'ਦੇਸ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਨਵੀਂ ਸੋਚ ਦੀ ਲੋੜ'

ਤਸਵੀਰ ਸਰੋਤ, Getty Images
ਭਾਰਤ ਵੱਲੋਂ ਪੰਕਜ ਸਰਨ ਨੂੰ ਉਪ ਰਾਸ਼ਟਰੀ ਸੁਰੱਖਿਆ ਸਲਾਹਕਾਰ ਦੇ ਤੌਰ 'ਤੇ ਨਿਯੁਕਤ ਕੀਤਾ ਗਿਆ ਹੈ। ਇਸ ਸਮੇਂ ਉਹ ਮਾਸਕੋ ਵਿੱਚ ਭਾਰਤ ਦੇ ਰਾਜਦੂਤ ਵਜੋਂ ਤਾਇਨਾਤ ਹਨ।
ਪੰਕਜ ਸਰਨ ਨਾਲ ਬੀਬੀਸੀ ਪੱਤਰਕਾਰ ਨਿਤਿਨ ਸ਼੍ਰੀਵਾਸਤਵ ਦੀ ਖ਼ਾਸ ਗੱਲਬਾਤ ਦੇ ਕੁਝ ਅੰਸ਼:
ਭਾਰਤ ਦੀ ਕੌਮੀ ਸੁਰੱਖਿਆ ਲਈ ਕਈ ਚੁਣੌਤੀਆਂ ਹਨ, ਜਿਸ ਵਿੱਚ ਅੰਦਰੂਨੀ ਸੁਰੱਖਿਆ ਇੱਕ ਵੱਡੀ ਚੁਣੌਤੀ ਹੈ ਭਾਵੇਂ ਉਹ ਕਸ਼ਮੀਰ ਹੋਵੇ, ਦੱਖਣੀ, ਪੂਰਬੀ ਜਾਂ ਪੱਛਮੀ ਭਾਰਤ। ਇਸ ਨਵੀ ਜ਼ਿੰਮੇਵਾਰੀ ਦੇ ਰੂਪ ਵਿੱਚ ਤੁਹਾਡੀ ਪਹਿਲ ਕੀ ਰਹੇਗੀ?
ਭਾਰਤ ਇਕੱਲਾ ਅਜਿਹੇ ਦੇਸ ਨਹੀਂ ਹੈ, ਜਿੱਥੇ ਸਿਰਫ਼ ਸਾਨੂੰ ਹੀ ਚੁਣੌਤੀਆਂ ਹੋਣ। ਜਿਵੇਂ ਹਰ ਦੇਸ ਇਨ੍ਹਾਂ ਚੁਣੌਤੀਆਂ ਵਿੱਚੋਂ ਲੰਘਦਾ ਹੈ ਉਸੇ ਤਰ੍ਹਾਂ ਹੀ ਇਹ ਇੱਕ ਆਮ ਚੁਣੌਤੀ ਹੈ। ਸਾਡੇ ਇੱਥੇ ਇਹ ਦਿੱਕਤ ਇਸ ਲਈ ਵੱਡੀ ਹੈ ਕਿਉਂਕਿ ਭਾਰਤ ਇੱਕ ਗੁੰਝਲਦਾਰ ਦੇਸ ਹੈ।
ਉਸ ਵਿੱਚ ਵੱਖ-ਵੱਖ ਦਿੱਕਤਾਂ ਹਨ, ਸਾਡੀ ਆਬਾਦੀ ਵੱਡੀ ਹੈ। ਸਾਡੇ ਟੀਚੇ ਅਤੇ ਇੱਛਾਵਾ ਵੀ ਇੱਕ ਚੁਣੌਤੀ ਹੈ। ਅਸੀਂ ਇਹ ਨਹੀਂ ਚਾਹੁੰਦੇ ਕਿ ਅਸੀਂ ਭਾਰਤ ਦੀ ਅਰਥਵਿਵਸਥਾ ਨੂੰ ਉਸੇ ਹੀ ਰਫ਼ਤਾਰ ਵਿੱਚ ਚਲਾਈਏ। ਸਾਡੀ ਖੁਆਇਸ਼ ਹੈ ਕਿ ਇਸ ਨੂੰ ਤੇਜ਼ੀ ਵੱਲ ਲੈ ਕੇ ਜਾਈਏ।
ਇਸ ਲਈ ਸਾਨੂੰ ਨਵੀਂ ਸੋਚ ਦੀ ਲੋੜ ਹੈ। ਪਹਿਲੀ ਗੱਲ ਅਸੀਂ ਇਹ ਤੈਅ ਕਰੀਏ ਕਿ ਅਸੀਂ ਅਗਲੇ 10-20 ਸਾਲਾਂ ਵਿੱਚ ਕਿਸ ਤਰ੍ਹਾਂ ਦਾ ਭਾਰਤ ਚਾਹੁੰਦੇ ਹਾਂ, ਉਸ ਲਈ ਸਾਨੂੰ ਕੀ-ਕੀ ਕਰਨਾ ਹੋਵੇਗਾ।
ਭਾਰਤ ਦੀ ਵਿਦੇਸ਼ ਨੀਤੀ ਲਈ ਕੀ ਵੱਖਰੀਆਂ ਚੁਣੌਤੀਆਂ ਹਨ, ਜੇਕਰ ਅਸੀਂ ਆਪਣੇ ਗੁਆਂਢੀ ਮੁਲਕਾਂ ਪਾਕਿਸਤਾਨ, ਬੰਗਲਾਦੇਸ਼, ਨੇਪਾਲ ਅਤੇ ਸ਼੍ਰੀਲੰਕਾ ਦੀ ਗੱਲ ਕਰੀਏ?
ਵੱਖ-ਵੱਖ ਦੇਸਾਂ ਨਾਲ ਸਾਡੇ ਵੱਖ-ਵੱਖ ਰਿਸ਼ਤੇ ਹਨ, ਭਾਵੇਂ ਉਹ ਪਾਕਿਸਤਾਨ ਹੋਵੇ ਜਾਂ ਫਿਰ ਬੰਗਲਾਦੇਸ਼। ਕਿਸੇ ਵੀ ਦੇਸ ਲਈ ਸਭ ਤੋਂ ਮਹੱਤਪੂਰਨ ਅਤੇ ਜ਼ਰੂਰੀ ਚੁਣੌਤੀ ਇਹ ਹੁੰਦੀ ਹੈ ਕਿ ਜੋ ਉਸਦੇ ਗੁਆਂਢੀ ਮੁਲਕਾਂ ਦਾ ਖੇਤਰ ਹੁੰਦਾ ਹੈ ਉਸ ਨੂੰ ਪਹਿਲ ਦੇਣ ਦੀ ਬਹੁਤ ਲੋੜ ਹੈ।
ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਸਾਨੂੰ ਵਿਦੇਸ਼ ਨੀਤੀ ਵਿੱਚ ਆਪਣੇ ਗੁਆਂਢੀ ਮੁਲਕਾਂ ਨੂੰ ਪਹਿਲ ਦੇਣੀ ਚਾਹੀਦੀ ਹੈ।

ਤਸਵੀਰ ਸਰੋਤ, Getty Images
ਵਿਦੇਸ਼ ਨੀਤੀ ਦੇ ਲਿਹਾਜ਼ ਵਿੱਚ ਗੁਆਂਢੀ ਮੁਲਕਾਂ ਨਾਲ ਭਾਰਤ ਦੇ ਰਿਸ਼ਤੇ ਕੋਈ ਬਹੁਤੇ ਚੰਗੇ ਨਹੀਂ ਰਹੇ। ਇਸ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ?
ਗੁਆਂਢੀ ਮੁਲਕਾਂ ਨਾਲ ਰਿਸ਼ਤੇ ਸੁਧਾਰਣ ਦੀਆਂ ਜਿਹੜੀਆਂ ਕੋਸ਼ਿਸ਼ਾਂ ਅਸੀਂ ਕਰਦੇ ਹਾਂ ਜਾਂ ਕਰ ਰਹੇ ਹਾਂ, ਇਹ ਸਭ ਲਗਾਤਾਰ ਚੱਲ ਰਿਹਾ ਹੈ। ਇਸ ਵਿੱਚ ਉਤਾਰ-ਚੜ੍ਹਾਅ ਆਉਂਦਾ ਰਹਿੰਦਾ ਹੈ।
ਅਸਲ ਰਣਨੀਤੀ ਇਹ ਹੈ, ਕਿ ਕਿਸ ਤਰ੍ਹਾਂ ਆਪਣੀ ਅਤੇ ਆਪਣੇ ਗੁਆਂਢੀ ਮੁਲਕਾਂ ਦੀ ਸੁਰੱਖਿਆ 'ਚ ਸੁਧਾਰ ਕਰੀਏ, ਉਨ੍ਹਾਂ ਦੀ ਆਰਥਿਕ ਸਥਿਤੀ ਕਿਵੇਂ ਸੁਧਾਰੀਏ, ਦੋਵਾਂ ਦੇਸਾਂ ਵਿੱਚ ਗੱਲਬਾਤ ਕਿਵੇਂ ਮਜ਼ਬੂਤ ਕੀਤੀ ਜਾਵੇ, ਆਦਾਨ-ਪ੍ਰਦਾਨ ਅਤੇ ਵਪਾਰ ਵਿੱਚ ਸੁਧਾਰ ਕਿਵੇਂ ਲਿਆਂਦਾ ਜਾਵੇ ਅਤੇ ਆਪਣੀਆਂ ਨੀਤੀਆਂ ਦੇ ਬਲਬੂਤੇ 'ਤੇ ਇੱਕ ਭਾਈਚਾਰਾ ਸਥਾਪਿਤ ਕੀਤਾ ਜਾਵੇ ਜਿਸ ਵਿੱਚ ਸਾਰੇ ਗੁਆਂਢੀ ਦੇਸ ਇਹ ਮਹਿਸੂਸ ਕਰਨ ਕਿ ਜਿਹੜੀਆਂ ਨੀਤੀਆਂ ਦਾ ਅਸੀਂ ਸਾਰੇ ਮਿਲ ਕੇ ਪਾਲਣ ਕਰ ਰਹੇ ਹਾਂ ਉਸ ਵਿੱਚ ਸਾਡਾ ਵੀ ਫਾਇਦਾ ਹੋਵੇ।
ਭਾਰਤ ਨੂੰ ਚੀਨ ਵਰਗੇ ਗੁਆਂਢੀ ਮੁਲਕ ਅਤੇ ਅਮਰੀਕਾ ਵਰਗੇ ਵੱਡੇ ਦੇਸ ਨਾਲ ਕਿਵੇਂ ਨਜਿੱਠਣਾ ਹੋਵੇਗਾ?
ਇਸ ਸਵਾਲ ਦਾ ਜਵਾਬ ਮੈਂ ਉਦੋਂ ਦਵਾਂਗਾਂ ਜਦੋਂ ਮੈਂ ਅਹੁਦਾ ਸੰਭਾਲ ਲਵਾਂਗਾ। ਇਸ ਸਮੇਂ ਮੈਂ ਇਸ 'ਤੇ ਜ਼ਿਆਦਾ ਕੁਝ ਨਹੀਂ ਬੋਲਣਾ ਚਾਹੁੰਦਾ ਪਰ ਐਨਾ ਕਹਿਣਾ ਜ਼ਰੂਰੀ ਹੈ ਕਿ ਭਾਰਤ ਇਸ ਸਥਿਤੀ ਵਿੱਚ ਪਹੁੰਚ ਗਿਆ ਹੈ ਕਿ ਜਦੋਂ ਉਹ ਦੁਨੀਆਂ ਦੀਆਂ ਵੱਡੀਆਂ ਸ਼ਕਤੀਆਂ ਨਾਲ ਵੱਖੋ-ਵੱਖ ਰਿਸ਼ਤੇ ਰੱਖ ਸਕਦਾ ਹੈ।
ਭਾਵੇਂ ਉਹ ਚੀਨ ਹੋਵੇ, ਅਮਰੀਕਾ ਜਾਂ ਫੇਰ ਰੂਸ ਹੋਵੇ, ਇਨ੍ਹਾਂ ਤਿੰਨਾਂ ਨਾਲ ਸਾਡੇ ਸਬੰਧ ਮਜ਼ਬੂਤ ਹਨ, ਤਿੰਨਾਂ ਦੇਸਾਂ ਨਾਲ ਵੱਖ-ਵੱਖ ਚੁਣੌਤੀਆਂ ਹਨ।
ਅਸੀਂ ਕਿਸੇ ਇੱਕ ਦੇਸ ਦੀ ਦੂਜੇ ਦੇਸ ਨਾਲ ਤੁਲਨਾ ਨਹੀਂ ਕਰ ਸਕਦੇ ਪਰ ਸਾਡੇ ਲਈ ਜ਼ਰੂਰੀ ਹੈ ਕਿ ਅਸੀਂ ਤਿੰਨਾਂ ਨਾਲ ਆਪਣੇ ਸਬੰਧ ਅੱਗੇ ਵਧਾਈਏ।












