ਭਾਰਤੀ ਪਾਸਪੋਰਟ ਨਹੀਂ ਸੀ, ਇਸ ਲਈ ਬਣੀ ਅਮਰੀਕਾ ਦੀ ਕ੍ਰਿਕਟ ਟੀਮ ਦੀ ਕੈਪਟਨ

ਤਸਵੀਰ ਸਰੋਤ, SHEBANI BHASKER
- ਲੇਖਕ, ਵਿਵੇਕ ਆਨੰਦ
- ਰੋਲ, ਬੀਬੀਸੀ ਪੱਤਰਕਾਰ
ਸ਼ੇਬਾਨੀ ਭਾਸਕਰ ਦੀ ਉਮਰ 23 ਸਾਲ ਹੈ ਅਤੇ ਉਹ ਹੁਣ ਅਮਰੀਕਾ ਦੀ ਕੁੜੀਆਂ ਦੀ ਕ੍ਰਿਕਟ ਟੀਮ ਦੀ ਕਪਤਾਨ ਹੈ। ਉਸ ਨੇ ਆਪਣਾ ਕਪਤਾਨ ਬਣਨ ਤੱਕ ਦਾ ਸਫ਼ਰ ਬੀਬੀਸੀ ਨਾਲ ਸਾਂਝਾ ਕੀਤਾ।
2011 ਦੇ ਕੁਆਲੀਫਾਇਰ ਮੁਕਾਬਲੇ ਬਾਂਗਲਾਦੇਸ਼ ਵਿੱਚ ਹੋਏ ਸਨ। ਅਮਰੀਕਾ ਦਾ ਉਨ੍ਹਾਂ ਮੁਕਾਬਲਿਆਂ ਵਿੱਚ ਕਾਫੀ ਖਰਾਬ ਪ੍ਰਦਰਸ਼ਨ ਰਿਹਾ ਸੀ। ਉਸ ਪੂਰੇ ਟੂਰਨਾਮੈਂਟ ਵਿੱਚ ਅਮਰੀਕਾ ਸਿਰਫ਼ ਇੱਕੋ ਮੁਕਾਬਲਾ ਜਿੱਤ ਸਕਿਆ ਸੀ।
ਉਹ ਮੁਕਾਬਲਾ ਜ਼ਿੰਬਾਬਵੇ ਦੇ ਖਿਲਾਫ਼ ਸੀ ਅਤੇ ਸ਼ੇਬਾਨੀ ਦੇ ਸ਼ਾਨਦਾਰ ਪ੍ਰਦਰਸ਼ਨ ਕਾਰਨ ਹੀ ਟੀਮ ਨੂੰ ਜਿੱਤ ਹਾਸਿਲ ਹੋਈ ਸੀ।
ਉਸ ਵੇਲੇ ਸ਼ੇਬਾਨੀ ਦੀ ਉਮਰ ਸਿਰਫ 17 ਸਾਲ ਸੀ ਅਤੇ ਉਸ ਨੂੰ ਪਲੇਅਰ ਆਫ ਦਾ ਮੈਚ ਮਿਲਿਆ ਸੀ।
'ਕਰੜੀ ਮਿਹਨਤ ਨਾਲ ਹਾਸਿਲ ਹੋਈ ਕਾਮਯਾਬੀ'
ਸ਼ੇਬਾਨੀ ਨੇ ਉਸ ਮੈਚ ਬਾਰੇ ਯਾਦ ਕਰਦੇ ਹੋਏ ਦੱਸਿਆ, "ਮੈਂ 89 ਗੇਂਦਾਂ ਵਿੱਚ 72 ਦੌੜਾਂ ਬਣਾਈਆਂ ਸਨ। ਮੈਂ ਇੱਕ ਮੈਚ ਜਿਤਾਊ ਰਨ ਆਊਟ ਵੀ ਕੀਤਾ ਸੀ। ਉਸ ਵੇਲੇ ਵਿਰੋਧੀ ਟੀਮ ਨੂੰ 7 ਗੇਂਦਾਂ 'ਤੇ 2 ਦੌੜਾਂ ਚਾਹੀਦੀਆਂ ਸਨ ਅਤੇ ਆਖਰੀ ਜੋੜੀ ਕ੍ਰੀਸ 'ਤੇ ਸੀ।''
"ਮੇਰਾ ਥਰੋਹ ਸਿੱਧਾ ਵਿਕਟਾਂ 'ਤੇ ਲੱਗਿਆ ਅਤੇ ਸੁਕਾਇਰ ਲੈਗ 'ਤੇ ਖੜ੍ਹੇ ਅੰਪਾਇਰ ਨੇ ਆਊਟ ਦੇਣ ਲਈ ਸਲੋ ਮੋਸ਼ਨ ਵਿੱਚ ਉੰਗਲੀ ਖੜ੍ਹੀ ਕਰ ਦਿੱਤੀ।''

ਤਸਵੀਰ ਸਰੋਤ, ERICA RENDLER
"ਉਹ ਮੇਰੇ ਲਈ ਕਾਫੀ ਖੁਸ਼ੀ ਦਾ ਪਲ਼ ਸੀ। ਸਟੰਪਸ 'ਤੇ ਸਿੱਧਾ ਨਿਸ਼ਾਨਾ ਲਾਉਣਾ ਅਤੇ ਇੱਕ ਦੌੜ ਨਾਲ ਮੈਚ ਜਿੱਤਣਾ ਕਾਫੀ ਖੁਸ਼ਨੁਮਾ ਸੀ। ਇਹ ਕਾਫੀ ਮਿਹਨਤ ਅਤੇ ਪ੍ਰੈਕਟਿਸ ਤੋਂ ਬਾਅਦ ਹਾਸਿਲ ਹੋਇਆ ਸੀ।''
"ਮੈਂ ਖੁਸ਼ ਸੀ ਕਿ ਮੈਂ ਟੀਮ ਦੀ ਜਿੱਤ ਵਿੱਚ ਯੋਗਦਾਨ ਪਾਇਆ ਅਤੇ ਜਿੱਤਣਾ ਹਮੇਸ਼ਾ ਕਾਫੀ ਖੁਸ਼ੀ ਦਿੰਦਾ ਹੈ। ਉਸ ਮੈਚ ਤੋਂ ਬਾਅਦ ਮੈਂ ਆਪਣੇ ਸਾਥੀ ਖਿਡਾਰਨਾਂ ਦਾ ਭਰੋਸਾ ਹਾਸਿਲ ਕਰਨ ਲੱਗੀ ਅਤੇ ਬਾਅਦ ਵਿੱਚ ਟੀਮ ਦੀ ਕਪਤਾਨ ਬਣੀ।''
ਵੱਖ-ਵੱਖ ਦੇਸਾਂ ਵਿੱਚ ਹੋਈ ਸਕੂਲੀ ਸਿੱਖਿਆ
ਸ਼ੇਬਾਨੀ ਮੰਦਾਕਿਨੀ ਭਾਸਕਰ ਦਾ ਜਨਮ ਸ਼ਿਕਾਗੋ ਵਿੱਚ ਹੋਇਆ। ਉਸ ਨੇ ਆਪਣੀ ਸ਼ੁਰੂਆਤੀ ਸਕੂਲੀ ਸਿੱਖਿਆ ਚੇਨਈ ਵਿੱਚ ਕੀਤੀ।
ਸ਼ੇਬਾਨੀ ਨੇ ਦੱਸਿਆ, "ਇੱਕ ਸਾਲ ਮੈਂ ਸਾਬਕਾ ਕ੍ਰਿਕਟਰ ਸ੍ਰੀਕਾਂਤ ਦੀ ਮਾਂ ਵੱਲੋਂ ਚਲਾਏ ਜਾ ਰਹੇ ਸਕੂਲ ਵਿੱਚ ਪੜ੍ਹੀ। ਸ਼ਾਇਦ ਉਨ੍ਹਾਂ ਨੇ ਮੈਨੂੰ ਉਹ ਖਾਣਾ ਖਿਲਾਇਆ ਹੋਣਾ ਹੈ ਜੋ ਉਹ ਸ੍ਰੀਕਾਂਤ ਨੂੰ ਦਿੰਦੇ ਸਨ। ਉੱਥੇ ਹੀ ਇਸ ਸਭ ਦੀ ਸ਼ੁਰੂਆਤ ਹੋਈ।''
"ਭਾਵੇਂ ਮੇਰਾ ਜਨਮ ਸ਼ਿਕਾਗੋ ਵਿੱਚ ਹੋਇਆ ਹੈ, ਮੈਂ ਆਪਣੀ ਸ਼ੁਰੂਆਤੀ ਪੜ੍ਹਾਈ ਵੱਖ-ਵੱਖ ਦੇਸਾਂ ਵਿੱਚ ਕੀਤੀ। ਅਸੀਂ ਘਰ ਵਿੱਚ ਕ੍ਰਿਕਟ ਖੇਡਿਆ, ਸਮੁੰਦਰੀ ਕਿਨਾਰੇ, ਪੌੜਿਆਂ ਦੇ ਥੱਲੇ, ਉਸੇ ਤਰ੍ਹਾਂ ਜਿਸ ਤਰ੍ਹਾਂ ਅਸੀਂ ਪਰਿਵਾਰ ਵਜੋਂ ਬਾਕੀ ਖੇਡ ਖੇਡਦੇ ਸੀ।''

ਤਸਵੀਰ ਸਰੋਤ, SHEBANI BHASKER
"11 ਸਾਲ ਦੀ ਉਮਰ ਵਿੱਚ ਮੈਂ ਪੇਸ਼ੇਵਰ ਖਿਡਾਰੀ ਵਜੋਂ ਖੇਡਣਾ ਸ਼ੁਰੂ ਕੀਤਾ।17 ਸਾਲ ਦੀ ਉਮਰ ਵਿੱਚ ਮੈਂ ਕੌਮਾਂਤਰੀ ਕ੍ਰਿਕਟ ਖੇਡਣਾ ਸ਼ੁਰੂ ਕੀਤਾ। 6 ਸਾਲ ਬਾਅਦ ਮੈਨੂੰ ਅਮਰੀਕਾ ਦੀ ਟੀਮ ਨੂੰ ਲੀਡ ਕਰਨ ਦਾ ਮੌਕਾ ਮਿਲਿਆ।''
ਕਿਉਂ ਭਾਰਤ ਲਈ ਨਹੀਂ ਖੇਡੀ
ਸ਼ੇਬਾਨੀ ਨੇ ਦੱਸਿਆ, "2005 ਵਿੱਚ ਮੈਂ ਕੋਲਕਾਤਾ ਵਿੱਚ ਰਹਿ ਰਹੀ ਸੀ ਅਤੇ ਪੱਛਮ ਬੰਗਾਲ ਦੀ ਅੰਡਰ-16 ਟੀਮ ਲਈ ਕ੍ਰਿਕਟ ਖੇਡ ਰਹੀ ਸੀ। ਜਦੋਂ 2007 ਵਿੱਚ ਮੈਂ ਮੁੰਬਈ ਆਈ ਤਾਂ ਮੈਂ ਮਾਟੁੰਗਾ, ਜਿਮਖਾਨਾ ਅਤੇ ਸ਼ਿਵਾਜੀ ਪਾਰਕ ਵਿੱਚ ਗਲੀ ਕ੍ਰਿਕਟ ਖੇਡਣਾ ਸ਼ੁਰੂ ਕੀਤਾ ਪਰ 2008 ਵਿੱਚ ਮੈਂ ਚੇਨਈ ਵਾਪਸ ਆ ਗਈ।''
"ਮੈਂ ਤਮਿਲਨਾਡੂ ਦੀ ਅੰਡਰ-19 ਟੀਮ ਅਤੇ ਸੀਨੀਅਰ ਟੀਮ ਲਈ ਕ੍ਰਿਕਟ ਖੇਡੀ। ਮੇਰੇ ਕੋਲ ਭਾਰਤੀ ਪਾਸਪੋਰਟ ਨਹੀਂ ਸੀ ਇਸ ਲਈ ਮੈਂ ਕੌਮੀ ਪੱਧਰ ਦੇ ਮੁਕਾਬਲੇ ਨਹੀਂ ਖੇਡ ਸਕੀ। ਇਹ ਮੇਰੇ ਲਈ ਕਾਫੀ ਅਫਸੋਸ ਵਾਲੀ ਗੱਲ ਸੀ।''

ਤਸਵੀਰ ਸਰੋਤ, SHEBANI BHASKER
ਉਸ ਨੇ ਅੱਗੇ ਦੱਸਿਆ, "ਮੇਰੇ ਕੋਲ ਅਮਰੀਕੀ ਪਾਸਪੋਰਟ ਸੀ ਇਸ ਲਈ ਮੈਨੂੰ ਅਮਰੀਕਾ ਦੀ ਟੀਮ ਲਈ 2011 ਵਿੱਚ ਖੇਡਣ ਦਾ ਮੌਕਾ ਮਿਲਿਆ। ਉਹ ਆਈਸੀਸੀ ਵਿਸ਼ਵ ਕੱਪ ਕੁਆਲੀਫਾਇਰ ਦੇ ਮੁਕਾਬਲੇ ਸਨ।''
"ਇਹ ਮੇਰੇ ਸੁਫਨੇ ਦਾ ਨਵਾਂ ਜਨਮ ਸੀ ਅਤੇ ਉਸ ਵੇਲੇ ਮੇਰੀ ਉਮਰ 17 ਸਾਲ ਸੀ।''
ਕੀ ਹੈ ਸ਼ੇਬਾਨੀ ਦਾ ਸਟਾਈਲ?
ਟੀ20 ਵਿਸ਼ਵ ਕੱਪ 2018 ਇਸ ਸਾਲ ਨਵੰਬਰ ਵਿੱਚ ਵੈਸਟ ਇੰਡੀਜ਼ ਵਿੱਚ ਹੋ ਰਿਹਾ ਹੈ। ਵਿਸ਼ਵ ਕੱਪ ਦੇ ਕੁਆਲੀਫਾਇਰ ਮੁਕਾਬਲੇ 7 ਜੁਲਾਈ ਤੋਂ ਸ਼ੁਰੂ ਹੋਣਗੇ।
ਭਾਵੇਂ ਅਮਰੀਕਾ ਕੁਆਲੀਫਾਇਰ ਮੁਕਾਬਲੇ ਖੇਡਣ ਲਈ ਕੁਆਲੀਫਾਈ ਨਹੀਂ ਕਰ ਸਕਿਆ ਹੈ ਪਰ ਸ਼ੇਬਾਨੀ ਨੂੰ ਉਮੀਦ ਹੈ ਕਿ ਅਮਰੀਕਾ 2020 ਦਾ ਵਿਸ਼ਵ ਕੱਪ ਜ਼ਰੂਰ ਖੇਡੇਗਾ।
ਸ਼ੇਬਾਨੀ ਨੇ ਦੱਸਿਆ, "ਮੇਰਾ ਪਹਿਲਾ ਮਕਸਦ ਵਿਸ਼ਵ ਕੱਪ ਲਈ ਕੁਆਲੀਫਾਈ ਕਰਨਾ ਅਤੇ ਭਾਰਤ ਵਰਗੀਆਂ ਟੀਮਾਂ ਨਾਲ ਖੇਡਣਾ ਹੈ। ਨਵੇਂ ਵਿਚਾਰਾਂ ਨਾਲ ਟੀਮ ਨੂੰ ਲੀਡ ਕਰਨਾ ਮੇਰੀ ਜ਼ਿੰਮੇਵਾਰੀ ਹੈ। ਮੈਂ ਪੁਰਾਣੇ ਮੁੱਦਿਆਂ ਬਾਰੇ ਫਿਕਰ ਨਹੀਂ ਕਰਨਾ ਚਾਹੁੰਦੀ। ਮੈਂ ਇੱਕ ਵਾਰ ਵਿੱਚ ਇੱਕ ਹੀ ਮੈਚ ਬਾਰੇ ਸੋਚਦੀ ਹਾਂ ਅਤੇ ਸਾਰੀ ਮਿਹਨਤ ਉਸੇ ਮੈਚ 'ਤੇ ਲਾਉਂਦੀ ਹਾਂ। ਇਹੀ ਮੇਰਾ ਸਟਾਈਲ ਹੈ।"
ਪਰਿਵਾਰ ਦੀ ਖੇਡ ਦੀ ਵਿਰਾਸਤ
ਅਮਰੀਕਾ ਦੀ ਕ੍ਰਿਕਟ ਟੀਮ ਵਿੱਚ ਭਾਰਤ, ਪਾਕਿਸਤਾਨ ਅਤੇ ਵੈਸਟ ਇੰਡੀਜ਼ ਮੂਲ ਦੀਆਂ ਖਿਡਾਰਨਾਂ ਹਨ।
ਜਦੋਂ ਸ਼ੇਬਾਨੀ ਤੋਂ ਭਾਰਤੀ ਟੀਮ ਦੇ ਪ੍ਰਦਰਸ਼ਨ ਬਾਰੇ ਸਵਾਲ ਕੀਤਾ ਗਿਆ ਤਾਂ ਉਸ ਨੇ ਕਿਹਾ, "ਭਾਰਤ ਦੀ ਕੁੜੀਆਂ ਦੀ ਟੀਮ ਇਸ ਵੇਲੇ ਕਾਫੀ ਬਿਹਤਰ ਹੈ ਜਿਸ ਤਰੀਕੇ ਨਾਲ ਉਨ੍ਹਾਂ ਨੇ ਇੰਗਲੈਂਡ ਵਿੱਚ ਹੋਏ ਬੀਤੇ ਵਿਸ਼ਵ ਕੱਪ ਵਿੱਚ ਆਸਟਰੇਲੀਆ ਖਿਲਾਫ ਮੁਕਾਬਲਾ ਕੀਤਾ ਉਨ੍ਹਾਂ ਨੇ ਸਾਰਿਆਂ ਦਾ ਧਿਆਨ ਖਿੱਚਿਆ।''
"ਬੀਤੇ ਕਈ ਸਾਲਾਂ ਵਿੱਚ ਭਾਰਤੀ ਟੀਮ ਟਾਪ 3-4 ਟੀਮਾਂ ਵਿੱਚ ਰਹੀ ਹੈ ਪਰ ਇੰਗਲੈਂਡ ਵੱਲੋਂ ਕੁੜੀਆਂ ਦੇ ਮੈਚਾਂ ਨੂੰ ਪ੍ਰਾਈਮ ਟੈਲੀਵਿਜ਼ਨ ਤੇ ਪ੍ਰਸਾਰਿਤ ਕਰਕੇ ਉਸਦੀ ਪਹੁੰਚ ਨੂੰ ਵਧਾਇਆ ਹੈ।''

ਤਸਵੀਰ ਸਰੋਤ, SHEBANI BHASKER
ਸ਼ੇਬਾਨੀ ਦਾ ਪਿਛੋਕੜ ਖੇਡ ਨਾਲ ਜੁੜਿਆ ਹੈ। ਉਸ ਦੀ ਮਾਤਾ ਇੱਕ ਟੈਨਿਸ ਖਿਡਾਰਣ ਰਹੀ ਹੈ ਅਤੇ ਪਿਤਾ ਸਪ੍ਰਿੰਟਰ ਸਨ। ਉਸ ਦੇ ਦਾਦਾਜੀ ਜਿਮਨਾਸਟ ਸਨ। ਇਸ ਲਈ ਬਚਪਨ ਤੋਂ ਹੀ ਸ਼ੇਬਾਨੀ ਦੀ ਖੇਡ ਲਈ ਦਿਲਚਸਪੀ ਸੀ।
ਸ਼ੇਬਾਨੀ ਨੇ ਦੱਸਿਆ, "ਜਦੋਂ ਮੈਂ ਕ੍ਰਿਕਟ ਖੇਡਦੀ ਸੀ ਤਾਂ ਮੇਰਾ ਪਰਿਵਾਰ ਮੇਰੀ ਬਹੁਤ ਤਾਰੀਫ ਕਰਦਾ ਸੀ। ਜਦੋਂ ਮੈਂ ਚੰਗਾ ਪ੍ਰਦਰਸ਼ਨ ਨਹੀਂ ਕਰਦੀ ਸੀ ਤਾਂ ਉਹ ਮੈਨੂੰ ਕ੍ਰਿਕਟ ਛੱਡ ਗੋਲਫ ਵਰਗੀਆਂ ਹੋਰ ਗੇਮਾਂ ਵੱਲ ਜਾਣ ਨੂੰ ਕਹਿੰਦੇ ਸਨ ਪਰ ਮੈਂ ਹਮੇਸ਼ਾ ਕ੍ਰਿਕਟ ਵਿੱਚ ਕਾਮਯਾਬ ਹੋਣਾ ਚਾਹੁੰਦੀ ਸੀ।''
"ਮੈਂ ਤਮਿਲ ਨਾਡੂ ਦੀ ਅੰਡਰ-19 ਕ੍ਰਿਕਟ ਟੀਮ ਦੀ ਕਪਤਾਨ ਰਹਿ ਚੁੱਕੀ ਹਾਂ। ਮੈਂ ਆਪਣੀ ਕਾਲਜ ਦੀ ਟੀਮ ਦੀ ਵੀ ਚਾਰ ਸਾਲ ਕਪਤਾਨ ਰਹੀ ਹਾਂ। ਇਹੀ ਤਜਰਬਾ ਹੁਣ ਮੈਂ ਭਵਿੱਖ ਵਿੱਚ ਇਸਤੇਮਾਲ ਕਰਾਂਗੀ।''












