ਇਸ ਦੇਸ ਦੀਆਂ ਔਰਤਾਂ ਸਭ ਤੋਂ ਵੱਧ ਸਿਗਰਟ ਪੀਂਦੀਆਂ ਨੇ : World No Tobacco Day

ਤਸਵੀਰ ਸਰੋਤ, MANJUNATH KIRAN/AFP/Getty Images
- ਲੇਖਕ, ਅਹਿਮਨ ਖਵਾਜਾ
- ਰੋਲ, ਪੱਤਰਕਾਰ, ਬੀਬੀਸੀ
ਦਹਾਕਿਆਂ ਤੋਂ ਤੰਬਾਕੂ ਕੰਟ੍ਰੋਲ ਨੀਤੀਆਂ ਦੇ ਬਾਵਜੂਦ ਦੁਨੀਆਂ ਭਰ ਵਿੱਚ ਸਿਗਰਟ ਪੀਣ ਵਾਲਿਆਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ।
'ਵਰਲਡ ਨੋ ਟੋਬੈਕੋ ਡੇਅ' ਮੌਕੇ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਕਿਹੜੇ ਦੇਸਾਂ ਵਿੱਚ ਲੋਕ ਸਭ ਤੋਂ ਵੱਧ ਅਤੇ ਸਭ ਤੋਂ ਘੱਟ ਸਿਗਰਟ ਪੀਂਦੇ ਹਨ।
1. ਕਿਰੀਬਾਤੀ

ਤਸਵੀਰ ਸਰੋਤ, Getty Images
ਕਿਰੀਬਾਤੀ (ਟਾਪੂ) ਦੇਸ ਵਿੱਚ ਸਭ ਤੋਂ ਵੱਧ ਲੋਕ ਸਿਗਰਟ ਪੀਂਦੇ ਹਨ। ਇੱਥੇ ਦੋ-ਤਿਹਈ ਮਰਦ ਅਤੇ ਇੱਕ-ਤਿਹਾਈ ਔਰਤਾਂ ਸਿਗਰਟ ਪੀਂਦੀਆਂ ਹਨ।
ਇੱਥੇ ਕਮਜ਼ੋਰ ਤੰਬਾਕੂ ਨੀਤੀਆਂ ਅਤੇ ਘੱਟ ਟੈਕਸ ਹੋਣ ਕਾਰ ਸਿਗਰਟ ਅਸਾਨੀ ਨਾਲ ਮਿਲ ਜਾਂਦੀ ਹੈ।
2. ਮੋਂਟੇਨੀਗਰੋ
ਯੂਰਪ ਦੇ ਦੇਸ ਮੋਂਟੇਨੀਗਰੋ ਵਿੱਚ 46 ਫੀਸਦੀ ਲੋਕ ਸਿਗਰਟ ਪੀਂਦੇ ਹਨ। ਇਸ ਦੇਸ ਵਿੱਚ 6 ਲੱਖ 33 ਹਜ਼ਾਰ ਆਬਾਦੀ ਹੈ ਅਤੇ ਇੱਕ ਸ਼ਖ਼ਸ ਔਸਤਨ ਹਰ ਸਾਲ 4,124 ਸਿਗਰਟਾਂ ਪੀਂਦਾ ਹੈ।
3. ਗ੍ਰੀਸ
ਸਿਗਰਟ ਪੀਣ ਦੇ ਅੰਕੜਿਆਂ ਮੁਤਾਬਕ ਗ੍ਰੀਸ ਦੁਨੀਆਂ ਵਿੱਚ ਤੀਜੇ ਨੰਬਰ 'ਤੇ ਹੈ ਜਿੱਥੇ ਅੱਧੇ ਨਾਲੋਂ ਵੱਧ ਮਰਦ ਸਿਗਰਟ ਪੀਂਦੇ ਹਨ ਜਦਕਿ 35 ਫੀਸਦੀ ਔਰਤਾਂ ਸਿਗਰਟ ਪੀਂਦੀਆਂ ਹਨ।
ਮਾਰਕੀਟ ਰਿਸਰਚ ਕੰਪਨੀ ਯੂਰੋਮੋਨੀਟਰ ਇੰਟਰਨੈਸ਼ਨਲ ਮੁਤਾਬਕ ਗ੍ਰੀਸ ਵਿੱਚ ਗੈਰ-ਕਾਨੂੰਨੀ ਸਿਗਰਟ ਦੀ ਤਸਕਰੀ ਵੀ ਹੁੰਦੀ ਹੈ।

ਤਸਵੀਰ ਸਰੋਤ, INDRANIL MUKHERJEE/AFP/Getty Images
4. ਈਸਟ ਟੀਮੋਰ
ਈਸਟ ਟੀਮੋਰ ਵਿੱਚ ਤਕਰੀਬਨ 80 ਫੀਸਦੀ ਲੋਕ ਸਿਗਰਟ ਪੀਂਦੇ ਹਨ। ਸਿਰਫ਼ 6 ਫੀਸਦੀ ਔਰਤਾਂ ਹੀ ਇੱਥੇ ਸਿਗਰਟ ਪੀਂਦੀਆਂ ਹਨ।
ਹਾਲਾਂਕਿ ਸਿਗਰਟ ਦੇ ਸਾਰੇ ਪੈਕਟਾਂ 'ਤੇ ਚੇਤਾਵਨੀ ਲਿਖੀ ਹੁੰਦੀ ਹੈ ਪਰ ਅੱਧੇ ਤੋਂ ਵੱਧ ਬਾਲਗ ਇਸ ਵੱਲ ਧਿਆਨ ਨਹੀਂ ਦਿੰਦੇ।

ਤਸਵੀਰ ਸਰੋਤ, Getty Images
5. ਰੂਸ
ਰੂਸ ਪੰਜਵਾਂ ਅਜਿਹਾ ਦੇਸ ਹੈ ਜਿੱਥੇ ਸਭ ਤੋਂ ਵੱਧ ਲੋਕ ਸਿਗਰਟ ਪੀਂਦੇ ਹਨ। 15 ਸਾਲ ਤੋਂ ਵੱਧ ਉਮਰ ਦੇ 60 ਫੀਸਦੀ ਮਰਦ ਸਿਗਰਟ ਪੀਂਦੇ ਹਨ ਅਤੇ 23 ਫੀਸਦੀ ਔਰਤਾਂ ਸਿਗਰਟ ਪੀਂਦੀਆਂ ਹਨ।
ਦਫ਼ਤਰਾਂ ਅਤੇ ਜਨਤਕ ਵਾਹਨਾਂ ਵਿੱਚ ਸਿਗਰਟ ਪੀਣ 'ਤੇ ਪਾਬੰਦੀ ਹੈ। ਰੂਸ ਦੀ ਕੁੱਲ ਸਿਗਰਟ ਮਾਰਕੀਟ 22 ਬਿਲੀਅਨ ਡਾਲਰ ਦੀ ਹੈ।
ਦੇਸ ਜਿੱਥੇ ਲੋਕ ਘੱਟ ਸਿਗਰਟ ਪੀਂਦੇ ਹਨ
ਘਾਨਾ, ਇਥੀਓਪੀਆ, ਨਾਈਜੀਰੀਆ, ਇਰੀਟ੍ਰੇਈਆ ਅਤੇ ਪਨਾਮਾ ਦੇਸਾਂ ਵਿੱਚ ਲੋਕ ਕਾਫ਼ੀ ਘੱਟ ਸਿਗਰਟ ਪੀਂਦੇ ਹਨ।
ਵਿਸ਼ਵ ਸਿਹਤ ਸੰਗਠਨ ਮੁਤਾਬਕ 14 ਫੀਸਦੀ ਅਫ਼ਰੀਕੀ ਲੋਕ ਤੰਬਾਕੂ ਦਾ ਸੇਵਨ ਕਰਦੇ ਹਨ ਜੋ ਕਿ ਗਲੋਬਲ ਔਸਤ 22 ਫੀਸਦੀ ਨਾਲੋਂ ਵੀ ਘੱਟ ਹੈ।

ਤਸਵੀਰ ਸਰੋਤ, ASIT KUMAR/AFP/Getty Images
ਅਫਰੀਕਾ ਵਿੱਚ 70-85 ਫੀਸਦੀ ਮਰਦ ਸਿਗਰਟ ਪੀਂਦੇ ਹਨ। ਇੱਥੇ ਔਰਤਾਂ ਦੇ ਸਿਗਰਟ ਪੀਣ ਨੂੰ ਗਲਤ ਮੰਨਿਆ ਜਾਂਦਾ ਹੈ।
ਘਾਨਾ ਇਥੀਓਪੀਆ ਅਤੇ ਨਾਈਜੀਰੀਆ ਵਿੱਚ ਵਿਸ਼ਵ ਸਿਹਤ ਸੰਗਠਨ ਦੇ ਮਾਪਦੰਡਾਂ ਮੁਤਾਬਕ ਤੰਬਾਕੂ 'ਤੇ ਪਾਬੰਦੀ ਲਾਉਣ ਲਈ ਸਖ਼ਤ ਨਿਯਮ ਲਾਗੂ ਕੀਤੇ ਗਏ ਹਨ।
ਦੁਨੀਆਂ ਦਾ ਸਭ ਤੋਂ ਵੱਡਾ ਖਪਤਕਾਰ
ਵਿਸ਼ਵ ਸੰਗਠਨ ਮੁਤਾਬਕ ਚੀਨ ਤੰਬਾਕੂ ਦੇ ਮਾਮਲੇ ਵਿੱਚ ਦੁਨੀਆਂ ਦਾ ਸਭ ਤੋਂ ਵੱਡਾ ਉਤਪਾਦਕ ਅਤੇ ਖਪਤਕਾਰ ਹੈ।
ਦੇਸ ਵਿੱਚ 300 ਮਿਲੀਅਨ ਤੋਂ ਵੱਧ ਲੋਕ ਸਿਗਰਟ ਪੀਂਦੇ ਹਨ ਜੋ ਕਿ ਕੁੱਲ ਆਬਾਦੀ ਦਾ ਇੱਕ-ਤਿਹਾਈ ਹੈ।
ਸਿਗਰਟ ਪੀਣ ਵਾਲੀਆਂ ਸਭ ਤੋਂ ਵੱਧ ਔਰਤਾਂ
ਡੈਨਮਾਰਕ ਹੀ ਇਕਲੌਤਾ ਅਜਿਹਾ ਦੇਸ ਹੈ ਜਿੱਥੇ ਔਰਤਾਂ ਸਭ ਤੋਂ ਵੱਧ ਸਿਗਰਟ ਪੀਂਦੀਆਂ ਹਨ।
ਇੱਥੇ 19.3 ਫੀਸਦੀ ਔਰਤਾਂ ਜਦਕਿ 18.9 ਮਰਦ ਸਿਗਰਟ ਪੀਂਦੇ ਹਨ।

ਤਸਵੀਰ ਸਰੋਤ, Getty Images
ਹਾਲਾਂਕਿ ਯੂਰਪ ਵਿੱਚ ਔਰਤਾਂ ਸਭ ਤੋਂ ਵੱਧ ਸਿਗਰਟ ਪੀਂਦੀਆਂ ਹਨ ਜਿੱਥੇ ਸਿਗਰਟ ਪੀਣ ਵਾਲੇ ਮਰਦਾਂ ਅਤੇ ਔਰਤਾਂ ਵਿਚਾਲੇ ਘੱਟ ਹੀ ਫਰਕ ਹੈ।
ਤੰਬਾਕੂ ਕਾਰਨ ਹਰ ਸਾਲ ਤਕਰੀਬਨ 70 ਲੱਖ ਲੋਕਾਂ ਦੀ ਮੌਤ ਹੁੰਦੀ ਹੈ ਜਿਸ ਵਿੱਚ 'ਪੈਸਿਵ ਸਮੋਕਿੰਗ' ਵੀ ਸ਼ਾਮਿਲ ਹੈ।












