ਇਹ 'ਸਰਦਾਰ' ਬਣਿਆ ਇੰਗਲੈਂਡ 'ਚ ਇਤਿਹਾਸਕ ਤਬਦੀਲੀ ਦਾ ਵਾਹਨ

ਤਸਵੀਰ ਸਰੋਤ, PA
ਬ੍ਰਿਟੇਨ ਦੀ ਮਹਾਰਾਣੀ ਦੇ ਜਨਮ ਦਿਨ ਮੌਕੇ ਸ਼ਨੀਵਾਰ ਨੂੰ ਹੋਈ 'ਟਰੂਪਿੰਗ ਦਿ ਕਲਰ' ਪਰੇਡ ਵਿੱਚ ਇੱਕ ਦਸਤਾਰਧਾਰੀ ਸਿੱਖ ਪਹਿਲੀ ਵਾਰ ਸ਼ਾਮਲ ਹੋਇਆ।
22 ਸਾਲਾ ਗਾਰਡਜ਼ਮੈਨ ਚਰਨਜੀਤ ਸਿੰਘ ਦੇ ਨਾਲ ਇਸ ਪਰੇਡ ਵਿੱਚ ਲਗਪਗ 1000 ਗਾਰਡਜ਼ਮੈਨ ਸ਼ਾਮਲ ਹੋਏ।
ਚਰਨਜੀਤ ਸਿੰਘ ਇਸ ਮੁਤਾਬਕ ਇਤਿਹਾਸ ਵਿੱਚ ਇੱਕ ਨਵੀਂ ਤਬਦੀਲੀ ਵਜੋਂ ਦੇਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਨਾਲ ਵੱਖ-ਵੱਖ ਧਰਮਾਂ ਅਤੇ ਪਿਛੋਕੜਾਂ ਦੇ ਲੋਕਾਂ ਨੂੰ ਫੌਜ ਜੁਆਇਨ ਕਰਨ ਲਈ ਉਤਸ਼ਾਹ ਮਿਲੇਗਾ।

ਤਸਵੀਰ ਸਰੋਤ, PA
"ਮੈਨੂੰ ਉਮੀਦ ਹੈ ਕਿ ਜੋ ਲੋਕ ਦੇਖ ਰਹੇ ਹਨ, ਉਹ ਇਸ ਨੂੰ ਪਰਵਾਨ ਕਰਨਗੇ ਅਤੇ ਇਸ ਨੂੰ ਇਤਿਹਾਸ ਵਿੱਚ ਇੱਕ ਨਵੀਂ ਤਬਦੀਲੀ ਵਜੋਂ ਦੇਖਣਗੇ।"
"ਮੈਨੂੰ ਉਮੀਦ ਹੈ ਕਿ ਮੇਰੇ ਵਰਗੇ ਹੋਰ ਲੋਕ, ਨਾ ਸਿਰਫ਼ ਸਿੱਖ ਸਗੋਂ ਹੋਰ ਧਰਮਾਂ ਦੇ ਅਤੇ ਪਿਛੋਕੜਾਂ ਦੇ ਲੋਕਾਂ ਨੂੰ ਵੀ ਫੌਜ ਵਿੱਚ ਸ਼ਾਮਲ ਹੋਣ ਲਈ ਉਤਸ਼ਾਹ ਮਿਲੇਗਾ।"
ਉਨ੍ਹਾਂ ਆਪਣੀ ਪੱਗ ਉੱਪਰ ਟੋਪਧਾਰੀ ਫੌਜੀਆਂ ਦੇ ਟੋਪ ਉੱਪਰ ਲਾਏ ਜਾਣ ਵਾਲੇ ਇੱਕ ਬੈਜ ਵਰਗਾ ਬੈਜ ਵੀ ਲਾਇਆ।
ਉਨ੍ਹਾਂ ਕਿਹਾ, "ਮੈਨੂੰ ਬਹੁਤ ਮਾਣ ਹੈ ਅਤੇ ਮੈਨੂੰ ਪਤਾ ਹੈ ਕਿ ਬਹੁਤ ਸਾਰੇ ਹੋਰ ਲੋਕਾਂ ਨੂੰ ਵੀ ਮੇਰੇ 'ਤੇ ਮਾਣ ਹੈ।"

ਤਸਵੀਰ ਸਰੋਤ, PA
"ਮੇਰੇ ਆਪਣੇ ਲਈ, ਪਹਿਲੇ ਪੱਗ ਵਾਲੇ ਸਿੱਖ ਵਜੋਂ ਟਰੂਪ ਦਿ ਕਲਰ ਪਰੇਡ ਕਰਨਾ ਅਤੇ ਐਸਕੌਰਟ ਦਾ ਹਿੱਸਾ ਹੋਣਾ ਬਹੁਤ ਮਾਣ ਵਾਲੀ ਗੱਲ ਹੈ ਅਤੇ ਉਮੀਦ ਹੈ ਹੋਰਾਂ ਲਈ ਵੀ ਇੰਨੀ ਹੀ ਮਾਣ ਵਾਲੀ ਗੱਲ ਹੋਵੇਗੀ।"
"ਜਿਸ ਦਿਨ ਮੈਂ ਪਾਸ ਆਊਟ ਹੋਇਆ ਤਾਂ ਮੇਰੀ ਮਾਂ ਰੋ ਰਹੀ ਸੀ, ਇਸ ਲਈ ਮੈਨੂੰ ਪਤਾ ਹੈ ਕਿ ਉਸ ਨੂੰ ਮੈਨੂੰ ਪਰੇਡ ਕਰਦੇ ਦੇਖ ਕੇ ਕਿਹੋ-ਜਿਹਾ ਲੱਗੇਗਾ।"
ਟਰੂਪਿੰਗ ਦਿ ਕਲਰ ਪਰੇਡ ਪਿਛਲੇ 250 ਸਾਲਾਂ ਤੋਂ ਰਾਜ ਪ੍ਰਮੁੱਖ ਦੇ ਜਨਮ ਦਿਨ ਦੇ ਜਸ਼ਨਾਂ ਦਾ ਹਿੱਸਾ ਰਹੀ ਹੈ। ਜਿਸ ਵਿੱਚ ਫੌਜੀ ਕਰਤਬ ਮਿਊਜ਼ਿਕ ਅਤੇ ਘੋੜਸਵਾਰੀ ਦੇ ਕਰਤਬ ਵੀ ਦਿਖਾਏ ਜਾਂਦੇ ਹਨ।












