ਫੁੱਟਬਾਲ ਵਿਸ਼ਵ ਕੱਪ 2018: ਮੈਦਾਨ 'ਚ ਇੰਸੁਲਿਨ ਕਿਟ ਲੈ ਕੇ ਉਤਰਨ ਵਾਲਾ ਖਿਡਾਰੀ

ਤਸਵੀਰ ਸਰੋਤ, Getty Images
- ਲੇਖਕ, ਪੰਕਜ ਪ੍ਰਿਆਦਰਸ਼ੀ
- ਰੋਲ, ਪੱਤਰਕਾਰ, ਬੀਬੀਸੀ
ਰੂਸ ਵਿੱਚ ਚੱਲ ਰਹੇ ਵਿਸ਼ਵ ਕੱਪ ਫੁੱਟਬਾਲ ਦਾ ਸ਼ੁੱਕਰਵਾਰ (15 ਜੂਨ) ਨੂੰ ਦੂਜਾ ਦਿਨ ਸੀ। 15 ਜੂਨ ਨੂੰ ਤਿੰਨ ਮੈਚ ਹੋਏ ਪਰ ਦੁਨੀਆਂ ਭਰ ਵਿੱਚ ਫੁੱਟਬਾਲ ਪ੍ਰਸ਼ੰਸਕਾਂ ਦੀ ਨਜ਼ਰ ਜਿਸ ਮੈਚ 'ਤੇ ਸੀ ਉਹ ਸੀ ਪੁਰਤਗਾਲ ਅਤੇ ਸਪੇਨ ਦਾ ਮੈਚ।
ਸਟਾਰ ਖਿਡਾਰੀਆਂ ਵਾਲੀਆਂ ਟੀਮਾਂ ਵਿਚਾਲੇ ਮੁਕਾਬਲਾ ਟੱਕਰ ਵਾਲਾ ਅਤੇ ਦਿਲਚਸਪ ਹੋਣਾ ਸੀ ਅਤੇ ਹੋਇਆ ਵੀ। ਅਖੀਰ ਇਹ ਮੁਕਬਾਲਾ 3-3 ਨਾਲ ਬਰਾਬਰੀ 'ਤੇ ਰਿਹਾ।
ਇਸ ਮੈਚ ਤੋਂ ਬਾਅਦ ਜਿਸ ਖਿਡਾਰੀ ਦੀ ਸਭ ਤੋਂ ਵੱਧ ਚਰਚਾ ਹੋ ਰਹੀ ਹੈ ਉਹ ਹਨ ਪੁਰਤਗਾਲ ਦੇ ਕਪਤਾਨ ਅਤੇ ਵਿਸ਼ਵ ਭਰ ਵਿੱਚ ਮਸ਼ਹੂਰ ਰੋਨਾਲਡੋ, ਜਿਨ੍ਹਾਂ ਨੇ ਗੋਲ ਦੀ ਹੈਟ੍ਰਿਕ ਲਾਈ ਅਤੇ ਆਪਣੀ ਟੀਮ ਨੂੰ ਇੱਕ ਅੰਕ ਦਿਵਾਉਣ ਵਿੱਚ ਸਫ਼ਲ ਰਹੇ।
ਵਿਲੇਨ ਬਣਨ ਤੋਂ ਬਾਅਦ ਬਣੇ ਹੀਰੋ
ਅੱਜ ਅਸੀਂ ਗੱਲ ਕਰਾਂਗੇ ਉਸ ਖਿਡਾਰੀ ਦੀ ਜਿਸ ਦੀ ਕਹਾਣੀ ਇੱਕ ਅਧੂਰੇ ਸੁਪਨੇ ਦੇ ਪੂਰੇ ਹੋਣ ਵਰਗੀ ਹੈ। ਉਹ ਖਿਡਾਰੀ ਜੋ ਮੈਚ ਦੇ ਪਹਿਲੇ ਚਾਰ ਮਿੰਟ ਵਿੱਚ ਵਿਲੇਨ ਬਣ ਗਿਆ ਸੀ।
ਪਰ ਮੈਚ ਖ਼ਤਮ ਹੁੰਦੇ-ਹੁੰਦੇ ਉਹ ਖਿਡਾਰੀ ਕਿਸੇ ਹੀਰੋ ਤੋਂ ਘਟ ਨਹੀਂ ਸੀ। ਨਾਮ-ਜੋਸੋ ਇਗਨੈਸੀਓ ਫਰਨਾਂਡਿਜ਼ ਇਗਲੇਸੀਅਸ ਪਰ ਫੁੱਟਬਾਲ ਦੀ ਦੁਨੀਆਂ ਵਿੱਚ ਉਸ ਨੂੰ ਨਾਚੋ ਦੇ ਨਾਮ ਤੋਂ ਜਾਣਿਆ ਜਾਂਦਾ ਹੈ।

ਤਸਵੀਰ ਸਰੋਤ, Getty Images
ਉਨ੍ਹਾਂ ਦੀ ਉਮਰ 28 ਸਾਲ ਹੈ। ਦੁਨੀਆਂ ਦੇ ਸਭ ਤੋਂ ਮਸ਼ਹੂਰ ਫੁੱਟਬਾਲ ਕਲੱਬ ਰਿਆਲ ਮੈਡਰਿਡ ਦੇ ਡਿਫੈਂਡਰ ਹਨ।
ਸ਼ੁੱਕਰਵਾਰ ਨੂੰ ਪੁਰਤਗਾਲ ਦੇ ਖਿਲਾਫ਼ ਇੱਕ ਅਹਿਮ ਮੈਚ ਵਿੱਚ ਨਾਚੋ ਪਹਿਲੇ ਚਾਰ ਮਿੰਟ ਵਿੱਚ ਹੀ ਵਿਲੇਨ ਬਣ ਗਏ ਸਨ।
ਉਨ੍ਹਾਂ ਦੇ ਫਾਉਲ ਕਾਰਨ ਪੁਰਤਗਾਲ ਨੂੰ ਪੈਨਲਟੀ ਮਿਲੀ ਅਤੇ ਕਪਤਾਨ ਰੋਨਾਲਡੋ ਨੇ ਗੋਲ ਕਾਰਨ ਸਪੇਨ ਦੇ ਗੜ੍ਹ ਵਿੱਚ ਨਿਰਾਸ਼ਾ ਦੀ ਲਹਿਰ ਦੌੜ ਗਈ।
ਪਰ ਨਾਚੋ ਦੇ ਲਈ ਇਹ ਮੈਚ ਉਹ ਪਲ ਲੈ ਕੇ ਆਇਆ ਜੋ ਉਹ ਕਦੇ ਭੁੱਲਣਾ ਨਹੀਂ ਚਾਹੇਗਾ। ਕੋਸਟਾ ਨੇ ਸਪੇਨ ਵੱਲੋਂ ਗੋਲ ਕਰਕੇ ਸਕੋਰ ਬਰਾਬਰ ਕਰ ਦਿੱਤਾ ਸੀ। ਪਰ ਅੱਧੇ ਸਮੇਂ ਤੋਂ ਹੀ ਪਹਿਲਾਂ ਰੋਨਾਲਡੋ ਨੇ ਇੱਕ ਹੋਰ ਗੋਲ ਕਰਕੇ ਸਕੋਰ 2-1 ਕਰ ਦਿੱਤਾ।
ਦੂਜੇ ਹਾਫ਼ ਵਿੱਚ ਇੱਕ ਵਾਰੀ ਸਪੇਨ ਦੇ ਤਾਰਨਹਾਰ ਬਣ ਕੇ ਆਏ ਕੋਸਟਾ, ਜਦੋਂ ਉਨ੍ਹਾਂ ਨੇ ਇੱਕ ਹੋਰ ਗੋਲ ਕਰਕੇ ਆਪਣੀ ਟੀਮ ਨੂੰ ਬਰਾਬਰੀ 'ਤੇ ਲਿਆ ਦਿੱਤਾ।
ਹਾਲੇ ਸਪੇਨ ਦੇ ਕੈਂਪ ਵਿੱਚ ਜਸ਼ਨ ਚੱਲ ਹੀ ਰਿਹਾ ਸੀ ਕਿ ਮੈਚ ਦਾ ਉਹ ਮੌਕਾ ਆਇਆ ਜਿਸ ਨੇ ਨਾਚੋ ਅਤੇ ਉਨ੍ਹਾਂ ਦੇ ਫੈਨਜ਼ ਨੂੰ ਨੱਚਣ ਅਤੇ ਝੂੰਮਣ ਲਈ ਮਜਬੂਰ ਕਰ ਦਿੱਤਾ।
ਦੂਜੇ ਹਾਫ਼ ਵਿੱਚ ਸਪੇਨ ਦੀ ਟੀਮ ਪੁਰਤਗਾਲ 'ਤੇ ਹਾਵੀ ਸੀ ਅਤੇ ਇੱਕ ਤੋਂ ਬਾਅਦ ਇੱਕ ਹਮਲਾ ਕਰ ਰਹੀ ਸੀ। ਅਜਿਹਾ ਹੀ ਇੱਕ ਮੌਕਾ ਉਦੋਂ ਆਇਆ ਜਦੋਂ ਪੁਰਤਗਾਲ ਦੇ ਗੋਲ ਬਾਕਸ ਤੋਂ ਗੇਂਦ ਉਛਲਦੇ ਹੋਏ ਨਾਚੋ ਕੋਲ ਪਹੁੰਚੀ।

ਤਸਵੀਰ ਸਰੋਤ, Getty Images
ਟੀਮ ਦੇ ਲੈਫ਼ਟ ਬੈਕ ਨਾਚੋ ਲਈ ਇਹ ਬਿਲਕੁਲ ਸਹੀ ਮੌਕਾ ਸੀ ਉਨ੍ਹਾਂ ਨੇ ਸ਼ਾਨਦਾਰ ਹਾਫ਼ ਬੋਲੀ ਲਾਈ ਅਤੇ ਗੇਂਦ ਹਵਾ ਵਿੱਚ ਘੁੰਮਦੀ ਹੋਈ ਪੁਰਤਗਾਲ ਦੇ ਸੱਜੇ ਗੋਲਪੋਸਟ ਨਾਲ ਟਕਰਾ ਗਈ ਅਤੇ ਘੁੰਮਦੇ ਹੋਏ ਨੈੱਟ ਵਿੱਚ ਪਹੁੰਚ ਗਈ।
ਸਪੇਨ ਦੇ ਖਿਡਾਰੀ ਨਾਚੋ ਨੂੰ ਚੁੰਮ ਰਹੇ ਸਨ, ਉਨ੍ਹਾਂ ਨੂੰ ਗਲੇ ਲਾ ਰਹੇ ਸਨ। ਸਟੇਡੀਅਮ ਵਿੱਚ ਉਨ੍ਹਾਂ ਦੇ ਫੈਨਜ਼ ਦਾ ਮਨ ਇਹ ਸ਼ਾਨਦਾਰ ਗੋਲ ਦੇਖ ਕੇ ਭਿੱਜ ਗਿਆ ਸੀ।
ਹੋਵੇ ਵੀ ਕਿਉਂ ਨਾ, ਨਾਚੋ ਦਾ ਆਪਣੇ ਦੇਸ ਲਈ ਪਹਿਲਾ ਕੌਮਾਂਤਰੀ ਗੋਲ ਸੀ। ਇਹ ਸੱਚ ਹੈ ਕਿ ਪੁਰਤਗਾਲ ਦੇ ਕਪਤਾਨ ਰੋਨਾਲਡੋ ਨੇ ਆਪਣੀ ਟੀਮ ਵੱਲੋਂ ਮੈਚ ਦੇ ਆਖਰੀ ਪਲਾਂ ਵਿੱਚ ਗੋਲ ਕਰਕੇ ਮੈਚ ਬਰਾਬਰ ਕਰ ਦਿੱਤਾ। ਉਹ ਮੈਚ ਦੇ ਸਟਾਰ ਵੀ ਰਹੇ ਅਤੇ ਮੈਨ ਆਫ਼ ਦਾ ਮੈਚ ਵੀ ਰਹੇ ਪਰ ਸੱਚ ਪੁੱਛੋ ਤਾਂ ਨਾਚੋ ਦਾ ਗੋਲ ਲੰਮੇ ਸਮੇਂ ਤੱਕ ਲੋਕਾਂ ਨੂੰ ਯਾਦ ਰਹੇਗਾ।
ਸੁਪਨਾ ਪੂਰਾ ਕਰਨ ਲਈ ਕੀਤਾ ਸੰਘਰਸ਼
ਫੁੱਟਬਾਲ ਦੇ ਕਈ ਜਾਣਕਾਰ ਕਹਿ ਰਹੇ ਹਨ ਕਿ ਸ਼ਾਇਦ ਨਾਚੋ ਦਾ ਇਹ ਗੋਲ ਸਪੇਨ ਲਈ ਇਸ ਵਿਸ਼ਵ ਕੱਪ ਦਾ ਸਭ ਤੋਂ ਚੰਗਾ ਗੋਲ ਸਾਬਿਤ ਹੋਵੇ।
ਇੱਕ ਫੁੱਟਬਾਲ ਖਿਡਾਰੀ ਦੇ ਰੂਪ ਵਿੱਚ ਸਪੇਨ ਵਿੱਚ ਨਾਚੋ ਵੱਡਾ ਨਾਮ ਹੈ ਅਤੇ ਉਨ੍ਹਾਂ ਦੇ ਛੋਟੇ ਭਰਾ ਐਲੇਕਸ ਵੀ ਫੁੱਟਬਾਲ ਖਿਡਾਰੀ ਹਨ ਪਰ ਲੰਮੇਂ ਸਮੇਂ ਤੱਕ ਨਾਚੋ ਨੇ ਦੁਨੀਆਂ ਨੂੰ ਇਹ ਨਹੀਂ ਦੱਸਿਆ ਕਿ ਇਸ ਮੁਕਾਮ ਤੱਕ ਪਹੁੰਚਣ ਲਈ ਉਨ੍ਹਾਂ ਨੇ ਕਿੰਨੀਆਂ ਮੁਸ਼ਕਿਲਾਂ ਝੱਲੀਆਂ।

ਤਸਵੀਰ ਸਰੋਤ, Getty Images
2016 ਵਿੱਚ ਨਾਚੋ ਨੇ ਦੁਨੀਆਂ ਨੂੰ ਇਹ ਵੀ ਦੱਸਿਆ ਕਿ ਉਹ 12 ਸਾਲ ਦੀ ਉਮਰ ਤੋਂ ਹੀ ਟਾਈਪ-1 ਡਾਇਬਟੀਜ਼ ਨਾਲ ਲੜ ਰਹੇ ਹਨ। ਅਜਿਹੀ ਬਿਮਾਰੀ ਜੋ ਉਨ੍ਹਾਂ ਦਾ ਕਰੀਅਰ ਖ਼ਤਮ ਕਰ ਸਕਦੀ ਸੀ। ਉਸ ਵੇਲੇ ਉਹ ਰਿਯਾਲ ਮੈਡਰਿਡ ਦੀ ਯੂਥ ਟੀਮ ਵਿੱਚ ਟ੍ਰੇਨਿੰਗ ਲੈ ਰਹੇ ਸਨ।
ਡਾਕਟਰਾਂ ਨੇ ਕਹਿ ਦਿੱਤਾ ਸੀ ਕਿ ਉਹ ਕਦੇ ਫੁੱਟਬਾਲ ਨਹੀਂ ਖੇਡ ਸਕਦੇ ਪਰ ਉਨ੍ਹਾਂ ਨੇ ਹਿੰਮਤ ਨਹੀਂ ਹਾਰੀ। ਉਨ੍ਹਾਂ ਨੇ ਸੰਘਰਸ਼ ਜਾਰੀ ਰੱਖਿਆ ਅਤੇ ਫਿਰ ਜਦੋਂ ਉਨ੍ਹਾਂ ਨੇ ਦੁਬਾਰਾ ਡਾਕਟਰਾਂ ਤੋਂ ਸਲਾਹ ਲਈ ਤਾਂ ਉਨ੍ਹਾਂ ਨੂੰ ਕਿਹਾ ਗਿਆ ਕਿ ਉਹ ਆਪਣਾ ਸੁਪਨਾ ਪੂਰਾ ਕਰ ਸਕਦੇ ਹਨ।
ਲੰਮੇਂ ਸਮੇਂ ਤੱਕ ਨਾਚੋ ਇੰਸੁਲਿਨ ਦੀ ਕਿਟ ਲੈ ਕੇ ਮੈਦਾਨ ਵਿੱਚ ਜਾਂਦੇ ਸਨ। ਪ੍ਰੈਕਟਿਸ ਕਰਦੇ, ਇੰਸੁਲਿਨ ਲੈਂਦੇ ਅਤੇ ਫਿਰ ਪ੍ਰੈਕਟਿਸ ਵਿੱਚ ਰੁਝ ਜਾਂਦੇ।
ਸੁਪਨਾ ਪੂਰਾ ਕਰਨ ਲਈ ਮੈਡੀਕਲ ਹਾਲਾਤਾਂ ਦਾ ਅਸਰ ਨਹੀਂ
ਸਾਲ 2002 ਦੀ ਗੱਲ ਹੈ, ਜਦੋਂ ਨੌਂ ਸਾਲ ਬਾਅਦ ਰੀਅਲ ਮੈਡਰਿਡ ਦੀ ਸਨੀਅਰ ਟੀਮ ਵਿੱਚ ਉਨ੍ਹਾਂ ਨੂੰ ਥਾਂ ਮਿਲੀ ਸੀ ਤਾਂ ਉਨ੍ਹਾਂ ਦੀ ਖੁਸ਼ੀ ਦਾ ਠਿਕਾਣਾ ਨਹੀਂ ਸੀ। ਜਵਾਨੀ ਵਿੱਚ ਨਾਚੋ ਨੇ ਜੋ ਸੁਪਨਾ ਦੇਖਿਆ ਸੀ, ਉਹ ਪੂਰਾ ਹੋ ਰਿਹਾ ਸੀ।
ਨਾਚੋ ਦੀ ਉਦਾਹਰਣ ਉਨ੍ਹਾਂ ਬੱਚਿਆਂ ਲਈ ਵੀ ਇੱਕ ਸਬਕ ਹੈ, ਜੋ ਕਿ ਵੱਖ-ਵੱਖ ਮੈਡੀਕਲ ਹਾਲਾਤਾਂ ਕਾਰਨ ਆਪਣਾ ਸੁਪਨਾ ਪੂਰਾ ਨਹੀਂ ਕਰ ਪਾਉਂਦੇ। ਨਾਚੋ ਨੇ ਇੱਕ ਵਾਰੀ ਕਿਹਾ ਸੀ- ਡਾਇਬਟੀਜ਼ ਦਾ ਮਤਲਬ ਇਹ ਨਹੀਂ ਹੈ ਕਿ ਬੱਚੇ ਆਮ ਜੀਵਨ ਜੀਅ ਨਹੀਂ ਸਕਦੇ ਹਨ। ਖੇਡਾਂ ਕਾਰਨ ਤਾਂ ਮੈਨੂੰ ਡਾਇਬੀਟੀਜ ਜਿੱਤਣ ਦਾ ਮੌਕਾ ਮਿਲਿਆ।
ਨਾਚੋ ਜਦੋਂ ਜਵਾਨ ਸਨ ਤਾਂ ਉਹ ਜ਼ਿਨੇਦਿਨ ਜ਼ਿਦਾਨ ਨੂੰ ਆਪਣਾ ਆਦਰਸ਼ ਮੰਨਦੇ ਸਨ ਅਤੇ ਇੱਕ ਅਜਿਹਾ ਸਮਾਂ ਵੀ ਆਇਆ ਜਦੋਂ ਉਹ ਨਿਰਾਸ਼ਾ ਦੇ ਦੌਰ ਵਿੱਚੋਂ ਨਿਕਲਕੇ ਉਨ੍ਹਾਂ ਨੇ ਆਪਣਾ ਸੁਪਨਾ ਪੂਰਾ ਕੀਤਾ। ਜ਼ਿਦਾਨ ਦੇ ਮੈਨੇਜਰ ਦੇ ਰਹਿੰਦੇ ਹੋਏ ਰੀਯਾਲ ਮੈਡਰਿਡ ਵੱਲੋਂ ਖੇਡਣਾਂ ਉਨ੍ਹਾਂ ਦੀ ਜ਼ਿੰਦਗੀ ਦਾ ਸਭ ਤੋਂ ਵਧੀਆ ਸਮਾਂ ਸੀ।
ਫੁੱਟਬਾਲ ਕਿਟ ਨਾਲ ਇੰਸੁਲਿਨ ਕਿਟ ਲੈ ਕੇ ਮੈਦਾਨ 'ਤੇ ਆਉਣ ਵਾਲਾ ਉਹ ਖਿਡਾਰੀ ਅੱਜ ਸਪੇਨ ਦਾ ਸਟਾਰ ਖਿਡਾਰੀ ਹੈ।












