ਦਿੱਲੀ ਦੇ ਬੁਰਾੜੀ ਦੀਆਂ 11 ਮੌਤਾਂ ਦਾ ਰਹੱਸ ਅਤੇ 11 ਅਣਸੁਲਝੇ ਸਵਾਲ

ਤਸਵੀਰ ਸਰੋਤ, Getty Images
- ਲੇਖਕ, ਮੁਹੰਮਦ ਸ਼ਾਹਿਦ
- ਰੋਲ, ਬੀਬੀਸੀ ਪੱਤਰਕਾਰ
ਉੱਤਰੀ ਦਿੱਲੀ ਦੇ ਸੰਤ ਨਗਰ ਬੁਰਾੜੀ ਇਲਾਕੇ ਵਿੱਚ ਐਤਵਾਰ ਨੂੰ 11 ਲੋਕਾਂ ਦੇ ਸ਼ੱਕੀ ਹਾਲਤ ਵਿੱਚ ਮ੍ਰਿਤ ਮਿਲਣ ਦਾ ਮਾਮਲਾ ਬੇਹੱਦ ਉਲਝਦਾ ਜਾ ਰਿਹਾ ਹੈ।
ਪੁਲਿਸ ਇਸ ਮਾਮਲੇ ਵਿੱਚ ਹੱਤਿਆ ਅਤੇ ਖੁਦਕੁਸ਼ੀ ਦੋਵਾਂ ਪੱਖਾਂ ਨਾਲ ਜਾਂਚ ਕਰ ਰਹੀ ਹੈ। ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਸੋਮਵਾਰ ਨੂੰ ਸ਼ੁਰੂਆਤੀ ਪੋਸਟਮਾਰਟਮ ਰਿਪੋਰਟ ਦੇ ਆਧਾਰ 'ਤੇ ਦੱਸਿਆ ਕਿ ਇਹ ਖੁਦਕੁਸ਼ੀ ਦਾ ਮਾਮਲਾ ਹੋ ਸਕਦਾ ਹੈ, ਪਰ ਕ੍ਰਾਈਮ ਬ੍ਰਾਂਚ ਦੇ ਜੁਆਇੰਟ ਪੁਲਿਸ ਕਮਿਸ਼ਨਰ ਅਲੋਕ ਕੁਮਾਰ ਨੇ ਸਾਫ਼ ਕੀਤਾ ਕਿ ਅਜੇ ਕਿਸੇ ਸਿੱਟੇ 'ਤੇ ਨਹੀਂ ਪਹੁੰਚਿਆ ਜਾ ਸਕਦਾ।
ਸੋਮਵਾਰ ਨੂੰ ਮੌਲਾਨਾ ਆਜ਼ਾਦ ਮੈਡੀਕਲ ਕਾਲਜ ਵਿੱਚ ਸਾਰੇ ਮ੍ਰਿਤਕਾਂ ਦਾ ਪੋਸਟਮਾਰਟਮ ਹੋ ਗਿਆ। ਇਸ ਪਰਿਵਾਰ ਦੇ ਸਾਰੇ ਲੋਕਾਂ ਨੇ ਅੱਖਾਂ ਦਾਨ ਕਰਨ ਦਾ ਫ਼ੈਸਲਾ ਕੀਤਾ ਸੀ ਪਰ ਸਿਰਫ਼ 6 ਲੋਕਾਂ ਦੀਆਂ ਹੀ ਅੱਖਾਂ ਦਾਨ ਲਈ ਲਈਆਂ ਜਾ ਸਕੀਆਂ ਹਨ।

ਇਸ ਘਟਨਾ ਦੇ ਦੋ ਦਿਨ ਬਾਅਦ ਮਾਮਲੇ ਨੂੰ ਲੈ ਕੇ ਸਵਾਲ ਹੋਰ ਗੰਭੀਰ ਹੁੰਦੇ ਜਾ ਰਹੇ ਹਨ। ਆਓ ਇੱਕ ਨਜ਼ਰ ਪਾਉਂਦੇ ਹਾਂ ਅਜਿਹੇ ਹੀ 11 ਸਵਾਲਾਂ 'ਤੇ-
ਪਹਿਲਾ ਸਵਾਲ
ਭਾਟੀਆ ਪਰਿਵਾਰ ਦੇ ਨਾਮ ਨਾਲ ਮਸ਼ਹੂਰ ਇਸ ਪਰਿਵਾਰ ਵਿੱਚ ਸਭ ਤੋਂ ਬਜ਼ੁਰਗ 77 ਸਾਲਾ ਨਰਾਇਣ ਦੇਵੀ ਸੀ। ਜੋ ਦੂਜੇ ਕਮਰੇ ਵਿੱਚ ਫਰਸ਼ 'ਤੇ ਮ੍ਰਿਤ ਪਈ ਸੀ।
ਇਸ ਤੋਂ ਇਲਾਵਾ ਉਨ੍ਹਾਂ ਦੇ ਵੱਡੇ ਪੁੱਤਰ 50 ਸਾਲਾ ਭਵਨੇਸ਼ ਉਰਫ਼ ਭੁੱਪੀ, ਦੂਜੇ ਪੁੱਤਰ 45 ਸਾਲਾ ਲਲਿਤ ਅਤੇ ਉਨ੍ਹਾਂ ਦੋਵਾਂ ਦੀਆਂ ਪਤਨੀਆਂ 48 ਸਾਲਾ ਸਵਿਤਾ ਅਤੇ 42 ਸਾਲਾ ਟੀਨਾ ਵੀ ਫਾਂਸੀ ਨਾਲ ਲਟਕੇ ਹੋਏ ਸਨ।
ਭੁੱਪੀ ਦੀਆਂ ਦੋ ਜਵਾਨ ਧੀਆਂ ਅਤੇ ਇੱਕ ਨਾਬਾਲਗ ਪੁੱਤਰ ਅਤੇ ਲਲਿਤ ਦਾ ਵੀ ਇੱਕ 15 ਸਾਲਾ ਪੁੱਤਰ ਵੀ ਮ੍ਰਿਤ ਪਾਏ ਗਏ ਸਨ।
ਐਤਵਾਰ ਜਦੋਂ ਸਵੇਰੇ ਪਹਿਲਾਂ ਚਸ਼ਮਦੀਦ ਗੁਰਚਰਨ ਸਿੰਘ ਘਰ ਵਿੱਚ ਗਏ ਤਾਂ 10 ਲੋਕ ਫਾਂਸੀ 'ਤੇ ਲਟਕੇ ਪਏ ਸਨ। ਉਹ ਦੱਸਦੇ ਹਨ ਕਿ ਸਾਰੇ ਦਰਵਾਜ਼ੇ ਖੁੱਲ੍ਹੇ ਸਨ।
ਸਵਾਲ ਇਹ ਉਠਦਾ ਹੈ ਕਿ ਪੁਲਿਸ ਖੁਦਕੁਸ਼ੀ ਦੀ ਗੱਲ ਵੀ ਕਹਿ ਰਹੀ ਹੈ, ਜਾਂ ਜੇਕਰ ਇਹ ਆਤਮਹੱਤਿਆ ਸੀ ਤਾਂ ਇਸ ਘਰ ਦੇ ਦਰਵਾਜ਼ੇ ਕਿਵੇਂ ਖੁੱਲ੍ਹੇ ਸਨ?
ਦੂਜਾ ਸਵਾਲ
ਹੱਤਿਆ ਦੇ ਪੱਖ ਨੂੰ ਵੀ ਧਿਆਨ ਵਿੱਚ ਰੱਖ ਕੇ ਜਾਂਚ ਕਰ ਰਹੀ ਪੁਲਿਸ ਨੂੰ ਐਤਵਾਰ ਨੂੰ ਘਰੋਂ ਦੋ ਰਜਿਸਟਰ ਮਿਲੇ ਜਿਨ੍ਹਾਂ ਵਿੱਚ ਅਧਿਆਤਮਕ ਅਤੇ ਮੋਕਸ਼ ਨਾਲ ਸੰਬੰਧਤ ਗੱਲਾਂ ਲਿਖੀਆਂ ਮਿਲੀਆਂ ਹਨ।

ਤਸਵੀਰ ਸਰੋਤ, Getty Images
ਦਿੱਲੀ ਪੁਲਿਸ ਦਾ ਕਹਿਣਾ ਹੈ ਕਿ ਇਸ ਵਿੱਚ ਜਿਸ ਤਰ੍ਹਾਂ ਨਾਲ ਹੱਥ, ਮੂੰਹ ਅਤੇ ਅੱਖਾਂ 'ਤੇ ਪੱਟੀਆਂ ਬੰਨ੍ਹਣ ਦੀ ਗੱਲ ਸੀ, ਕੁਝ ਲਾਸ਼ਾਂ 'ਤੇ ਅਜਿਹੀਆਂ ਪੱਟੀਆਂ ਬੰਨ੍ਹੀਆਂ ਹੋਈਆਂ ਸਨ। ਸਭ ਤੋਂ ਵੱਡਾ ਸਵਾਲ ਇਹ ਉਠਦਾ ਹੈ ਕਿ ਕੀ ਪਰਿਵਾਰ ਇਸ ਰਜਿਟਸਰ ਦੇ ਹਿਸਾਬ ਨਾਲ ਹੀ ਸਮੂਹਿਕ ਆਤਮਹੱਤਿਆ ਕਰ ਰਿਹਾ ਸੀ?
ਤੀਜਾ ਸਵਾਲ
ਸਭ ਤੋਂ ਬਜ਼ੁਰਗ ਨਰਾਇਣ ਦੇਵੀ ਇੱਕ ਦੂਜੇ ਕਮਰੇ ਵਿੱਚ ਜ਼ਮੀਨ 'ਤੇ ਮ੍ਰਿਤ ਮਿਲੀ ਜਦਕਿ ਸਾਰੇ ਲੋਕ ਇੱਕੋ ਥਾਂ ਫਾਂਸੀ ਨਾਲ ਲਟਕੇ ਹੋਏ ਸਨ। ਇਨ੍ਹਾਂ ਵਿਚੋਂ ਕੁਝ ਦੇ ਹੱਥ ਖੁੱਲ੍ਹੇ ਸਨ।
ਕੀ ਜਿਨ੍ਹਾਂ ਦੇ ਹੱਥ ਖੁੱਲ੍ਹੇ ਸਨ ਉਨ੍ਹਾਂ ਨੇ ਪਹਿਲਾ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ ਅਤੇ ਫੇਰ ਆਤਮਹੱਤਿਆ ਕੀਤੀ?
ਚੌਥਾ ਸਵਾਲ
ਜੇਕਰ ਪਰਿਵਾਰ ਸਮੂਹਿਕ ਰੂਪ ਵਿੱਚ ਆਤਮਹੱਤਿਆ ਕਰ ਰਿਹਾ ਸੀ ਤਾਂ ਕਿਸੇ ਨੇ ਵਿਰੋਧ ਕਿਉਂ ਨਹੀਂ ਕੀਤਾ। ਪੁਲਿਸ ਮੁਤਾਬਕ ਕਿਸੇ ਵੀ ਲਾਸ਼ 'ਤੇ ਹੱਥੋਪਾਈ ਜਾਂ ਚੋਟ ਦੇ ਨਿਸ਼ਾਨ ਨਹੀਂ ਮਿਲੇ ਹਨ।

ਤਸਵੀਰ ਸਰੋਤ, Reuters
ਹਾਲ ਹੀ ਵਿੱਚ 17 ਜੂਨ ਨੂੰ ਨਰਾਇਣ ਦੀ ਪੋਤੀ 33 ਸਾਲਾ ਪ੍ਰਿਅੰਕਾ ਦੀ ਮੰਗਣੀ ਹੋਈ ਸੀ ਅਤੇ ਛੇਤੀ ਹੀ ਵਿਆਹ ਹੋਣ ਵਾਲਾ ਸੀ। ਇੰਨੇ ਵੱਡੇ ਮੌਕੇ ਤੋਂ ਪਹਿਲਾਂ ਕੀ ਪਰਿਵਾਰ ਇਸ ਤਰ੍ਹਾਂ ਸਮੂਹਿਕ ਤੌਰ 'ਤੇ ਆਤਮਹੱਤਿਆ ਕਰ ਸਕਦਾ ਹੈ?
ਪੰਜਵਾਂ ਸਵਾਲ
ਗੁਆਂਢੀਆਂ ਦਾ ਕਹਿਣਾ ਸੀ ਕਿ ਇਹ ਪਰਿਵਾਰ ਬੇਹੱਦ ਧਾਰਿਮਕ ਸੀ ਇੱਕ ਗੁਆਂਢਣ ਸੀਮਾ ਨੇ ਬੀਬੀਸੀ ਨੂੰ ਦੱਸਿਆ ਸੀ ਕਿ ਇਹ ਲੋਕ ਸਤਿਸੰਗ ਅਤੇ ਪੂਜਾ-ਪਾਠ ਵਿੱਚ ਅੱਗੇ ਹੋ ਕੇ ਹਿੱਸਾ ਲੈਣ ਵਾਲਿਆਂ 'ਚੋਂ ਸੀ।
ਉਨ੍ਹਾਂ ਨੇ ਦੱਸਿਆ ਸੀ ਕਿ ਇਹ ਆਪਣੀ ਕਰਿਆਨੇ ਦੀ ਦੁਕਾਨ ਦੇ ਬਾਹਰ 'ਚੰਗੇ-ਚੰਗੇ ਵਿਚਾਰ' ਲਿਖ ਕੇ ਲਗਾਉਂਦੇ ਸਨ।
ਇਸ ਪਰਿਵਾਰ ਦੇ ਵੱਡੇ ਪੁੱਤਰ ਭਵਨੇਸ਼ ਇਹ ਕਰਿਆਨੇ ਦੀ ਦੁਕਾਨ ਚਲਾਉਂਦੇ ਸਨ। ਗੁਆਂਢੀਆਂ ਦਾ ਕਹਿਣਾ ਹੈ ਕਿ ਇਹ ਪਰਹਿਵਾਰ ਬਿਨਾਂ ਪੂਜਾ ਪਾਠ ਕੀਤੇ ਨਹੀਂ ਸੌਂਦਾ ਸੀ।
ਕੀ ਵਧੇਰੇ ਧਾਰਮਿਕ ਹੋਣ ਕਾਰਨ ਇਸ ਪਰਿਵਾਰ ਦੇ ਲੋਕਾਂ ਦੀ ਜਾਨ ਗਈ?
ਛੇਵਾਂ ਸਵਾਲ
ਘਰ ਵਿੱਚ ਮੋਕਸ਼ ਅਤੇ ਵੱਖ-ਵੱਖ ਕਰਮ-ਕਾਂਡ ਲਿਖੇ ਰਜਿਸਟਰ ਮਿਲਣ 'ਤੇ ਇਸ ਪਰਿਵਾਰ ਦੇ ਤਾਂਤਰਿਕ ਕਰਮ-ਕਾਂਡਾਂ ਵਿੱਚ ਵੀ ਸ਼ਾਮਿਲ ਹੋਣ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਹਨ ਪਰ ਗੁਆਂਢੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਦੇ ਘਰ ਵਿੱਚ ਕਿਸੇ ਪੁਜਾਰੀ ਜਾਂ ਤਾਂਤਰਿਕ ਵਰਗੇ ਸ਼ਖ਼ਸ ਨੂੰ ਆਉਂਦੇ-ਜਾਂਦੇ ਨਹੀਂ ਦੇਖਿਆ।

ਤਸਵੀਰ ਸਰੋਤ, AFP
ਫੇਰ ਸਵਾਲ ਉਠਦਾ ਹੈ ਕਿ ਕੀ ਇਸ ਮਾਮਲੇ ਦੀ ਜਾਂਚ ਭਟਕਾਉਣ ਲਈ ਪਲਾਟ ਵਿਛਾਏ ਗਏ ਹਨ?
ਸੱਤਵਾਂ ਸਵਾਲ
ਇਸ ਪਰਿਵਾਰ ਦੇ ਕਿਸੇ ਤਾਂਤਰਿਕ ਜਾਂ ਪੰਡਿਤ ਨਾਲ ਜੁੜੀਆਂ ਹੋਣ ਦੀਆਂ ਗੱਲਾਂ ਹੁਣ ਤੱਕ ਸਾਹਮਣੇ ਨਹੀਂ ਆਈਆਂ ਹਨ, ਪਰ ਗੁਆਂਢੀਆਂ ਦਾ ਕਹਿਣਾ ਹੈ ਕਿ ਇਸ ਘਰ ਦੇ ਛੋਟੇ ਪੁੱਤਰ ਲਲਿਤ ਦੀ ਆਵਾਜ਼ ਕਿਸੇ ਬਿਮਾਰੀ ਕਾਰਨ ਚਲੀ ਗਈ ਸੀ।
ਫੇਰ ਉਨ੍ਹਾਂ ਨੇ ਧਾਰਮਿਕ ਕ੍ਰਿਆਵਾਂ ਦਾ ਸਹਾਰਾ ਲਿਆ ਸੀ ਜਿਸ ਤੋਂ ਬਾਅਦ ਉਨ੍ਹਾਂ ਦੀ ਆਵਾਜ਼ ਵਾਪਸ ਆ ਗਈ ਸੀ। ਤਾਂ ਕੀ ਇਸ ਘਟਨਾ ਤੋਂ ਬਾਅਦ ਪਰਿਵਾਰ ਕਾਫੀ ਧਾਰਮਿਕ ਹੋ ਗਿਆ ਸੀ ਅਤੇ ਕਿਸੇ ਤੋਂ ਪ੍ਰੇਰਿਤ ਹੋ ਕੇ ਜਾਂ ਕਿਸੇ ਦੇ ਪ੍ਰਭਾਵ ਹੇਠ ਆ ਕੇ ਪਰਿਵਾਰ ਨੇ ਸਮੂਹਿਕ ਤੌਰ 'ਤੇ ਉਹ ਕਦਮ ਚੁੱਕਿਆ?
ਅਠਵਾਂ ਸਾਵਲ
ਰਜਿਸਟਰ ਵਿੱਚ ਲਿਖਾਈ ਲਲਿਤ ਭਾਟੀਆ ਦੀ ਦੱਸੀ ਜਾ ਰਹੀ ਹੈ, ਤਾਂ ਕੀ ਕੇਵਲ ਉਹੀ ਇਨ੍ਹਾਂ ਤੰਤਰ-ਮੰਤਰ ਦੀਆਂ ਕ੍ਰਿਆਵਾਂ ਵਿੱਚ ਵਿਸ਼ਵਾਸ਼ ਰੱਖਦੇ ਸਨ?

ਅਸਲ ਵਿੱਚ ਸੰਤ ਨਗਰ ਬੁਰਾੜੀ ਗਲੀ ਨੰਬਰ 4-ਏ ਦੇ ਇਸ ਮਕਾਨ ਦੀ ਕੰਧ ਦੇ ਬਾਹਰਲੇ ਹਿੱਸੇ ਵਿੱਚ 11 ਪਾਈਪਾਂ ਨਿਕਲੀਆਂ ਹੋਈਆਂ ਹਨ, ਜਿਨ੍ਹਾਂ ਦੀ ਕੋਈ ਵਰਤੋਂ ਦਿਖਾਈ ਨਹੀਂ ਦਿੰਦੀ ਹੈ।
ਇਸ ਘਰ ਨੂੰ ਬਣਾਉਣ ਵਾਲੇ ਇੱਕ ਠੇਕੇਦਾਰ ਨੇ ਪਛਾਣ ਨਾ ਜ਼ਾਹਿਰ ਕਰਨ ਦੀ ਸ਼ਰਤ 'ਤੇ ਕਿਹਾ ਹੈ ਕਿ ਲਲਿਤ ਭਾਟੀਆ ਦੇ ਕਹਿਣ 'ਤੇ ਉਹ ਪਾਈਪ ਉਸ ਨੇ ਕੰਧ ਤੋਂ ਬਾਹਰ ਕੱਢੇ ਸਨ ਪਰ ਲਲਿਤ ਨੇ ਠੇਕੇਦਾਰ ਨੂੰ ਕਿਹਾ ਸੀ ਇਸ ਨਾਲ ਬਾਹਰ ਦੀ ਹਵਾ ਘਰ ਅੰਦਰ ਆਵੇਗੀ।
ਇਹ 11 ਪਾਈਪ ਕਿਸ ਲਈ ਲਗਾਏ ਗਏ ਸਨ, ਇਨ੍ਹਾਂ ਵਿੱਚ 7 ਪਾਈਪ ਮੁੜੇ ਹੋਏ ਅਤੇ 4 ਸਿੱਧੇ ਸਨ ਅਤੇ ਸਾਰੇ ਇੱਕ ਖਾਲੀ ਪਲਾਟ ਵੱਲ ਨਿਕਲੇ ਹੋਏ ਸਨ।
ਨੌਵਾਂ ਸਵਾਲ
ਦਿੱਲੀ ਪੁਲਿਸ ਨੇ ਇਸ ਰਜਿਸਟਰ ਵਿੱਚ ਤੰਤਰ-ਮੰਤਰ ਦੀਆਂ ਕ੍ਰਿਆਵਾਂ ਦੇ ਆਧਾਰ 'ਤੇ ਇਸ ਨੂੰ ਆਤਮਹੱਤਿਆ ਨਾਲ ਜੋੜਿਆ ਹੈ ਜਦਕਿ ਇਸ ਦੇ ਦੂਜੇ ਐਂਗਲ ਤੱਕ ਸਾਹਮਣੇ ਲੈ ਕੇ ਆਉਣ ਦੀ ਕੋਸ਼ਿਸ਼ ਹੁੰਦੀ ਨਜ਼ਰ ਨਹੀਂ ਆ ਰਹੀ।
ਕੀ ਪੁਲਿਸ ਇਸ ਨੂੰ ਕੇਵਲ ਅੰਧਵਿਸ਼ਵਾਸ਼ ਦੇ ਐਂਗਲ ਨਾਲ ਹੀ ਸੁਲਝਾਉਣ ਵਿੱਚ ਵਿਸ਼ਵਾਸ਼ ਰੱਖ ਰਹੀ ਹੈ ਅਤੇ ਉਸ ਨੂੰ ਹੱਤਿਆ ਨਾਲ ਜੁੜੇ ਕੋਈ ਸੁਰਾਗ ਨਹੀਂ ਮਿਲੇ ਹਨ?
ਦਸਵਾਂ ਸਵਾਲ
ਭਾਟੀਆ ਪਰਿਵਾਰ ਦੇ ਰਿਸ਼ਤੇਦਾਰਾਂ ਦਾ ਮੰਨਣਾ ਹੈ ਕਿ ਉਹ ਖੁਸ਼ਹਾਲ ਪਰਿਵਾਰ ਸੀ। ਉੱਥੇ ਗੁਆਂਢੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਕਰਿਆਨੇ ਦੀ ਦੁਕਾਨ ਤੋਂ ਸਾਮਾਨ ਲੈ ਕੇ ਆਉਣ 'ਤੇ ਜੇਕਰ ਕਿਸੇ ਕੋਲ ਪੈਸੇ ਨਹੀਂ ਹੁੰਦੇ ਸੀ ਤਾਂ ਉਹ ਬਾਅਦ ਵਿੱਚ ਦੇਣ ਲਈ ਕਹਿ ਦਿੰਦੇ ਸੀ।

ਰਿਸ਼ਤੇਦਾਰ ਦਾਅਵੇ ਨਾਲ ਕਹਿੰਦੇ ਹਨ ਕਿ ਇਹ ਲੋਕ ਆਤਮਹੱਤਿਆ ਨਹੀਂ ਕਰ ਸਕਦੇ ਹਨ, ਤਾਂ ਫੇਰ ਕੀ ਰਿਸ਼ਤੇਦਾਰਾਂ ਦੇ ਹਿਸਾਬ ਨਾਲ ਇਸ ਨੂੰ ਹੱਤਿਆ ਮੰਨਿਆ ਜਾਣਾ ਚਾਹੀਦਾ ਹੈ। ਇਹ ਵੀ ਇੱਕ ਸਵਾਲ ਹੈ।
ਗਿਆਰਵਾਂ ਸਵਾਲ
ਪੂਰਾ ਪਰਿਵਾਰ ਬੀਤੇ 20 ਸਾਲਾਂ ਤੋਂ ਬੁਰਾੜੀ ਵਿੱਚ ਰਹਿੰਦਾ ਸੀ। ਨਰਾਇਣ ਦੇਵੀ ਦੀ ਇੱਕ ਬੇਟੀ ਸੁਜਾਤਾ ਪਾਣੀਪਤ ਵਿੱਚ ਅਤੇ ਇੱਕ ਪੁੱਤਰ ਰਾਜਸਥਾਨ ਵਿੱਚ ਰਹਿੰਦਾ ਸੀ।
ਇਸ ਤੋਂ ਇਲਾਵਾ ਇਸ ਪਰਿਵਾਰ ਦੀ ਕਿਸੇ ਵੱਡੀ ਜਾਇਦਾਦ ਦਾ ਵੀ ਨਹੀਂ ਪਤਾ ਲੱਗਿਆ ਹੈ।
ਇਹ ਇੱਕ ਸਾਂਝਾ ਪਰਿਵਾਰ ਸੀ ਤਾਂ ਫੇਰ ਜੇਕਰ ਇਹ ਹੱਤਿਆ ਹੈ ਤਾਂ ਇਸ ਦੇ ਕਾਰਨ ਕੀ ਸਨ, ਇਸ ਦਾ ਜਵਾਬ ਪੁਲਿਸ ਨੂੰ ਤਲਾਸ਼ਣਾ ਹੋਵੇਗਾ।
ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਹਰ ਪੱਖ ਤੋਂ ਨਾਲ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਘਟਨਾ ਦੇ ਜੋ ਵੀ ਕਾਰਨ ਰਹੇ ਹਨ, ਉਹ ਜਦੋਂ ਸਾਹਮਣੇ ਆ ਜਾਣਗੇ ਤਾਂ ਸੱਚ ਦਾ ਪਤਾ ਲੱਗ ਸਕੇਗਾ।












