ਬੁਰਾੜੀ ਦੇ ਮ੍ਰਿਤਕਾਂ ਦਾ ਦਿਮਾਗ ਇਸ ਤਰ੍ਹਾਂ ਪੜ੍ਹਿਆ ਜਾ ਸਕਦਾ ਹੈ

ਮੌਤ, ਸਾਇਕੋਲੌਜੀਕਲ ਅਟੌਪਸੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੰਕੇਤਕ ਤਸਵੀਰ
    • ਲੇਖਕ, ਭੂਮਿਕਾ ਰਾਏ
    • ਰੋਲ, ਬੀਬੀਸੀ ਪੱਤਰਕਾਰ

ਉੱਤਰੀ ਦਿੱਲੀ ਦੇ ਸੰਤ ਨਗਰ ਬੁਰਾੜੀ ਇਲਾਕੇ 'ਚ ਐਤਵਾਰ ਨੂੰ 11 ਲੋਕ ਸ਼ੱਕੀ ਹਾਲਤ 'ਚ ਮ੍ਰਿਤ ਮਿਲੇ ਸਨ। ਤਿੰਨ ਦਿਨ ਬਾਅਦ ਵੀ ਮਾਮਲਾ ਸੁਲਝਦਾ ਨਜ਼ਰ ਨਹੀਂ ਆ ਰਿਹਾ।

ਪੁਲਿਸ ਇਸ ਮਾਮਲੇ ਦੀ ਜਾਂਚ ਖ਼ੁਦਕੁਸ਼ੀ ਅਤੇ ਕਤਲ ਦੋਵਾਂ ਪੱਖਾਂ ਤੋਂ ਕਰ ਰਹੀ ਹੈ। ਇਨ੍ਹਾਂ ਮੌਤਾਂ ਨੂੰ ਤੰਤਰ-ਮੰਤਰ ਨਾਲ ਜੋੜ ਕੇ ਵੀ ਦੇਖਿਆ ਜਾ ਰਿਹਾ ਹੈ।

ਘਰ ਤੋਂ ਇੱਕ ਡਾਇਰੀ ਵੀ ਮਿਲੀ ਹੈ ਜਿਸ 'ਚ ਮੁਕਤੀ ਵਰਗੀਆਂ ਗੱਲਾਂ ਲਿਖੀਆਂ ਹੋਈਆਂ ਹਨ।

ਇਹ ਵੀ ਪੜ੍ਹੋ:

ਗੁਆਂਢੀਆਂ ਦਾ ਕਹਿਣਾ ਹੈ ਕਿ ਪਰਿਵਾਰ ਧਾਰਮਿਕ ਵਿਚਾਰਾਂ ਵਾਲਾ ਸੀ। ਇਸ ਤੋਂ ਇਲਾਵਾ ਘਰ 'ਚ ਕੁਝ ਅਜਿਹੀਆਂ ਚੀਜ਼ਾਂ ਵੀ ਮਿਲੀਆਂ ਹਨ ਜਿਨ੍ਹਾਂ ਕਾਰਨ ਖ਼ੁਦਕੁਸ਼ੀ ਦਾ ਸ਼ੱਕ ਹੋਰ ਡੂੰਘਾ ਹੁੰਦਾ ਜਾ ਰਿਹਾ ਹੈ, ਪਰ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਪਰਿਵਾਰ ਅਜਿਹਾ ਕਰ ਹੀ ਨਹੀਂ ਸਕਦਾ ਸੀ। ਇਹ ਪੂਰੀ ਤਰ੍ਹਾਂ ਕਤਲ ਦਾ ਮਾਮਲਾ ਹੈ।

ਅਜਿਹੇ 'ਚ ਕੁਝ ਵੀ ਸਪੱਸ਼ਟ ਨਹੀਂ ਹੈ ਕਿ ਇਹ ਮਾਮਲਾ ਹੈ ਕੀ...

ਮੌਤ, ਸਾਇਕੋਲੌਜੀਕਲ ਅਟੌਪਸੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੰਕੇਤਕ ਤਸਵੀਰ

ਲਾਸ਼ਾਂ ਦਾ ਪੋਸਟਮਾਰਟਮ ਹੋ ਚੁੱਕਾ ਹੈ ਅਤੇ ਛੇਤੀ ਹੀ ਰਿਪੋਰਟ ਵੀ ਆ ਜਾਵੇਗੀ, ਪਰ ਮਾਹਿਰ ਮੰਨਦੇ ਹਨ ਕਿ ਜੇ ਮਾਮਲਾ ਖ਼ੁਦਕੁਸ਼ੀ ਦਾ ਹੈ ਤਾਂ ਇਸ ਮਾਮਲੇ 'ਚ ਸਾਇਕੋਲੌਜੀਕਲ ਅਟੌਪਸੀ ਨਾਲ ਕਾਫ਼ੀ ਮਦਦ ਮਿਲ ਸਕਦੀ ਹੈ।

ਮੈਡੀਕਲ ਦੀ ਦੁਨੀਆਂ 'ਚ ਇਹ ਸ਼ਬਦ ਨਵਾਂ ਨਹੀਂ ਹੈ। ਖ਼ੁਦਕੁਸ਼ੀ ਨਾਲ ਜੁੜੇ ਬਹੁਤ ਸਾਰੇ ਮਾਮਲਿਆਂ ਨੂੰ ਸੁਲਝਾਉਣ ਲਈ ਸਾਇਕੋਲੌਜੀਕਲ ਅਟੌਪਸੀ ਦੀ ਮਦਦ ਲਈ ਜਾਂਦੀ ਹੈ।

ਚਰਚਿਤ ਸੁਨੰਦਾ ਪੁਸ਼ਕਰ ਮੌਤ ਮਾਮਲੇ 'ਚ ਵੀ ਸਾਇਕੋਲੌਜੀਕਲ ਅਟੌਪਸੀ ਦੀ ਮਦਦ ਨਾਲ ਮੌਤ ਦੇ ਕਾਰਨਾਂ ਦੀ ਪੜਤਾਲ ਕੀਤੀ ਗਈ ਸੀ।

ਕਿਵੇਂ ਹੁੰਦੀ ਹੈ ਸਾਇਕੋਲੌਜੀਕਲ ਅਟੌਪਸੀ?

ਜੇ ਗੱਲ ਸੁਨੰਦਾ ਪੁਸ਼ਕਰ ਮਾਮਲੇ ਦੀ ਹੀ ਕਰੀਏ ਤਾਂ ਉਨ੍ਹਾਂ ਦੀ ਮੌਤ ਦੀ ਜਾਂਚ ਲਈ ਸਪੈਸ਼ਲ ਇਨਵੈਸਟੀਗੇਸ਼ਨ ਟੀਮ (ਐਸਆਈਟੀ) ਦਾ ਗਠਨ ਕੀਤਾ ਗਿਆ।

ਉਸ ਤੋਂ ਬਾਅਦ ਸਾਇਕੋਲੌਜੀਕਲ ਅਟੌਪਸੀ ਕੀਤੀ ਗਈ। ਹੁਣ ਸਵਾਲ ਇਹ ਆਉਂਦਾ ਹੈ ਕਿ ਜੋ ਮਰ ਚੁੱਕਿਆ ਹੈ ਉਸਦਾ ਦਿਮਾਗ ਕਿਵੇਂ ਪੜ੍ਹਿਆ ਜਾ ਸਕਦਾ ਹੈ?

ਮੌਤ, ਸਾਇਕੋਲੌਜੀਕਲ ਅਟੌਪਸੀ
ਤਸਵੀਰ ਕੈਪਸ਼ਨ, ਘਰ ਦੀ ਬਾਹਰਲੀ ਕੰਧ 'ਤੇ ਇਸ ਤਰ੍ਹਾਂ 11 ਪਾਈਪ ਨਿਕਲੇ ਹੋਏ ਹਨ

ਦਰਅਸਲ, ਸਾਇਕੋਲੌਜੀਕਲ ਅਟੌਪਸੀ ਤਹਿਤ ਮ੍ਰਿਤਕ ਨਾਲ ਜੁੜੀਆਂ ਚੀਜ਼ਾਂ ਦਾ ਅਧਿਐਨ ਕੀਤਾ ਜਾਂਦਾ ਹੈ, ਜਿਸ 'ਚ ਮੌਤ ਦੀ ਤਾਰੀਖ਼ ਦੇ ਆਲੇ-ਦੁਆਲੇ ਉਸਦੇ ਗੱਲ ਕਰਨ ਦੇ ਵਿਵਹਾਰ 'ਚ ਆਏ ਅੰਤਰ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।

ਏਮਜ਼ ਤੋਂ ਰਿਟਾਇਰ ਸਾਇਕੋਲੌਜੀ ਦੀ ਪ੍ਰੋਫ਼ੈਸਰ ਮੰਜੂ ਮਹਿਤਾ ਦਾ ਕਹਿਣਾ ਹੈ ਕਿ ਸੁਸਾਇਡ ਦੇ ਮਾਮਲਿਆਂ 'ਚ ਸਾਇਕੋਲੌਜੀਕਲ ਅਟੌਪਸੀ ਮਦਦਗਾਰ ਸਾਬਿਤ ਹੁੰਦੀ ਹੈ।

''ਸਾਇਕੋਲੌਜੀਕਲ ਅਟੌਪਸੀ 'ਚ ਮ੍ਰਿਤਕ ਨਾਲ ਜੁੜੇ ਪਿਛੋਕੜ ਦੀ ਪੜਤਾਲ ਕੀਤੀ ਜਾਂਦੀ ਹੈ, ਮੌਤ ਤੋਂ ਪਹਿਲਾਂ ਉਸਦਾ ਵਤੀਰਾ ਕਿਹੋ ਜਿਹਾ ਸੀ, ਮੌਤ ਤੋਂ ਪਹਿਲਾਂ ਕਿਹੜੇ ਲੋਕਾਂ ਨਾਲ ਉਸਨੇ ਗੱਲ ਕੀਤੀ...ਇਨ੍ਹਾਂ ਸਭ ਦੇ ਆਧਾਰ 'ਤੇ ਮ੍ਰਿਤਕ ਦੀ ਸੋਚ ਸਮਝਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।''

ਇਹ ਵੀ ਪੜ੍ਹੋ:

ਬੁਰਾੜੀ ਮਾਮਲੇ ਦਾ ਜ਼ਿਕਰ ਕਰਦੇ ਹੋਏ ਉਹ ਕਹਿੰਦੇ ਹਨ ਇਸ ਮਾਮਲੇ 'ਚ ਸਾਇਕੋਲੌਜੀਕਲ ਅਟੌਪਸੀ ਮਦਦਗਾਰ ਸਾਬਿਤ ਹੋ ਸਕਦੀ ਹੈ ਕਿਉਂਕਿ ਇਸ 'ਚ ਇੱਕ ਨੋਟ ਅਤੇ ਡਾਇਰੀ ਮਿਲੀ ਹੈ।

ਹਾਲਾਂਕਿ ਉਹ ਮੰਨਦੇ ਹਨ ਕਿ ਸਾਇਕੋਲੌਜੀਕਲ ਅਟੌਪਸੀ ਜ਼ਰੀਏ ਮੌਤ ਦਾ ਕਾਰਨ ਸਮਝ ਸਕਣ ਦੀ ਗੁੰਜਾਇਸ਼ 50-50 ਫੀਸਦ ਹੀ ਹੁੰਦੀ ਹੈ, ਪਰ ਜੇ ਮ੍ਰਿਤਕ ਆਪਣੇ ਪਿੱਛੇ ਕੋਈ ਲਿਖਤੀ ਨੋਟ ਛੱਡ ਗਿਆ ਹੈ ਤਾਂ ਇਹ ਕੁਝ ਫੀਸਦ ਵੱਧ ਜਾਂਦਾ ਹੈ।

ਮੰਜੂ ਦੱਸਦੇ ਹਨ ਕਿ ਭਾਰਤ 'ਚ ਇਹ ਰੁਝਾਨ ਕੋਈ ਨਵਾਂ ਨਹੀਂ ਹੈ, ਬਹੁਤ ਸਾਰੇ ਮਾਮਲਿਆਂ ਨੂੰ ਇਸਦੀ ਮਦਦ ਨਾਲ ਹੱਲ ਕੀਤਾ ਗਿਆ ਹੈ।

ਕਿਵੇਂ ਮਦਦ ਕਰਦੀ ਹੈ ਸਾਇਕੋਲੌਜੀਕਲ ਅਟੌਪਸੀ

ਸਾਇਕੋਲੌਜੀਕਲ ਅਟੌਪਸੀ 'ਚ ਦਰਅਸਲ ਮ੍ਰਿਤਕ ਦੇ ਦਿਮਾਗ ਨੂੰ ਪੜ੍ਹਣ ਦੀ ਕੋਸ਼ਿਸ਼ ਹੁੰਦੀ ਹੈ।

ਉਸ ਦੌਰਾਨ ਮ੍ਰਿਤਕ ਕਿਸ ਤਰ੍ਹਾਂ ਦੇ ਮਾਹੌਲ ਵਿੱਚ ਰਹਿ ਰਿਹਾ ਸੀ, ਕਿਸ ਤਰ੍ਹਾਂ ਦੀਆਂ ਗੱਲਾਂ ਕਰਦਾ ਸੀ, ਕੀ ਉਹ ਕਿਸੇ ਤਣਾਅ ਨਾਲ ਜੂਝ ਰਿਹਾ ਸੀ...ਉਸਦੇ ਖਾਣ-ਪੀਣ ਦੀਆਂ ਆਦਤਾਂ ਅਤੇ ਗੱਲਬਾਤ ਕਰਨ ਦਾ ਵਿਵਹਾਰ।

ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਆਧਾਰ ਬਣਾ ਕੇ ਹੀ ਉਸਦੀ ਮੌਤ ਤੋਂ ਪਹਿਲਾਂ ਦੀ ਮਾਨਸਿਕ ਸਥਿਤੀ ਦਾ ਅੰਦਾਜ਼ਾ ਲਗਾਇਆ ਜਾਂਦਾ ਹੈ ਅਤੇ ਇਸ ਤੋਂ ਬਾਅਦ ਖ਼ੁਦਕੁਸ਼ੀ ਦੇ ਕਾਰਨ ਦੀ ਪਛਾਣ ਕੀਤੀ ਜਾਂਦੀ ਹੈ।

ਬੁਰਾੜੀ ਮਾਮਲੇ ਬਾਰੇ ਡਾਕਟਰ ਮੰਜੂ ਕਹਿੰਦੇ ਹਨ, ''ਮੈਂ ਉਨ੍ਹਾਂ ਲੋਕਾਂ ਬਾਰੇ ਪੜ੍ਹਿਆ ਹੈ, ਉਨ੍ਹਾਂ ਵਿੱਚੋਂ ਇੱਕ ਕੁੜੀ ਦਾ ਵਿਆਹ ਹੋਣ ਵਾਲਾ ਸੀ...ਬਹੁਤ ਹੱਦ ਤੱਕ ਸੰਭਵ ਹੈ ਕਿ ਉਹ ਆਪਣੇ ਮੰਗੇਤਰ ਨਾਲ ਗੱਲ ਕਰਦੀ ਹੋਵੇ, ਉਹ ਕਿਸ ਤਰ੍ਹਾਂ ਦੀਆਂ ਗੱਲਾਂ ਕਰਦੀ ਸੀ ਅਤੇ ਮੌਤ ਤੋਂ ਠੀਕ ਪਹਿਲਾਂ ਜੇ ਉਸਦੀ ਗੱਲ ਹੋਈ ਤਾਂ ਉਹ ਕੀ ਗੱਲਬਾਤ ਸੀ, ਜੇ ਇਹ ਪਤਾ ਲੱਗ ਜਾਵੇ ਤਾਂ ਸਥਿਤੀ ਨੂੰ ਸਮਝਣ 'ਚ ਮਦਦ ਮਿਲ ਸਕਦੀ ਹੈ।''

ਮੌਤ, ਸਾਇਕੋਲੌਜੀਕਲ ਅਟੌਪਸੀ
ਤਸਵੀਰ ਕੈਪਸ਼ਨ, ਘਰ ਦੀ ਛੱਤ 'ਤੇ ਕੁੱਤਾ ਬੰਨ੍ਹਿਆ ਹੋਇਆ ਸੀ

ਏਮਜ਼ 'ਚ ਮਨੋਵਿਗਿਆਨ ਦੇ ਡਾਕਟਰ ਅਨਿਲ ਦਾ ਕਹਿਣਾ ਹੈ ਕਿ ਜੇ ਮਾਮਲਾ ਖ਼ੁਦਕੁਸ਼ੀ ਦਾ ਹੈ ਤਾਂ ਸੁਭਾਵਿਕ ਤੌਰ 'ਤੇ ਇਸ ਨਾਲ ਮਦਦ ਮਿਲੇਗੀ।

''ਇਹ ਇੱਕ ਪ੍ਰਕਿਰਿਆ ਹੈ ਜਿਸ ਨਾਲ ਸੁਸਾਇਡ ਦੇ ਮਾਮਲਿਆਂ ਨੂੰ ਸਮਝਣ 'ਚ ਮਦਦ ਮਿਲਦੀ ਹੈ, ਇਸ 'ਚ ਮ੍ਰਿਤਕ ਨਾਲ ਜੁੜੇ ਹਰ ਸ਼ਖ਼ਸ ਨਾਲ ਗੱਲਬਾਤ ਕੀਤੀ ਜਾਂਦੀ ਹੈ...ਉਸਦੇ ਡਾਕਟਰ, ਉਸਦੀ ਮੈਡੀਕਲ ਰਿਪੋਰਟ ਵੀ ਬਹੁਤ ਮਦਦਗਾਰ ਹੁੰਦੀ ਹੈ...ਇਸ ਸਭ ਦੇ ਆਧਾਰ 'ਤੇ ਉਸਦੀ ਪ੍ਰਵਿਰਤੀ ਦਾ ਪਤਾ ਕੀਤਾ ਜਾਂਦਾ ਹੈ।''

ਕੀ ਵੱਡੀ ਗਿਣਤੀ 'ਚ ਖ਼ੁਦਕੁਸ਼ੀ ਹੋਈ ਹੋਵੇ ਤਾਂ ਵੀ ਇਹ ਮਦਦਗਾਰ ਹੈ...?

ਡਾਕਟਰ ਅਨਿਲ ਮੰਨਦੇ ਹਨ ਕਿ ਇਸ ਮਾਮਲੇ 'ਚ ਵੀ ਸਾਇਕੋਲੌਜੀਕਲ ਅਟੌਪਸੀ ਮਦਦਗਾਰ ਸਾਬਿਤ ਹੋਵੇਗੀ।

''ਜੇ ਇਹ ਮਾਮਲਾ ਸੁਸਾਇਡ ਦਾ ਹੈ ਤਾਂ ਇਸ 'ਚ ਵੀ ਨਤੀਜਾ ਸਾਹਮਣੇ ਆ ਜਾਵੇਗਾ, ਪਰ ਇਸ ਮਾਮਲੇ 'ਚ ਅਜਿਹਾ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਲੋਕਾਂ ਦਾ ਵਿਵਹਾਰ ਬਹੁਤ ਹੀ ਸਾਧਾਰਣ ਸੀ ਤਾਂ ਇਹ ਸਮਝਣਾ ਜ਼ਰੂਰੀ ਹੈ ਕਿ ਸਾਰੇ ਮਾਨਸਿਕ ਵਿਕਾਰ ਜ਼ਾਹਿਰ ਨਹੀਂ ਹੁੰਦੇ ਹਨ...ਹੋ ਸਕਦਾ ਹੈ ਕਿ ਉਹ ਲੋਕ ਕਿਸੇ ਮਾਨਸਿਕ ਪ੍ਰੇਸ਼ਾਨੀ 'ਚੋਂ ਲੰਘ ਰਹੇ ਹੋਣ, ਪਰ ਉਹ ਸਾਹਮਣੇ ਜ਼ਾਹਿਰ ਨਾ ਕਰ ਰਹੇ ਹੋਣ।'

ਮੌਤ, ਸਾਇਕੋਲੌਜੀਕਲ ਅਟੌਪਸੀ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਬੁਰਾੜੀ ਇਲਾਕੇ 'ਚ ਪੜਤਾਲ ਦੌਰਾਨ ਪੁਲਿਸ ਕਰਮੀ

ਦੂਜੇ ਦੇਸਾਂ 'ਚ ਸਾਇਕੋਲੌਜੀਕਲ ਅਟੌਪਸੀ ਦੀ ਵਰਤੋਂ

ਦਿ ਬ੍ਰਿਟਿਸ਼ ਜਰਨਲ ਆਫ਼ ਸਾਇਕੈਟ੍ਰੀ ਮੁਤਾਬਕ, ਲੰਘੇ ਦੋ ਦਹਾਕਿਆਂ 'ਚ ਬ੍ਰਿਟੇਨ ਸਣੇ ਦੁਨੀਆਂ ਦੇ ਹੋਰ ਦੇਸਾਂ 'ਚ ਵੀ ਖ਼ੁਦਕੁਸ਼ੀ ਦੇ ਮਾਮਲੇ ਵਧੇ ਹਨ। ਇਨ੍ਹਾਂ ਮਾਮਲਿਆਂ 'ਚ ਖ਼ੁਦਕੁਸ਼ੀ ਦੇ ਕਾਰਨਾਂ ਨੂੰ ਜਾਣਨ ਲਈ ਸਾਇਕੋਲੌਜੀਕਲ ਅਟੌਪਸੀ ਦੀ ਮਦਦ ਲਈ ਗਈ, ਜਿਸ 'ਚ ਪਤਾ ਲੱਗਿਆ ਕਿ ਜ਼ਿਆਦਾਤਰ ਮੌਤਾਂ ਦੀ ਵਜ੍ਹਾ ਬੇਰੁਜ਼ਗਾਰੀ, ਇਕੱਲਾਪਣ, ਮਾਨਸਿਕ ਵਿਕਾਰ ਅਤੇ ਨਸ਼ੇ ਦੀ ਆਦਤ ਸੀ।

ਇਸ ਤੋਂ ਇਲਾਵਾ ਸਾਇੰਸ ਡਾਇਰੈਕਟ 'ਚ ਛਪੀ ਜਰਨਲ ਆਫ਼ ਇਫ਼ੈਕਟਿਵ ਡਿਸਆਰਡਰ ਦੀ ਰਿਪੋਰਟ ਮੁਤਾਬਕ, ਇਸਰਾਇਲੀ ਸੈਨਾ ਨੇ ਵੀ ਇਸਦੀ ਮਦਦ ਲਈ ਹੈ।

ਇਸਰਾਇਲੀ ਫ਼ੌਜ 'ਚ ਸਾਲ 2009 ਤੋਂ 2013 ਵਿਚਾਲੇ 18 ਤੋਂ 21 ਸਾਲ ਦੀ ਉਮਰ ਦੇ ਕਰੀਬ 69 ਫ਼ੌਜੀਆਂ ਨੇ ਖ਼ੁਦਕੁਸ਼ੀ ਕੀਤੀ ਸੀ। ਇਨ੍ਹਾਂ ਮੌਤਾਂ ਦੀ ਵਜ੍ਹਾ ਜਾਣਨ ਲਈ ਵੀ ਸਾਇਕੋਲੌਜੀਕਲ ਅਟੌਪਸੀ ਦੀ ਮਦਦ ਲਈ ਗਈ।

ਇਹ ਵੀ ਪੜ੍ਹੋ:

ਉੱਤਰੀ ਦਿੱਲੀ ਦੇ ਬੁਰਾੜੀ ਮਾਮਲੇ 'ਚ ਵੀ ਜੇ ਖ਼ੁਦਕੁਸ਼ੀ ਦੀ ਪੁਸ਼ਟੀ ਹੋ ਜਾਂਦੀ ਹੈ ਤਾਂ ਕਾਫ਼ੀ ਹੱਦ ਤੱਕ ਸੰਭਵ ਹੈ ਕਿ ਸਾਇਕੋਲੌਜੀਕਲ ਅਟੌਪਸੀ ਦੀ ਮਦਦ ਨਾਲ ਇਸਦੇ ਕਾਰਨਾਂ ਦਾ ਪਤਾ ਲਗਾਇਆ ਜਾ ਸਕੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)