ਯੋ-ਯੋ ਟੈਸਟ ਜਿਸਨੇ ਕ੍ਰਿਕਟਰਾਂ ਨੂੰ ਭੱਜਣ ਲਈ ਮਜਬੂਰ ਕੀਤਾ

ਯੋ-ਯੋ ਟੈਸਟ ਨੂੰ ਕਈ ਕੌਮਾਂਤਰੀ ਖੇਡਾਂ ਲਈ ਜ਼ਰੂਰੀ ਕਰ ਦਿੱਤਾ ਗਿਆ ਹੈ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਯੋ-ਯੋ ਟੈਸਟ ਨੂੰ ਕਈ ਕੌਮਾਂਤਰੀ ਖੇਡਾਂ ਲਈ ਜ਼ਰੂਰੀ ਕਰ ਦਿੱਤਾ ਗਿਆ ਹੈ
    • ਲੇਖਕ, ਜਸਪਾਲ ਸਿੰਘ
    • ਰੋਲ, ਬੀਬੀਸੀ ਪੱਤਰਕਾਰ

ਜੇ ਤੁਸੀਂ ਆਪਣੇ ਬੱਚੇ ਨੂੰ ਕ੍ਰਿਕਟਰ ਬਣਾਉਣਾ ਚਾਹੁੰਦੇ ਹੋ ਤਾਂ ਸਿਰਫ਼ ਉਸ ਨੂੰ ਬੈਟ ਫੜ੍ਹਨਾ ਜਾਂ ਗੇਂਦ ਸੁੱਟਣਾ ਨਾ ਸਿਖਾਓ, ਉਸ ਨੂੰ ਦੌੜਾਓ, ਉਹ ਵੀ ਤੇਜ਼...ਤੇਜ਼...ਬਹੁਤ ਤੇਜ਼।

ਭਾਰਤੀ ਕ੍ਰਿਕਟ ਟੀਮ ਵਿੱਚ ਚੋਣ ਲਈ ਬੱਲਾ ਫੜ੍ਹ ਚੌਕੇ-ਛਿੱਕੇ ਲਾਉਣੇ ਜਾਂ ਤੇਜ਼ ਰਫ਼ਤਾਰ ਨਾਲ ਗੇਂਦ ਸੁੱਟਣੀ ਹੀ ਕਾਫੀ ਨਹੀਂ, ਚੀਤੇ ਵਰਗੀ ਫੁਰਤੀ ਵੀ ਅਹਿਮ ਹੋ ਗਈ ਹੈ।

ਇਸ ਲਈ ਲਿਆਂਦਾ ਗਿਆ ਹੈ ਇੱਕ ਨਵਾਂ ਫਿਟਨੈੱਸ ਟੈਸਟ। ਇਸ ਦਾ ਨਾਮ ਹੈ ਯੋ-ਯੋ ਟੈਸਟ।

ਹਾਲ ਵਿੱਚ ਹੀ ਇੰਗਲੈਂਡ ਦੇ ਦੌਰੇ ਜ਼ਰੀਏ ਆਪਣੇ ਕਰੀਅਰ ਨੂੰ ਸਿਖ਼ਰਾਂ 'ਤੇ ਪਹੁੰਚਾਉਣ ਦਾ ਅੰਬਾਤੀ ਰਾਇਡੂ ਦਾ ਸੁਫ਼ਨਾ ਉਸ ਵੇਲੇ ਟੁੱਟ ਗਿਆ ਜਦੋਂ ਉਹ ਯੋ-ਯੋ ਟੈਸਟ ਵਿੱਚ ਪਾਸ ਨਾ ਹੋ ਸਕੇ।

ਭਾਰਤੀ ਕ੍ਰਿਕਟ ਟੀਮ ਦੇ ਕੋਚ ਰਵੀ ਸ਼ਾਸਤਰੀ ਅਤੇ ਕਪਤਾਨ ਵਿਰਾਟ ਕੋਹਲੀ ਨੇ ਵੀ ਯੋਯੋ ਟੈਸਟ ਦੀ ਹਿਮਾਇਤ ਕੀਤੀ ਹੈ।

ਵਿਰਾਟ ਕੋਹਲੀ ਦਾ ਕਹਿਣਾ ਹੈ, "ਜਿਸ ਤਰ੍ਹਾਂ ਦੀ ਮੁਸ਼ਕਿਲ ਕ੍ਰਿਕਟ ਅਸੀਂ ਖੇਡ ਰਹੇ ਹਾਂ ਉਸ ਵਿੱਚ ਅਜੀਹੀ ਫਿਜੀਕਲ ਫਿਟਨੈੱਸ ਜ਼ਰੂਰੀ ਹੈ। ਯੋਯੋ ਟੈਸਟ ਇਸ ਲਈ ਸਟੀਕ ਹੈ।''

ਇਸ ਸਾਲ ਆਈਪੀਐੱਲ ਵਿੱਚ 602 ਦੌੜਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਆਧਾਰ 'ਤੇ ਅੰਬਾਤੀ ਰਾਇਡੂ ਦੀ ਇੰਗਲੈਂਡ ਦੌਰੇ ਲਈ ਚੋਣ ਹੋਈ ਪਰ ਯੋ-ਯੋ ਟੈਸਟ ਵਿੱਚ ਫੇਲ੍ਹ ਹੋਣ ਕਾਰਨ ਉਨ੍ਹਾਂ ਦਾ ਨਾਂ ਸੂਚੀ ਤੋਂ ਹਟਾ ਦਿੱਤਾ ਗਿਆ ਅਤੇ ਸੁਰੇਸ਼ ਰੈਨਾ ਦੀ ਚੋਣ ਕਰ ਲਈ ਗਈ।

ਧਿਆਨ ਦੇਣ ਵਾਲੀ ਗੱਲ ਹੈ ਕਿ ਬੀਤੇ ਸਾਲ ਸੁਰੇਸ਼ ਰੈਣਾ ਵੀ ਯੋ-ਯੋ ਟੈਸਟ ਵਿੱਚ ਫੇਲ੍ਹ ਹੋਏ ਸਨ ਪਰ ਹੁਣ ਉਨ੍ਹਾਂ ਨੇ ਇਹ ਟੈਸਟ ਪਾਸ ਕਰ ਲਿਆ ਹੈ।

ਵਿਰਾਟ ਕੋਹਲੀ ਯੋ-ਯੋ ਟੈਸਟ ਵਿੱਚ ਚੰਗਾ ਸਕੋਰ ਕਰਨ ਲਈ ਜਾਣੇ ਜਾਂਦੇ ਹਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਭਾਰਤੀ ਕ੍ਰਿਕਟ ਦੇ ਕਪਤਾਨ ਵਿਰਾਟ ਕੋਹਲੀ ਯੋ-ਯੋ ਟੈਸਟ ਵਿੱਚ ਚੰਗਾ ਸਕੋਰ ਕਰਨ ਲਈ ਜਾਣੇ ਜਾਂਦੇ ਹਨ

ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਵੀ ਆਪਣੀ ਰਫ਼ਤਾਰ ਦੇ ਜਲਵੇ ਇੰਗਲੈਂਡ ਖਿਲਾਫ਼ ਵਨ ਡੇਅ ਮੈਚਾਂ ਦੀ ਲੜੀ ਵਿੱਚ ਨਹੀਂ ਦਿਖਾ ਸਕੇ ਸਨ। ਉਹ ਵੀ ਯੋ-ਯੋ ਟੈਸਟ ਵਿੱਚ ਫੇਲ੍ਹ ਸਾਬਿਤ ਹੋਏ ਸਨ।

ਭਾਰਤੀ ਬੱਲੇਬਾਜ਼ੀ ਦਾ ਅਹਿਮ ਧੁਰਾ ਮੰਨੇ ਜਾਣ ਵਾਲੇ ਰੋਹਿਤ ਸ਼ਰਮਾ ਦੇ ਯੋ-ਯੋ ਟੈਸਟ ਪਾਸ ਕਰਨ ਬਾਰੇ ਖਦਸ਼ੇ ਪ੍ਰਗਟਾਏ ਜਾ ਰਹੇ ਸਨ ਪਰ ਰੋਹਿਤ ਨੇ ਇਸ ਟੈਸਟ ਨੂੰ ਪਾਸ ਕਰਕੇ ਭਾਰਤੀ ਫੈਨਜ਼ ਨੂੰ ਰਾਹਤ ਪਹੁੰਚਾਈ ਸੀ।

ਇਸ ਬਾਰੇ ਵਿਵਾਦ ਵੀ ਉੱਠਿਆ ਕਿ, ਕਿਉਂ ਟੀਮ ਦੀ ਚੋਣ ਤੋਂ ਬਾਅਦ ਇਹ ਟੈਸਟ ਕਰਵਾਇਆ ਗਿਆ।

ਫਿਰ ਬੀਸੀਸੀਆਈ ਵੱਲੋਂ ਯੋ-ਯੋ ਟੈਸਟ ਨੂੰ ਟੀਮ ਦੀ ਚੋਣ ਤੋਂ ਪਹਿਲਾਂ ਕਰਾਉਣਾ ਜ਼ਰੂਰੀ ਕਰ ਦਿੱਤਾ ਗਿਆ ਹੈ।

ਕੀ ਹੈ ਯੋ-ਯੋ ਟੈਸਟ?

ਯੋ-ਯੋ ਟੈਸਟ ਵਿੱਚ ਖਿਡਾਰੀ ਨੂੰ 20 ਮੀਟਰ ਦੇ ਫਾਸਲੇ 'ਤੇ ਰੱਖੇ ਦੋ ਕੋਨਜ਼ ਵਿਚਾਲੇ ਭੱਜਣਾ ਹੁੰਦਾ ਹੈ।

ਬੀਪ ਵੱਜਦੇ ਹੀ ਉਹ ਇੱਕ ਸਿਰੇ ਤੋਂ ਭੱਜਣਾ ਸ਼ੁਰੂ ਕਰਦਾ ਹੈ ਤੇ ਦੂਜੀ ਬੀਪ ਵੱਜਣ ਤੋਂ ਪਹਿਲਾਂ ਉਸ ਨੂੰ ਦੂਜੇ ਸਿਰੇ ਤੱਕ ਪਹੁੰਚਣਾ ਹੁੰਦਾ ਹੈ।

ਫਿਰ ਉਸਨੂੰ ਫੌਰਨ ਵਾਪਸ ਮੁੜ ਭੱਜਣਾ ਪੈਂਦਾ ਹੈ ਤੇ ਅਗਲੀ ਬੀਪ ਵੱਜਣ ਤੋਂ ਪਹਿਲਾਂ ਪਹੁੰਚਣਾ ਹੁੰਦਾ ਹੈ। ਇਸ ਨਾਲ ਇੱਕ ਸ਼ਟਲ ਪੂਰੀ ਹੋ ਜਾਂਦੀ ਹੈ।

ਬੀਤੇ ਸਾਲ ਸੁਰੇਸ਼ ਰੈਣਾ ਯੋ-ਯੋ ਟੈਸਟ ਵਿੱਚ ਫੇਲ੍ਹ ਹੋ ਗਏ ਸਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਬੀਤੇ ਸਾਲ ਸੁਰੇਸ਼ ਰੈਣਾ ਯੋ-ਯੋ ਟੈਸਟ ਵਿੱਚ ਫੇਲ੍ਹ ਹੋ ਗਏ ਸਨ

ਪਹਿਲੇ ਲੈਵਲ ਤੇ ਸਪੀਡ 10 ਕਿਲੋਮੀਟਰ ਪ੍ਰਤੀ ਘੰਟੇ ਹੁੰਦੀ ਹੈ ਤੇ ਇੱਕ ਸ਼ਟਲ ਹੀ ਕਰਨੀ ਪੈਂਦੀ ਹੈ। ਇਸ ਤੋਂ ਅਗਲੇ ਲੈਵਲ 'ਤੇ ਰਫ਼ਤਾਰ 11.5 ਹੋ ਜਾਂਦੀ ਹੈ। ਫਿਰ ਰਫ਼ਤਾਰ 11 ਕਿਲੋਮੀਟਰ ਪ੍ਰਤੀ ਘੰਟੇ ਹੋ ਜਾਂਦੀ ਹੈ ਤੇ ਸ਼ੱਟਲ ਦੀ ਗਿਣਤੀ ਵੀ ਇੱਕ ਹੀ ਰਹਿੰਦੀ ਹੈ।

ਜਿਵੇਂ-ਜਿਵੇਂ ਰਫ਼ਤਾਰ ਵਧਦੀ ਹੈ ਸ਼ਟਲਜ਼ ਦੀ ਗਿਣਤੀ ਵੀ ਵਧਦੀ ਜਾਂਦੀ ਹੈ ਤੇ 12 ਕਿਲੋਮੀਟਰ ਪ੍ਰਤੀ ਘੰਟੇ ਦੀ ਸਪੀਡ 'ਤੇ ਤਿੰਨ ਸ਼ਟਲਜ਼ ਅਤੇ 13 ਕਿਲੋਮੀਟਰ ਪ੍ਰਤੀ ਘੰਟੇ ਦੀ ਸਪੀਡ ਤੇ ਚਾਰ ਸ਼ਟਲਸ ਹੁੰਦੀਆਂ ਹਨ। ਹਰ ਸ਼ਟਲ ਦੇ ਵਿਚਾਲੇ 10 ਸੈਕਿੰਟ ਦਾ ਵਕਫਾ ਹੁੰਦਾ ਹੈ।

14 ਦੀ ਰਫ਼ਤਾਰ ਤੋਂ ਬਾਅਦ ਹਰ ਲੈਵਲ ਤੇ 8-8 ਸ਼ਟਲ ਤੱਕ ਹੋ ਜਾਂਦੇ ਹਨ। ਸਭ ਤੋਂ ਤੇਜ਼ ਰਫ਼ਤਾਰ 23 ਕਿਲੋਮੀਟਰ ਪ੍ਰਤੀ ਘੰਟੇ ਦੀ ਹੁੰਦੀ ਹੈ ਜਿਸ ਤੱਕ ਅੱਜ ਤੱਕ ਕੋਈ ਖਿਡਾਰੀ ਨਹੀਂ ਪਹੁੰਚ ਸਕਿਆ ਹੈ।

ਪਾਸ ਹੋਣ ਲਈ ਕਿੰਨਾ ਸਕੋਰ ਜ਼ਰੂਰੀ?

ਯੋ-ਯੋ ਟੈਸਟ ਪਾਸ ਕਰਨ ਦੇ ਲਈ ਭਾਰਤੀ ਕ੍ਰਿਕਟਰਾਂ ਲਈ 16.1 ਦਾ ਸਕੋਰ ਤੈਅ ਕੀਤਾ ਗਿਆ ਹੈ ਪਰ ਹੋਰ ਦੇਸਾਂ ਦੇ ਮੁਕਾਬਲੇ ਭਾਰਤ ਦਾ ਸਕੋਰ ਸਭ ਤੋਂ ਘੱਟ ਹੈ।

ਨਿਊਜ਼ੀਲੈਂਡ ਵਿੱਚ ਇਹ ਸਕੋਰ 18 ਤੋਂ ਪਾਰ ਹੋ ਚੁੱਕਾ ਹੈ। ਭਾਰਤ ਵੱਲੋਂ ਇਹ ਟੈਸਟ ਕੁਝ ਵਕਤ ਪਹਿਲਾਂ ਹੀ ਸ਼ੁਰੂ ਕੀਤਾ ਗਿਆ ਹੈ।

ਸਾਬਕਾ ਕਪਤਾਨ ਤੇ ਮੌਜੂਦਾ ਵਿਕਟ ਕੀਪਰ ਮਹਿੰਦਰ ਸਿੰਘ ਧੋਨੀ ਆਪਣੀ ਫਿਟਨੈਸ ਲਈ ਜਾਣੇ ਜਾਂਦੇ ਹਨ

ਤਸਵੀਰ ਸਰੋਤ, Jan Kruger-IDI

ਤਸਵੀਰ ਕੈਪਸ਼ਨ, ਸਾਬਕਾ ਕਪਤਾਨ ਤੇ ਮੌਜੂਦਾ ਵਿਕਟ ਕੀਪਰ ਮਹਿੰਦਰ ਸਿੰਘ ਧੋਨੀ ਆਪਣੀ ਫਿਟਨੈਸ ਲਈ ਜਾਣੇ ਜਾਂਦੇ ਹਨ

ਯੋ-ਯੋ ਟੈਸਟ ਦੀ ਸਰੀਰਕ ਸਮਰੱਥਾ ਲਈ ਅਹਿਮੀਅਤ

ਪੰਜਾਬੀ ਯੂਨੀਵਰਸਿਟੀ ਵਿੱਚ ਫੀਜ਼ਿਕਲ ਐਜੁਕੇਸ਼ਨ ਦੇ ਪ੍ਰੋਫੈਸਰ ਗੁਰਮੀਤ ਸਿੰਘ ਨੇ ਦੱਸਿਆ ਕਿ ਯੋ-ਯੋ ਟੈਸਟ ਕਿਸੇ ਵੀ ਖਿਡਾਰੀ ਦੀ ਦੂਰ ਤੱਕ ਭੱਜਣ ਦੀ ਸਮਰੱਥਾ ਦੱਸਦਾ ਹੈ।

ਉਨ੍ਹਾਂ ਨੇ ਕਿਹਾ, "ਯੋ-ਯੋ ਟੈਸਟ ਦੱਸਦਾ ਹੈ ਕਿ ਤੁਸੀਂ ਤੇਜ਼ ਰਫ਼ਤਾਰ ਨਾਲ ਕਿੰਨੀ ਦੂਰ ਤੱਕ ਭੱਜ ਸਕਦੇ ਹੋ। ਕ੍ਰਿਕਟਰ ਨੂੰ ਵੀ ਦੇਰ ਤੱਕ ਬੈਟਿੰਗ ਕਰਨੀ ਹੁੰਦੀ ਹੈ, ਇੱਕੋ ਵਾਰ ਵਿੱਚ ਕਈ ਓਵਰ ਸੁੱਟਣੇ ਪੈਂਦੇ ਹਨ ਇਸ ਲਈ ਚੰਗੀ ਸਰੀਰਕ ਸਮਰੱਥਾ ਦੀ ਲੋੜ ਹੁੰਦੀ ਹੈ।''

"ਜੇ ਕਦੇ ਮੈਚ ਵਿੱਚ ਵੱਧ ਦੌੜਾਂ ਭੱਜ ਕੇ ਬਣਾਉਣੀਆਂ ਪੈਣ ਤਾਂ ਯੋ-ਯੋ ਟੈਸਟ ਪਾਸ ਹੋਣਾ ਕਾਫੀ ਲਾਹੇਵੰਦ ਹੁੰਦਾ ਹੈ।''

ਗੁਰਮੀਤ ਸਿੰਘ ਨੇ ਕਿਹਾ ਕਿ ਕਈ ਹੋਰ ਖੇਡਾਂ ਦੇ ਖਿਡਾਰੀ ਵੀ ਇਸ ਤਰੀਕੇ ਦੇ ਟੈਸਟ ਦਿੰਦੇ ਹਨ ਤਾਂ ਜੋ ਉਹ ਖੇਡ ਵਿੱਚ ਬਿਹਤਰ ਸਰੀਰਕ ਸਮਰੱਥਾ ਨਾਲ ਪ੍ਰਦਰਸ਼ਨ ਕਰ ਸਕਣ।

ਹੁਣ ਫਿਟਨੈੱਸ ਕਾਫੀ ਅਹਿਮ

ਸੀਨੀਅਰ ਖੇਡ ਪੱਤਰਕਾਰ ਪ੍ਰਦੀਪ ਮੈਗਜ਼ੀਨ ਅਨੁਸਾਰ ਬੀਸੀਸੀਆਈ ਵੱਲੋਂ ਹੁਨਰ ਤੋਂ ਵੱਧ ਫਿਟਨੈੱਸ ਨੂੰ ਤਵੱਜੋ ਦਿੱਤੀ ਜਾ ਰਹੀ ਹੈ।

ਉਨ੍ਹਾਂ ਕਿਹਾ, "ਕ੍ਰਿਕਟ ਫੁੱਟਬਾਲ ਤੇ ਬਾਕੀ ਖੇਡਾਂ ਤੋਂ ਵੱਖ ਹੈ। ਇਸ ਤੋਂ ਪਹਿਲਾਂ ਕਦੇ ਵੀ ਕ੍ਰਿਕਟ ਵਿੱਚ ਫਿਟਨੈੱਸ ਵੱਲ ਜ਼ਿਆਦਾ ਧਿਆਨ ਨਹੀਂ ਦਿੱਤਾ ਗਿਆ ਸੀ। ਹੁਣ ਵਨ ਡੇਅ, ਟੀ-20 ਤੇ ਟੈਸਟ ਕ੍ਰਿਕਟ ਖੇਡੀਆਂ ਜਾਂਦੀਆਂ ਹਨ, ਫੀਲਡਿੰਗ ਦੇ ਮਿਆਰ ਵੀ ਕਾਫੀ ਉੱਚੇ ਹੋ ਗਏ ਹਨ ਇਸ ਲਈ ਬੀਸੀਸੀਆਈ ਵੱਲੋਂ ਇਸ ਨੂੰ ਜ਼ਰੂਰੀ ਕੀਤਾ ਗਿਆ ਹੈ।''

ਪ੍ਰਦੀਪ ਨੇ ਕਿਹਾ, "ਪਹਿਲਾਂ ਫੀਲਡਿੰਗ ਕਰਨਾ, ਕੈਚ ਫੜਨੇ ਜਾਂ ਵਿਕਟਾਂ ਵਿਚਾਲੇ ਭੱਜਣ ਵੱਲ ਵਧੇਰੇ ਧਿਆਨ ਨਹੀਂ ਦਿੱਤਾ ਜਾਂਦਾ ਸੀ ਪਰ ਅਜੋਕੇ ਕ੍ਰਿਕਟ ਵਿੱਚ ਇਹ ਕਾਫੀ ਅਹਿਮ ਹੋ ਗਏ ਹਨ।''

"ਬੀਸੀਸੀਆਈ ਮੰਨਦਾ ਹੈ ਕਿ ਖਿਡਾਰੀਆਂ ਦੀ ਸਰੀਰਕ ਸਮਰੱਥਾ ਉਨ੍ਹਾਂ ਦੇ ਹੁਨਰ ਨੂੰ ਹੋਰ ਵਧਾਉਂਦੀ ਹੈ ਅਤੇ ਜੇ ਤੁਹਾਡੇ ਕੋਲ ਫਿਟਨੈਸ ਨਹੀਂ ਤਾਂ ਸਿਰਫ਼ ਹੁਨਰ ਦੀ ਬਦਲੌਤ ਤੁਸੀਂ ਅੱਜ ਦੀ ਕ੍ਰਿਕਟ ਵਿੱਚ ਤੁਸੀਂ ਕਾਮਯਾਬ ਨਹੀਂ ਹੋ ਸਕਦੇ।''

ਬੀਤੇ ਸਾਲ ਯੁਵਰਾਜ ਨੇ ਆਪਣਾ ਰਣਜੀ ਸੀਜ਼ਨ ਵਿਚਾਲੇ ਛੱਡ ਕੇ ਯੋ-ਯੋ ਟੈਸਟ ਪਾਸ ਕੀਤਾ ਸੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਬੀਤੇ ਸਾਲ ਯੁਵਰਾਜ ਨੇ ਆਪਣਾ ਰਣਜੀ ਸੀਜ਼ਨ ਵਿਚਾਲੇ ਛੱਡ ਕੇ ਯੋ-ਯੋ ਟੈਸਟ ਪਾਸ ਕੀਤਾ ਸੀ

ਪ੍ਰਦੀਪ ਨੇ ਦੱਸਿਆ, "ਕੁਝ ਲੋਕਾਂ ਦਾ ਮੰਨਣਾ ਹੈ ਕਿ ਹੁਨਰ ਸਭ ਤੋਂ ਪਹਿਲਾਂ ਹੈ ਅਤੇ ਜੇ ਹੁਨਰ ਹੀ ਨਹੀਂ ਹੈ ਤਾਂ ਫਿਟਨੈੱਸ ਦਾ ਕੀ ਮਤਲਬ ਪਰ ਅੱਜ ਦੀ ਕ੍ਰਿਕਟ ਵਿੱਚ ਹੁਨਰ ਦੇ ਨਾਲ-ਨਾਲ ਫਿਟਨੈੱਸ ਵੀ ਪੂਰੇ ਤਰੀਕੇ ਨਾਲ ਅਹਿਮ ਹੈ।''

ਪ੍ਰਦੀਪ ਮੰਨਦੇ ਹਨ ਕਿ ਯੋ-ਯੋ ਫਿਟਨੈਸ ਟੈਸਟ ਟੀਮ ਦੀ ਚੋਣ ਤੋਂ ਪਹਿਲਾਂ ਹੋਣਾ ਚਾਹੀਦਾ ਹੈ। 20-25 ਖਿਡਾਰੀਆਂ ਦੇ ਪੂਲ ਦਾ ਟੈਸਟ ਕਿਸੇ ਵੀ ਮੁਕਬਾਲੇ ਦੀ ਚੋਣ ਤੋਂ ਪਹਿਲਾਂ ਹੀ ਹੋ ਜਾਣਾ ਚਾਹੀਦਾ ਹੈ।

ਉਨ੍ਹਾਂ ਅੱਗੇ ਕਿਹਾ, "ਖਿਡਾਰੀ ਨੂੰ ਵੀ ਸਮਝਣਾ ਪਵੇਗਾ ਕਿ ਹੁਨਰ ਦੇ ਨਾਲ-ਨਾਲ ਹੁਣ ਕੌਮਾਂਤਰੀ ਪੱਧਰ 'ਤੇ ਖੇਡਣ ਲਈ ਫਿਟਨੈੱਸ ਵੀ ਜ਼ਰੂਰੀ ਹੈ, ਇਸ ਲਈ ਹੁਨਰ ਨੂੰ ਨਿਖਾਰਨ ਦੇ ਨਾਲ ਖਿਡਾਰੀ ਨੂੰ ਸਰੀਰਕ ਸਮਰੱਥਾ ਵਧਾਉਣ ਵੱਲ ਵੀ ਕੰਮ ਕਰਨਾ ਪਵੇਗਾ।''

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)