ਫੀਫਾ ਵਿਸ਼ਵ ਕੱਪ: ਦੇਸ ਦੀ ਆਬਾਦੀ ਤੇ ਜੀਡੀਪੀ ਜਿਤਾ ਸਕਦੀ ਹੈ ਵਿਸ਼ਵ ਕੱਪ ਟਰਾਫ਼ੀ?

ਤਸਵੀਰ ਸਰੋਤ, Getty Images
- ਲੇਖਕ, ਫਰਨੈਂਡੋ ਦੌਰਤ
- ਰੋਲ, ਪੱਤਰਕਾਰ, ਬੀਬੀਸੀ
ਪਿਛਲੇ ਕੁਝ ਸਾਲਾਂ ਵਿੱਚ ਵਿਸ਼ਵ ਕੱਪ ਦੌਰਾਨ ਪ੍ਰਦਰਸ਼ਨ ਸਬੰਧੀ ਕਿਆਸਰਾਈਆਂ ਆਮ ਗੱਲ ਹੋ ਗਈ ਹੈ ਜਿਸ ਦੀ ਵਰਤੋਂ ਵਿੱਤੀ ਬਾਜ਼ਾਰ ਲਈ ਵੀ ਕੀਤੀ ਜਾਣ ਲੱਗੀ ਹੈ।
ਪਿਛਲੇ ਸਾਲ ਸਵਿੱਸ ਬੈਂਕ ਯੂਬੀਐੱਸ ਨੇ ਇੱਕ ਰਿਪੋਰਟ ਪੇਸ਼ ਕੀਤੀ ਸੀ ਜਿਸ ਵਿੱਚ 2018 ਵਿੱਚ ਮੇਜ਼ਬਾਨ ਦੇਸ ਰੂਸ ਵਿੱਚ ਨਿਵੇਸ਼ ਦੇ ਮੌਕਿਆਂ ਦਾ ਵੇਰਵਾ ਦਿੱਤਾ ਗਿਆ ਸੀ ਪਰ ਤੀਜੇ ਪੰਨੇ 'ਤੇ ਬੈਂਕ ਨੇ ਦਾਅਵਾ ਕੀਤਾ ਕਿ ਰੂਸ 2018 ਦਾ ਖਿਤਾਬ ਜਰਮਨੀ ਦੇ ਨਾਮ ਹੋਵੇਗਾ ਅਤੇ ਇਹ ਜਰਮਨੀ ਦੀ ਲਗਾਤਾਰ ਦੂਜੀ ਜਿੱਤ ਹੋਵੇਗੀ ਅਤੇ ਹੁਣ ਤੱਕ ਦੀ ਪੰਜਵੀਂ।
ਯੂਬੀਐੱਸ ਮੁਤਾਬਕ ਇਹ ਭਵਿੱਖਬਾਮੀ 18 ਸਰਵੇਖਨਕਾਰਾਂ ਦੀ ਟੀਮ ਨੇ ਕੀਤੀ ਹੈ।
ਕੀ ਭਵਿੱਖਭਾਣੀ ਸੰਭਵ ਹੈ?
ਇਹ ਅੰਦਾਜ਼ ਬਹੁਤ ਹਾਈ-ਤਕਨੀਕ ਰਾਹੀਂ ਲਾਇਆ ਗਿਆ ਹੈ ਪਰ ਅਰਥ-ਸ਼ਾਸਤਰੀ ਇਹ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਕੀ ਮੈਦਾਨ ਤੋਂ ਬਾਹਰ ਵੀ ਕੋਈ ਕਾਰਨ ਜਾਂ ਤੱਤ ਹਨ ਜੋ ਮੈਚ ਦੇ ਨਤੀਜਿਆਂ ਨੂੰ ਪ੍ਰਭਾਵਿਤ ਕਰ ਰਹੇ ਹਨ।

ਤਸਵੀਰ ਸਰੋਤ, Getty Images
ਵਿਸ਼ਵ ਕੱਪ ਵਿੱਚ ਸਰਵੇਖਨਕਰਤਾਵਾਂ ਨੇ ਇਹ ਜਾਣਨ ਦੀ ਕੋਸ਼ਿਸ਼ ਕੀਤੀ ਹੈ ਕਿ ਕਿਸੇ ਦੇਸ ਦੀ ਆਬਾਦੀ ਅਤੇ ਜੀਡੀਪੀ ਦਾ ਜਿੱਤ ਵਿੱਚ ਕਿੰਨਾ ਅਸਰ ਹੋ ਸਕਦਾ ਹੈ।
ਉਨ੍ਹਾਂ ਨੂੰ ਪਤਾ ਲੱਗਿਆ ਕਿ ਇਸ ਦਾ ਅਸਰ ਜ਼ਰੂਰ ਹੁੰਦਾ ਹੈ।
ਯੂਨੀਵਰਸਿਟੀ ਆਫ਼ ਮਿਸ਼ੀਗਨ ਦੇ ਖੇਡਾਂ ਦੇ ਪ੍ਰੋਫੈੱਸਰ ਅਤੇ ਫੁੱਟਬਾਲ ਦੀ ਮਾਰਕਿਟ ਦੇ ਮਾਹਿਰ ਸਟੀਫ਼ਨ ਜ਼ੀਮੈਨਸਕੀ ਦਾ ਕਹਿਣਾ ਹੈ, "ਕਈ ਵਿੱਤੀ ਸੰਕੇਤ ਹਨ ਜਿਨ੍ਹਾਂ ਤੋਂ ਸਾਬਿਤ ਹੁੰਦਾ ਹੈ ਕਿ ਇੰਨ੍ਹਾਂ ਦਾ ਨਤੀਜਿਆਂ 'ਤੇ ਅਸਰ ਹੁੰਦਾ ਹੈ-ਆਬਾਦੀ, ਜੀਡੀਪੀ ਅਤੇ ਬੁਨਿਆਦੀ ਢਾਂਚਾ।"
ਦਸੰਬਰ, 2017 ਵਿੱਚ ਪਬਲਿਸ਼ ਇੱਕ ਪੇਪਰ ਵਿੱਚ ਹੈਮਬਰਗ ਯੂਨੀਵਰਸਿਟੀ ਦੇ ਵਿੱਤੀ ਮਾਹਿਰ ਮਿਲਾਨੀ ਕਰੌਸ ਅਤੇ ਜ਼ੀਮੈਨਸਕੀ ਨੇ 1950 ਤੋਂ 2014 ਤੱਕ 32000 ਕੌਮਾਂਤਰੀ ਫੁੱਟਬਾਲ ਖੇਡਾਂ ਦਾ ਸਰਵੇਖਣ ਕੀਤਾ।
ਇੱਕੋ ਫਾਰਮੂਲਾ ਸਾਰਿਆਂ 'ਤੇ ਲਾਗੂ ਨਹੀਂ
ਜ਼ੀਮੈਨਸਕੀ ਨੇ ਬੀਬੀਸੀ ਨੂੰ ਦੱਸਿਆ, "ਵਿੱਤੀ ਸੰਕੇਤਾਂ ਦਾ ਖੇਡ ਮੁਕਾਬਲਾ 'ਤੇ ਸਿਰਫ਼ 30% ਅਸਰ ਹੀ ਪਿਆ।"

ਤਸਵੀਰ ਸਰੋਤ, Getty Images
ਯੂਰੂਗੁਆਏ ਇਸ ਵਿੱਚ ਅਪਵਾਦ ਹੈ ਕਿਉਂਕਿ ਇਸ ਦੀ ਆਬਾਦੀ ਮਹਿਜ਼ 3 ਮਿਲੀਅਨ ਹੈ ਅਤੇ 1950 ਵਿੱਚ ਦੂਜੀ ਵਾਰੀ ਵਿਸ਼ਵ ਕੱਪ ਜਿੱਤਿਆ ਸੀ। ਵਿਸ਼ਵ ਕੱਪ ਜੇਤੂ ਕਲੱਬ ਦੇ ਬਾਕੀ ਸਾਰੇ ਮੈਂਬਰ (ਅਰਜਨਟੀਨਾ, ਬ੍ਰਾਜ਼ੀਲ, ਇੰਗਲੈਂਡ, ਫਰਾਂਸ, ਜਰਮਨੀ, ਇਟਲੀ ਅਤੇ ਸਪੇਨ) ਦੇਸ ਵਧੇਰੇ ਆਬਾਦੀ ਅਤੇ ਜ਼ਿਆਦਾ ਕਮਾਈ ਵਾਲੇ ਦੇਸ ਹਨ।
ਹਾਲਾਂਕਿ ਅਮਰੀਕਾ ਅਤੇ ਚੀਨ ਅਜਿਹੇ ਦੇਸ ਹਨ ਜਿੰਨ੍ਹਾਂ 'ਤੇ ਸ਼ਾਇਦ ਇਹ ਨਿਯਮ ਲਾਗੂ ਨਹੀਂ ਹੁੰਦਾ। ਚੀਨ ਨੇ ਸਿਰਫ਼ ਇੱਕ ਵਾਰੀ 2002 ਵਿੱਚ ਵਿਸ਼ਵ ਕੱਪ ਲਈ ਕੁਆਲੀਫਾਈ ਕੀਤਾ ਹੈ ਅਤੇ ਗਰੁੱਪ ਸਟੇਜ ਵਿੱਚ ਹਾਰ ਹੀ ਮਿਲੀ।
ਦੋਵੇਂ ਹੀ ਓਲੰਪਿਕ ਵਿੱਚ ਕਈ ਮੈਡਲ ਜਿੱਤ ਚੁੱਕੇ ਹਨ, ਬਿਲਕੁਲ ਰੂਸ ਵਾਂਗ ਜਿਸ ਦਾ ਵਿਸ਼ਵ ਕੱਪ ਵਿੱਚ ਚੰਗਾ ਰਿਕਾਰਡ ਨਹੀਂ ਰਿਹਾ ਹੈ। ਪਿਛਲੇ ਪੰਜ ਵਿੱਚੋਂ ਤਿੰਨ ਟੂਰਨਾਮੈਂਟ ਕਵਾਲੀਫਾਈ ਨਹੀਂ ਕਰ ਸਕਿਆ।
ਆਰਥਿਕਤਾ ਅਤੇ ਖੇਡਾਂ 'ਚ ਸਬੰਧ
ਕੁਝ ਲੋਕਾਂ ਦੀ ਦਲੀਲ ਹੈ ਕਿ ਦੇਸ ਦੀ ਵਿੱਤੀ ਹਾਲਤ ਦਾ ਖੇਡਾਂ ਵਿੱਚ ਕਾਮਯਾਬੀ ਨਾਲ ਕੁਝ ਵੀ ਲੈਣਾ ਦੇਣਾ ਨਹੀਂ ਹੈ।
ਕੌਮਾਂਤਰੀ ਕੰਸਲਟੈਂਸੀ ਕੰਪਨੀ ਪੀਡਬਲਿਊਸੀ ਨੇ 2014 ਵਿੱਚ ਕਿਹਾ ਸੀ, "ਅਜਿਹਾ ਦੇਖਣ ਨੂੰ ਮਿਲਿਆ ਹੈ ਕਿ ਅਮੀਰ ਦੇਸ ਕਈ ਵਾਰੀ ਗਰੀਬ ਦੇਸਾਂ ਨਾਲੋਂ ਚੰਗਾ ਪ੍ਰਦਰਸ਼ਨ ਨਹੀਂ ਕਰ ਪਾਉਂਦੇ। ਇਸ ਤੋਂ ਸਾਬਿਤ ਹੁੰਦਾ ਹੈ ਕਿ ਫੁੱਟਬਾਲ ਅਜਿਹਾ ਖੇਡ ਹੈ ਜਿਸ ਦੀ ਤਿਆਰੀ ਲਈ ਕਈ ਓਲੰਪਿਕ ਖੇਡਾਂ ਨਾਲੋਂ ਖਰਚਾ ਘੱਟ ਆਉਂਦਾ ਹੈ। ਫੁੱਟਬਾਲ ਵਿੱਚ ਜਿੰਨੀ ਮੁਹਾਰਤ ਕਿਸੇ ਮਹਿੰਗੇ ਖੇਡ ਕੇਂਦਰ ਵਿੱਚ ਕੀਤੀ ਜਾ ਸਕਦੀ ਹੈ ਉੰਨੀ ਹੀ ਕਿਸੇ ਵੀ ਗਲੀ ਵਿੱਚ ਖੇਡ ਕੇ ਕੀਤੀ ਜਾ ਸਕਦੀ ਹੈ।"

ਤਸਵੀਰ ਸਰੋਤ, Getty Images
ਪਰ ਲੰਡਨ ਦੀ ਇੱਕ ਵਿੱਤੀ ਕੰਪਨੀ ਫਿਡਾਂਟੇ ਦੇ ਨਿਵੇਸ਼ ਮੁਖੀ ਅਤੇ ਜਰਮਨੀ ਦੇ ਅਰਥਸ਼ਾਸਤਰੀ ਵਿੱਤੀ ਮਾਹਿਰ ਜੌਚਿਮ ਕਲੇਮਿੰਟ ਦਾ ਕਹਿਣਾ ਹੈ ਕਿ ਵੱਡੇ ਵਿੱਤੀ ਤੱਥਾਂ ਵੱਲ ਧਿਆਨ ਦੇਣ ਦੀ ਲੋੜ ਹੈ।
"ਉਹ ਦੇਸ ਜੋ ਕਿ ਗਰੀਬ ਹਨ ਉਨ੍ਹਾਂ ਕੋਲ ਟਰੇਨਿੰਗ ਅਤੇ ਬੁਨਿਆਦੀ ਢਾਂਚੇ ਦੀ ਕਮੀ ਹੁੰਦੀ ਹੈ ਇਸ ਲਈ ਉੱਚੇ ਪੱਧਰ 'ਤੇ ਪਹੁੰਚਣ ਵਿੱਚ ਵਧੇਰੇ ਮਿਹਨਤ ਲਗਦੀ ਹੈ।"
"ਜੇ ਕਿਸੇ ਦੇਸ ਵਿੱਚ ਵੱਧ ਲੋਕ ਹਨ ਤਾਂ ਟੈਲੇਂਟ ਦਾ ਦਾਇਰਾ ਵੀ ਵੱਧ ਜਾਂਦਾ ਹੈ। ਤਾਂ ਦੇਸ ਦੀ ਆਬਾਦੀ ਦਾ ਫੁੱਟਬਾਲ ਵਿੱਚ ਕਾਮਯਾਬੀ 'ਤੇ ਅਸਰ ਪੈਂਦਾ ਹੈ।"
ਕੰਮਕਾਜੀ ਲੋਕਾਂ ਤੱਕ ਸੀਮਿਤ ਫੁੱਟਬਾਲ
ਕਲੇਮੰਟ ਦਾ 2014 ਵਿੱਚ ਅੰਦਾਜ਼ਾ ਸਹੀ ਸੀ ਕਿ ਜਰਮਨੀ ਜਿੱਤੇਗਾ ਅਤੇ ਸੈਮੀ ਫਾਈਨਲ ਮੁਕਾਬਲਾ ਬ੍ਰਾਜ਼ੀਲ ਅਤੇ ਜਰਮਨੀ ਵਿੱਚ ਹੋਏਗਾ ਹਾਲਾਂਕਿ ਮੇਜ਼ਬਾਨਾਂ ਦੀ ਸ਼ਾਨਦਾਰ 7-1 ਜਿੱਤ ਨਹੀਂ ਹੋਈ।

ਤਸਵੀਰ ਸਰੋਤ, Getty Images
2018 ਲਈ ਉਸ ਦੀ ਭਵਿੱਖਬਾਣੀ ਇਹ ਹੈ ਕਿ ਫਰਾਂਸ ਦੂਜੀ ਵਾਰੀ ਇਹ ਟਾਈਟਲ ਜਿੱਤ ਲਏਗਾ।
ਉਨ੍ਹਾਂ ਲਿਖਿਆ, "ਕਿਸੇ ਦੇਸ ਦੀ ਧੰਨ-ਦੌਲਤ ਅਤੇ ਫੁੱਟਬਾਲ ਵਿੱਚ ਜਿੱਤ ਦਾ ਕੋਈ ਸਬੰਧ ਨਹੀਂ ਹੈ। ਸਵਿਜ਼ਰਲੈਂਡ ਅਤੇ ਲਕਸਮਬਰਗ ਕੋਲ ਬੁਨਿਆਦੀ ਢਾਂਚੇ ਅਤੇ ਲੋੜੀਂਦੀ ਸਹੂਲਤ ਲਈ ਪੈਸਾ ਹੈ ਪਰ ਫਿਰ ਵੀ ਟੀਮ ਲਈ ਨੌਜਵਾਨ ਨਹੀਂ ਭਰਤੀ ਕਰ ਪਾ ਰਹੇ।"
"ਫੁੱਟਬਾਲ ਖੇਡ ਕੰਮਕਾਜੀ ਅਤੇ ਮੱਧ-ਵਰਗੀ ਲੋਕਾਂ ਤੱਕ ਹੀ ਸੀਮਿਤ ਹੋ ਕੇ ਰਹਿ ਗਈ ਹੈ। ਜੇ ਕੋਈ ਦੇਸ ਕਾਫ਼ੀ ਧਨਾਢ ਹੈ ਤਾਂ ਉੱਥੋਂ ਦੇ ਨੌਜਵਾਨਾਂ ਦੇ ਮਹਿੰਗੇ ਸ਼ੌਂਕ ਹਨ ਜਾਂ ਫਿਰ ਉਹ ਸਿਰਫ਼ ਵੀਡੀਓ ਗੇਮਜ਼ ਹੀ ਖੇਡਦੇ ਹਨ ਨਾ ਕਿ ਸੜਕਾਂ 'ਤੇ ਫੁੱਟਬਾਲ।"
ਚੀਨ ਵਿੱਚ ਚੜ੍ਹਾਈ ਸੰਭਵ
ਸਟੀਫਨ ਦਾ ਦਾਅਵਾ ਹੈ, "ਸਿੰਗਾਪੁਰ ਦੁਨੀਆਂ ਦਾ ਸਭ ਤੋਂ ਅਮੀਰ ਦੇਸ ਬਣ ਗਿਆ ਕਿਉਂਕਿ ਉਨ੍ਹਾਂ ਨੇ ਆਪਣੇ ਦੇਸ ਨੂੰ ਦੁਨੀਆਂ ਦਾ ਸਭ ਤੋਂ ਅਹਿਮ ਵਪਾਰਕ ਰੂਟ ਬਣਾ ਦਿੱਤਾ। ਇਹ ਮਾਡਲ ਰੂਸ ਅਤੇ ਬੋਟਸਵਾਨਾ ਲਈ ਕਿਸੇ ਕੰਮ ਦਾ ਨਹੀਂ। ਇਸੇ ਤਰ੍ਹਾਂ ਯੂਰੂਗਵਾਏ ਨੇ ਜੋ ਫੁੱਟਬਾਲ ਵਿੱਚ ਪ੍ਰਦਰਸ਼ਨ ਕੀਤਾ ਉਹ ਹੋਰਨਾਂ ਦੇਸਾਂ ਲਈ ਕੰਮ ਨਹੀਂ ਕਰੇਗਾ।"

ਤਸਵੀਰ ਸਰੋਤ, Getty Images
ਹਾਲਾਂਕਿ ਅੰਤਰਰਾਸ਼ਟਰੀ ਫੁੱਟਬਾਲ 'ਤੇ ਉਨ੍ਹਾਂ ਦੀ ਖੋਜ ਤੋਂ ਪਤਾ ਲੱਗਦਾ ਹੈ ਕਿ ਗਰੀਬ ਅਤੇ ਅਮੀਰ ਦੇਸਾਂ ਵਿੱਚ ਇੱਕ ਕੈਚ-ਅੱਪ ਪ੍ਰਭਾਵ ਹੈ।
"ਕਮਜ਼ੋਰ ਦੇਸ ਸੁਧਾਰ ਕਰ ਰਹੇ ਹਨ ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਉਹ ਅਗਲਾ ਵਿਸ਼ਵ ਕੱਪ ਜਿੱਤ ਜਾਣਗੇ। ਇਸ ਦੇ ਪੁਖਤਾ ਸਬੂਤ ਹਨ ਕਿ ਜੇ ਵਧੇਰੇ ਆਬਾਦੀ ਵਾਲੇ ਦੇਸ ਨਵੇਂ ਟੈਲੇਂਟ ਦਾ ਵਿਕਾਸ ਕਰਨ ਤਾਂ ਉਹ ਜ਼ਿਆਦਾ ਮਜ਼ਬੂਤ ਹੋ ਜਾਣਗੇ।
ਚੀਨੀ ਫੁੱਟਬਾਲ ਫੈਨਜ਼ ਲਈ ਖੁਸ਼ਖਬਰੀ ਇਹ ਹੈ ਕਿ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ 2025 ਤੱਕ 50 ਹਜ਼ਾਰ ਫੁੱਟਬਾਲ ਅਕਾਦਮੀਆਂ ਖੋਲ੍ਹਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਦੀ ਚੀਨ ਨੂੰ ਖੇਡਾਂ ਦਾ ਪਾਵਰਹਾਊਸ ਬਣਾਉਣ ਦੀ ਯੋਜਨਾ ਹੈ।
ਫੀਫਾ (2007) ਵੱਲੋਂ ਕੀਤੇ ਇੱਕ ਸਰਵੇਖਣ ਮੁਤਾਬਕ ਚੀਨ ਵਿੱਚ ਸਭ ਤੋਂ ਜ਼ਿਆਦਾ ਲੋਕ ਫੁੱਟਬਾਲ ਖੇਡਦੇ ਹਨ ਜਦਕਿ 26 ਮਿਲੀਅਨ ਲੋਕਾਂ ਨਾਲ ਅਮਰੀਕਾ ਦੂਜੇ ਨੰਬਰ 'ਤੇ ਹੈ।
ਕਿੱਥੇ ਖੜ੍ਹਾ ਹੈ ਭਾਰਤ
ਤੀਜੇ ਨੰਬਰ ਤੇ 'ਮਾੜਾ ਪ੍ਰਦਰਸ਼ਨ' ਕਰ ਰਿਹਾ ਦੇਸ ਭਾਰਤ ਹੈ ਜੋ ਕਿ ਕਦੇ ਵੀ ਵਿਸ਼ਵ ਕੱਪ ਦੇ ਫਾਈਨਲ ਤੱਕ ਨਹੀਂ ਪਹੁੰਚ ਸਕਿਆ। ਹਾਲਾਂਕਿ ਭਾਰਤ ਵਿੱਚ ਇੱਕ ਬਿਲੀਅਨ ਲੋਕ ਹਨ ਅਤੇ ਦੁਨੀਆਂ ਦੇ 10 ਵੱਡੇ ਗਲੋਬਲ ਅਰਥਚਾਰੇ ਵਿੱਚ ਸ਼ਾਮਿਲ ਹੈ।

ਤਸਵੀਰ ਸਰੋਤ, Getty Images
ਕ੍ਰਿਕਟ ਵਿੱਚ ਕਾਮਯਾਬੀ ਲਈ ਜਾਣਿਆ ਜਾਨ ਵਾਲੇ ਦੇਸ ਭਾਰਤ ਦਾ ਫੀਫਾ ਵਰਲਡ ਰੈਂਕਿਗ ਵਿੱਚ 97ਵਾਂ ਸਥਾਨ ਹੈ। 1993 ਵਿੱਚ ਸੂਚੀ ਦਾ ਐਲਾਨ ਹੋਣ ਤੋਂ ਲੈ ਕੇ ਹੁਣ ਤੱਕ ਭਾਰਤ ਦਾ ਇਹ ਸਭ ਤੋਂ ਉੱਚਾ ਰੈਂਕ ਹੈ।
2026 ਤੋਂ ਮੁਕਾਬਲੇ ਵਿੱਚ 32 ਦੀ ਥਾਂ 48 ਟੀਮਾਂ ਹੋਣਗੀਆਂ।
ਇਸ ਦੌਰਾਨ ਹੈਰਾਨ ਕਰਨ ਵਾਲੀਆਂ ਚੀਜ਼ਾਂ ਵੀ ਹੋ ਸਕਦੀਆਂ ਹਨ ਜਿਵੇਂ ਕਿ ਆਈਸਲੈਂਡ ਨੇ ਪਹਿਲੀ ਹੀ ਵਾਰੀ ਵਿੱਚ ਰੂਸ 2018 ਲਈ ਕੁਆਲੀਫਾਈ ਕਰ ਲਿਆ। ਜਾਂ ਫਿਰ ਸੀਰੀਆ ਦੇ ਰੂਪ ਵਿੱਚ ਜੋ ਕਿ ਸਿਵਿਲ ਜੰਗ ਦੇ ਦੌਰ ਵਿੱਚ ਵੀ ਪਲੇਆਫ਼ ਵਿੱਚ ਥਾਂ ਬਣਾ ਸਕੀ।
ਸਟੀਫ਼ਨ ਦਾ ਕਹਿਣਾ ਹੈ, "ਫੁੱਟਬਾਲ ਬਾਰੇ ਕੁਝ ਵੀ ਕਹਿਣਾ ਮੁਸ਼ਕਿਲ ਹੈ। ਅਸੀਂ ਇਸ ਦੀ ਚਿੰਤਾ ਕਿਉਂ ਕਰਦੇ ਜੇ ਇਹ ਇਸੇ ਤਰ੍ਹਾਂ ਹੀ ਤੈਅ ਹੁੰਦਾ?"












