ਬਲੂ ਸਟਾਰ ਨੂੰ ਲੈ ਕੇ ਕਿਉਂ ਵਧੀ ਸੀ ਬਰਤਾਨਵੀ ਸਰਕਾਰ ਦੀ ਚਿੰਤਾ

ਤਸਵੀਰ ਸਰੋਤ, Getty Images
- ਲੇਖਕ, ਪੂਨਮ ਤਨੇਜਾ
- ਰੋਲ, ਬੀਬੀਸੀ ਪੱਤਰਕਾਰ, ਲੰਡਨ
ਬ੍ਰਿਟੇਨ ਵੱਲੋਂ ਜਾਰੀ ਕੀਤੇ ਗਏ ਆਪਰੇਸ਼ਨ ਬਲੂ ਸਟਾਰ ਦੇ ਦਸਤਾਵੇਜ਼ਾਂ ਨਾਲ 1984 ਵਿੱਚ ਅੰਮ੍ਰਿਤਸਰ ਦੇ ਦਰਬਾਰ ਸਾਹਿਬ 'ਤੇ ਹਮਲੇ ਤੋਂ ਪਹਿਲਾਂ ਅਤੇ ਬਾਅਦ ਵਿੱਚ ਬ੍ਰਿਟੇਨ ਦੇ ਭਾਰਤ ਨਾਲ ਸੰਵੇਦਨਸ਼ੀਲ ਰਿਸ਼ਤਿਆਂ ਦਾ ਖੁਲਾਸਾ ਹੁੰਦਾ ਹੈ।
ਸਿੱਖ ਜਥੇਬੰਦੀਆਂ ਨੂੰ ਆਸ ਸੀ ਕਿ ਇਨ੍ਹਾਂ ਦਸਤਾਵੇਜ਼ਾਂ ਤੋਂ ਬ੍ਰਿਟੇਨ ਦੀ ਇਸ ਹਮਲੇ ਵਿੱਚ ਕਥਿਤ ਸ਼ਮੂਲੀਅਤ ਬਾਰੇ ਹੋਰ ਵਧੇਰੇ ਜਾਣਕਾਰੀ ਉਜਾਗਰ ਹੋਵੇਗੀ।
ਬੀਬੀਸੀ ਪੱਤਰਕਾਰ ਪੂਨਮ ਤਨੇਜਾ ਨੇ ਇਨ੍ਹਾਂ ਫਾਈਲਾਂ ਨੂੰ ਪੜ੍ਹਿਆ।
ਇਹ ਵੀ ਪੜ੍ਹੋ:
ਦਸਤਾਵੇਜ਼ ਕਿੰਨੇ ਅਹਿਮ ਨੇ ਤੇ ਇਨ੍ਹਾਂ 'ਚ ਕੀ ਹੈ?
ਬ੍ਰਿਟੇਨ ਸਰਕਾਰ ਨੇ ਕੌਮੀ ਸੁਰੱਖਿਆ ਦੇ ਮੱਦੇਨਜ਼ਰ ਪਹਿਲਾਂ ਇਨ੍ਹਾਂ ਫਾਈਲਾਂ ਨੂੰ ਜਾਰੀ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਇਨ੍ਹਾਂ ਵਿਚੋਂ ਕੁਝ ਵਾਪਸ ਲੈ ਲਏ ਗਏ।
ਪਰ ਹੁਣ ਸਰਕਾਰ 'ਤੇ ਇਨ੍ਹਾਂ ਨੂੰ ਜਾਰੀ ਕਰਨ ਲਈ ਦਬਾਅ ਪਾਇਆ ਗਿਆ ਸੀ।
ਇਹ ਮੁੱਦਾ 2014 ਤੋਂ ਚਲਦਾ ਆ ਰਿਹਾ ਹੈ ਜਦੋਂ ਸਰਕਾਰੀ ਕਾਗਜ਼ 30 ਸਾਲਾਂ ਦੇ ਨਿਯਮ ਤਹਿਤ ਜਨਤਕ ਕੀਤੇ ਗਏ।
ਦਸਤਾਵੇਜ਼ਾਂ ਨਾਲ ਸਾਹਮਣੇ ਆਇਆ ਕਿ ਬ੍ਰਿਟੇਨ ਦੀ ਫੌਜ ਨੇ ਭਾਰਤ ਨੂੰ 1984 'ਚ ਦਰਬਾਰ ਸਾਹਿਬ 'ਤੇ ਹਮਲੇ ਲਈ ਸਲਾਹ ਦਿੱਤੀ ਸੀ।
ਇਸ ਨਾਲ ਸਿੱਖ ਜਥੇਬੰਦੀਆਂ ਵਿੱਚ ਰੋਸ ਦੀ ਲਹਿਰ ਦੌੜ ਗਈ ਅਤੇ ਉਨ੍ਹਾਂ ਨੇ ਇਸ ਦੀ ਜਾਂਚ ਦੀ ਮੰਗ ਕੀਤੀ।

ਤਸਵੀਰ ਸਰੋਤ, Getty Images
ਇਸ ਬਾਰੇ ਹੋਈ ਜਾਂਚ ਵਿੱਚ ਪੁਸ਼ਟੀ ਕੀਤੀ ਗਈ ਹੈ ਕਿ ਬ੍ਰਿਟੇਨ ਫੌਜ ਦੇ ਸਲਾਹਕਾਰ ਨੇ ਪੰਜਾਬ ਦੀ ਯਾਤਰਾ ਗੁਪਤ ਸਰਵੇਅ ਦੇ ਹਿੱਸੇ ਵਜੋਂ ਕੀਤੀ ਸੀ, ਤਾਂ ਜੋ ਫੌਜ ਮੁੱਖੀ ਨੂੰ ਸਲਾਹ ਦਿੱਤੀ ਜਾ ਸਕੇ ਵੱਖਵਾਦੀਆਂ ਨੂੰ ਗੋਲਡਨ ਟੈਂਪਲ 'ਚੋਂ ਬਾਹਰ ਕਿਵੇਂ ਕੱਢਣਾ ਹੈ।
ਸਲਾਹਕਾਰ ਨੇ ਕਿਹਾ ਕਿ ਜਾਨੀ ਨੁਕਸਾਨ ਦੇ ਅੰਕੜਿਆਂ ਨੂੰ ਘੱਟ ਰੱਖਣ ਲਈ ਅਚਾਨਕ ਕੀਤੀਆਂ ਜਾਣ ਵਾਲੀਆਂ ਗਤਵਿਧੀਆਂ ਦੇ ਨਾਲ-ਨਾਲ ਹੈਲੀਕਾਪਟਰਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ।
ਹਾਲਾਂਕਿ, ਇਸ ਨਾਲ ਸਿੱਖ ਜਥੇਬੰਦੀਆਂ ਸੰਤੁਸ਼ਟ ਨਹੀਂ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਸੋਧੇ ਹੋਏ ਦਸਤਾਵੇਜ਼ਾਂ ਵਿੱਚ ਬ੍ਰਿਟੇਨ ਦੇ ਯੋਗਦਾਨ ਬਾਰੇ ਹੋਰ ਵੀ ਜਾਣਕਾਰੀ ਹੈ।
ਅਦਾਲਤ ਵਿੱਚ ਜਾ ਕੇ ਦਸਤਾਵੇਜ਼ਾਂ ਨੂੰ ਜਾਰੀ ਕਰਵਾਉਣ ਵਾਲੇ ਖੋਜਕਾਰ ਫਿਲ ਮਿਲਰ ਵੱਲੋਂ ਇੱਕ ਦ੍ਰਿਸ਼ ਸਾਂਝਾ ਕੀਤਾ ਗਿਆ।
ਇਹ ਵੀ ਪੜ੍ਹੋ:
ਬ੍ਰਿਟੇਨ ਸਰਕਾਰ ਦੀ ਭੂਮਿਕਾ ਬਾਰੇ ਹੋਰ ਜਾਣਕਾਰੀ
ਫਿਲਹਾਲ ਜ਼ਿਆਦਾ ਕੁਝ ਨਹੀਂ, ਦਸਤਾਵੇਜ਼ਾਂ ਵਿੱਚ 1983 ਤੋਂ 1985 ਤੱਕ ਭਾਰਤ ਅਤੇ ਬ੍ਰਿਟੇਨ ਦੇ ਸੰਬੰਧਾਂ ਬਾਰੇ ਪੇਪਰ ਵੀ ਸ਼ਾਮਿਲ ਹਨ।

ਤਸਵੀਰ ਸਰੋਤ, Getty Images
ਗੋਲਡਨ ਟੈਂਪਲ 'ਤੇ ਹਾਲਾਤ ਬਾਰੇ ਦੱਸਿਆ ਗਿਆ ਹੈ ਪਰ ਅਸਲ ਹਮਲੇ ਬਾਰੇ ਬਹੁਤ ਕੁਝ ਨਹੀਂ ਹੈ ਅਤੇ ਨਾ ਹੀ ਬ੍ਰਿਟੇਨ ਦੀ ਇਸ ਹਮਲੇ ਵਿੱਚ ਸ਼ਮੂਲੀਅਤ ਬਾਰੇ ਵਧੇਰੇ ਜਾਣਕਾਰੀ ਹੈ।
ਹਾਲਾਂਕਿ, ਦਸਤਾਵੇਜ਼ਾਂ ਤੋਂ ਇਸ ਬਾਰੇ ਖੁਲਾਸਾ ਹੁੰਦਾ ਹੈ ਕਿ ਦਰਬਾਰ ਸਾਹਿਬ 'ਤੇ ਕਿਸੇ ਵੀ ਹਮਲੇ ਕਾਰਨ ਬ੍ਰਿਟੇਨ ਸਣੇ ਵਿਦੇਸ਼ਾਂ ਵਿੱਚ ਰਹਿੰਦੇ ਸਿੱਖਾਂ 'ਚ ਹਿੰਸਾ ਭੜਕ ਸਕਦੀ ਹੈ।
ਇਨ੍ਹਾਂ ਦਸਤਾਵੇਜ਼ਾਂ ਵਿੱਚ ਬ੍ਰਿਟੇਨ ਵਿੱਚ ਰਹਿੰਦੇ ਸਿੱਖ ਕੱਟੜਪੰਥੀਆਂ ਨੂੰ ਲੈ ਕੇ ਸਰਕਾਰ ਦੀਆਂ ਚਿੰਤਾਵਾਂ ਬਾਰੇ ਕਾਫੀ ਜਾਣਕਾਰੀ ਹੈ।
ਇਹ ਇਸ ਬਾਰੇ ਕੀ ਕਹਿੰਦੇ ਹਨ?
ਇਨ੍ਹਾਂ ਦਸਤਾਵੇਜ਼ਾਂ ਤੋਂ ਪਤਾ ਲਗਦਾ ਹੈ ਕਿ ਬ੍ਰਿਟੇਨ ਸਰਕਾਰ ਉਨ੍ਹਾਂ ਤੱਥਾਂ ਬਾਰੇ ਚਿੰਤਤ ਸੀ ਕਿ ਇਸ ਦੇ ਭਾਰਤ ਨਾਲ ਰਿਸ਼ਤੇ ਇਸ ਦੇਸ ਵਿੱਚ ਸਿੱਖ ਕੱਟੜਵਾਦੀਆਂ ਦੀਆਂ ਗਤੀਵਿਧੀਆਂ ਕਰਕੇ ਤਣਾਅਪੂਰਨ ਹੋ ਗਏ ਸਨ।
1985 ਨਾਲ ਜੁੜੇ ਦਸਤਾਵੇਜ਼ਾਂ ਤੋਂ ਪਤਾ ਲਗਦਾ ਹੈ ਉਹ ਤਤਕਾਲੀ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਦੌਰੇ ਦੌਰਾਨ ਹੋਣ ਵਾਲੇ ਪ੍ਰਦਰਸ਼ਨਾਂ ਕਾਰਨ ਇਹ ਸੰਬੰਧ ਹੋਰ ਵੀ ਤਣਾਅਪੂਰਨ ਹੋ ਜਾਣਗੇ ਅਤੇ ਦੋਵਾਂ ਦੇਸਾਂ ਵਿਚਾਲੇ ਵਪਾਰਕ ਅਤੇ ਰੱਖਿਆ ਸੌਦਿਆ 'ਤੇ ਬੁਰਾ ਪ੍ਰਭਾਵ ਪਵੇਗਾ।

ਤਸਵੀਰ ਸਰੋਤ, Getty Images
ਸਿਆਸੀ ਤੌਰ 'ਤੇ ਇਨ੍ਹਾਂ ਵਿੱਚ ਇਹ ਵੀ ਜਾਣਕਾਰੀ ਹੈ ਕਿ ਵ੍ਹਾਈਟ ਹਾਲ ਵਿੱਚ ਇਸ ਗੱਲ 'ਤੇ ਮਤਭੇਤ ਸੀ ਕਿ ਸਿੱਖ ਪ੍ਰਚਾਰਕਾਂ ਅਤੇ ਕੱਟੜਵਾਦੀ ਜਥੇਬੰਦੀਆਂ ਦੀਆਂ ਸੰਵੇਦਨਾਵਾਂ ਨੂੰ ਕਿਵੇਂ ਢੁਕਵਾਂ ਜਵਾਬ ਦਿੱਤਾ ਜਾਵੇ।
ਤਤਕਾਲੀ ਵਿਦੇਸ਼ ਸਕੱਤਰ ਚਾਹੁੰਦੇ ਸਨ ਕਿ ਸਿੱਖ ਰੋਸ ਮਾਰਚ 'ਤੇ ਪਾਬੰਦੀ ਲਗਾ ਦਿੱਤੀ ਜਾਵੇ ਹਾਲਾਂਕਿ ਇਸ ਬਾਰੇ ਸਾਬਕਾ ਗ੍ਰਹਿ ਮੰਤਰੀ ਦਾ ਵੱਖਰਾ ਦ੍ਰਿਸ਼ਟੀਕੋਣ ਸੀ ਕਿ ਬ੍ਰਿਟਿਸ਼ ਨਾਗਰਿਕਾਂ ਦੀ ਸੁਤੰਤਰਤਾ ਦੇ ਮਹੱਤਵ 'ਤੇ ਜ਼ੋਰ ਦਿੱਤਾ ਜਾਣਾ ਚਾਹੀਦਾ ਹੈ।
ਸਿੱਖ ਜਥੇਬੰਦੀਆਂ ਵੱਲੋਂ ਦਸਤਾਵੇਜ਼ਾਂ ਨੂੰ ਜਾਰੀ ਕਰਨ ਦੇ ਸੰਬੰਧ 'ਚ ਕੋਈ ਅਧਿਕਾਰਕ ਤੌਰ 'ਤੇ ਪ੍ਰਤੀਕਿਰਿਆ ਨਹੀਂ ਮਿਲੀ ਪਰ ਉਹ ਇਸ ਤੋਂ ਨਿਰਾਸ਼ ਜਾਪ ਰਹੇ ਹਨ ਕਿਉਂਕਿ ਇਨ੍ਹਾਂ ਦਸਤਾਵੇਜ਼ਾਂ ਵਿੱਚ ਬ੍ਰਿਟਿਸ਼ ਫੌਜ ਦੀ ਹਮਲੇ ਵਿੱਚ ਕਾਰਗੁਜਾਰੀ ਬਾਰੇ ਕੋਈ ਵਧੇਰੇ ਜਾਣਕਾਰੀ ਨਹੀਂ ਸੀ।












