ਸਮਾਜਿਕ ਜਾਗਰੂਕਤਾ ਫੈਲਾਉਂਦੀਆਂ ਔਰਤਾਂ ਦੇ ਗੈਂਗਰੇਪ ਦਾ ਸੱਚ: ਗਰਾਊਂਡ ਰਿਪੋਰਟ

ਤਸਵੀਰ ਸਰੋਤ, Ravi Prakash/BBC
- ਲੇਖਕ, ਰਵੀ ਪ੍ਰਕਾਸ਼
- ਰੋਲ, ਕੋਚਾਂਗ (ਖੂੰਟੀ) ਤੋਂ, ਬੀਬੀਸੀ ਦੇ ਲਈ
ਝਾਰਖੰਡ ਵਿੱਚ ਮਨੁੱਖੀ ਤਸਕਰੀ ਖ਼ਿਲਾਫ਼ ਮੁਹਿੰਮ ਚਲਾਉਣ ਵਾਲੀ ਇੱਕ ਗ਼ੈਰ-ਸਰਕਾਰੀ ਸੰਸਥਾ ਨਾਲ ਜੁੜੀਆਂ ਪੰਜ ਕੁੜੀਆਂ ਨਾਲ ਕਥਿਤ ਗੈਂਗਰੇਪ ਦੀ ਘਟਨਾ ਕੌਂਮਾਂਤਰੀ ਸੁਰਖੀਆਂ ਵਿੱਚ ਹੈ।
ਪੁਲਿਸ ਮੁਤਾਬਕ ਖੂੰਟੀ ਜ਼ਿਲ੍ਹੇ ਵਿੱਚ ਪੰਜਾਂ ਕੁੜੀਆਂ ਨੂੰ ਅਗਵਾ ਕਰਕੇ ਉਨ੍ਹਾਂ ਨਾਲ ਗੈਂਗ ਰੇਪ ਕੀਤਾ ਗਿਆ ਸੀ।
ਝਾਰਖੰਡ ਦੇ ਡੀਜੀ ਆਰਕੇ ਮਲਿਕ ਨੇ ਕਿਹਾ ਹੈ ਕਿ ਪੀੜਤਾਂ ਨੂੰ ਪਿਸ਼ਾਬ ਪੀਣ ਲਈ ਮਜਬੂਰ ਕੀਤਾ ਗਿਆ ਸੀ।
ਕੀ ਸੀ ਘਟਨਾ
ਮਾਮਲਾ ਝਾਰਖੰਡ ਦੇ ਖੂੰਟੀ ਜ਼ਿਲ੍ਹੇ ਦੇ ਕੋਚਾਂਗ ਪਿੰਡ ਦਾ ਹੈ। ਤਾਰੀਖ਼ 19 ਜੂਨ ਸੀ ਅਤੇ ਸਮਾਂ ਦਿਨ ਦੇ 12 ਵਜੇ।
ਕੋਚਾਂਗ ਚੌਕ ਤੋਂ ਕਰੀਬ 200 ਮੀਟਰ ਦੂਰ ਆਰਸੀ ਮਿਸ਼ਨ ਸਕੂਲ ਹੈ, ਜਿੱਥੋਂ ਇਨ੍ਹਾਂ ਪੰਜਾਂ ਕੁੜੀਆਂ ਨੂੰ ਕਥਿਤ ਤੌਰ 'ਤੇ ਅਗਵਾ ਕੀਤਾ ਗਿਆ ਸੀ। ਸਕੂਲ ਦੇ ਪ੍ਰਿੰਸੀਪਲ ਫਾਦਰ ਅਲਫਾਂਸੋ ਆਇੰਦ ਨੂੰ ਪੁਲਿਸ ਨੇ ਘਟਨਾ ਦੀ ਜਾਣਕਾਰੀ ਨਾ ਦੇਣ ਦੇ ਇਲਜ਼ਾਮ ਵਿੱਚ ਗ੍ਰਿਫ਼ਤਾਰ ਕਰ ਲਿਆ ਹੈ।
ਇਸ ਮਿਸ਼ਨਰੀ ਸਕੂਲ ਦੇ ਕੈਂਪਸ ਵਿੱਚ ਮੌਜੂਦ ਇਮਲੀ ਦਾ ਇੱਕ ਵੱਡਾ ਦਰਖ਼ਤ ਹੈ। ਘਟਨਾ ਦੇ ਦਿਨ ਇਸੇ ਦਰਖ਼ਤ ਹੇਠਾਂ ਇਹ ਨਾਟਕ ਮੰਡਲੀ ਮਨੁੱਖੀ ਤਸਕਰੀ ਖ਼ਿਲਾਫ਼ ਲੋਕਾਂ ਨੂੰ ਜਾਗਰੂਕ ਕਰਨ ਲਈ ਨੁੱਕੜ ਨਾਟਕ ਕਰ ਰਹੀ ਸੀ।
ਨਾਟਕ ਦੇਖਣ ਲਈ ਕਰੀਬ 300 ਬੱਚੇ ਅਤੇ ਕੁਝ ਪਿੰਡ ਵਾਸੀ ਮੌਜੂਦ ਸਨ। ਇਸ ਨਾਟਕ ਮੰਡਲੀ ਵਿੱਚ ਪੰਜ ਕੁੜੀਆਂ ਅਤੇ ਤਿੰਨ ਮਰਦ ਸਨ।
ਇਹ ਕਲਾਕਾਰ ਨੁੱਕੜ ਨਾਟਕ ਕਰ ਹੀ ਰਹੇ ਸਨ ਉਦੋਂ ਹੀ ਦੋ ਮੋਟਰਸਾਈਕਲ ਸਵਾਰ ਪੰਜ ਲੋਕ ਉੱਥੇ ਪਹੁੰਚੇ ਅਤੇ ਕੁਝ ਸਵਾਲ-ਜਵਾਬ ਤੋਂ ਬਾਅਦ ਸਾਰਿਆਂ ਨੂੰ ਉਨ੍ਹਾਂ ਦੀ ਹੀ ਕਾਰ ਵਿੱਚ ਜ਼ਬਰਦਸਤੀ ਜੰਗਲ ਵੱਲ ਲੈ ਕੇ ਚਲੇ ਗਏ।

ਤਸਵੀਰ ਸਰੋਤ, Ravi Prakash/BBC
ਉਦੋਂ ਉੱਥੇ ਕੋਚਾਂਗ ਦੇ ਮਾਰਟਿਨ ਸੋਏ ਵੀ ਮੌਜੂਦ ਸਨ। ਉਨ੍ਹਾਂ ਨੇ ਦੱਸਿਆ, ''ਨਾਟਕ ਸ਼ੁਰੂ ਹੋਣ ਤੋਂ ਬਾਅਦ ਉਹ ਚੌਕ 'ਤੇ ਆ ਗਏ ਸਨ। ਉਦੋਂ ਹੀ ਬਦਮਾਸ਼ਾਂ ਨੇ ਕੁੜੀਆਂ ਨੂੰ ਅਗਵਾ ਕਰ ਲਿਆ। ਮੈਂ ਬਦਮਾਸ਼ਾਂ ਨੂੰ ਇਸ ਤੋਂ ਪਹਿਲਾਂ ਕਦੇ ਨਹੀਂ ਦੇਖਿਆ ਸੀ। ਉਹ ਕੋਚਾਂਗ ਦੇ ਨਹੀਂ ਸਨ। ਸ਼ਾਮ ਹੋਣ 'ਤੇ ਪਿੰਡ ਵਿੱਚ ਇਹ ਖ਼ਬਰ ਫੈਲੀ ਕਿ ਬਦਮਾਸ਼ਾਂ ਨੇ ਨਾਟਕ ਟੀਮ ਨਾਲ ਮਾਰ-ਕੁੱਟ ਕੀਤੀ ਹੈ। ਉਦੋਂ ਸਾਨੂੰ ਬਲਾਤਕਾਰ ਦੀ ਜਾਣਕਾਰੀ ਨਹੀਂ ਸੀ।''
''ਪੁਲਿਸ ਦੇ ਪਿੰਡ ਆਉਣ 'ਤੇ ਸਾਨੂੰ ਪਤਾ ਲੱਗਿਆ ਕਿ ਕੁੜੀਆਂ ਨਾਲ ਰੇਪ ਹੋਇਆ ਹੈ। ਸਕੂਲ ਦੇ ਪ੍ਰਿੰਸੀਪਲ ਫਾਦਰ ਅਲਫਾਂਸੋ ਆਇੰਦ ਨੂੰ ਗ੍ਰਿਫ਼ਤਾਰ ਕਰਨ ਲਈ ਕਰੀਬ 300 ਪੁਲਿਸ ਵਾਲੇ 21 ਜੂਨ ਨੂੰ ਪਿੰਡ ਆਏ। ਇਸ ਵਿੱਚ ਮਹਿਲਾ ਜਵਾਨ ਵੀ ਮੌਜੂਦ ਸਨ। ਉਹ ਲੋਕ ਫਾਦਰ ਅਲਫਾਂਸੋ ਅਤੇ ਦੋ ਹੋਰਾਂ ਨੂੰ ਆਪਣੇ ਨਾਲ ਲੈ ਕੇ ਚਲੇ ਗਏ।''
ਫਾਦਰ ਅਲਫਾਂਸੋ ਬਾਰੇ ਸੋਏ ਦੱਸਦੇ ਹਨ ਕਿ ਉਹ ਇੱਕ ਚੰਗੇ ਆਦਮੀ ਹਨ ਅਤੇ ਪੂਰੇ ਪਿੰਡ ਦੇ ਲੋਕ ਉਨ੍ਹਾਂ ਦੀ ਇੱਜ਼ਤ ਕਰਦੇ ਹਨ।
ਇਹ ਪਿੰਡ ਝਾਰਖੰਡ ਦੇ ਖੂੰਟੀ ਜ਼ਿਲ੍ਹੇ ਦੇ ਅੜਕੀ ਬਲਾਕ ਦਾ ਹਿੱਸਾ ਹੈ, ਪਰ ਇੱਥੇ ਗੱਡੀ ਰਾਹੀਂ ਪਹੁੰਚਣ ਲਈ ਪੱਛਮੀ ਸਿੰਘਭੂਮ ਜ਼ਿਲ੍ਹੇ ਦੇ ਬੰਦ ਪਿੰਡ ਜਾਣਾ ਪੈਂਦਾ ਹੈ।

ਤਸਵੀਰ ਸਰੋਤ, Ravi Prakash/bbc
ਉੱਥੇ ਦੇ ਸੰਘਣੇ ਜੰਗਲਾਂ ਵਿਚਾਲੇ ਪਤਲੀ ਜਿਹੀ ਸੜਕ 'ਤੇ ਕਦੇ ਸਿੱਧੀ ਚੜ੍ਹਾਈ ਹੈ ਤਾਂ ਕਦੇ ਢਲਾਣ। ਇਸ ਸੜਕ 'ਤੇ ਅੱਧਾ ਘੰਟਾ ਚੱਲਣ ਤੋਂ ਬਾਅਦ ਕੋਚਾਂਗ ਆਉਂਦਾ ਹੈ।
ਰਸਤੇ ਵਿੱਚ ਵਧੇਰੇ ਲੋਕ ਪੈਦਲ ਚਲਦੇ ਹੀ ਵਿਖਾਈ ਦਿੰਦੇ ਹਨ ਕਿਉਂਕਿ ਇੱਥੇ ਜਨਤਕ ਆਵਾਜਾਈ ਸੇਵਾਵਾਂ ਦੀ ਘਾਟ ਹੈ।
ਪ੍ਰਿੰਸੀਪਲ ਦੀ ਗ੍ਰਿਫ਼ਤਾਰੀ 'ਤੇ ਸਵਾਲ
ਖੂੰਟੀ ਜ਼ਿਲ੍ਹੇ ਦੇ ਇਸ ਇਲਾਕੇ ਵਿੱਚ ਕਈ ਦਹਾਕੇ ਪਹਿਲਾਂ ਆਦਿਵਾਸੀਆਂ ਨੇ ਇਸਾਈ ਧਰਮ ਅਪਣਾਇਆ ਸੀ। ਹੁਣ ਇੱਥੇ ਇਸ ਧਰਮ ਦਾ ਖਾਸਾ ਪ੍ਰਭਾਵ ਦਿਖਾਈ ਦਿੰਦਾ ਹੈ।
ਇਸ ਮਾਮਲੇ ਦੀ ਜਾਂਚ ਲਈ ਕੋਚਾਂਗ ਪਹੁੰਚੇ ਝਾਰਖੰਡ ਮੁਕਤੀ ਮੋਰਚਾ ਦੇ ਵਿਧਾਇਕ ਪੌਲੂਸ ਸੋਰੇਨ ਨੇ ਫਾਦਰ ਅਲਫਾਂਸੋ ਦੀ ਗ੍ਰਿਫ਼ਤਾਰੀ 'ਤੇ ਸਵਾਲ ਚੁੱਕੇ ਹਨ।
ਸੋਰੇਨ ਕਹਿੰਦੇ ਹਨ,''ਇਹ ਸਰਕਾਰ ਆਰਐਸਐਸ ਦੇ ਇਸ਼ਾਰੇ 'ਤੇ ਕੰਮ ਕਰ ਰਹੀ ਹੈ ਅਤੇ ਇਸਾਈ ਵਿਰੋਧੀ ਹੈ। ਇਸ ਲਈ ਸਾਜ਼ਿਸ਼ ਤਹਿਤ ਚਰਚ ਨੂੰ ਬਦਨਾਮ ਕੀਤਾ ਜਾ ਰਿਹਾ ਹੈ।''
"ਪੂਰੇ ਝਾਰਖੰਡ ਵਿੱਚ ਇਸਾਈ ਪ੍ਰਚਾਰਕਾਂ 'ਤੇ ਧਾਰਾ 107 ਤਹਿਤ ਕਾਰਵਾਈ ਕੀਤੀ ਜਾ ਰਹੀ ਹੈ। ਪੁਲਿਸ ਅਤੇ ਪ੍ਰਸ਼ਾਸਨ ਦੇ ਲੋਕ ਇਸ ਮਾਮਲੇ ਵਿੱਚ ਝੂਠੀ ਕਹਾਣੀ ਬਣਾ ਕੇ ਸਿਆਸਤਦਾਨਾਂ ਨੂੰ ਸੰਤੁਸ਼ਟ ਕਰਨ ਵਿੱਚ ਲੱਗੇ ਹਨ।"

ਤਸਵੀਰ ਸਰੋਤ, Ravi Prakash/BBC
ਉਨ੍ਹਾਂ ਨੇ ਕਿਹਾ ਕਿ ਜੇਕਰ ਪੁਲਿਸ ਨੂੰ ਸੂਚਨਾ ਨਾ ਦੇਣਾ ਉਨ੍ਹਾਂ ਦਾ ਜੁਰਮ ਹੈ ਤਾਂ ਮੁੱਖ ਮੰਤਰੀ ਖ਼ੁਦ ਇੱਥੇ ਆ ਕੇ ਦੇਖਣ ਅਤੇ ਦੱਸਣ ਕਿ ਜਿਸ ਪਿੰਡ ਵਿੱਚ ਨੈੱਟਵਰਕ ਵੀ ਨਹੀਂ ਰਹਿੰਦਾ ਉੱਥੋਂ ਕੋਈ ਤਤਕਾਲ ਸੂਚਨਾ ਕਿਵੇਂ ਦੇ ਸਕਦਾ ਹੈ?
ਪੀੜਤਾਂ ਦਾ ਇਲਜ਼ਾਮ
ਕਥਿਤ ਗੈਂਗਰੇਪ ਦੀਆਂ ਸ਼ਿਕਾਰ ਪੰਜੇ ਔਰਤਾਂ ਆਦਿਵਾਸੀ ਹਨ ਤੇ ਖੂੰਟੀ ਜ਼ਿਲ੍ਹੇ ਦੀ ਰਹਿਣ ਵਾਲੀਆਂ ਹਨ। ਇਨ੍ਹਾਂ ਵਿੱਚੋਂ ਇੱਕ ਵਿਧਵਾ ਹੈ ਤੇ ਦੋ ਕੁਆਰੀਆਂ ਹਨ।
ਸਾਰੀਆਂ ਔਰਤਾਂ ਖੂੰਟੀ ਦੇ ਇੱਕ ਐਨਜੀਓ ਨਾਲ ਜੁੜੀਆਂ ਹਨ ਜਿਨ੍ਹਾਂ ਨੂੰ ਨਾਟਕਾਂ ਜ਼ਰੀਏ ਸਰਕਾਰੀ ਯੋਜਨਾਵਾਂ ਲਈ ਪ੍ਰਚਾਰ ਦਾ ਕੰਮ ਮਿਲਿਆ ਹੈ। ਇਹ ਆਪਣੀ ਰੋਜ਼ੀ-ਰੋਟੀ ਲਈ ਨਾਟਕ ਕਰਦੀਆਂ ਹਨ।
ਪੁਲਿਸ ਵਿੱਚ ਦਰਜ ਕਰਵਾਈ ਗਈ ਰਿਪੋਰਟ 'ਚ ਪੀੜਤ ਔਰਤਾਂ ਨੇ ਕਿਹਾ ਹੈ ''ਉਹ ਤਿੰਨ ਲੋਕ ਸਨ। ਉਨ੍ਹਾਂ ਨੇ ਬੰਦੂਕ ਦੀ ਨੋਕ 'ਤੇ ਸਾਡੇ ਕੱਪੜੇ ਲੁਆਏ ਤੇ ਫੋਟੋਆਂ ਖਿੱਚੀਆਂ। ਇਸਦੇ ਨਾਲ ਹੀ ਵੀਡੀਓ ਵੀ ਬਣਾਇਆ ਤੇ ਗੁਪਤ ਅੰਗਾਂ ਵਿੱਚ ਲੱਕੜੀ ਪਾ ਦਿੱਤੀ। ਕੁਝ ਹੀ ਘੰਟੇ ਬਾਅਦ ਕੋਚਾਂਗ ਦੇ ਉਸ ਮਿਸ਼ਨ ਸਕੂਲ ਵਿੱਚ ਸਾਨੂੰ ਛੱਡ ਦਿੱਤਾ।''
ਰਿਪੋਰਟ ਵਿੱਚ ਅੱਗੇ ਇਹ ਵੀ ਕਿਹਾ ਗਿਆ ਹੈ, 'ਸਾਡੇ ਪੁਰਸ਼ ਸਾਥੀਆਂ ਨੂੰ ਪਿਸ਼ਾਬ ਪੀਣ ਲਈ ਮਜਬੂਰ ਕੀਤਾ ਗਿਆ ਅਤੇ ਉਨ੍ਹਾਂ ਨਾਲ ਕੁੱਟ-ਮਾਰ ਕੀਤੀ ਗਈ। ਧਮਕੀ ਦਿੱਤੀ ਕਿ ਪੱਥਲਗੜੀ ਦੇ ਇਲਾਕੇ ਵਿੱਚ ਬਿਨਾਂ ਪੁੱਛੇ ਨਹੀਂ ਆਉਣਾ। ਸਾਨੂੰ ਕਿਹਾ ਤੁਸੀਂ ਪੁਲਿਸ ਦੇ ਏਜੰਟ ਹੋ ਅਤੇ ਪੱਥਲਗੜੀ ਵਾਲੇ ਇਲਾਕੇ ਵਿੱਚ ਦੀਕੂ ਭਾਸ਼ਾ 'ਚ ਪਰਚੇ ਵੰਡ ਰਹੇ ਹੋ।''

ਤਸਵੀਰ ਸਰੋਤ, Ravi Prakash/BBC
ਇਸ ਘਟਨਾ ਤੋਂ ਬਾਅਦ ਸਾਰੇ ਬੁਰੀ ਤਰ੍ਹਾਂ ਡਰੇ ਹੋਏ ਹਨ। ਖੂੰਟੀ ਆਉਂਦੇ ਸਮੇਂ ਜਿਵੇਂ ਹੀ ਪੀੜਤ ਔਰਤਾਂ ਨੂੰ ਨੈੱਟਵਰਕ ਮਿਲਿਆ ਉਨ੍ਹਾਂ ਨੇ ਪੂਰਾ ਘਟਨਾਕ੍ਰਮ ਸਮਾਜਿਕ ਕਾਰਕੁਨ ਲਕਸ਼ਮੀ ਬਾਖਲਾ ਨੂੰ ਦੱਸਿਆ।
ਬਾਖਲਾ ਕਹਿੰਦੀ ਹੈ, ''ਉਦੋਂ ਤੱਕ ਰਾਤ ਹੋ ਚੁੱਕੀ ਸੀ ਅਤੇ ਅਸੀਂ ਬੁਰੀ ਤਰ੍ਹਾਂ ਡਰੇ ਹੋਏ ਸੀ। ਮੈਂ ਖੂੰਟੀ ਵਿੱਚ ਨਹੀਂ ਸੀ ਇਸ ਲਈ ਮੈਂ ਕਿਸੇ ਨੂੰ ਇਹ ਗੱਲ ਨਹੀਂ ਦੱਸੀ। ਅਗਲੇ ਦਿਨ ਮੈਂ ਆਪਣੇ ਇੱਕ ਸਾਥੀ ਜ਼ਰੀਏ ਰਾਂਚ ਵਿੱਚ ਏਡੀਜੀ ਗੁਪਤਾ ਤੱਕ ਇਹ ਸੂਚਨਾ ਪਹੁੰਚਾਈ।''
ਏਡੀਜੀ ਨੇ ਖੂੰਟੀ ਦੇ ਏਸੀਪੀ ਨੂੰ ਘਟਨਾ ਦੀ ਜਾਣਕਾਰੀ ਦਿੱਤੀ ਜਿਨ੍ਹਾਂ ਨੇ ਪੀੜਤਾਵਾਂ ਨੂੰ ਰਿਪੋਰਟ ਦਰਜ ਕਰਵਾਉਣ ਲਈ ਕਿਹਾ। ਇਸ ਤੋਂ ਬਾਅਦ ਬੁੱਧਵਾਰ ਰਾਤ ਤੱਕ ਰਿਪੋਰਟ ਦਰਜ ਕੀਤੀ ਜਾ ਸਕੀ।
ਕੀ ਕਹਿੰਦੀ ਹੈ ਪੁਲਿਸ
ਪੁਲਿਸ ਨੇ ਇਸ ਮਾਮਲੇ ਵਿੱਚ ਹੁਣ ਤੱਕ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਵਿੱਚ ਸਕੂਲ ਦੇ ਪ੍ਰਿੰਸੀਪਲ ਫਾਦਰ ਅਲਫਾਂਸੋ ਵੀ ਸ਼ਾਮਲ ਹਨ।

ਤਸਵੀਰ ਸਰੋਤ, Ravi Prakash/BBC
ਝਾਰਖੰਡ ਪੁਲਿਸ ਦੇ ਬੁਲਾਰੇ ਅਤੇ ਏਡੀਜੀ ਆਰ ਕੇ ਮਲਿਕ ਨੇ ਕਿਹਾ, ''ਗੈਂਗਰੇਪ ਵਿੱਚ ਪੱਥਲਗੜੀ ਸਮਰਥਕਾਂ ਅਤੇ ਉਗਰਵਾਦੀਆਂ ਦਾ ਹੱਥ ਹੈ। ਇਸਦੇ ਮਾਸਟਰਮਾਇੰਡ ਦੀ ਪਛਾਣ ਹੋ ਚੁੱਕੀ ਹੈ।''
ਅੜਕੀ ਅਤੇ ਖੂੰਟੀ ਦੇ ਮਹਿਲਾ ਥਾਣੇ ਵਿੱਚ ਦੋ ਵੱਖ-ਵੱਖ ਰਿਪੋਰਟਾਂ ਦਰਜ ਕਰਵਾਈਆਂ ਗਈਆਂ ਹਨ। ਸਕੂਲ ਦੇ ਪ੍ਰਿੰਸੀਪਲ ਨੂੰ ਦੋਵੇਂ ਹੀ ਮਾਲਿਆਂ ਵਿੱਚ ਰਿਮਾਂਡ 'ਤੇ ਲਿਆ ਗਿਆ ਹੈ। ਜਲਦੀ ਹੀ ਬਾਕੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।''
ਆਦਿਵਾਸੀਆਂ ਦੇ ਪੱਥਲਗੜੀ ਮੁਹਿੰਮ ਦੇ ਸਰਗਰਮ ਵਰਕਰ ਸ਼ੰਕਰ ਮਹਲੀ ਨੇ ਬੀਬੀਸੀ ਨੂੰ ਕਿਹਾ,''ਪੁਲਿਸ ਨੇ ਸਰਕਾਰ ਦੇ ਇਸ਼ਾਰੇ ਆਪਣੇ ਕੋਲੋਂ ਹੀ ਕਹਾਣੀ ਦੱਸੀ ਹੈ। ਅਸੀਂ ਆਪਣਾ ਸ਼ਾਸਨ ਮੰਗ ਰਹੇ ਹਾਂ ਤਾਂ ਸਰਕਾਰ ਸਾਨੂੰ ਫਸਾ ਰਹੀ ਹੈ, ਕਦੇ ਸਾਨੂੰ ਨਸਲੀ ਕਿਹਾ ਜਾਂਦਾ ਹੈ, ਕਦੇ ਅਫੀਮ ਦੇ ਖੇਤੀ ਕਰਨ ਵਾਲੇ ਤੇ ਹੁਣ ਰੇਪੀਸਟ ਕਿਹਾ ਜਾ ਰਿਹਾ ਹੈ। ਇਸ ਵਿੱਚ ਕੋਈ ਸੱਚਾਈ ਨਹੀਂ ਹੈ।''
ਇਸ ਵਿਚਾਲੇ ਕੋਚਾਂਗ ਪਿੰਡ ਵਿੱਚ ਇੱਕ ਪੰਚਾਇਤ ਵੀ ਹੋਈ ਹੈ ਜਿਸ ਵਿੱਚ ਗੈਂਗਰੇਪ 'ਚ ਸ਼ਾਮਲ ਲੋਕਾਂ ਨੂੰ ਸਜ਼ਾ ਦੇਣ ਦਾ ਫ਼ੈਸਲਾ ਲਿਆ ਗਿਆ ਹੈ।












