ਦੇਖੋ: ਭਾਰਤ 'ਚ ਕਿੱਥੇ ਮਿਲੀ ਦੁਨੀਆਂ ਦੀ ਸਭ ਤੋਂ ਲੰਮੀ ਬਲੂਆ ਪੱਥਰ ਦੀ ਗੁਫਾ?

ਤਸਵੀਰ ਸਰੋਤ, MARCEL DIKSTRA
- ਲੇਖਕ, ਸੌਤਿਕ ਬਿਸਵਾਸ
- ਰੋਲ, ਬੀਬੀਸੀ ਪੱਤਰਕਾਰ
ਹਾਲ ਹੀ ਵਿੱਚ ਭਾਰਤ ਦੇ ਉੱਤਰ-ਪੂਰਬੀ ਸੂਬੇ ਮੇਘਾਲਿਆ 'ਚ ਬਲੂਆ ਦੇ ਪੱਥਰਾਂ ਦੀ ਸਭ ਤੋਂ ਲੰਮੀ ਗੁਫਾ ਦਾ ਪਤਾ ਲੱਗਿਆ ਹੈ। ਬੀਬੀਸੀ ਦੇ ਸੌਤਿਕ ਬਿਸਵਾਸ ਇਸ ਗੁਫਾ ਦੀ ਇੱਕ ਝਲਕ ਲੈਣ ਲਈ ਵਿਗਿਆਨੀਆਂ ਦੇ ਨਾਲ ਗਏ।
ਭਿਆਨਕ ਦਿਖਣ ਵਾਲੀ ਗੁਫਾ ਦੇ ਬਾਹਰ ਖੜੇ ਹੋ ਕੇ ਬ੍ਰਾਇਨ ਡੀ ਖਰਪ੍ਰਾਨ ਨੇ ਕਿਹਾ, ''ਜੇ ਤੁਸੀਂ ਅੰਦਰ ਖੋ ਗਏ ਤਾਂ ਸ਼ਾਇਦ ਕਦੇ ਵੀ ਆਪਣਾ ਰਾਹ ਨਾ ਲੱਭ ਸਕੋ।''
ਪਹਾੜ 'ਚੋਂ ਥੱਲੇ ਜਾਂਦੇ ਹੋਏ ਅਸੀਂ ਇੱਕ ਘੰਟੇ ਤੱਕ ਜੰਗਲ ਦੇ ਪੇੜ-ਪੌਦਿਆਂ 'ਚੋਂ ਲੰਘਦੇ ਕ੍ਰੇਮ ਪੁਰੀ ਪਹੁੰਚੇ। ਸਥਾਨਕ ਭਾਸ਼ਾ ਵਿੱਚ ਇਸਨੂੰ ਇਹੀ ਕਹਿੰਦੇ ਹਨ।
ਸਮੰਦਰ ਦੇ ਤੱਟ ਤੋਂ 4,025 ਫੁੱਟ ਉੱਚੀ ਅਤੇ ਸਾਹਮਣੇ ਡੂੰਘੀ ਘਾਟੀ ਵਾਲੀ ਖੜੀ ਚੱਟਾਨ ਤੋਂ ਗੁਫਾ ਦੀ ਸ਼ੁਰੂਆਤ ਹੁੰਦੀ ਹੈ।
ਇਹ ਗੁਫਾ 24.5 ਕਿਲੋਮੀਟਰ ਲੰਮੀ ਹੈ ਅਤੇ ਧਰਤੀ 'ਤੇ ਸਭ ਤੋਂ ਵੱਧ ਬਾਰਿਸ਼ ਲਈ ਮਸ਼ਹੂਰ ਮਾਸਿਨਰਾਮ ਦੀਆਂ ਹਰੀਆਂ ਭਰੀਆਂ ਵਾਦੀਆਂ ਵਿੱਚ 13 ਵਰਗ ਕਿਲੋਮੀਟਰ ਫੈਲੀ ਹੈ।
ਫਰਵਰੀ ਤੱਕ ਵੈਨੇਜ਼ੁਏਲਾ ਦੀ 18.7 ਕਿਲੋਮੀਟਰ ਦੀ 'ਈਮਾਵਾਰੀ ਯੇਊਟਾ' ਸਭ ਤੋਂ ਲੰਮੀ ਗੁਫਾ ਸੀ।

ਤਸਵੀਰ ਸਰੋਤ, RONNY SEN
71 ਸਾਲ ਦੇ ਬੈਂਕਰ ਖਰਪ੍ਰਾਨ ਗੁਫਾਵਾਂ ਬਾਰੇ ਬਹੁਤ ਜਾਣਦੇ ਹਨ। ਉਹ ਕਰੀਬ ਢਾਈ ਦਹਾਕਿਆਂ ਤੋਂ ਇਸ ਭਾਰੀ ਬਾਰਿਸ਼ ਵਾਲੇ ਇਲਾਕੇ ਵਿੱਚ ਖੋਜ ਕਰ ਰਹੇ ਹਨ।
ਜਦ ਉਨ੍ਹਾਂ 1992 ਵਿੱਚ ਖੋਜ ਸ਼ੁਰੂ ਕੀਤੀ ਸੀ ਤਾਂ ਮੇਘਾਲਿਆ ਵਿੱਚ ਇੱਕ ਦਰਜਨ ਗੁਫਾਵਾਂ ਸਨ।
26 ਸਾਲ ਅਤੇ 28 ਖੋਜੀ ਮੁਹਿੰਮਾਂ ਤੋਂ ਬਾਅਦ, ਉਨ੍ਹਾਂ ਅਤੇ ਉਨ੍ਹਾਂ ਦੇ ਗੁਫਾ ਵਿਗਿਆਨੀ, ਭੂ-ਵਿਗਿਆਨੀ, ਜਲ-ਵਿਗਿਆਨੀ ਅਤੇ ਜੀਵ-ਵਿਗਿਆਨੀਆਂ ਦੀ 30 ਮੈਂਬਰਾਂ ਦੀ ਮਜ਼ਬੂਤ ਕੌਮਾਂਤਰੀ ਟੀਮ ਨੇ ਸੂਬੇ ਵਿੱਚ 1650 ਗੁਫਾਵਾਂ ਦੀ ਖੋਜ ਕੀਤੀ ਹੈ।

ਤਸਵੀਰ ਸਰੋਤ, RONNY SEN
ਮੇਘਾਲਿਆ ਹੁਣ ਦੁਨੀਆਂ ਦੀਆਂ ਸਭ ਤੋਂ ਖਤਰਨਾਕ ਗੁਫਾਵਾਂ 'ਚੋਂ ਕੁਝ ਲਈ ਜਾਣਿਆ ਜਾਂਦਾ ਹੈ ਅਤੇ ਇੱਥੇ ਭਾਰਤ ਵਿੱਚ ਸਭ ਤੋਂ ਵੱਧ ਗੁਫਾਵਾਂ ਹਨ।
ਕ੍ਰੇਮ ਪੁਰੀ 'ਤੇ ਖੜੇ, ਅਸੀਂ ਅੰਦਰ ਜਾਣ ਲਈ ਤਿਆਰ ਹਾਂ।
ਟੋਪੀ ਅਤੇ ਹੈੱਡਲੈਂਪ ਪਾ ਕੇ ਅਸੀਂ ਹਨੇਰੇ ਵਿੱਚ ਜਾਂਦੇ ਹਾਂ। ਥੱਲੇ, ਖੱਬੇ ਪਾਸੇ, ਇੱਕ ਨਿੱਕਾ ਜਿਹਾ ਗਲਿਆਰਾ ਹੈ।

ਤਸਵੀਰ ਸਰੋਤ, MARCEL DIKSTRA
ਜੇ ਤੁਸੀਂ ਇਸ ਬੰਦ ਹਨ੍ਹੇਰੀ ਗੁਫਾ ਵਿੱਚ ਕਲਾਸਟ੍ਰੋਫੋਬੀਆ ਵਧਾਉਣ ਵਾਲੇ ਛੇਦਾਂ ਤੋਂ ਹੋ ਕੇ ਆਪਣਾ ਰਾਹ ਬਣਾਉਣਾ ਚਾਹੁੰਦੇ ਹਨ ਤਾਂ ਤੁਹਾਨੂੰ ਕੇਵਿੰਗ ਸੂਟ ਪਾਉਣ ਦੀ ਜ਼ਰੂਰਤ ਹੋਵੇਗੀ ਤਾਂ ਜੋ ਤੁਸੀਂ ਆਪਣੇ ਢਿੱਡ, ਹੱਥਾਂ ਅਤੇ ਗੋਢਿਆਂ ਭਾਰ ਜਾ ਸਕੋ।
ਮੈਂ ਨਹੀਂ ਪਾਇਆ ਹੈ, ਇਸ ਲਈ ਮੈਂ ਅਜਿਹਾ ਨਹੀਂ ਕਰ ਸਕਦਾ।
ਖਰਪ੍ਰਾਣ ਨੇ ਦੀਵਾਰ 'ਤੇ ਇੱਕ ਵੱਡੀ ਮਕੜੀ ਵੇਖੀ ਅਤੇ ਸਾਨੂੰ ਇੱਕ ਹੋਰ ਚੀਜ਼ ਮਿਲੀ। ਭੂ-ਵਿਗਿਆਨੀਆਂ ਅਨੁਸਾਰ ਚੱਟਾਨਾਂ ਵਿੱਚ ਫਸੇ ਇਹ ਸ਼ਾਰਕ ਦੇ ਦੰਦ ਹਨ। ਉਨ੍ਹਾਂ ਕਿਹਾ, ''ਇਸ ਗੁਫਾ ਵਿੱਚ ਕਈ ਰਾਜ਼ ਛਿਪੇ ਹਨ।''

ਤਸਵੀਰ ਸਰੋਤ, RONNY SEN
ਗੁਫ਼ਾ ਖੋਜਣ ਵਾਲੇ ਇਤਾਲਵੀ ਵਿਗਿਆਨੀ ਫਰੈਨਸੈਸਕੋ ਸਾਊਰੋ ਕਹਿੰਦੇ ਹਨ ਕਿ ਉਨ੍ਹਾਂ ਨੇ ਸ਼ਾਰਕ ਦੇ ਦੰਦਾਂ ਦੀ ਪਛਾਣ ਕੀਤੀ ਹੈ ਅਤੇ ਉਨ੍ਹਾਂ ਨੂੰ ਕੁਝ ਹੱਡੀਆਂ ਮਿਲੀਆਂ ਹਨ ਜੋ ਸਮੰਦਰੀ ਡਾਈਨਾਸੌਰ ਦੀਆਂ ਹੋ ਸਕਦੀਆਂ ਹਨ।
ਡਾਈਨਾਸੌਰ ਛੇ ਕਰੋੜ ਸਾਲ ਪਹਿਲਾਂ ਸਮੰਦਰ ਵਿੱਚ ਪਾਏ ਜਾਂਦੇ ਸੀ।
ਇਨ੍ਹਾਂ 'ਚੋਂ ਕੁਝ ਗੁਫਾਵਾਂ ਦੇ ਉਨ੍ਹਾਂ ਇਲਾਕਿਆਂ ਵਿੱਚ ਹਨ ਜਿੱਥੇ ਪਹੁੰਚਣਾ ਬਹੁਤ ਖਤਰਨਾਕ ਅਤੇ ਔਖਾ ਹੈ।
ਕੀ ਕਦੇ ਕ੍ਰੇਮ ਪੁਰੀ ਵਿੱਚ ਮਨੁੱਖ ਰਹਿੰਦੇ ਸੀ?
ਵਿਗਿਆਨੀਆਂ ਦਾ ਕਹਿਣਾ ਹੈ ਕਿ ਇਸਦੀ ਸੰਭਾਵਨਾ ਨਹੀਂ ਹੈ ਕਿਉਂਕਿ ਖਾਨਾਬਦੋਸ਼ ਆਦਿ-ਮਾਨਵ ਆਮ ਤੌਰ 'ਤੇ ਰਹਿਣ ਲਈ ਵੱਡੀਆਂ ਗੁਫਾਵਾਂ ਜਾਂ ਚੱਟਾਨੀ ਥਾਵਾਂ ਨੂੰ ਚੁਣਦੇ ਸਨ।
ਇਸ ਤੋਂ ਇਲਾਵਾ ਮੀਂਹ ਦੌਰਾਨ ਇਹ ਥਾਂ ਰਹਿਣ ਲਾਇਕ ਨਹੀਂ ਬਚਦੀ ਸੀ।
ਜਿਸ ਦਾ ਮਤਲਬ ਇਹ ਵੀ ਹੈ ਕਿ ਮੇਘਾਲਿਆ ਦੀਆਂ ਜ਼ਿਆਦਾਤਰ ਗੁਫ਼ਾਵਾਂ ਵਿੱਚ ਇਨਸਾਨ ਨਹੀਂ ਰਹਿੰਦੇ ਸਨ।

ਤਸਵੀਰ ਸਰੋਤ, RONNY SEN
ਬਲੂਆ ਪੱਥਰ ਇਸ ਗੁਫਾ ਨੂੰ ਵੱਖਰਾ ਬਣਾਉਂਦਾ ਹੈ। ਚੂਨਾ ਪੱਥਰਾਂ ਦੇ ਭੰਗ ਹੋਣ ਤੋਂ ਬਾਅਦ ਇਹ ਗੁਫਾਵਾਂ ਬਣਦੀਆਂ ਹਨ।
ਮੀਂਹ ਦਾ ਪਾਣੀ ਹਵਾ 'ਚੋਂ ਕਾਰਬਨ ਡਾਇਕਸਾਈਡ ਚੁੱਕ ਕੇ ਦੁਰਲਭ ਐਸਿਡ ਵਿੱਚ ਤਬਦੀਲ ਹੋ ਕੇ ਚੱਟਾਨਾਂ ਨੂੰ ਪਿਘਲਾ ਦਿੰਦਾ ਹੈ।
ਬਲੂਆ ਪੱਥਰਾਂ ਦੀਆਂ ਗੁਫਾਵਾਂ ਆਮ ਨਹੀਂ ਹਨ ਕਿਉਂਕਿ ਇਹ ਛੇਤੀ ਨਹੀਂ ਗਲ਼ਦੀਆਂ। ਇਨ੍ਹਾਂ ਦੇ ਘੁਲਣ ਅਤੇ ਖਤਮ ਹੋਣ ਲਈ ਭਾਰੀ ਮਾਤਰਾ ਵਿੱਚ ਪਾਣੀ ਚਾਹੀਦਾ ਹੈ।

ਤਸਵੀਰ ਸਰੋਤ, MARCEL DIKSTRA
ਮੇਘਾਲਿਆ ਵਿੱਚ ਸਭ ਤੋਂ ਵੱਧ ਬਾਰਿਸ਼ ਹੁੰਦੀ ਹੈ। ਇਸ ਲਈ ਇੱਥੇ ਬਲੂਆ ਪੱਥਰਾਂ ਦੀਆਂ ਗੁਫਾਵਾਂ ਦਾ ਮਿਲਣਾ ਬਹੁਤ ਹੈਰਾਨੀ ਵਾਲੀ ਗੱਲ ਨਹੀਂ ਹੈ।
ਕ੍ਰੇਮ ਪੁਰੀ ਵਰਗੀਆਂ ਗੁਫਾਵਾਂ ਇੱਥੇ ਦੇ ਮੌਸਮ ਨੂੰ ਸਮਝਣ ਲਈ ਵੀ ਮਦਦਗਾਰ ਹਨ।
ਮੇਘਾਲਿਆ ਦੀਆਂ ਗੁਫਾਵਾਂ ਦੁਨੀਆਂ ਭਰ ਦੇ ਖੋਜ ਕਰਤਾਵਾਂ ਨੂੰ ਆਕਰਸ਼ਿਤ ਕਰ ਰਹੀਆਂ ਹਨ।
ਇਸ ਦੇ ਪਹਾੜਾਂ ਵਿੱਚ ਭਾਰਤ ਦੀ ਸਭ ਤੋਂ ਲੰਮੀ ਗੁਫਾ ਹੈ, 31.1 ਕਿਲੋਮੀਟਰ ਲੰਮੀ ਲੀਅਤ ਪਰਾਹ ਗੁਫ਼ਾ।
ਕ੍ਰੇਮ ਪੁਰੀ ਦੇ ਅੰਦਰ ਦਾ ਤਾਪਮਾਨ 16-17 ਸੈਲਸੀਅਸ ਹੈ। ਆਕਸੀਜਨ ਦੀ ਕੋਈ ਘਾਟ ਨਹੀਂ ਹੈ ਕਿਉਂਕਿ ਦਰਾੜਾਂ ਅਤੇ ਨਿੱਕੇ ਛੇਦਾਂ ਰਾਹੀਂ ਹਵਾ ਹਮੇਸ਼ਾ ਆਉਂਦੀ ਹੈ।
ਪਰ ਜਿਵੇਂ ਖਰਪ੍ਰਾਣ ਕਹਿੰਦੇ ਹਨ, ''ਜਿੰਨਾ ਚਿਰ ਤੁਸੀਂ ਅੰਦਰ ਹੋ, ਤੁਹਾਨੂੰ ਸਾਵਧਾਨ ਰਹਿਣਾ ਚਾਹੀਦਾ ਹੈ। ਗੁਫਾ ਵਿੱਚ ਕਦੇ ਵੀ ਕੋਈ ਵੀ ਗਲਤੀ ਨਹੀਂ ਕਰ ਸਕਦੇ।''












