ਼ਾਹਿਸ਼ ਨੇ ਇਨ੍ਹਾਂ ਸਾਰਿਆਂ ਨੂੰ ਐਨਾ ਵੱਡਾ ਕਦਮ ਚੁੱਕਣ ਅਤੇ ਕਥਿਤ ਤੌਰ 'ਤੇ ਇਕੱਠਿਆਂ ਆਪਣੀ ਜਾਨ ਲੈਣ ਲਈ ਮਜਬੂਰ ਕਰ ਦਿੱਤਾ।

ਭਾਟੀਆ ਪਰਿਵਾਰ ਦੇ ਲਲਿਤ ਦੀ ਅਧਿਆਤਮ ਵਿੱਚ ਵੱਧ ਦਿਲਚਸਪੀ ਸੀ। ਉਨ੍ਹਾਂ ਦੀ ਡਾਇਰੀ 'ਚ ਮੁਕਤੀ, ਮੌਤ ਤੋਂ ਬਾਅਦ ਦੀ ਜ਼ਿੰਦਗੀ ਅਤੇ ਇਨ੍ਹਾਂ ਟੀਚਿਆਂ ਨੂੰ ਹਾਸਲ ਕਰਨ ਲਈ ਕਿਸੇ ਵੀ ਹੱਦ ਤਕ ਜਾਣ ਦੀ ਤਿਆਰੀ, ਇਹ ਸਾਰੀਆਂ ਗੱਲਾਂ ਲਿਖੀਆਂ ਸਨ।
ਸੀਸੀਟੀਵੀ ਫੁਟੇਜ ਵਿੱਚ ਸਾਹਮਣੇ ਆਇਆ ਹੈ ਕਿ ਪਰਿਵਾਰ ਨੇ ਖ਼ੁਦ ਨੂੰ ਫਾਂਸੀ ਉੱਤੇ ਟੰਗਣ ਲਈ ਗੁਆਂਢੀਆਂ ਤੋਂ ਸਟੂਲ ਲਏ ਸਨ।
ਹੈਰਾਨੀ ਵਾਲੀ ਗੱਲ ਹੈ ਕਿ ਆਖ਼ਿਕ ਕਿਉਂ ਕੋਈ ਆਮ ਵਿਅਕਤੀ ਅਜਿਹਾ ਵੱਡਾ ਕਦਮ ਚੁੱਕੇਗਾ। ਕੋਈ ਕਿਉਂ ਇਕੱਠਿਆਂ ਇਸ ਤਰ੍ਹਾਂ ਜਾਨ ਦੇਵੇਗਾ।
ਅਜਿਹੇ 'ਚ ਸਾਨੂੰ ਇਸ ਘਟਨਾ ਪਿੱਛੇ ਮਨੋਵਿਗਿਆਨ ਅਤੇ ਅੰਧ-ਵਿਸ਼ਵਾਸ ਨਾਲ ਭਰੇ ਵਿਵਹਾਰ ਨੂੰ ਡੂੰਘਾਈ ਨਾਲ ਦੇਖਣ ਦੀ ਲੋੜ ਹੈ।
ਘਟਨਾ ਦੇ ਪਿੱਛੇ ਦਾ ਮਨੋਵਿਗਿਆਨ
ਇਸ ਦਾ ਇੱਕ ਕਾਰਨ ਇਹ ਹੈ ਹਿੰਦੂ ਸੱਭਿਆਚਾਰ ਵਿੱਚ ਆਮ ਜ਼ਿੰਦਗੀ ਦੀ ਥਾਂ ਮੌਤ ਤੋਂ ਬਾਅਦ ਦੀ ਜ਼ਿੰਦਗੀ ਨੂੰ ਵੱਧ ਮਹੱਤਤਾ ਦਿੱਤਾ ਜਾਣਾ ਹੈ।
ਇਸ ਕਰਕੇ ਅਸੀਂ ਆਪਣੇ ਆਲੇ-ਦੁਆਲੇ ਅਜਿਹੇ ਕਈ ਲੋਕਾਂ ਨੂੰ ਦੇਖਦੇ ਹਾਂ ਜਿਹੜੇ ਆਤਮਾਵਾਂ ਨਾਲ ਗੱਲਾਂ ਕਰਨੀਆਂ, ਪੁਨਰ ਜਨਮ, ਮੌਤ ਨੂੰ ਨੇੜਿਓਂ ਵੇਖਣ ਦੇ ਤਜ਼ਰਬੇ ਵਰਗੀਆਂ ਗੱਲਾਂ 'ਤੇ ਵਿਸ਼ਵਾਸ ਕਰਦੇ ਹਨ।
ਇਹ ਵੀ ਪੜ੍ਹੋ:
ਇਸ ਤਰ੍ਹਾਂ ਦੇ ਵਿਸ਼ਵਾਸ ਦੇ ਕਈ ਪਹਿਲੂ ਹਨ, ਜਿਵੇਂ ਕੁਝ ਲੋਕਾਂ ਨੂੰ ਮੌਤ ਦੇ ਡਰ ਤੋਂ ਬਚਣ ਲਈ ਪੁਨਰ-ਜਨਮ ਵਰਗੀਆਂ ਗੱਲਾਂ ਦੇ ਭਾਵਨਾਤਮਕ ਸਮਰਥਨ ਦੀ ਲੋੜ ਹੁੰਦੀ ਹੈ।
ਅਜਿਹੀਆਂ ਗੱਲਾਂ ਉਨ੍ਹਾਂ ਦੇ ਦਿਮਾਗ 'ਚ ਇੰਨੀਆਂ ਡੂੰਘੀਆਂ ਹੁੰਦੀਆਂ ਹਨ ਕਿ ਇਨ੍ਹਾਂ ਦੇ ਨਾਲ ਵੀ ਉਨ੍ਹਾਂ ਦੀ ਜ਼ਿੰਦਗੀ ਆਮ ਤੌਰ 'ਤੇ ਚੱਲਦੀ ਰਹਿੰਦੀ ਹੈ।

ਤਸਵੀਰ ਸਰੋਤ, Getty Images
ਪਰ ਕੁਝ ਹੀ ਲੋਕ ਹੁੰਦੇ ਹਨ ਜਿਨ੍ਹਾਂ 'ਚ ਅਸਲ ਅਤੇ ਕਾਲਪਨਿਕ ਜ਼ਿੰਦਗੀ 'ਚ ਫ਼ਰਕ ਕਰਨ ਦੀ ਸਮਰੱਥਾ ਹੁੰਦੀ ਹੈ।
ਦੂਜੇ ਪਾਸੇ ਕੁਝ ਲੋਕ ਆਪਣੀ ਰੋਜ਼ਾਨਾ ਦੀਆਂ ਪਰੇਸ਼ਾਨੀਆਂ ਦਾ ਹੱਲ ਲੱਭਣ ਲਈ ਕਲਪਨਾਵਾਂ ਦਾ ਸਹਾਰਾ ਲੈਂਦੇ ਹਨ।
ਉਹ ਸੋਚਦੇ ਹਨ ਕਿ ਉਨ੍ਹਾਂ ਦੀ ਜ਼ਿੰਦਗੀ ਵਿੱਚ ਆਉਣ ਵਾਲੀਆਂ ਦਿੱਕਤਾਂ ਲਈ ਕਿਸੇ ਮ੍ਰਿਤਕ ਦੀ ਆਤਮਾ ਜ਼ਿੰਮੇਵਾਰ ਹੈ। ਇਸਦੇ ਲਈ ਉਹ ਆਤਮਾ ਦੀ ਪੂਜਾ ਕਰਦੇ ਹਨ ਜਾਂ ਕਈ ਵੱਡੇ ਕਦਮ ਚੁੱਕਦੇ ਹਨ ਜਾਂ ਫਿਰ ਤੰਤਰ-ਮੰਤਰ ਦਾ ਸਹਾਰਾ ਲੈਂਦੇ ਹਨ।
ਅਜਿਹਾ ਅਕਸਰ ਉਦੋਂ ਹੁੰਦਾ ਹੈ ਜਦੋਂ ਕਿਸੇ ਕਰੀਬੀ ਦੀ ਮੌਤ ਹੋ ਜਾਂਦੀ ਹੈ ਜਾਂ ਪਰਿਵਾਰਕ ਜੀਆਂ ਵਿਚਾਲੇ ਫੁੱਟ ਪੈ ਜਾਵੇ।
ਕੀ ਇਹ 'ਸ਼ੇਅਰਡ ਸਾਇਕੋਸਿਸ' ਹੈ?
ਭਾਟੀਆ ਪਰਿਵਾਰ 'ਚ ਹੋਈ ਇਸ ਘਟਨਾ ਦੇ ਪਿੱਛੇ ਵੀ ਇਹੀ ਮੁੱਖ ਕਾਰਨ ਨਜ਼ਰ ਆਉਂਦਾ ਹੈ। ਜਾਂਚ 'ਚ ਸਾਹਮਣੇ ਆਇਆ ਹੈ ਕਿ ਸਾਲ 2008 'ਚ ਲਲਿਤ ਦੇ ਪਿਤਾ ਦੀ ਮੌਤ ਤੋਂ ਬਾਅਦ ਅੰਧ-ਵਿਸ਼ਵਾਸ ਅਤੇ ਉਸ ਨਾਲ ਜੁੜੀਆਂ ਵਿਧੀਆਂ ਵੱਲ ਉਨ੍ਹਾਂ ਦਾ ਬਹੁਤਾ ਰੁਝਾਨ ਸੀ।
ਉਨ੍ਹਾਂ ਨੂੰ ਮਹਿਸੂਸ ਹੁੰਦਾ ਸੀ ਕਿ ਧਿਆਨ ਲਗਾਉਣ 'ਤੇ ਉਨ੍ਹਾਂ ਦੇ ਪਿਤਾ ਉਨ੍ਹਾਂ ਨਾਲ ਗੱਲ ਕਰਦੇ ਹਨ ਅਤੇ ਦੱਸਦੇ ਹਨ ਕਿ ਉਨ੍ਹਾਂ ਨੂੰ ਕੀ ਕਰਨਾ ਚਾਹੀਦਾ ਹੈ ਅਤੇ ਕੀ ਨਹੀਂ।

ਤਸਵੀਰ ਸਰੋਤ, Getty Images
ਮਰੇ ਹੋਏ ਲੋਕਾਂ ਦੇ ਨਾਲ ਗੱਲ ਕਰਨਾ ਆਪਣੇ ਆਪ ਵਿੱਚ ਇੱਕ ਮਾਨਸਿਕ ਰੋਗ ਹੈ। ਇਹ ਵਹਿਮ ਕਿ ਤੁਸੀਂ ਮਰੇ ਹੋਏ ਵਿਅਕਤੀ ਦੀ ਆਵਾਜ਼ ਸੁਣਦੇ ਹੋ ਜਾਂ ਤੁਹਾਨੂੰ ਉਸਦੇ ਜ਼ਿੰਦਾ ਰਹਿਣ ਦਾ ਅਹਿਸਾਸ ਹੁੰਦਾ ਹੈ, ਤਾਂ ਇਹ ਇੱਕ ਤਰ੍ਹਾਂ ਮਾਨਸਿਕ ਸਥਿਤੀ ਹੈ।
ਅਜਿਹੇ ਮਾਮਲਿਆਂ 'ਚ ਕੋਈ ਵਿਅਕਤੀ ਆਪਣੇ ਆਪ ਨੂੰ ਹਕੀਕਤ ਤੋਂ ਦੂਰ ਕਰ ਲੈਂਦਾ ਹੈ ਅਤੇ ਅਹਿਸਾਸ ਦੀ ਦੁਨੀਆਂ 'ਚ ਰਹਿਣ ਲੱਗਦਾ ਹੈ। ਲਲਿਤ ਦਾ ਵਿਵਹਾਰ ਵੀ ਕੁਝ ਇਸ ਤਰ੍ਹਾਂ ਦਾ ਸੀ।
ਹੁਣ ਕਿਉਂਕਿ ਇਨ੍ਹਾਂ ਗੱਲਾਂ ਉੱਤੇ ਦੂਜਿਆਂ ਦਾ ਵੀ ਭਰੋਸਾ ਹੁੰਦਾ ਹੈ ਇਸ ਲਈ ਉਹ ਕਿਸੇ ਦੀ ਬਿਮਾਰੀ ਨਹੀਂ ਫੜ ਪਾਉਂਦੇ।
ਲੋਕ ਸੋਚਦੇ ਹਨ ਕਿ ਉਸ ਵਿਅਕਤੀ 'ਚ ਖ਼ਾਸ ਸ਼ਕਤੀਆਂ ਹਨ। ਅਜਿਹੇ ਲੋਕ ਪਰਿਵਾਰ ਦੇ ਦੂਜੇ ਮੈਂਬਰਾਂ ਉੱਤੇ ਵੀ ਪ੍ਰਭਾਵ ਪਾਉਂਦੇ ਹਨ। ਫ਼ਿਰ ਉਹ ਵੀ ਕੁਝ-ਕੁਝ ਅਜਿਹਾ ਹੀ ਅਨੁਭਵ ਕਰਨ ਲੱਗਦੇ ਹਨ ਅਤੇ ਖ਼ੁਦ ਨੂੰ ਸੱਚਾਈ ਤੋਂ ਦੂਰ ਲੈ ਜਾਂਦੇ ਹਨ।
ਇਹ ਵੀ ਪੜ੍ਹੋ:
ਮਨੋਵਿਗਿਆਨ 'ਚ ਇਸ ਨੂੰ 'ਸ਼ੇਅਰਡ ਸਾਇਕੋਸਿਸ' ਯਾਨਿ ਇੱਕ ਤੋਂ ਦੂਜੇ ਵਿੱਚ ਆਇਆ ਮਨੋਵਿਕਾਰ ਕਹਿੰਦੇ ਹਨ। ਮਨੋਵਿਗਿਆਨੀਆਂ ਦੇ ਕੋਲ ਅਜਿਹੇ ਕਈ ਮਾਮਲੇ ਆਉਂਦੇ ਹਨ, ਜਿੱਥੇ ਪੂਰੇ ਪਰਿਵਾਰ 'ਤੇ ਇਸ ਕਲਪਨਾ ਅਤੇ ਵਹਿਮ ਦਾ ਅਸਰ ਪੈਂਦਾ ਹੋਵੇ।

ਤਸਵੀਰ ਸਰੋਤ, Getty Images
ਪੂਰੀ ਦੁਨੀਆਂ 'ਚ ਅਜਿਹੇ ਮਾਮਲੇ
ਅਜਿਹੇ ਮਾਮਲੇ ਸਿਰਫ਼ ਭਾਰਤ 'ਚ ਹੀ ਨਹੀਂ, ਸਗੋਂ ਅਮਰੀਕਾ, ਆਸਟਰੇਲੀਆ, ਇੰਗਲੈਂਡ ਅਤੇ ਹੋਰ ਦੇਸਾਂ ਵਿੱਚ ਵੀ ਸਾਹਮਣੇ ਆਉਂਦੇ ਹਨ।
ਮੈਲਬਰਨ 'ਚ ਪੰਜ ਮੈਂਬਰਾਂ ਦੇ ਇੱਕ ਪਰਿਵਾਰ ਨੂੰ ਆਪਣਾ ਘਰ ਇਸ ਲਈ ਛੱਡ ਕੇ ਜਾਣਾ ਪਿਆ ਕਿਉਂਕਿ ਉਨ੍ਹਾਂ ਨੂੰ ਲੱਗਦਾ ਸੀ ਕਿ ਉੱਥੇ ਉਨ੍ਹਾਂ ਵਿੱਚੋਂ ਕਿਸੇ ਦਾ ਕਤਲ ਹੋ ਜਾਵੇਗਾ।
'ਅਪਾਰਟ' ਨਾਂ ਤੋਂ ਇੱਕ ਫ਼ਿਲਮ ਵੀ ਆਈ ਸੀ ਜਿਸ 'ਚ 'ਸ਼ੇਅਰਡ ਸਾਇਕੋਸਿਸ' ਨਾਲ ਜੁੜਿਆ ਮਾਮਲਾ ਦਿਖਾਇਆ ਗਿਆ ਸੀ। ਇਸ 'ਚ ਇੱਕ ਜੋੜੇ ਨੂੰ ਲੱਗਦਾ ਸੀ ਕਿ ਉਨ੍ਹਾਂ ਨੂੰ ਕੋਈ ਮਾਰਨ ਵਾਲਾ ਹੈ।
ਪਰ ਸਮੱਸਿਆ ਉਦੋਂ ਪੈਦਾ ਹੁੰਦੀ ਹੈ ਜਦੋਂ ਅਜਿਹੇ ਹਾਲਾਤ 'ਚ ਲੋਕ ਇਲਾਜ ਤੋਂ ਵੱਧ ਤੰਤਰ-ਮੰਤਰ 'ਤੇ ਭਰੋਸਾ ਕਰਨ ਲੱਗਦੇ ਹਨ।
ਸੰਭਵ ਹੈ ਕਿ ਭਾਟੀਆ ਪਰਿਵਾਰ 'ਤੇ ਵੀ ਅਜਿਹਾ ਹੋਇਆ ਹੋਵੇ, ਨਾਲ ਹੀ ਸ਼ੇਅਰ ਸਾਇਕੋਸਿਸ ਨਾਲ ਇੰਨੀ ਵੱਧ ਗਿਣਤੀ 'ਚ ਇਕੱਠਿਆਂ ਮਰਨ ਵਾਲਿਆਂ ਦਾ ਇਹ ਪਹਿਲਾ ਮਾਮਲਾ ਵੀ ਹੋ ਸਕਦਾ ਹੈ।
ਇਹ ਵੀ ਪੜ੍ਹੋ:
ਕਦੇ-ਕਦੇ ਅਜਿਹੀਆਂ ਮਾਨਤਾਵਾਂ ਦੇ ਲੋਕ ਇੱਕ ਖ਼ਾਸ ਪੰਥ ਵੀ ਬਣਾ ਲੈਂਦੇ ਹਨ। ਅੰਧ-ਵਿਸ਼ਵਾਸ ਦੇ ਖ਼ਿਲਾਫ਼ ਕੰਮ ਕਰਨ ਵਾਲੇ ਡਾ. ਦਾਭੋਲਕਰ ਅਤੇ ਗੋਵਿੰਦ ਪਨਸਾਰੇ ਨੂੰ ਮਾਰਨ ਵਾਲੇ ਲੋਕ ਅਜਿਹੀ ਹੀ ਸੰਸਥਾ ਨਾਲ ਜੁੜੇ ਸਨ, ਜੋ ਪੰਥ ਨੂੰ ਉਤਸ਼ਾਹਿਤ ਕਰਦੇ ਹਨ।
ਕੋਲਕਾਤਾ ਦਾ 'ਆਨੰਦ ਮਾਰਗ' ਜਾਂ ਜਾਪਾਨ ਦਾ ਓਮ ਸ਼ਿਨਰਿਕਿਯੋ ਅਜਿਹੇ ਹੀ ਪੰਥਾਂ ਦੇ ਉਦਾਹਰਣ ਹਨ। ਓਮ ਸ਼ਿਨਰਿਕਿਯੋ ਦੇ ਸਮਰਥਕਾਂ ਨੇ 1995 'ਚ ਟੋਕਿਓ 'ਚ ਜ਼ਹਿਰੀਲੀ ਗੈਸ ਛੱਡ ਦਿੱਤੀ ਸੀ। ਉਨ੍ਹਾਂ ਦਾ ਦਾਅਵਾ ਸੀ ਕਿ ਇਸ ਜ਼ਰੀਏ 'ਅਸੀਂ ਆਖ਼ਰੀ ਸੱਚ ਦੀ ਭਾਲ ਕਰ ਰਹੇ ਹਾਂ।'
ਜਾਪਾਨ ਦੀ ਸਰਕਾਰ ਨੇ ਉਨ੍ਹਾਂ ਅੱਤਵਾਦੀ ਐਲਾਨ ਦਿੱਤਾ ਸੀ ਅਤੇ ਗ੍ਰਿਫ਼ਤਾਰ ਕਰ ਲਿਆ ਸੀ।

ਤਸਵੀਰ ਸਰੋਤ, Getty Images
ਕੋਈ ਜੰਨਤ ਨਹੀਂ ਹੈ
ਬੁਰਾੜੀ ਵਰਗੀਆਂ ਘਟਨਾਵਾਂ ਦੁਬਾਰਾ ਨਾ ਹੋਣ ਇਸ ਲਈ ਸਾਨੂੰ ਕੁਝ ਕੋਸ਼ਿਸ਼ਾਂ ਕਰਨ ਦੀ ਲੋੜ ਹੈ।
ਸਭ ਤੋਂ ਪਹਿਲਾਂ ਜ਼ਰੂਰੀ ਹੈ ਕਿ ਅਸੀਂ ਪੁਨਰ ਜਨਮ, ਆਤਮਾ ਅਤੇ ਦੈਵੀ ਆਤਮਾਵਾਂ ਆਦਿ ਅਵਿਗਿਆਨੀ ਗੱਲਾਂ ਦੀ ਆਲੋਚਨਾ ਕਰੀਏ। ਮਨੋਰੰਜਨ ਜਾਂ ਕਹਾਣੀ ਸੁਣਾਉਣ ਲਈ ਇਹ ਗੱਲਾਂ ਕਹੀਆਂ ਜਾਣ ਤਾਂ ਸਮਝਿਆ ਜਾ ਸਕਦਾ ਹੈ, ਪਰ ਇਸ ਆਧਾਰ 'ਤੇ ਜ਼ਿੰਦਗੀ ਦੇ ਅਹਿਮ ਫ਼ੈਸਲੇ ਲੈਣਾ ਖ਼ਤਰਨਾਕ ਹੁੰਦਾ ਹੈ।
ਪਰੇਸ਼ਾਨੀਆਂ ਹਰ ਕਿਸੇ ਦੀ ਜ਼ਿੰਦਗੀ ਵਿੱਚ ਹੁੰਦੀਆਂ ਹਨ, ਪਰ ਉਨ੍ਹਾਂ ਨੂੰ ਆਪਣੀ ਸਮਝ ਅਤੇ ਦੋਸਤਾਂ ਤੇ ਰਿਸ਼ਤੇਦਾਰਾਂ ਦੀ ਮਦਦ ਨਾਲ ਸੁਲਝਾਇਆ ਜਾ ਸਕਦਾ ਹੈ। ਉਨ੍ਹਾਂ ਲਈ ਕਿਸੇ ਨੂੰ ਖ਼ੁਦਕੁਸ਼ੀ ਵਰਗਾ ਕਦਮ ਚੁੱਕਣ ਦੀ ਲੋੜ ਨਹੀਂ ਹੈ।
ਇਹ ਵੀ ਪੜ੍ਹੋ:
ਭਾਟੀਆ ਪਰਿਵਾਰ 'ਚ ਕਿਸੇ ਦੇ ਵੀ ਦਿਮਾਗ ਵਿੱਚ ਨਹੀਂ ਆਇਆ ਕਿ ਮੁੰਹ, ਅੱਖਾਂ 'ਤੇ ਪੱਟੀ ਬੰਨਣ, ਗਲੇ 'ਚ ਰੱਸੀ ਬੰਨਣ ਅਤੇ ਸਟੂਲ ਹਟਾਉਣ ਨਾਲ ਕੀ ਹੋ ਸਕਦਾ ਹੈ। ਇਸਦਾ ਮਤਲਬ ਹੈ ਕਿ ਅੰਧ-ਵਿਸ਼ਵਾਸ ਨੂੰ ਲੈ ਕੇ ਉਨ੍ਹਾਂ ਦੇ ਦਿਮਾਗ 'ਚ ਕੋਈ ਸਵਾਲ ਨਹੀਂ ਸੀ।
ਸਾਨੂੰ ਸਮਾਜ 'ਚ ਇਸ ਵਿਵਹਾਰ ਲਈ ਆਲੋਚਨਾ ਪੈਦਾ ਕਰਨੀ ਹੋਵੇਗੀ। ਜੇਕਰ ਕੋਈ ਇੱਕ ਵੀ ਅਜਿਹੀ ਗੱਲਾਂ ਦਾ ਅੱਖਾਂ ਬੰਦ ਕਰਕੇ ਮੰਨਦਾ ਹੈ ਤਾਂ ਉਹ ਸਾਰੇ ਸਮਾਜ ਵਿੱਚ ਇਸਨੂੰ ਫ਼ੈਲਾ ਸਕਦਾ ਹੈ।
ਨਾਲ ਹੀ ਮਾਨਸਿਕ ਬਿਮਾਰੀਆਂ ਨੂੰ ਲੈ ਕੇ ਬਣੀ ਹੋਈ ਨਕਾਰਾਤਮਿਕ ਸੋਚ ਅਤੇ ਅਣਦੇਖੀ ਨੂੰ ਬਦਲਣਾ ਹੋਵੇਗਾ। ਜੇਕਰ ਲੋਕ ਇਸਨੂੰ ਇੱਕ ਕਲੰਕ ਮੰਨਣਗੇ ਤਾਂ ਇਸਦਾ ਇਲਾਜ ਕਰਨਾ ਸੰਭਵ ਨਹੀਂ ਹੋਵੇਗਾ।
ਜੇ ਇਸ ਤਰ੍ਹਾਂ ਦੇ ਮਾਮਲਿਆਂ 'ਚ ਡਾਕਟਰ ਕੋਲ ਆਇਆ ਜਾਵੇ ਤਾਂ ਬੁਰਾੜੀ ਵਰਗੀ ਘਟਨਾ ਨੂੰ ਰੋਕਿਆ ਜਾ ਸਕਦਾ ਹੈ।
ਅਸਲ 'ਚ ਸਾਨੂੰ ਕਿਸੇ ਜੰਨਤ, ਮੁਕਤੀ ਜਾਂ ਪੁਨਰ ਜਨਮ ਦੀ ਲੋੜ ਨਹੀਂ ਹੈ। ਇੱਕ ਸੰਤੁਸ਼ਟ ਜ਼ਿੰਦਗੀ ਦੇ ਲਈ ਬਸ ਸਾਨੂੰ ਸੁੱਖ ਅਤੇ ਦੁੱਖ ਦੇ ਸੁਮੇਲ ਦੀ ਲੋੜ ਹੈ।












