ਥਾਈਲੈਂਡ 'ਚ 9 ਦਿਨਾਂ ਤੋਂ ਗੁਫ਼ਾ ਵਿੱਚ ਫਸੇ ਮੁੰਡਿਆਂ ਨੂੰ ਕਿਵੇਂ ਬਾਹਰ ਕੱਢਿਆ ਜਾ ਸਕਦਾ ਹੈ?
ਥਾਈ ਗੁਫ਼ਾ ਵਿੱਚ ਫਸੇ ਫੁੱਟਬਾਲ ਖਿਡਾਰੀਆਂ ਨੂੰ ਤੈਰਨਾ ਸਿੱਖਣਾ ਪਏਗਾ ਜਾਂ ਫਿਰ ਪਾਣੀ ਘੱਟਣ ਲਈ ਕੁਝ ਮਹੀਨੇ ਉਡੀਕ ਕਰਨੀ ਪਏਗੀ। ਇਹ ਕਹਿਣਾ ਹੈ ਥਾਈਲੈਂਡ ਫੌਜ ਦਾ।
ਬਚਾਅ ਟੀਮਾਂ ਪਾਣੀ ਦੇ ਵੱਧਦੇ ਪੱਧਰ ਨਾਲ ਸੰਘਰਸ਼ ਕਰ ਰਹੀਆਂ ਹਨ ਅਤੇ ਗੁਫ਼ਾ ਵਿੱਚ ਫਸੇ ਹੋਏ ਬੱਚਿਆਂ ਨੂੰ ਭੋਜਨ ਤੇ ਮੈਡੀਕਲ ਸਹਾਇਤਾ ਪਹੁੰਚਾ ਰਹੀਆਂ ਹਨ।
ਫੌਜ ਮੁਤਾਬਕ ਬੱਚਿਆਂ ਨੂੰ ਉਹ ਭੋਜਨ ਦਿੱਤਾ ਜਾਵੇਗਾ ਜੋ ਕਿ ਚਾਰ ਮਹੀਨਿਆਂ ਤੱਕ ਸਹੀ ਰਹਿ ਸਕੇ।

ਤਸਵੀਰ ਸਰੋਤ, AFP/ROYAL THAI NAVY
12 ਮੁੰਡੇ ਅਤੇ ਉਨ੍ਹਾਂ ਦਾ ਫੁੱਟਬਾਲ ਕੋਚ ਪਿਛਲੇ 9 ਦਿਨਾਂ ਤੋਂ ਲਾਪਤਾ ਸਨ ਅਤੇ ਉਨ੍ਹਾਂ ਦੀ ਭਾਲ ਗੁਫ਼ਾ ਅੰਦਰ ਕੀਤੀ ਜਾ ਰਹੀ ਸੀ। ਸੋਮਵਾਰ ਨੂੰ ਗੋਤਾਖੋਰਾਂ ਨੇ ਉਨ੍ਹਾਂ ਨੂੰ ਲੱਭ ਲਿਆ।
ਬੱਚਿਆਂ ਲਈ ਚੁਣੌਤੀਆਂ
ਸਭ ਜਾਣਨਾ ਚਾਹ ਰਹੇ ਸਨ ਕਿ ਉਹ ਕਿੱਥੇ ਹਨ ਅਤੇ ਕੀ ਉਹ ਜ਼ਿੰਦਾ ਹਨ।

ਤਸਵੀਰ ਸਰੋਤ, EPA
ਥੈਮ ਲੁਆਂਗ ਗੁਫ਼ਾ ਉੱਤਰੀ ਥਾਈਲੈਂਡ ਦੇ ਚਿਆਂਗ ਰਾਈ ਵਿੱਚ ਸਥਿਤ ਹੈ ਜਿੱਥੇ ਬਰਸਾਤੀ ਮੌਸਮ ਵਿੱਚ ਹੜ੍ਹ ਆ ਜਾਂਦਾ ਹੈ ਜੋ ਕਿ ਸਤੰਬਰ ਜਾਂ ਅਕਤੂਬਰ ਤੱਕ ਰਹਿੰਦਾ ਹੈ।
ਜੇ ਬੱਚਿਆਂ ਨੂੰ ਸੁਰੱਖਿਅਤ ਬਾਹਰ ਲਿਆਉਣਾ ਹੈ ਤਾਂ ਉਨ੍ਹਾਂ ਨੂੰ ਮੁੱਢਲੇ ਤੌਰ 'ਤੇ ਤੈਰਨਾ ਸਿੱਖਣਾ ਪਏਗਾ ਤਾਂ ਕਿ ਉਹ ਗਾਰੇ ਨਾਲ ਭਰੇ ਰਾਹ ਵਿੱਚੋਂ ਸੁਰੱਖਿਅਤ ਬਾਹਰ ਨਿਕਲ ਸਕਣ ਜਿੱਥੇ ਕੁਝ ਵੀ ਦਿਖਾਈ ਨਹੀਂ ਦੇ ਰਿਹਾ।
ਪਾਣੀ ਦੇ ਪੱਧਰ ਨੂੰ ਘਟਾਉਣ ਦੀਆਂ ਕੋਸ਼ਿਸ਼ਾਂ ਨਾਕਾਮਯਾਬ ਰਹੀਆਂ ਹਨ।
ਇਹ ਟੀਮ ਕਿਵੇਂ ਫਸੀ?
ਕਿਹਾ ਜਾ ਰਿਹਾ ਹੈ ਕਿ ਖਿਡਾਰੀਆਂ ਦੀ ਟੀਮ ਬੀਤੇ ਸ਼ਨੀਵਾਰ ਸ਼ਾਮ ਦੁਪਹਿਰ ਨੂੰ ਗੁਫ਼ਾ ਅੰਦਰ ਦਾਖਿਲ ਹੋਈ।
ਗੁੰਮ ਹੋਣ ਦੀ ਖ਼ਬਰ ਮਿਲਦਿਆਂ ਹੀ ਬਚਾਅ ਟੀਮਾਂ ਸ਼ਨੀਵਾਰ ਰਾਤ ਨੂੰ ਹੀ ਬਚਾਅ ਵਿੱਚ ਲੱਗ ਗਈਆਂ ਸਨ। ਪਰ ਲਗਾਤਾਰ ਮੀਂਹ ਪੈਣ ਕਾਰਨ ਰਾਹਤ ਕਾਰਜਾਂ ਵਿਚ ਮੁਸ਼ਕਲ ਆ ਰਹੀ ਸੀ।

ਤਸਵੀਰ ਸਰੋਤ, Facebook/E katol
ਰਾਹਤ ਟੀਮ ਨੂੰ ਗੁਫ਼ਾ ਦੇ ਬਾਹਰ ਖੇਡਣ ਦਾ ਸਮਾਨ ਅਤੇ ਸਾਈਕਲ ਮਿਲੇ ਸਨ।
ਬੈਂਕਾਕ ਪੋਸਟ ਮੁਤਾਬਕ ਗੁਫ਼ਾ ਤੱਕ ਜਾਣ ਲਈ ਸੈਲਾਨੀਆਂ ਨੂੰ ਇੱਕ ਛੋਟਾ ਜਿਹਾ ਦਰਿਆ ਪਾਰ ਕਰਨਾ ਪੈਂਦਾ ਹੈ ਪਰ ਜੇ ਹੜ੍ਹ ਆ ਜਾਏ ਤਾਂ ਇਸ ਨੂੰ ਪਾਰ ਕਰਨਾ ਮੁਸ਼ਕਿਲ ਹੋ ਜਾਂਦਾ ਹੈ।
ਜੇ ਥਾਈਲੈਂਡ ਵਿੱਚ ਮੀਂਹ ਦਾ ਮੌਸਮ ਹੋਵੇ ਤਾਂ ਗੁਫ਼ਾ ਅੰਦਰ ਪਾਣੀ 16 ਫੁੱਟ ਤੱਕ ਭਰ ਸਕਦਾ ਹੈ। ਇੱਥੇ ਮੀਂਹ ਦਾ ਮੌਸਮ ਜੂਨ ਤੋਂ ਅਕਤੂਬਰ ਤੱਕ ਰਹਿੰਦਾ ਹੈ।
ਬਚਾਅ ਦੇ ਬਦਲ
ਜੇ ਬੱਚਿਆਂ ਨੂੰ ਸੁਰੱਖਿਅਤ ਬਾਹਰ ਲਿਆਉਣਾ ਹੈ ਤਾਂ ਉਨ੍ਹਾਂ ਨੂੰ ਮੁੱਢਲੇ ਤੌਰ 'ਤੇ ਤੈਰਨਾ ਸਿੱਖਣਾ ਪਏਗਾ ਤਾਂ ਕਿ ਉਹ ਗਾਰੇ ਨਾਲ ਭਰੇ ਰਾਹ ਵਿੱਚੋਂ ਸੁਰੱਖਿਅਤ ਬਾਹਰ ਨਿਕਲ ਸਕਣ ਜਿੱਥੇ ਕੁਝ ਵੀ ਦਿਖਾਈ ਨਹੀਂ ਦੇ ਰਿਹਾ।
ਪਾਣੀ ਦੇ ਪੱਧਰ ਨੂੰ ਘਟਾਉਣ ਦੀਆਂ ਕੋਸ਼ਿਸ਼ਾਂ ਨਾਕਾਮਯਾਬ ਰਹੀਆਂ ਹਨ।

ਤਸਵੀਰ ਸਰੋਤ, Getty Images
ਹੁਣ ਸਭ ਤੋਂ ਵੱਡੀ ਚੁਣੌਤੀ ਹੈ ਉਨ੍ਹਾਂ ਨੂੰ ਸੁਰੱਖਿਅਤ ਬਾਹਰ ਕਿਵੇਂ ਕੱਢਿਆ ਜਾਵੇ। ਜਾਂ ਫਿਰ ਬੱਚਿਆਂ ਅਤੇ ਉਨ੍ਹਾਂ ਦੇ ਕੋਚ ਨੂੰ ਬਚਾਉਣ ਲਈ ਕਿਹੜੇ ਰਾਹ ਹਨ?
ਗੋਤਾਖੋਰੀ
ਅਨਮਰ ਮਿਰਜ਼ਾ, ਅਮਰੀਕੀ ਗੁਫ਼ਾ ਬਚਾਅ ਕਮਿਸ਼ਨ ਦੇ ਕੌਮੀ ਕੋ-ਆਰਡੀਨੇਟਰ ਨੇ ਬੀਬੀਸੀ ਨੂੰ ਦੱਸਿਆ, "ਤੈਰ ਕੇ ਉਨ੍ਹਾਂ ਨੂੰ ਜਲਦੀ ਬਾਹਰ ਕੱਢਿਆ ਜਾ ਸਕਦਾ ਹੈ ਪਰ ਇਹ ਸਭ ਤੋਂ ਖਤਰਨਾਕ ਵੀ ਹੈ।"
ਥਾਈ ਨੇਵੀ ਗੋਤਾਖੋਰ, ਯੂਕੇ ਦੇ ਤਿੰਨ ਸਿਰਖੱਢ ਗੋਤਾਖੋਰ ਅਤੇ ਅਮਰੀਕੀ ਫੌਜ ਮੁੰਡਿਆਂ ਨੂੰ ਲੱਭਣ ਵਿੱਚ ਜੁਟੇ ਰਹੇ।

ਤਸਵੀਰ ਸਰੋਤ, Getty Images
ਕੁੱਲ ਮਿਲਾ ਕੇ 1000 ਤੋਂ ਵੱਧ ਲੋਕ ਬਚਾਅ ਕਾਰਜ ਵਿੱਚ ਲੱਗੇ ਹੋਏ ਹਨ ਜਿਸ ਵਿੱਚ ਚੀਨ, ਮਿਆਂਮਾਰ, ਲਾਓਸ ਅਤੇ ਆਸਟਰੇਲੀਆ ਦੀਆਂ ਟੀਮਾਂ ਸ਼ਾਮਿਲ ਹਨ।
ਫਲੋਰਿਡਾ ਵਿੱਚ 'ਇੰਟਰਨੈਸ਼ਨਲ ਅੰਡਰਵਾਟਰ ਕੇਵ ਰੈਸਕਿਉ ਐਂਡ ਰਿਕਵਰੀ ਆਰਗਨਾਈਜ਼ੇਸ਼ਨ' ਦੇ ਖੇਤਰੀ ਕੋ-ਆਰਡੀਨੇਟਰ ਐੱਡ ਸੋਰੇਨਸਨ ਨੇ ਬੀਬੀਸੀ ਨੂੰ ਦੱਸਿਆ, "ਤੈਰ ਕੇ ਬਾਹਰ ਆਉਣ ਦਾ ਬਦਲ ਸਭ ਤੋਂ ਖਤਰਨਾਕ ਹੈ। ਜ਼ੀਰੋ ਵਿਜ਼ੀਬਿਲਿਟੀ ਯਾਨਿ ਕਿ ਬਿਲਕੁਲ ਵੀ ਨਜ਼ਰ ਨਾ ਆਉਣ ਵਾਲੀ ਹਾਲਤ ਵਿੱਚ ਇਹ ਸੰਭਵ ਹੈ ਕਿ ਉਹ ਘਬਰਾ ਜਾਣ ਅਤੇ ਖੁਦ ਨੂੰ ਅਤੇ ਬਚਾਅ ਟੀਮ ਨੂੰ ਵੀ ਨੁਕਾਸਨ ਕਰ ਸਕਦੇ ਹਨ।"
ਡ੍ਰਿਲਿੰਗ
ਅਧਿਕਾਰੀਆਂ ਨੇ ਗੁਫ਼ਾ ਦੀਆਂ ਕੰਧਾਂ ਵਿੱਚ ਡ੍ਰਿਲ ਨਾਲ ਮੋਰ੍ਹੀਆਂ ਕਰਕੇ ਹੜ੍ਹ ਦਾ ਪਾਣੀ ਘੱਟ ਕਰਨ ਦੀ ਕੋਸ਼ਿਸ਼ ਕੀਤੀ ਸੀ। ਹਾਲਾਂਕਿ ਮੋਟੇ ਪੱਥਰਾਂ ਨੇ ਕੋਸ਼ਿਸ਼ਾਂ ਨੂੰ ਨਾਕਾਮਯਾਬ ਕਰ ਦਿੱਤਾ।
ਇਹ ਵੀ ਸਲਾਹਾਂ ਦਿੱਤੀਆਂ ਗਈਆਂ ਕਿ ਡ੍ਰਿਲ ਕਰਕੇ ਬੱਚਿਆਂ ਨੂੰ ਬਾਹਰ ਕੱਢਿਆ ਜਾ ਸਕਦਾ ਹੈ।

ਤਸਵੀਰ ਸਰੋਤ, Getty Images
ਪਰ ਇਸ ਤੋਂ ਪਹਿਲਾਂ ਨਵੀਆਂ ਸੜਕਾਂ ਬਣਾਉਣੀਆਂ ਪੈਣੀਆਂ ਹਨ ਤਾਂ ਕਿ ਭਾਰੀ ਮਸ਼ੀਨਾਂ ਉੱਥੇ ਲਿਆਈਆਂ ਜਾ ਸਕਣ।
ਮਿਰਜ਼ਾ ਦਾ ਕਹਿਣਾ ਹੈ ਕਿ ਇਸ ਤੋਂ ਵੀ ਜ਼ਿਆਦਾ ਜ਼ਰੂਰੀ ਹੈ ਕਿ ਤੁਸੀਂ ਗੁਫ਼ਾ ਨੂੰ ਪੂਰੀ ਤਰ੍ਹਾਂ ਸਮਝਦੇ ਹੋਵੋ, ਅੱਗੋਂ-ਪਿੱਛੋਂ ਜਾਣਦੇ ਹੋਵੋ। ਨਹੀਂ ਤਾਂ ਸਹੀ ਥਾਂ 'ਤੇ ਡ੍ਰਿਲ ਕਰਨਾ ਔਖਾ ਹੋ ਜਾਵੇਗਾ।
"ਇਹ ਸੌਖਾ ਲਗਦਾ ਹੈ ਪਰ ਅਸਲ ਵਿੱਚ ਇਹ ਕਾਫ਼ੀ ਔਖਾ ਹੈ।"
ਰਾਹਤ ਸਮਗਰੀ ਦੀ ਮੁੜ ਸਪਲਾਈ?
ਪ੍ਰੈੱਸ ਕਾਨਫਰੰਸ ਦੌਰਾਨ ਚਿਆਂਗ ਰਾਏ ਦੇ ਗਵਰਨਰ ਨੇ ਕਿਹਾ ਕਿ ਬੱਚਿਆਂ ਅਤੇ ਕੋਚ ਦੀ ਸਿਹਤ ਜਾਂਚ ਲਈ ਉਹ ਡਾਕਟਰਾਂ ਅਤੇ ਨਰਸਾਂ ਨੂੰ ਗੁਫ਼ਾ ਅੰਦਰ ਭੇਜਣਗੇ। ਇਸ ਦੌਰਾਨ ਉਹ ਪਾਣੀ ਕੱਢਣ ਦਾ ਕੰਮ ਜਾਰੀ ਰੱਖਣਗੇ।

ਤਸਵੀਰ ਸਰੋਤ, Getty Images
"ਜੇ ਡਾਕਟਰ ਕਹਿੰਦੇ ਹਨ ਕਿ ਉਨ੍ਹਾਂ ਦੀ ਸਿਹਤ ਇੰਨੀ ਠੀਕ ਹੈ ਕਿ ਉਨ੍ਹਾਂ ਨੂੰ ਬਾਹਰ ਕੱਢਿਆ ਜਾ ਸਕਦਾ ਹੈ ਤਾਂ ਉਨ੍ਹਾਂ ਨੂੰ ਗੁਫ਼ਾ ਵਿੱਚੋਂ ਬਾਹਰ ਕੱਢ ਲਿਆ ਜਾਵੇਗਾ।"
ਮਿਰਜ਼ਾ ਦਾ ਕਹਿਣਾ ਹੈ, "ਉਹ ਨੌ ਦਿਨ ਖਾਣੇ ਤੋਂ ਬਿਨਾਂ ਰਹੇ ਹਨ। ਹੁਣ ਉਨ੍ਹਾਂ ਦੇ ਖਾਣੇ 'ਤੇ ਨਜ਼ਰ ਰੱਖਣੀ ਪਏਗੀ।"
ਭੋਜਨ ਤੋਂ ਅਵੇਸਲੇ ਇਨ੍ਹਾਂ ਲੋਕਾਂ ਦੀ ਸਿਹਤ 'ਤੇ ਮਾੜਾ ਅਸਰ ਪੈ ਸਕਦਾ ਹੈ ਜੇ ਇਨ੍ਹਾਂ ਨੂੰ ਸਹੀ ਭੋਜਨ ਨਾਂਅ ਦਿੱਤਾ ਗਿਆ। ਇੱਥੋਂ ਤੱਕ ਕਿ ਦਿਲ ਦਾ ਦੌਰਾ ਵੀ ਪੈ ਸਕਦਾ ਹੈ ਜਾਂ ਕੋਮਾ ਵਿੱਚ ਜਾ ਸਕਦੇ ਹਨ।
ਮਿਰਜ਼ਾ ਦਾ ਕਹਿਣਾ ਹੈ ਕਿ ਜੇ ਇਹ ਲੋਕ ਹੜ੍ਹ ਤੋਂ ਸੁਰੱਖਿਅਤ ਹਨ ਤਾਂ ਉਨ੍ਹਾਂ ਨੂੰ ਭੋਜਨ, ਪਾਣੀ ਅਤੇ ਆਕਸੀਜ਼ਨ ਦੀ ਸਪਲਾਈ ਕਰਦੇ ਰਹਿਣਾ ਚਾਹੀਦਾ ਹੈ।













