ਫੁੱਟਬਾਲ ਵਿਸ਼ਵ ਕੱਪ 2018: ਫੁੱਟਬਾਲ ਦੇ ਬਾਬਾ ਬੋਹੜ ਪੇਲੇ ਦਾ ਨਾਮ ਕਿਵੇਂ ਪਿਆ?

ਤਸਵੀਰ ਸਰੋਤ, EPA
- ਲੇਖਕ, ਪ੍ਰਦੀਪ ਕੁਮਾਰ
- ਰੋਲ, ਬੀਬੀਸੀ ਪੱਤਰਕਾਰ
ਵਿਸ਼ਵ ਕੱਪ ਫੁੱਟਬਾਲ ਦੀ ਸਭ ਤੋਂ ਕਾਮਯਾਬ ਟੀਮ ਬ੍ਰਾਜ਼ੀਲ ਹੈ। ਹਾਲਾਂਕਿ ਬ੍ਰਾਜ਼ੀਲ ਦੀ ਟੀਮ ਆਪਣੇ ਘਰੇਲੂ ਮੈਦਾਨ 'ਤੇ 2014 ਵਿੱਚ ਉਮੀਦ ਅਨੁਸਾਰ ਪ੍ਰਦਰਸ਼ਨ ਨਹੀਂ ਕਰ ਸਕੀ ਸੀ ਅਤੇ ਉਸ ਨੂੰ ਚੌਥੀ ਥਾਂ 'ਤੇ ਹੀ ਸਬਰ ਕਰਨਾ ਪਿਆ ਸੀ।
ਪੰਜ ਵਾਰੀ ਜੇਤੂ ਬ੍ਰਾਜ਼ੀਲ ਦੀ ਇਸ ਕਾਮਯਾਬੀ ਵਿੱਚ ਜਿਸ ਖਿਡਾਰੀ ਦਾ ਸਭ ਤੋਂ ਵੱਡਾ ਯੋਗਦਾਨ ਹੈ, ਦੁਨੀਆਂ ਉਨ੍ਹਾਂ ਨੂੰ ਪੇਲੇ ਦੇ ਨਾਮ ਨਾਲ ਜਾਣਦੀ ਹੈ।
ਪੇਲੇ ਦਾ ਚਮਤਕਾਰ
ਫੁੱਟਬਾਲ ਦੇ ਜਾਦੂਗਰ ਕਹਾਉਣ ਵਾਲੇ ਪੇਲੇ ਦਾ ਕਰਿਸ਼ਮਾ ਕੁਝ ਅਜਿਹਾ ਰਿਹਾ ਹੈ ਜਿਸ ਦੀ ਬਰਾਬਰੀ ਅੱਜ ਤੱਕ ਕੋਈ ਫੁੱਟਬਾਲਰ ਨਹੀਂ ਕਰ ਸਕਿਆ ਹੈ।
ਉਨ੍ਹਾਂ ਦੀ ਮੌਜੂਦਗੀ ਵਿੱਚ ਬ੍ਰਾਜ਼ੀਲ ਨੇ 1958, 1962 ਅਤੇ 1970 ਵਿੱਚ ਫੁੱਟਬਾਲ ਦਾ ਵਿਸ਼ਵ ਕੱਪ ਜਿੱਤਿਆ ਸੀ। ਤਿੰਨ ਵਿਸ਼ਵ ਕੱਪ ਹਾਸਿਲ ਕਰਨ ਵਾਲੇ ਪੇਲੇ ਦੁਨੀਆਂ ਦੇ ਇਕਲੌਤੇ ਫੁੱਟਬਾਲਰ ਹਨ।

ਤਸਵੀਰ ਸਰੋਤ, Getty Images
ਇਸ ਦੇ ਨਾਲ ਹੀ ਸਭ ਤੋਂ ਘੱਟ ਉਮਰ ਵਿੱਚ ਵਿਸ਼ਵ ਕੱਪ ਵਿੱਚ ਗੋਲ ਕਰਨ, ਹੈਟ੍ਰਿਕ ਬਣਾਉਣ ਅਤੇ ਸਭ ਤੋਂ ਵੱਧ ਵਾਰ ਫਾਈਨਲ ਮੁਕਾਬਲਾ ਖੇਡਣ ਦਾ ਰਿਕਾਰਡ 60 ਸਾਲ ਬਾਅਦ ਵੀ ਪੇਲੇ ਦੇ ਨਾਮ 'ਤੇ ਬਣਿਆ ਹੋਇਆ ਹੈ।
ਬ੍ਰਾਜ਼ੀਲ ਹੀ ਨਹੀਂ ਦੁਨੀਆਂ ਭਰ ਵਿੱਚ ਫੁੱਟਬਾਲ ਨੂੰ ਮਸ਼ਹੂਰ ਕਰਨ ਵਾਲੇ ਪੇਲੇ ਦੇ ਚਮਤਕਾਰਾਂ ਦੀ ਜਿੰਨੀ ਦਿਲਚਸਪ ਕਹਾਣੀ ਹੈ ਉਨ੍ਹਾਂ ਦੇ ਨਾਮ ਦੀ ਵੀ ਕਹਾਣੀ ਉੰਨੀ ਹੀ ਮਜ਼ੇਦਾਰ ਹੈ।
ਸਭ ਤੋਂ ਦਿਲਚਸਪ ਗੱਲ ਤਾਂ ਇਹੀ ਹੈ ਕਿ ਦੁਨੀਆਂ ਭਰ ਵਿੱਚ ਪੇਲੇ ਦੇ ਨਾਮ ਤੋਂ ਮਸ਼ਹੂਰ ਸ਼ਖ਼ਸ ਦਾ ਨਾਮ ਨਾ ਤਾਂ ਪੇਲੇ ਸੀ ਅਤੇ ਨਾ ਹੀ ਨਿਕਨੇਮ।
ਹਰ ਸ਼ਖ਼ਸ ਦੇ ਇੱਕ-ਦੋ ਨਿਕਨੇਮ
ਬ੍ਰਾਜ਼ੀਲ ਦੇ ਛੋਟੇ ਜਿਹੇ ਸ਼ਹਿਰ ਮਿਨਾਸ ਗੇਰਾਇਸ ਵਿੱਚ 23 ਅਕਤੂਬਰ, 1940 ਨੂੰ ਪੇਲੇ ਦਾ ਜਨਮ ਹੋਇਆ ਸੀ।
ਪਿਤਾ ਕਲੱਬ ਪੱਧਰ ਦੇ ਫੁੱਟਬਾਲਰ ਸਨ ਅਤੇ ਮਾਂ ਗ੍ਰਹਿਣੀ। ਮਾਪਿਆਂ ਨੇ ਆਪਣੇ ਪੁੱਤਰ ਦਾ ਨਾਮ ਏਡਸਨ ਰੱਖਿਆ ਸੀ।

ਤਸਵੀਰ ਸਰੋਤ, Getty Images
ਇਸ ਨਾਮ ਨੂੰ ਰੱਖਣ ਬਾਰੇ ਪੇਲੇ ਨੇ ਆਪਣੀ ਯਾਦ 'ਵਾਈ ਸੌਕਰ ਮੈਟਰਜ਼' ਵਿੱਚ ਦੱਸਿਆ ਹੈ, "ਜਿਸ ਵੇਲੇ ਮੇਰਾ ਜਨਮ ਹੋਇਆ ਸੀ ਠੀਕ ਉਸੇ ਦੌਰਾਨ ਸਾਡੇ ਸ਼ਹਿਰ ਵਿੱਚ ਬਿਜਲੀ ਦਾ ਬਲਬ ਪਹੁੰਚਿਆ ਸੀ। ਮੇਰੇ ਮਾਪੇ ਬਲਬ ਦੀ ਰੌਸ਼ਨੀ ਤੋਂ ਕਾਫ਼ੀ ਖੁਸ਼ ਸਨ ਤਾਂ ਉਨ੍ਹਾਂ ਨੇ ਇਸ ਨੂੰ ਬਣਾਉਣ ਵਾਲੇ ਥੌਮਸ ਏਲਵਾ ਐਡੀਸਨ ਦੇ ਸਨਮਾਨ ਵਿੱਚ ਮੇਰਾ ਨਾਮ ਰੱਖਿਆ ਐਡੀਸਨ ਪਰ ਗਲਤੀ ਨਾਲ ਉਹ ਸਪੈਲਿੰਗ ਵਿੱਚ ਆਈ ਸ਼ਬਦ ਨਹੀਂ ਰੱਖ ਸਕੇ।"
ਇਸ ਤਰ੍ਹਾਂ ਪੇਲੇ ਦਾ ਨਾਮ ਹੋ ਗਿਆ ਐਡੀਸਨ। ਪੂਰਾ ਨਾਮ ਐਡੀਸਨ ਏਰੰਟਸ ਡੋ ਨਾਸਿਮੇਂਟੋ। ਬ੍ਰਾਜ਼ੀਲ ਵਿੱਚ ਇਸ ਤਰ੍ਹਾਂ ਨਾਮ ਲੰਬੇ ਚੌੜੇ ਰੱਖੇ ਜਾਂਦੇ ਹਨ। ਇਸ ਕਰਕੇ ਲੋਕਾਂ ਦੇ ਨਿਕਨੇਮ ਵੀ ਚਲਨ ਵਿੱਚ ਆ ਜਾਂਦੇ ਹਨ।
ਬ੍ਰਾਜ਼ੀਲ ਵਿੱਚ ਅਮੂਮਨ ਹਰ ਸ਼ਖ਼ਸ ਦੇ ਇੱਕ-ਦੋ ਨਿਕਨੇਮ ਜ਼ਰੂਰ ਹੁੰਦੇ ਹਨ ਜਿਸ ਨਾਲ ਉਨ੍ਹਾਂ ਦੇ ਘਰ ਵਾਲੇ ਉਨ੍ਹਾਂ ਨੂੰ ਬੁਲਾਉਂਦੇ ਹਨ।
ਪੁੱਤਰ ਨੂੰ ਫੁੱਟਬਾਲਰ ਬਣਾਉਣ ਦਾ ਸੁਪਨਾ
ਐਡਸਨ ਯਾਨਿ ਪੇਲੇ ਦਾ ਵੀ ਨਿਕਨੇਮ ਰੱਖਿਆ ਗਿਆ-ਡਿਕੋ। ਪੇਲੇ ਦੇ ਮਾਪੇ, ਭੈਣ-ਭਰਾ ਜਾਂ ਜਾਣਨ ਵਾਲੇ ਦੋਸਤ ਉਨ੍ਹਾਂ ਨੂੰ ਡਿਕੋ ਦੇ ਨਾਮ ਨਾਲ ਬੁਲਾਉਂਦੇ ਰਹੇ।

ਤਸਵੀਰ ਸਰੋਤ, ALLSPORT/ Getty Images
ਡਿਕੋ ਦੇ ਪਿਤਾ ਖੁਦ ਵੀ ਫੁੱਟਬਾਲ ਖੇਡਦੇ ਸੀ ਪਰ ਮਹਿਜ਼ 25 ਸਾਲ ਦੀ ਉਮਰ ਵਿੱਚ ਸੱਟ ਲੱਗਣ ਕਾਰਨ ਉਨ੍ਹਾਂ ਦਾ ਫੁੱਟਬਾਲ ਕਰੀਅਰ ਕਲੱਬ ਪੱਧਰ ਤੋਂ ਅੱਗੇ ਨਹੀਂ ਵਧ ਸਕਿਆ। ਇਸ ਕਾਰਨ ਉਨ੍ਹਾਂ ਨੇ ਆਪਣੇ ਪੁੱਤਰ ਨੂੰ ਫੁੱਟਬਾਲਰ ਬਣਾਉਣ ਦਾ ਸੁਫ਼ਨਾ ਦੇਖਿਆ।
ਉਨ੍ਹਾਂ ਦਾ ਪਰਿਵਾਰ ਹੁਣ ਸਾਉ ਪਾਉਲੋ ਦੇ ਬਾਉਰੂ ਸ਼ਹਿਰ ਵਿੱਚ ਰਹਿਣ ਆ ਗਿਆ ਸੀ।
ਬਚਪਨ ਤੋਂ ਮਿਲੀ ਸਿਖਲਾਈ ਕਾਰਨ ਪੇਲੇ ਦੀ ਖਾਸੀਅਤ ਦੀ ਚਰਚਾ ਗਲੀ-ਮੁਹੱਲਿਆਂ ਵਿੱਚ ਹੋਣ ਲੱਗੀ ਸੀ ਪਰ ਸਹੂਲਤਾਂ ਦੀ ਘਾਟ ਸੀ।
ਪੇਲੇ ਕਦੇ ਫਟੇ ਪੁਰਾਣੇ ਕੱਪੜਿਆਂ ਨਾਲ ਗੇਂਦ ਬਣਾ ਕੇ ਫੁੱਟਬਾਲ ਖੇਡਦੇ ਸੀ ਅਤੇ ਕਦੇ ਨਾਲ ਵਾਲੇ ਸਟੇਸ਼ਨ ਤੋਂ ਮਾਲ ਗੱਡੀ ਦਾ ਸਮਾਨ ਗਾਇਬ ਕਰਕੇ ਉਸ ਨੂੰ ਵੇਚ ਕੇ ਗੇਂਦ ਲਈ ਪੈਸੇ ਜਮ੍ਹਾ ਕਰਦੇ ਸੀ।
9-10 ਸਾਲ ਦੀ ਉਮਰ ਵਿੱਚ ਡਿਕੋ ਆਪਣੇ ਸਾਥੀਆਂ ਨੂੰ ਤੇਜ਼ੀ ਨਾਲ ਹਰਾਉਣ ਲੱਗੇ ਸੀ ਅਤੇ ਉਨ੍ਹਾਂ ਨੂੰ ਫੜ੍ਹਿਆ ਨਹੀਂ ਜਾ ਸਕਦਾ ਸੀ, ਲਿਹਾਜ਼ਾ ਉਨ੍ਹਾਂ ਦਾ ਨਾਮ ਪੈ ਗਿਆ ਗੈਸੋਲੀਨਾ।
ਇਸ ਨਾਮ ਦਾ ਕਾਰਨ ਸੀ ਕਿ ਉਹ ਗੈਸ ਵਾਂਗ ਤੇਜ਼ੀ ਨਾਲ ਭੱਜਦੇ ਸੀ। ਪੇਲੇ ਮੁਤਾਬਕ ਇਹ ਨਾਮ ਉਨ੍ਹਾਂ ਨੂੰ ਕੁਝ ਹੱਦ ਤੱਕ ਪਸੰਦ ਵੀ ਆਇਆ।
ਪੇਲੇ ਦਾ ਮਤਲਬ
ਪਰ ਉਨ੍ਹਾਂ ਦਾ ਨਾਮ ਪੇਲੇ ਕਿਵੇਂ ਪਿਆ। ਇਸ 'ਤੇ ਕਈ ਤਰ੍ਹਾਂ ਦੇ ਦਾਅਵੇ ਕੀਤੇ ਜਾਂਦੇ ਹਨ। ਜੋ ਦਾਅਵਾ ਜ਼ੋਰ-ਸ਼ੋਰ ਨਾਲ ਕੀਤਾ ਜਾਂਦਾ ਹੈ ਉਹ ਇਹ ਹੈ ਕਿ ਗੇਲਿਕ ਭਾਸ਼ਾ ਵਿੱਚ ਪੇਲੇ ਦਾ ਮਤਲਬ ਫੁੱਟਬਾਲ ਹੁੰਦਾ ਹੈ, ਲਿਹਾਜ਼ਾ ਉਨ੍ਹਾਂ ਦਾ ਨਾਮ ਪੇਲੇ ਪੈ ਗਿਆ।

ਤਸਵੀਰ ਸਰੋਤ, AFP
ਪਰ ਇਸ ਦਾਅਵੇ ਨੂੰ ਸੱਚ ਨਹੀਂ ਮੰਨਿਆ ਜਾ ਸਕਦਾ ਕਿਉਂਕਿ ਗੇਲਿਕ ਆਇਰਲੈਂਡ ਨੇੜੇ ਦੀ ਭਾਸ਼ਾ ਹੈ ਅਤੇ ਉਸ ਦਾ ਕੋਈ ਸ਼ਬਦ ਉਸ ਜ਼ਮਾਨੇ ਵਿੱਚ ਹਾਜ਼ਾਰਾਂ ਮੀਲ ਦੂਰ ਬਾਉਰੂ, ਬ੍ਰਾਜ਼ੀਲ ਕਿਵੇਂ ਪਹੁੰਚ ਗਿਆ ਹੋਵੇਗਾ ਇਸ ਦਾ ਕੋਈ ਠੋਸ ਆਧਾਰ ਨਹੀਂ ਮਿਲਦਾ।
ਪੇਲੇ ਸ਼ਬਦ ਹਿਬਰੂ ਭਾਸ਼ਾ ਵਿੱਚ ਵੀ ਹੈ ਜਿੱਥੇ ਉਸ ਦਾ ਮਤਲਬ ਚਮਤਕਾਰ ਹੈ ਪਰ ਨਾਈਜੀਰੀਆ ਦੇ ਕਿਸੇ ਸ਼ਬਦ ਦਾ ਉਸ ਵੇਲੇ ਬ੍ਰਾਜ਼ੀਲ ਤੱਕ ਪਹੁੰਚਣਾ ਅਸੰਭਵ ਸੀ।
ਅਜਿਹੇ ਵਿੱਚ ਸਵਾਲ ਇਹੀ ਹੈ ਕਿ ਪੇਲੇ ਦਾ ਨਾਮ ਪੇਲੇ ਕਿਵੇਂ ਪੈ ਗਿਆ। ਉਸ ਦੌਰ ਵਿੱਚ ਪੁਰਤਗਾਲੀ ਭਾਸ਼ਾ ਦਾ ਚਲਨ ਸੀ ਅਤੇ ਉਸ ਵਿੱਚ ਪੇਲੇ ਸ਼ਬਦ ਦਾ ਕੋਈ ਮਤਲਬ ਨਹੀਂ ਨਿਕਲਦਾ ਸੀ।
ਪਰ ਬਾਵਜੂਦ ਇਸ ਦੇ ਜਦੋਂ 15 ਸਾਲ ਦੀ ਉਮਰ ਵਿੱਚ ਬ੍ਰਾਜ਼ੀਲ ਦੇ ਮਸ਼ਹੂਰ ਕਲੱਬ ਸੈਟੋਂਸ ਨਾਲ ਪੇਲੇ ਜੁੜੇ ਤਾਂ ਉਨ੍ਹਾਂ ਦਾ ਨਾਮ ਪੇਲੇ ਪੈ ਚੁੱਕਿਆ ਸੀ।
ਪੇਲੇ ਨਾਮ ਰੱਖੇ ਜਾਣ ਦੇ ਸੱਚ ਬਾਰੇ ਪੇਲੇ ਨੇ 'ਵਾਈ ਸੌਕਰ ਮੈਟਰਜ਼' ਵਿੱਚ ਦੱਸਿਆ ਹੈ ਕੋਈ ਠੀਕ-ਠੀਕ ਨਹੀਂ ਦੱਸ ਸਕਿਆ ਹੈ ਕਿ ਪੇਲੇ ਨਾਮ ਕਿੱਥੋਂ ਆਇਆ ਪਰ ਮੇਰੇ ਮਾਮਾ ਜੌਰਜ ਨੇ ਦੱਸਿਆ ਹੈ ਉਸ 'ਤੇ ਵਿਸ਼ਵਾਸ ਕੀਤਾ ਜਾ ਸਕਦਾ ਹੈ।

ਪੇਲੇ ਦੇ ਮਾਮਾ ਜੌਰਜ ਉਨ੍ਹਾਂ ਦੇ ਨਾਲ ਰਹਿੰਦੇ ਸੀ ਅਤੇ ਕਈ ਸਾਲ ਤੱਕ ਉਨ੍ਹਾਂ ਦੀ ਨੌਕਰੀ ਕਾਰਨ ਹੀ ਪੇਲੇ ਦੇ ਪਰਿਵਾਰ ਦਾ ਪਾਲਣ-ਪੋਸ਼ਣ ਹੁੰਦਾ ਰਿਹਾ।
ਜੌਰਜ ਮੁਤਾਬਕ ਬਾਉਰੂ ਦੀ ਸਥਾਨਕ ਫੁੱਟਬਾਲ ਕਲੱਬ ਟੀਮ ਦੇ ਇੱਕ ਗੋਲਕੀਪਰ ਦਾ ਨਾਮ ਸੀ ਬਿਲੇ। ਇਹ ਉਹੀ ਕਲੱਬ ਸੀ ਜਿਸ ਵਿੱਚ ਪੇਲੇ ਦੇ ਪਿਤਾ ਵੀ ਖੇਡਦੇ ਸੀ। ਬਿਲੇ ਆਪਣੀ ਸ਼ਾਨਦਾਰ ਗੋਲਕੀਪਿੰਗ ਕਾਰਨ ਬੇਹੱਦ ਮਸ਼ਹੂਰ ਸਨ।
'ਪੇਲੇ ਕਹਿਣ 'ਤੇ ਖਿੱਝ ਹੁੰਦੀ ਸੀ'
"ਦੂਜੇ ਪਾਸੇ ਬਚਪਨ ਵਿੱਚ ਡਿਕੋ ਨੂੰ ਕਈ ਮੁਕਾਬਲਿਆਂ ਵਿੱਚ ਗੋਲਕੀਪਰ ਦੀ ਭੂਮਿਕਾ ਵੀ ਨਿਭਾਉਣੀ ਪੈਂਦੀ ਸੀ ਜਦੋਂ ਉਹ ਸ਼ਾਨਦਾਰ ਬਚਾਅ ਕਰਦੇ ਸੀ ਤਾਂ ਲੋਕ ਕਹਿਣ ਲੱਗੇ ਸੀ ਕਿ ਇਹ ਦੂਜੇ ਬਿਲੇ ਹਨ ਜਾਂ ਦੇਖੋ ਇਹ ਖੁਦ ਬਿਲੇ ਮੰਣਨ ਲੱਗਾ ਹੈ।"
"ਦੇਖਦੇ-ਦੇਖਦੇ ਇਹ ਬਿਲੇ ਕਦੋਂ ਪੇਲੇ ਵਿੱਚ ਬਦਲ ਗਿਆ ਹੈ ਇਸ ਦਾ ਕਿਸੇ ਨੂੰ ਅੰਦਾਜ਼ਾ ਵੀ ਨਹੀਂ ਹੋਇਆ। ਹਾਲਾਂਕਿ ਇਹ ਉਹ ਦੌਰ ਸੀ ਜਦੋਂ ਡਿਕੋ ਸਾਥੀਆਂ ਨਾਲ ਭਿੜ ਜਾਇਆ ਕਰਦੇ ਸੀ ਕਿ ਕਿਸ ਨੇ ਮੈਨੂੰ ਪੇਲੇ ਕਿਹਾ, ਕਿਉਂ ਬੁਲਾਇਆ, ਮੇਰਾ ਨਾਮ ਤਾਂ ਠੀਕ ਤਰ੍ਹਾਂ ਲਓ।"

ਤਸਵੀਰ ਸਰੋਤ, ASUYOSHI CHIBA/AFP/Getty Images
ਫਿਰ ਆਂਢ-ਗੁਆਂਢ ਦੇ ਲੋਕ ਉਨ੍ਹਾਂ ਨੂੰ ਪੇਲੇ ਦੇ ਨਾਮ ਨਾਲ ਜਾਣਨ ਲੱਗੇ ਸੀ ਪਰ ਰਸਮੀ ਤੌਰ 'ਤੇ ਪੇਲੇ ਕਹਿਣ ਦਾ ਚਲਨ ਉਨ੍ਹਾਂ ਦੇ ਸੈਂਟੋਸ ਕਲੱਬ ਨਾਲ ਜੁੜਨ ਤੋਂ ਬਾਅਦ ਹੀ ਸ਼ੁਰੂ ਹੋਇਆ।
ਅੰਦਾਜ਼ਾ ਲਾਉਣਾ ਮੁਸ਼ਕਿਲ ਨਹੀਂ ਹੈ ਕਿ ਸੈਂਟੋਸ ਦੇ ਪ੍ਰਬੰਧਕਾਂ ਨੇ ਪੇਲੇ ਨੂੰ ਇੱਕ ਬ੍ਰੈਂਡ ਦੇ ਤੌਰ 'ਤੇ ਬਦਲਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ।
ਇਸ ਦਾ ਜ਼ਿਕਰ ਕਰਦੇ ਹੋਏ ਪੇਲੇ ਨੇ ਵਾਈ ਸੌਕਰ ਮੈਟਰਜ਼ ਵਿੱਚ ਲਿਖਿਆ ਹੈ, "ਪੇਲੇ ਇੱਕ ਵੱਖਰੀ ਪਛਾਣ ਬਣਾ ਚੁੱਕਿਆ ਸੀ ਐਡਸਨ ਬਾਉਰੂ ਤੋਂ ਆਉਣ ਵਾਲਾ ਗਰੀਬ ਮੁੰਡਾ ਸੀ ਜਿਸ ਨੂੰ ਆਪਣੇ ਘਰ ਪਰਿਵਾਰ ਦੀ ਯਾਦ ਆਉਂਦੀ ਸੀ।
ਦੂਜੇ ਪਾਸੇ ਉਹ ਪੇਲੇ ਸੀ ਜੋ ਟੀਨੇਜ ਵਿੱਚ ਹੀ ਰਾਈਜ਼ਿੰਗ ਸਟਾਰ ਸੀ ਜਿਸ ਤੋਂ ਉਮੀਦ ਕੀਤੀ ਜਾ ਰਹੀ ਸੀ ਕਿ ਉਹ ਦੁਨੀਆਂ ਦਾ ਸਭ ਤੋਂ ਵੱਡਾ ਐਥਲੀਟ ਬਣੇਗਾ।"
"ਐਡਸਨ ਜਿੱਥੇ ਆਪਣੇ ਵਿੱਚ ਸਿਮਟਿਆ ਅਤੇ ਸ਼ਰਮੀਲਾ ਮੁੰਡਾ ਸੀ ਉਹੀ ਪੇਲੇ ਹਜ਼ਾਰਾਂ ਦੀ ਭੀੜ ਵਿੱਚ ਕੈਮਰੇ ਦੇ ਸਾਹਮਣੇ ਸਹਿਜੇ ਹੀ ਮੁਸਕਰਾ ਸਕਦਾ ਸੀ। ਇੱਕ ਹੀ ਆਦਮੀ ਦੇ ਦੋ ਰੂਪ ਸਨ। ਇੱਕ ਨੂੰ ਮੈਂ ਜਾਣਦਾ ਸੀ, ਦੂਜਾ ਨਵਾਂ ਸੀ, ਬਦਲ ਰਿਹਾ ਸੀ ਅਤੇ ਮੈਨੂੰ ਡਰਾਉਂਦਾ ਵੀ ਸੀ।"
16 ਸਾਲ ਦੀ ਉਮਰ ਵਿੱਚ ਸੈਂਟੋਸ ਨੇ ਜਿਸ ਪੇਲੇ ਪ੍ਰੈਂਡ ਨੂੰ ਬਣਾਇਆ ਉਸ ਦੀ ਚਮਕ ਅੱਜ ਛੇ ਦਹਾਕੇ ਬਾਅਦ ਵੀ ਕਾਇਮ ਹੈ ਅਤੇ ਪੇਲੇ 87 ਸਾਲ ਦੀ ਉਮਰ ਵਿੱਚ ਦੁਨੀਆਂ ਭਰ ਵਿੱਚ ਫੁੱਟਬਾਲ ਲਈ ਬ੍ਰੈਂਡ ਐਂਬੇਸੇਡਰ ਬਣੇ ਹੋਏ ਹਨ।












