ਕੰਮ-ਧੰਦਾ: ਅਰਬਾਂ ਅਤੇ ਕਰੋੜਾਂ ਦੀ ਕਮਾਈ ਕਰਦੇ ਮੇਜ਼ਬਾਨ ਦੇਸ, ਖਿਡਾਰੀ ਅਤੇ ਪ੍ਰਬੰਧਕ

ਤਸਵੀਰ ਸਰੋਤ, ewastudio/GettyImages
ਫੁੱਟਬਾਲ ਵਿਸ਼ਵ ਕੱਪ ਲਈ ਰੂਸ ਵਿੱਚ ਦੁਨੀਆਂ ਦੀਆਂ 32 ਟੀਮਾਂ ਆਹਮੋ-ਸਾਹਮਣੇ ਮੁਕਾਬਲਾ ਕਰ ਰਹੀਆਂ ਹਨ। ਇਸ ਖੇਡ ਨਾਲ ਅਰਥਚਾਰਾ ਵੀ ਸਿੱਧੇ ਤੌਰ 'ਤੇ ਜੁੜਿਆ ਹੈ।
ਕੰਮ-ਧੰਦਾ ਵਿੱਚ ਜਾਣਦੇ ਹਾਂ ਕਿ ਕਿਵੇਂ ਇਸ ਖੇਡ ਨਾਲ ਖਿਡਾਰੀਆਂ, ਹਿੱਸਾ ਲੈਣ ਵਾਲੀਆਂ ਟੀਮਾਂ, ਮੇਜ਼ਬਾਨ ਦੇਸ ਅਤੇ ਪ੍ਰਬੰਧਕਾਂ ਦਾ ਫਾਇਦਾ ਹੁੰਦਾ ਹੈ।
ਇਹ ਵੀਡੀਓ ਤੁਹਾਨੂੰ ਇਸ ਬਾਰੇ ਦਿਲਚਸਪ ਅੰਦਾਜ਼ ਵਿੱਚ ਸਮਝਾਵੇਗਾ।
ਮੇਜ਼ਬਾਨੀ ਲਈ ਦੇਸਾਂ ਵਿੱਚ ਜ਼ੋਰ-ਅਜ਼ਮਾਇਸ਼ ਹੁੰਦੀ ਹੈ। ਇਸ ਵਾਰ ਮੇਜ਼ਬਾਨ ਰੂਸ ਹੈ ਅਤੇ ਉਸ ਦਾ ਇੱਕ ਮਕਸਦ ਖੇਡ ਦੇ ਬਹਾਨੇ ਦੇਸ ਵਿੱਚ ਨਿਵੇਸ਼ ਨੂੰ ਵਧਾਉਣਾ ਵੀ ਹੈ।
ਪ੍ਰਬੰਧਕਾਂ ਨੂੰ ਆਸ ਹੈ ਕਿ ਮਹਾਂਕੁੰਭ ਦੌਰਾਨ ਰੂਸ ਵਿੱਚ ਪੂਰੀ ਦੁਨੀਆਂ ਤੋਂ ਤਕਰੀਬਨ 6 ਲੱਖ ਲੋਕ ਪਹੁੰਚਣਗੇ।
ਰੂਸ ਦੇ 11 ਸ਼ਹਿਰਾਂ ਵਿੱਚ ਜਿੱਥੇ ਇਹ ਮੈਚ ਖੇਡੇ ਜਾਣਗੇ, ਉੱਥੋਂ ਦੇ ਹੋਟਲਾਂ ਅਤੇ ਰੈਸਟੌਰੈਂਟਾਂ ਦੇ ਕਾਰੋਬਾਰ ਦੀ ਬੱਲੇ-ਬੱਲੇ ਹੋਣ ਵਾਲੀ ਹੈ।
ਮੇਜ਼ਬਾਨ ਨੂੰ ਕੀ ਲਾਭ?
ਟੂਰਨਾਮੈਂਟ ਦਾ ਪ੍ਰਬੰਧ ਕਰਨ ਵਾਲੇ ਨੂੰ ਕਈ ਹੋਰ ਲਾਭ ਵੀ ਹੁੰਦੇ ਹਨ ਜਿਵੇਂ ਕਿ ਢਾਂਚਾਗਤ ਸਹੂਲਤਾਂ ਵਿੱਚ ਸੁਧਾਰ, ਟਰੇਨਿੰਗ ਗਰਾਊਂਡ ਅਤੇ ਇਸ਼ਤੇਹਾਰਾਂ ਸਬੰਧੀ ਮੌਕੇ।
ਇਹ ਵੀ ਮੰਨਿਆ ਜਾਂਦਾ ਹੈ ਕਿ ਵੱਡੇ ਪ੍ਰੋਗਰਾਮਾਂ ਦੇ ਪ੍ਰਬੰਧਾਂ ਨਾਲ ਮੇਜ਼ਬਾਨ ਸ਼ਹਿਰ ਅਤੇ ਸੂਬੇ ਵਿੱਚ ਆਵਾਜਾਈ, ਸੰਚਾਰ ਅਤੇ ਸੁਰੱਖਿਆ ਨੈੱਟਵਰਕ ਵਿੱਚ ਵਾਧਾ ਦਰਜ ਹੁੰਦਾ ਹੈ।
ਜਾਣਦੇ ਹਾਂ ਕਿ ਰੂਸ ਤੋਂ ਪਹਿਲਾਂ ਕਿਹੜੇ ਦੇਸਾਂ ਨੇ ਮੇਜ਼ਬਾਨੀ ਕੀਤੀ ਅਤੇ ਉਨ੍ਹਾਂ ਨੂੰ ਕੀ ਲਾਭ ਹੋਏ।

ਤਸਵੀਰ ਸਰੋਤ, stocknshares/Getty Images
ਸਾਲ 2002 ਵਿੱਚ ਸੰਯੁਕਤ ਮੇਜ਼ਬਾਨ ਜਾਪਾਨ ਅਤੇ ਦੱਖਣੀ ਕੋਰੀਆ ਨੂੰ ਤਕਰੀਬਨ 900 ਕਰੋੜ ਡਾਲਰ ਦਾ ਲਾਭ ਹੋਇਆ ਸੀ।
2006 ਦੇ ਮੇਜ਼ਬਾਨ ਜਰਮਨੀ ਦੇ ਹਿੱਸੇ 1200 ਕਰੋੜ ਡਾਲਰ ਆਏ ਅਤੇ 2010 ਦੇ ਮੇਜ਼ਬਾਨ ਦੱਖਣੀ ਅਫ਼ਰੀਕਾ ਨੂੰ 500 ਕਰੋੜ ਡਾਲਰ ਮਿਲੇ।
ਉੰਝ ਖਿਡਾਰੀ, ਪ੍ਰਬੰਧਕ ਅਤੇ ਮੇਜ਼ਬਾਨ ਡੈਸਕ ਨੂੰ ਤਾਂ ਫਾਇਦਾ ਹੁੰਦਾ ਹੀ ਹੈ ਪਰ ਨਾਲ ਹੀ ਕੁਝ ਜਾਨਵਰ ਵੀ ਵਿਸ਼ੇਸ਼ ਧਿਆਨ ਦਾ ਕੇਂਦਰ ਬਣਦੇ ਹਨ ਜਿਵੇਂ ਕਿ ਪੌਲ ਦਿ ਔਕਟੋਪਸ ਜੋ ਭਵਿੱਖਬਾਣੀ ਕਰਦਾ ਸੀ।
ਰੂਸ ਨੂੰ 1500 ਕਰੋੜ ਡਾਲਰ ਦਾ ਫਾਇਦਾ
ਰੂਸ ਨੇ ਮੇਜ਼ਬਾਨੀ 'ਤੇ ਤਕਰੀਬਨ 1100 ਕਰੋੜ ਡਾਲਰ ਖਰਚ ਕੀਤੇ ਹਨ ਅਤੇ ਉਮੀਦ ਕਰ ਰਿਹਾ ਹੈ ਕਿ ਉਸ ਨੂੰ ਕੁੱਲ ਮਿਲਾ ਕੇ ਤਿੰਨ ਹਜ਼ਾਰ ਕਰੋੜ ਡਾਲਰ ਦੀ ਕਮਾਈ ਹੋਵੇਗੀ।
ਮੈਕੇਂਜੀ ਕੰਸਲਟੈਂਸੀ ਦੀ ਇੱਕ ਰਿਪੋਰਟ ਵੀ ਦੱਸਦੀ ਹੈ ਕਿ ਵਿਸ਼ਵ ਕੱਪ ਦੀ ਮੇਜ਼ਬਾਨੀ ਨਾਲ ਰੂਸ ਦੇ ਸਕਲ ਘਰੇਲੂ ਉਤਪਾਦ ਯਾਨਿ ਜੀਡੀਪੀ ਨੂੰ 1500 ਕਰੋੜ ਡਾਲਰ ਦਾ ਫਾਇਦਾ ਹੋ ਸਕਦਾ ਹੈ।
ਪਰ ਰੂਸ ਵਰਗੇ ਸਾਲਾਨਾ 130 ਲੱਖ ਕਰੋੜ ਡਾਲਰ ਵਾਲੇ ਅਰਥਚਾਰੇ 'ਤੇ ਇਸ ਦਾ ਅਸਰ ਮਹਿਜ਼ 0.2 ਫੀਸਦ ਹੀ ਹੋਵੇਗਾ।
ਚਾਰ ਸਾਲਾਂ ਬਾਅਦ ਹੋਣ ਵਾਲੇ ਰੋਮਾਂਚਕ ਟੂਰਨਾਮੈਂਟ ਦਾ ਪ੍ਰਬੰਧ ਫੀਫਾ ਯਾਨਿ ਕਿ ਫੈਡਰੇਸ਼ਨ ਇੰਟਰਨੈਸ਼ਨਲ ਡੇਅ ਫੁੱਟਬਾਲ ਐਸੋਸੀਏਸ਼ਨ ਕਰਾਉਂਦੀ ਹੈ।
ਅਸਲ ਕਮਾਈ ਤਾਂ ਫੀਫਾ ਦੀ ਹੋਣ ਵਾਲੀ ਹੈ। ਫੀਫਾ ਨੂੰ ਕੁੱਲ 53 ਅਰਬ 40 ਕਰੋੜ ਰੁਪਏ ਦੀ ਕਮਾਈ ਹੋਵੇਗੀ ਪਰ ਇਸ ਕਮਾਈ ਦਾ ਵੱਡਾ ਹਿੱਸਾ ਫੀਫਾ ਨੂੰ ਇਨਾਮ ਅਤੇ ਉਤਸ਼ਾਹ ਰਾਸ਼ੀ ਵਜੋਂ ਵੰਡਣਾ ਹੋਵੇਗਾ।
ਅੰਕੜਿਆਂ ਮੁਤਾਬਕ ਫੀਫਾ ਨੇ ਇਸ ਸਾਲ ਜੇਤੂ ਟੀਮ ਨੂੰ 2 ਅਰਬ 56 ਕਰੋੜ ਰੁਪਏ ਦੇਣ ਦਾ ਫ਼ੈਸਲਾ ਕੀਤਾ ਹੈ। ਦੂਜੇ, ਤੀਜੇ ਅਤੇ ਚੌਥੇ ਸਥਾਨ 'ਤੇ ਰਹਿਣ ਵਾਲੀ ਟੀਮ ਨੂੰ ਵੀ ਇਨਾਮੀ ਰਾਸ਼ੀ ਮਿਲੇਗੀ।
- ਜੇਤੂ ਟੀਮ ਨੂੰ ਲਗਭਗ 2 ਅਰਬ 56 ਕਰੋੜ ਰੁਪਏ
- ਦੂਜੇ ਸਥਾਨ 'ਤੇ ਰਹਿਣ ਵਾਲੀ ਟੀਮ ਨੂੰ ਲਗਭਗ 1 ਅਰਬ 89 ਕਰੋੜ ਰੁਪਏ
- ਤੀਜੇ ਸਥਾਨ 'ਤੇ ਰਹਿਣ ਵਾਲੀ ਟੀਮ ਨੂੰ ਲਗਭਗ 1 ਅਰਬ 62 ਕਰੋੜ ਰੁਪਏ
ਕੰਮ-ਧੰਦਾ ਵਿੱਚ ਹੋਰ:
ਕੁਆਟਰ ਫਾਈਨਲ ਅਤੇ ਪ੍ਰੀ ਕੁਆਟਰ ਫਾਈਨਲ ਵਿੱਚ ਪਹੁੰਚਣ ਵਾਲੀਆਂ ਟੀਮਾਂ ਦੇ ਖਿਡਾਰੀਆਂ ਦੀਆਂ ਜੇਬਾਂ ਵੀ ਖਾਲੀਆਂ ਨਹੀਂ ਰਹਿਣਗੀਆਂ।
ਫੀਫਾ ਨੇ ਪੁਸ਼ਟੀ ਕੀਤੀ ਹੈ ਕਿ 2018 ਵਿਸ਼ਵ ਕੱਪ ਵਿੱਚ ਹਿੱਸਾ ਲੈਣ ਵਾਲੀਆਂ 32 ਟੀਮਾਂ ਨੂੰ ਲਾਭ ਜ਼ਰੂਰ ਮਿਲੇਗਾ।
ਫੀਫਾ ਦੀ ਲਗਭਗ 86 ਫੀਸਦ ਕਮਾਈ ਬ੍ਰੌਡਕਾਸਟ ਰਾਈਟਜ਼ ਯਾਨਿ ਕਿ ਪ੍ਰਸਾਰਣ ਅਧਿਕਾਰਾਂ ਤੋਂ ਹੁੰਦੀ ਹੈ। ਬਾਕੀ ਇਸ਼ਤਿਹਾਰਾਂ, ਕੈਂਪੇਨ ਤੇ ਸਪੌਂਸਰ ਤੋਂ ਹੁੰਦੀ ਹੈ।

ਤਸਵੀਰ ਸਰੋਤ, zoom-zoom/Getty Images
ਬ੍ਰੌਡਕਾਸਟ ਰਾਈਟਜ਼ ਲਈ ਵੀ ਕੰਪਨੀਆਂ ਵਿਚਾਲੇ ਵੱਡੀ ਜੰਗ ਹੁੰਦੀ ਹੈ ਅਤੇ ਇਸ ਦਾ ਕਾਰਨ ਹੈ ਦਰਸ਼ਕਾਂ ਦਾ ਅਰਬਾਂ ਦਾ ਅੰਕੜਾ।
ਸਪੌਂਸਰ ਵਿਸ਼ਵ ਕੱਪ ਦੀ ਪ੍ਰਸਿੱਧੀ ਦਾ ਅੰਦਾਜ਼ਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਬ੍ਰਾਜ਼ੀਲ ਵਿੱਚ ਖੇਡਿਆ ਗਿਆ ਪਿਛਲਾ ਵਿਸ਼ਵ ਕੱਪ ਦੁਨੀਆਂ ਭਰ ਵਿੱਚ 320 ਕਰੋੜ ਲੋਕਾਂ ਨੇ ਦੇਖਿਆ ਸੀ।













