ਬੱਚੀ ਦੇ ਰੇਪ ਤੋਂ ਬਾਅਦ ਮੰਦਸੌਰ ਗੁੱਸੇ ਅਤੇ ਹਿੰਸਾ ਦੀ ਅੱਗ ਤੋਂ ਕਿਵੇਂ ਬਚਿਆ꞉ ਗਰਾਊਂਡ ਰਿਪੋਰਟ

ਤਸਵੀਰ ਸਰੋਤ, Getty Images
- ਲੇਖਕ, ਨਿਤਿਨ ਸ਼੍ਰੀਵਾਸਤਵ
- ਰੋਲ, ਬੀਬੀਸੀ ਪੱਤਰਕਾਰ ਮੰਦਸੌਰ (ਮੱਧ ਪ੍ਰਦੇਸ਼) ਤੋਂ
ਮੱਧ ਪ੍ਰਦੇਸ਼ ਦੇ ਮੰਦਸੌਰ ਵਿੱਚ ਇੱਕ ਬੱਚੀ ਨੂੰ ਅਗਵਾ ਕਰ ਲਿਆ ਗਿਆ। ਅਗਲੇ ਦਿਨ ਜਦੋਂ ਉਹ ਮਿਲੀ ਤਾਂ ਜਾਂਚ ਵਿੱਚ ਉਜਾਗਰ ਹੋਇਆ ਕਿ ਉਹ ਬਲਾਤਕਾਰ ਅਤੇ ਬੇਰਹਿਮ ਹਿੰਸਾ ਝੱਲ ਕੇ ਪਰਤੀ ਸੀ।
ਲਗਪਗ ਦੋ ਲੱਖ ਦੀ ਆਬਾਦੀ ਵਾਲੇ ਮੰਦਸੌਰ ਵਿੱਚ ਰਾਤ ਦੇ ਦੋ ਵਜੇ ਤੱਕ ਤਣਾਅ ਫੈਲ ਗਿਆ।
ਜਿਲ੍ਹੇ ਦੇ ਇੱਕ ਸੀਨੀਅਰ ਅਫ਼ਸਰ ਨੇ ਬੀਬੀਸੀ ਨੂੰ ਦੱਸਿਆ ਕਿ ਚਾਰ ਗੱਡੀਆਂ ਦੇ ਸ਼ੀਸ਼ੇ ਤੋੜ ਦਿੱਤੇ ਗਏ ਅਤੇ ਇੱਕ ਢਾਬੇ 'ਤੇ ਭੰਨ-ਤੋੜ ਕੀਤੀ ਗਈ ਸੀ।
ਇਹ ਵੀ ਪੜ੍ਹੋ꞉
28 ਜੂਨ ਤੱਕ ਲੋਕਾਂ ਦਾ ਗੁੱਸਾ ਸੜਕਾਂ ਉੱਪਰ ਨਜ਼ਰ ਆਉਣ ਲੱਗ ਪਿਆ ਸੀ ਅਤੇ ਹਜ਼ਾਰਾਂ ਲੋਕ ਉਸ ਮਾਸੂਮ ਲਈ ਇਨਸਾਫ਼ ਮੰਗ ਰਹੇ ਸਨ। ਸਭ ਤੋਂ ਵੱਡਾ ਡਰ ਦੰਗੇ ਭੜਕਣ ਦਾ ਸੀ।
ਜਿਸ ਢਾਬੇ ਦੀ ਭੰਨ-ਤੋੜ ਕੀਤੀ ਗਈ ਉਹ ਇੱਕ ਮੁਸਲਮਾਨ ਦਾ ਸੀ। ਭੀੜ ਨੇ ਇਸ ਨੂੰ ਨਿਸ਼ਾਨਾ ਇਸ ਲਈ ਬਣਾਇਆ ਕਿਉਂਕਿ ਜਿਸ ਵਿਅਕਤੀ ਨੂੰ ਪੁਲਿਸ ਨੇ ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਸੀ ਉਹ ਵੀ ਇੱਕ ਮੁਸਲਮਾਨ ਸੀ।
ਡਰ ਅਤੇ ਸ਼ੱਕ
ਜ਼ਿਲ੍ਹੇ ਦੇ ਮੁਸਲਮਾਨ ਭਾਈਚਾਰੇ ਦੇ ਆਗੂ ਅਤੇ ਸਥਾਨਕ ਸੰਸਥਾ ਸੀਰਤ ਕਮੇਟੀ ਦੇ ਪ੍ਰਧਾਨ ਅਨਵਰ ਅਹਿਮਦ ਮਨਸੂਰੀ ਨੇ ਦੱਸਿਆ, "ਘਟਨਾ ਤੋਂ ਬਾਅਦ ਹੀ ਅੱਲ੍ਹਾ ਤੋਂ ਦੁਆ ਮੰਗ ਰਹੇ ਸੀ ਕਿ ਸ਼ੱਕੀ ਸਾਡੀ ਕੌਮ ਵਿੱਚੋਂ ਨਾ ਨਿਕਲੇ।"
ਉਨ੍ਹਾਂ ਨੇ ਕਿਹਾ, "ਇਹ ਸਹੀ ਹੈ ਕਿ ਸਾਡੇ ਭਾਈਚਾਰੇ ਵਿੱਚ ਇਸ ਗੱਲ ਨੂੰ ਲੈ ਕੇ ਡਰ ਸੀ ਕਿ ਕਿਤੇ ਘਟਨਾਕ੍ਰਮ ਦੂਸਰਾ ਰਾਹ ਨਾ ਲੈ ਲਵੇ। ਸਚਾਈ ਇਹ ਵੀ ਹੈ ਕਿ ਮੁਲਜ਼ਮਾਂ ਦੀ ਪਛਾਣ ਕਰਨ ਵਿੱਚ ਸਾਡੇ ਹੀ ਭਾਈਚਾਰੇ ਦੇ ਲੋਕਾਂ ਨੇ ਪ੍ਰਸ਼ਾਸਨ ਦੀ ਮਦਦ ਕੀਤੀ।"

ਅਸਲ ਵਿੱਚ, ਮੰਦਸੌਰ ਮੱਧ ਪ੍ਰਦੇਸ਼ ਦੇ ਮਾਲਵਾ ਖਿੱਤੇ ਦਾ ਹਿੱਸਾ ਹੈ ਜਿੱਥੇ ਪਿਛਲੇ ਕੁਝ ਸਾਲਾਂ ਦੌਰਾਨ ਫਿਰਕੂ ਤਣਾਅ ਦੀਆਂ ਘਟਨਾਵਾਂ ਵਾਪਰੀਆਂ ਹਨ।
ਕਰਫਿਊ ਦਾ ਇਤਿਹਾਸ
ਮੰਦਸੌਰ ਵਿੱਚ ਦੋ ਸਾਲ ਪਹਿਲਾਂ ਗਊ ਹੱਤਿਆ ਨੂੰ ਲੈ ਕੇ ਦੋ ਮੁਸਲਿਮ ਔਰਤਾਂ ਉੱਪਰ ਹਮਲਾ ਕੀਤਾ ਗਿਆ ਸੀ ਜਦ ਕਿ ਨਜ਼ਦੀਕੀ ਜ਼ਿਲ੍ਹੇ ਰਤਲਾਮ ਵਿੱਚ ਸਾਲ 2010, 2014 ਅਤੇ 2016 ਵਿੱਚ ਫਿਰਕੂ ਤਣਾਅ ਤੋਂ ਬਾਅਦ ਕਰਫਿਊ ਦਾ ਇਤਿਹਾਸ ਹੈ।
ਸਾਲ 2017 ਵਿੱਚ ਮਾਲਵੇ ਦੇ ਹੀ ਬਜਰੰਗ ਦਲ ਕਾਰਕੁਨ ਦੇ ਕਤਲ ਤੋਂ ਬਾਅਦ ਕਰਫਿਊ ਲਾਉਣਾ ਪਿਆ ਸੀ।

ਸ਼ਾਇਦ ਇਸੇ ਕਰਕੇ ਬੱਚੀ ਨਾਲ ਬਲਾਤਕਾਰ ਅਤੇ ਬੇਰਹਿਮ ਹਿੰਸਾ ਦੀ ਇਸ ਘਟਨਾ ਤੋਂ ਬਾਅਦ ਵੀ ਫਿਰਕੂ ਤਣਾਅ ਦਾ ਸ਼ੱਕ ਸੀ।
ਮੰਦਸੌਰ ਦੇ ਐਸਪੀ ਮਨੋਜ ਕੁਮਾਰ ਸਿੰਘ ਮੁਤਾਬਕ ਜੋ ਸੜਕਾਂ ਉੱਪਰ ਨਜ਼ਰ ਆਇਆ ਉਹ ਘਟਨਾ ਖਿਲਾਫ਼ ਲੋਕਾਂ ਦਾ ਸਮੂਹਿਕ ਰੋਹ ਸੀ।
ਉਨ੍ਹਾਂ ਦੱਸਿਆ, "ਫਿਰਕੂ ਤਣਾਅ ਦਾ ਪੂਰਾ ਡਰ ਸੀ ਪਰ ਸ਼ਹਿਰ ਦੇ ਲੋਕਾਂ ਨੇ ਪੁਲਿਸ ਦੀ ਕਾਫ਼ੀ ਮਦਦ ਕੀਤੀ ਹੈ। ਰਿਹਾ ਸਵਾਲ ਮੁਸਲਿਮ ਭਾਈਚਾਰੇ ਦੇ ਡਰ ਦਾ ਤਾਂ ਇੱਥੇ ਦੀ ਪੁਲਿਸ ਕਾਫ਼ੀ ਨਿੁਊਟਰਲ ਰਹੀ ਹੈ ਅਤੇ ਅਜਿਹੀ ਸਥਿਤੀ ਆਉਣ ਹੀ ਨਹੀਂ ਸੀ ਦਿੱਤੀ ਗਈ।"
ਇਹ ਵੀ ਪੜ੍ਹੋ꞉
ਦੂਸਰੇ ਪਾਸੇ ਬਜਰੰਗ ਦਲ ਦੇ ਜ਼ਿਲ੍ਹਾ ਮਹਾਂ ਮੰਤਰੀ ਜਿਤੇਂਦਰ ਰਾਠੌਰ ਇਸ ਗੱਲੋਂ ਇਨਕਾਰ ਕਰਦੇ ਹਨ ਕਿ ਕਿਸੇ ਵੀ ਭਾਈਚਾਰੇ ਉੱਪਰ ਦੂਸਰੇ ਦਾ ਦਬਾਅ ਹੈ।
ਪ੍ਰਸ਼ਾਸਨ ਦੀ ਤਿਆਰੀ
ਜਿਤੇਂਦਰ ਰਾਠੌਰ ਨੇ ਦੱਸਿਆ, "ਹੋ ਸਕਦਾ ਹੈ ਕਿ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਕੋਈ ਡਰ ਰਿਹਾ ਹੋਵੇ। ਅਸੀਂ ਅਤੇ ਦੂਸਰੇ ਹਿੰਦੂ ਸੰਗਠਨਾਂ ਦਾ ਮੰਨਣਾ ਇਹੀ ਹੈ ਕਿ ਇਹ ਇੱਕ ਘ੍ਰਿਣਾਯੋਗ ਘਟਨਾ ਸੀ। ਮੈਨੂੰ ਨਹੀਂ ਲਗਦਾ ਕਿ ਇੱਥੇ ਘੱਟ ਗਿਣਤੀ ਮੁਸਲਮਾਨ ਭਾਈਚਾਰੇ ਉੱਪਰ ਕੋਈ ਦਬਾਅ ਰਿਹਾ ਹੈ। ਮੁਲਜ਼ਮਾਂ ਖਿਲਾਫ ਬਾਹਰ ਆ ਕੇ ਬੋਲਣ ਬਾਰੇ। ਉਨ੍ਹਾਂ ਨੂੰ ਆਉਣਾ ਵੀ ਚਾਹੀਦਾ ਹੈ ਅਤੇ ਇਹ ਸਵਾਗਤ ਯੋਗ ਕਦਮ ਹੈ। ਉਹ ਇਸ ਲਈ ਕਿਉਂਕਿ ਉਨ੍ਹਾਂ ਦੀਆਂ ਵੀ ਬੇਟੀਆਂ ਹਨ।"
ਹਾਲਾਂਕਿ ਸੱਚ ਇਹ ਵੀ ਹੈ ਕਿ ਪੁਰਾਣੇ ਮਾਲਿਆਂ ਨੂੰ ਧਿਆਨ ਵਿੱਚ ਰੱਖਦਿਆਂ ਮੱਧ ਪ੍ਰਦੇਸ਼ ਪ੍ਰਸ਼ਾਸਨ ਨੇ ਵੀ ਫੌਰੀ ਵਧੇਰੇ ਸੁਰਖਿਆ ਦਸਤੇ ਮੰਦਸੌਰ ਭੇਜ ਦਿੱਤੇ ਸਨ।

ਡਰ ਇਸ ਗੱਲ ਦਾ ਸੀ ਕਿ ਸੋਸ਼ਲ ਮੀਡੀਆ ਉੱਪਰ ਅਫਵਾਹਾਂ ਕਰਕੇ ਹਿੰਸਾ ਨਾ ਭੜਕ ਜਾਵੇ।
ਮੈਂ ਸ਼ਹਿਰ ਦੇ ਕਈ ਲੋਕਾਂ ਦੇ ਮੋਬਾਈਲ ਉੱਪਰ ਪੀੜਤ ਬੱਚੀ ਦੀ ਅਸਲ ਤਸਵੀਰ ਅਤੇ ਉਸ ਨਾਲ ਹੋਈ ਵਧੀਕੀ ਬਾਰੇ ਭੜਕਾਊ ਮੈਸਜ ਦੇਖੇ।
ਲੋਕਾਂ ਵਿੱਚ ਡਰ ਇਸ ਗੱਲ ਨੂੰ ਲੈ ਕੇ ਵੀ ਸੀ ਕਿ ਇਹ ਚੁਣਾਵੀ ਸਾਲ ਹੈ ਅਤੇ ਅਜਿਹੇ ਮਾਹੌਲ ਵਿੱਚ ਫਿਰਕੂ ਤਣਾਅ ਪਹਿਲਾਂ ਵੀ ਭੜਕ ਚੁੱਕੇ ਹਨ।
ਮੰਦਸੌਰ ਦੇ ਮਦਰੱਸਿਆਂ ਵਿੱਚ ਪੜ੍ਹਨ ਵਾਲੇ ਬੱਚਿਆਂ ਵਿੱਚ ਕੰਮ ਕਰਨ ਵਾਲੀ ਸੰਸਥਾ ਈਮਾਨ ਤਨਜ਼ੀਮ ਦੇ ਪ੍ਰਧਾਨ ਮੁਹੰਮਦ ਆਰਿਫ਼ ਨੂੰ ਲਗਦਾ ਹੈ, "ਮਾਹੌਲ ਕਾਫ਼ੀ ਗਰਮ ਹੋ ਚੁੱਕਿਆ ਸੀ ਪਰ ਜੋ ਫੈਸਲਾ ਲਿਆ ਗਿਆ ਉਸ ਨਾਲ ਗੱਲ ਨਹੀਂ ਵਿਗੜੀ।"

ਉਨ੍ਹਾਂ ਦੱਸਿਆ, "ਅਗਲੇ ਦਿਨ ਹੀ ਮੁਸਲਿਮ ਸਮਾਜ ਨੇ ਬਿਆਨ ਜਾਰੀ ਕਰਕੇ ਕਿਹਾ ਭਾਵੇਂ ਹੀ ਮੁਲਜ਼ਮ ਮੁਸਲਮਾਨ ਹੋਵੇ ਪਰ ਉਸਨੇ ਕੰਮ ਇਨਸਾਨੀਅਤ ਦੇ ਖਿਲਾਫ਼ ਕੀਤਾ ਹੈ। ਸਾਡੀ ਸੰਸਥਾ ਅੰਜੁਮਨ ਨੇ ਵੀ ਐਲਾਨ ਕੀਤਾ ਕਿ ਜੇ ਮੁਲਜ਼ਮ ਨੂੰ ਫਾਂਸੀ ਦੀ ਸਜ਼ਾ ਹੋਈ ਤਾਂ ਮੰਦਸੌਰ ਦੇ ਕਬਰਿਸਤਾਨ ਵਿੱਚ ਲਾਸ਼ ਦਫਨਾਉਣ ਦੀ ਇਜਾਜ਼ਤ ਨਹੀਂ ਮਿਲੇਗੀ।"
ਮੰਦਸੌਰ ਵਿੱਚ ਦੋਹਾਂ ਭਾਈਚਾਰਿਆਂ ਦੇ ਦਰਜਣਾਂ ਲੋਕਾਂ ਨਾਲ ਗੱਲ ਕਰਕੇ ਪਤਾ ਲੱਗਿਆ ਕਿ ਸਾਰੇ ਹੀ ਬਲਾਤਕਾਰ ਅਤੇ ਬੇਹਿੱਸਿ ਹਿੰਸਾ ਕਰਨ ਵਾਲੇ ਦੇ ਵਿੱਰੁਧ ਹਨ ਪਰ ਗੈਰ-ਰਸਮੀਂ ਗੱਲਬਾਤ ਕਰਨ ਨਾਲ ਤਸਵੀਰ ਦੇ ਦੂਸਰੇ ਪਹਿਲੂ ਜ਼ਿਆਦਾ ਖੁੱਲ੍ਹ ਕੇ ਸਾਹਮਣੇ ਆਉਂਦੇ ਹਨ।
ਇਹ ਵੀ ਪੜ੍ਹੋ꞉
ਦੋਵਾਂ ਭਾਈਚਾਰਿਆਂ ਦੇ ਲੋਕਾਂ ਨੂੰ ਲਗਦਾ ਹੈ ਕਿ ਲੋਕਾਂ ਨੂੰ ਡਰ ਇਸ ਗੱਲ ਦਾ ਸੀ ਕਿ ਜੇ ਪਛਾਣ ਹੋਣ ਦੂਸਰੇ ਧਰਮ ਦਾ ਨਿਕਲਿਆ ਤਾਂ ਇਸ ਦਾ ਉਲਟ ਅਸਰ ਪਵੇਗਾ।
ਇਹ ਇੱਕ ਅਜਿਹਾ ਡਰ ਹੈ ਜਿਸਦੇ ਕੁਝ ਨਿਸ਼ਾਨ, ਮੰਦਸੌਰ ਦੇ ਘੱਟ ਗਿਣਤੀ ਭਾਈਚਾਰੇ ਦੇ ਲੋਕਾਂ ਵਿੱਚ ਅੱਜ ਵੀ ਦੇਖੇ ਜਾ ਸਕਦੇ ਹਨ।












