ਇਸ ਤਰ੍ਹਾਂ ਪੈਦਾ ਹੋਣਗੇ ਭਾਰਤ 'ਚ ਰੋਨਾਲਡੋ ਅਤੇ ਮੈਸੀ ਵਰਗੇ ਫੁੱਟਬਾਲ ਖਿਡਾਰੀ

ਤਸਵੀਰ ਸਰੋਤ, Getty Images
- ਲੇਖਕ, ਸਿਵਾਕੁਮਾਰ ਉਲਗਾਨਾਥਨ/ਸ਼ਰਤ ਬੇਹਾਰਾ
- ਰੋਲ, ਬੀਬੀਸੀ ਪੱਤਰਕਾਰ
ਦੁਨੀਆਂ ਦੀ ਲਗਭਗ ਆਬਾਦੀ - 760 ਕਰੋੜ, ਫੀਫਾ ਫੁੱਟਬਾਲ ਵਰਲਡ ਕੱਪ 2018 'ਚ ਖਿਡਾਰੀਆਂ ਦੀ ਗਿਣਤੀ - 736 ਅਤੇ ਇਸ ਸਾਲ ਦੇ ਫੁੱਟਬਾਲ ਕੱਪ ਵਿੱਚ ਭਾਰਤੀ ਖਿਡਾਰੀਆਂ ਦੀ ਗਿਣਤੀ - 0
ਭਾਰਤ ਦੀ ਫੀਫਾ ਵਰਲਡ ਕੱਪ ਵਿੱਚ ਹਿੱਸਾ ਲੈਣ ਦੀ ਕਮੀ ਉੱਤੇ ਲੰਮੇ ਸਮੇਂ ਤੋਂ ਬਹਿਸ ਜਾਰੀ ਹੈ। ਪਰ ਇਸ ਦਾ ਕਾਰਨ ਕੀ ਹੈ? ਸਭ ਤੋਂ ਵਧੀਆ ਅਤੇ ਪੇਸ਼ੇਵਰ ਖਿਡਾਰੀ ਪੈਦਾ ਕਰਨ ਲਈ ਕੀ ਜ਼ਰੂਰੀ ਹੈ? ਕੀ ਭਾਰਤ ਇਸ ਬਾਰੇ ਕਦੇ ਸੋਚੇਗਾ ਜਾਂ ਉਸ ਥਾਂ 'ਤੇ ਪਹੁੰਚ ਪਾਵੇਗਾ?
ਇੱਕ ਪੇਸ਼ੇਵਰ ਫੁੱਟਬਾਲ ਖਿਡਾਰੀ ਬਣਨ ਲਈ ਬਹੁਤ ਕੁਝ ਕਰਨਾ ਪੈਂਦਾ ਹੈ।
ਇਸ ਲਈ ਇੱਕ ਖਿਡਾਰੀ ਨੂੰ ਸਰੀਰਕ ਤੇ ਮਾਨਸਿਕ ਤੌਰ 'ਤੇ ਤਿਆਰ ਹੋਣਾ ਚਾਹੀਦਾ ਹੈ।
ਇਹੀ ਨਹੀਂ ਵਧੀਆ ਕੋਚਿੰਗ, ਬੁਨਿਆਦੀ ਢਾਂਚਾ ਅਤੇ ਹਜ਼ਾਰਾਂ ਘੰਟਿਆਂ ਲਈ ਅਭਿਆਸ ਕਰਨ ਦਾ ਸੁਮੇਲ ਵੀ ਵਧੀਆ ਪੇਸ਼ੇਵਰ ਖਿਡਾਰੀ ਬਣਨ ਲਈ ਬੇਹੱਦ ਲਾਜ਼ਮੀ ਹੈ।
ਫੀਫਾ ਦੇ ਸਾਬਕਾ ਪ੍ਰਧਾਨ ਸੇਪ ਬਲੈਟਰ ਨੇ ਇੱਕ ਵਾਰ ਭਾਰਤ ਨੂੰ ਫੁੱਟਬਾਲ ਦਾ 'ਸੁੱਤਾ ਹੋਇਆ ਮਹਾਰਥੀ' ਕਿਹਾ ਸੀ।
ਭਾਰਤ ਦੀ ਪੁਰਸ਼ ਟੀਮ ਦੀ ਰੈਂਕਿੰਗ ਰਿਛਲੇ ਚਾਰ ਸਾਲਾਂ ਵਿੱਚ ਕਾਫ਼ੀ ਸੁਧਰੀ ਹੈ - 2014 ਵਿੱਚ 170 ਤੋਂ ਹੁਣ 2018 ਵਿੱਚ ਇਹ ਰੈਂਕਿੰਗ 97 'ਤੇ ਆ ਗਈ ਹੈ।

ਤਸਵੀਰ ਸਰੋਤ, Getty Images
ਇੰਡੀਅਨ ਸੁਪਰ ਲੀਗ, ਆਈ-ਲੀਗ ਅਤੇ ਯੂਥ ਲੀਗ ਆਪਣੇ ਪੱਧਰ 'ਤੇ ਭਾਰਤ ਵਿੱਚ ਫੁੱਟਬਾਲ ਨੂੰ ਹੱਲਾਸ਼ੇਰੀ ਦੇਣ ਲਈ ਕੰਮ ਕਰ ਰਹੇ ਹਨ।
ਪਰ ਕੀ ਸਿਰਫ਼ ਇਨ੍ਹਾਂ ਦੀ ਕੋਸ਼ਿਸ਼ ਹੀ ਕਾਫ਼ੀ ਹੈ? ਭਾਰਤੀਆਂ ਨੂੰ ਕਿੰਨੀ ਦੇਰ ਤੱਕ ਆਪਣੇ ਦੇਸ਼ ਨੂੰ ਫੀਫਾ ਵਰਲਡ ਕੱਪ ਵਿੱਚ ਖੇਡਦਿਆਂ ਦੇਖਣ ਲਈ ਇੰਤਜ਼ਾਰ ਕਰਨਾ ਪਵੇਗਾ?
ਇਹ ਜਾਣਨ ਲਈ ਬੀਬੀਸੀ ਨੇ ਕੁਝ ਫੁੱਟਬਾਲ ਮਾਹਰਾਂ ਨਾਲ ਗੱਲਬਾਤ ਕੀਤੀ।
ਫੁੱਟਬਾਲ ਲਈ ਸਰੀਰਕ ਮੰਗ
ਫੁੱਟਬਾਲ ਲਈ ਸਰੀਰਕ ਮਜ਼ਬੂਤੀ ਬਹੁਤ ਜ਼ਰੂਰੀ ਹੈ। ਇਸ ਦੇ ਲਈ ਹਰ ਖਿਡਾਰੀ ਲਈ ਕਈ ਪਹਿਲੂਆਂ 'ਤੇ ਖਰਾ ਉਤਰਨਾ ਲਾਜ਼ਮੀ ਹੈ।
ਲੱਤਾਂ ਦੀ ਮਜ਼ਬੂਤੀ, ਤਾਕਤ, ਲੱਤਾਂ ਨਾਲ ਕੰਮ ਲੈਣ ਅਤੇ ਦਿਸ਼ਾ ਬਦਲਣ ਦੀ ਪ੍ਰਕਿਰਿਆ, ਚੁਸਤੀ ਦੀ ਸਮਰੱਥਾ ਅਤੇ ਸਫ਼ਲਤਾ ਦੇ ਅਹਿਮ ਪਹਿਲੂਆਂ ਦੀ ਲੋੜ ਹੁੰਦੀ ਹੈ।
ਫੁੱਟਬਾਲ ਲਈ ਦੌੜਨਾ ਬਹੁਤ ਜ਼ਰੂਰੀ ਹੈ। ਕੁਝ ਖਿਡਾਰੀ 14.5 ਕਿਲੋਮੀਟਰ ਤੱਕ ਹਰ ਖੇਡ ਵਿੱਚ ਦੌੜਦੇ ਹਨ ਅਤੇ 35 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਤੱਕ ਪਹੁੰਚਦੇ ਹਨ।
ਹੋਰ ਕਈ ਖੇਡਾਂ ਦੇ ਮੁਕਾਬਲੇ, ਫੁੱਟਬਾਲ ਵੱਧ ਦੌੜ ਦੀ ਮੰਗ ਕਰਦੀ ਹੈ।
ਕੌਮਾਂਤਰੀ ਖਿਡਾਰੀਆਂ ਦੀ ਫਿਟਨੈੱਸ ਤੇ ਸੱਟਾਂ ਤੋਂ ਉਭਰਨ ਲਈ ਉਨ੍ਹਾਂ ਨਾਲ ਕੰਮ ਕਰਦੇ ਡਾ. ਵਿਜੇ ਸੁਬਰਾਮਨੀਅਨ ਕਹਿੰਦੇ ਹਨ, ''ਫੁੱਟਬਾਲ ਵਿੱਚ, ਤੁਹਾਨੂੰ ਇਨ੍ਹਾਂ ਖ਼ਾਸ ਪਹਿਲੂਆਂ 'ਤੇ ਧਿਆਨ ਦੇਣ ਦੀ ਲੋੜ ਹੈ - ਇੱਕ ਮਜ਼ਬੂਤ ਪਿੱਠ, ਢਿੱਡ ਅਤੇ ਢਿੱਡ ਤੋਂ ਹੇਠਲੇ ਹਿੱਸੇ ਅਹਿਮ ਹਨ। ਤਾਕਤ ਨਾਲ ਗੇਂਦ ਨੂੰ ਕਿੱਕ ਮਾਰਨ ਲਈ ਤੁਹਾਨੂੰ ਮਜ਼ਬੂਤ ਮਾਸਪੇਸ਼ੀ ਦੀ ਲੋੜ ਹੈ''

ਤਸਵੀਰ ਸਰੋਤ, Getty Images
ਉਹ ਅੱਗੇ ਕਹਿੰਦੇ ਹਨ, ''ਖਿਡਾਰੀਆਂ ਲਈ ਕੋਈ ਤੈਅਸ਼ੂਦਾ ਲੰਬਾਈ ਨਹੀਂ ਹੈ, ਜੇ ਉਹ ਛੋਟੇ ਕੱਦ ਦੇ ਹਨ ਤਾਂ ਉਹ ਫੁੱਟਬਾਲ ਵਧੀਆ ਢੰਗ ਨਾਲ ਖੇਡ ਸਕਦੇ ਸਕਦੇ ਹਨ, ਲੰਬੇ ਖਿਡਾਰੀ ਵਧੀਆ ਦੌੜ ਸਕਦੇ ਹਨ ਅਤੇ ਲੰਬੇ ਸ਼ੌਟ ਲਈ ਸਹੀ ਹੁੰਦੇ ਹਨ।''
ਛੋਟੇ ਕੱਦ ਦੇ ਖਿਡਾਰੀਆਂ ਵਿੱਚੋਂ ਉਹ ਮੈਸੀ ਦੀ ਮਿਸਾਲ ਦਿੰਦੇ ਹਨ।
ਉਨ੍ਹਾਂ ਮੁਤਾਬਕ ਮੈਸੀ ਵਾਂਗ ਹੀ ਕਈ ਦੱਖਣੀ ਅਮਰੀਕੀ ਖਿਡਾਰੀ ਛੋਟੇ ਕਦ ਦੇ ਹਨ ਤੇ ਫੁੱਟਬਾਲ ਨੂੰ ਚੰਗੀ ਤਰ੍ਹਾਂ ਸਾਂਭ ਸਕਦੇ ਹਨ।
ਉਹ ਅੱਗੇ ਕਹਿੰਦੇ ਹਨ, ''ਕ੍ਰਿਸਟਿਆਨੋ ਰੋਨਾਲਡੋ ਸਰੀਰਕ ਤੌਰ ਉੱਤੇ ਫਿੱਟ ਖਿਡਾਰੀ ਹਨ। ਉਨ੍ਹਾਂ ਦੀ ਛਾਲ ਬਚਾਅ ਪੱਖ ਦੇ ਖਿਡਾਰੀ ਲਈ ਇੱਕ ਮੁਸ਼ਕਿਲ ਚੀਜ਼ ਹੈ।''

ਤਸਵੀਰ ਸਰੋਤ, Getty Images
ਉਧਰ ਖਿਡਾਰੀ ਦੀ ਲੰਬਾਈ ਅਤੇ ਮਾਸਪੇਸ਼ੀਆਂ ਦੀ ਤਾਕਤ ਨੂੰ ਦੇਖਦਿਆਂ ਉਨ੍ਹਾਂ ਦੀ ਕੌਮਾਂਤਰੀ ਪੱਧਰ ਤੇ ਖੇਡਣ ਦੀ ਪ੍ਰਕਿਰਿਆ ਸਬੰਧੀ ਆਲ ਇੰਡੀਆ ਫੁੱਟਬਾਲ ਫੇਡਰੇਸ਼ਨ (AIFF) ਦੇ ਤਕਨੀਕੀ ਨਿਰਦੇਸ਼ਕ ਸੇਵਿਓ ਕਹਿੰਦੇ ਹਨ, ''ਵਧੀਆ ਲੰਬਾਈ ਖਿਡਾਰੀ ਲਈ ਚੰਗੀ ਮਦਦ ਸਾਬਿਤ ਹੁੰਦੀ ਹੈ ਪਰ ਅੱਗੇ ਜਾ ਕੇ ਮਾਸਪੇਸ਼ੀਆਂ ਦੀ ਤਾਕਤ, ਮਜ਼ਬੂਤੀ ਖਿਡਾਰੀ ਨੂੰ ਹੋਰ ਬਿਹਤਰ ਬਣਾਉਂਦੀਆਂ ਹਨ।''
ਮਾਨਸਿਕ ਮਜ਼ਬੂਤੀ
ਸੇਵਿਓ ਕਹਿੰਦੇ ਹਨ, ''ਆਮ ਤੌਰ 'ਤੇ ਲੋਕ ਸੋਚਦੇ ਹਨ ਕਿ ਭਾਰਤੀ ਅਤੇ ਪੱਛਮੀ ਖਿਡਾਰੀਆਂ ਵਿਚ ਅੰਤਰ ਭੌਤਿਕ ਯੋਗਤਾ ਹੈ, ਪਰ ਮੇਰੇ ਲਈ, ਰਣਨੀਤਕ ਸਮਝ ਅਤੇ ਤਕਨੀਕੀ ਕਾਬਲੀਅਤ ਭਾਰਤੀ ਖਿਡਾਰੀਆਂ ਦੀਆਂ ਦੋ ਮੁੱਖ ਘਾਟਾਂ ਹਨ।''
ਕੌਮੀ ਪੱਧਰ ਦੇ ਫੁੱਟਬਾਲ ਖਿਡਾਰੀ ਰਹੇ ਅਤੇ ਵੀਵਾ ਫੁੱਟਬਾਲ ਮੈਗਜ਼ੀਨ ਦੇ ਐਗਜ਼ੀਕਿਊਟਿਵ ਐਡੀਟਰ ਆਸ਼ੀਸ਼ ਪਾਂਡੇ ਦਾ ਕਹਿਣਾ ਹੈ ਕਿ ਫੁੱਟਬਾਲ ਸਿਰਫ਼ ਮੈਦਾਨ 'ਚ ਨਹੀਂ ਖੇਡੀ ਜਾਂਦੀ, ਸਗੋਂ ਦਿਮਾਗ ਵਿੱਚ ਵੀ ਖੇਡੀ ਜਾਂਦੀ ਹੈ।
''ਕਿਸੇ ਵੀ ਖਿਡਾਰੀ ਲਈ ਮਜ਼ਬੂਤ ਜੀਨਸ ਦਾ ਹੋਣਾ ਜ਼ਰੂਰੀ ਹੈ, ਪਰ ਇਸ ਮਾਮਲੇ 'ਚ ਭਾਰਤੀ ਖਿਡਾਰੀ ਯੂਰਪੀ ਖਿਡਾਰੀਆਂ ਦੇ ਮੁਕਾਬਲੇ ਪਿੱਛੇ ਹਨ।''
''ਇਸ ਨੂੰ ਰਣਨੀਤੀ 'ਚ ਸੁਧਾਰ ਕਰਕੇ ਬਿਹਤਰ ਕੀਤਾ ਜਾ ਸਕਦਾ ਹੈ, ਆਧੁਨਿਕ ਪੇਸ਼ੇਵਰ ਫੁੱਟਬਾਲ ਖਿਡਾਰੀ ਕੋਲ ਟੀਮ ਦੀ ਰਣਨੀਤੀ, ਮਾਰਕਿੰਗ, ਕਾਊਂਟਰ- ਅਟੈਕਿੰਗ ਅਤੇ ਬਹੁਤ ਸਾਰੇ ਹੋਰ ਵਿਹਾਰਤ ਹੁਨਰ ਹੋਣੇ ਚਾਹੀਦੇ ਹਨ।''

ਬਹੁਤੇ ਮਾਹਰ ਕਹਿੰਦੇ ਹਨ ਕਿ ਬਿਨਾਂ ਮਾਨਸਿਕ ਮਜਬੂਤੀ ਦੇ ਸਰੀਰਕ ਯੋਗਤਾ ਤੁਹਾਨੂੰ ਫੁੱਟਬਾਲ ਵਿੱਚ ਕਿਤੇ ਵੀ ਨਹੀਂ ਲੈ ਕੇ ਜਾਂਦੀ ਅਤੇ ਇਹੀ ਉਹ ਪਹਿਲੂ ਹੈ ਜਿਹੜਾ ਸਧਾਰਣ ਖਿਡਾਰੀਆਂ ਤੋਂ ਕੌਮਾਂਤਰੀ ਪੱਧਰ ਦੇ ਖਿਡਾਰੀਆਂ ਨੂੰ ਵੱਖ ਕਰਦਾ ਹੈ।
ਬੱਚੇ ਫੁੱਟਬਾਲ ਖੇਡਣਾ ਕਦੋਂ ਸ਼ੁਰੂ ਕਰਨ?
ਖੇਡ ਕਮੈਂਟਟੇਟਰ, ਲੇਖਕ ਤੇ ਨਾਮੀਂ ਫੁੱਟਬਾਲ ਮਾਹਰ ਨੋਵੀ ਕਪਾਡੀਆ ਕਹਿੰਦੇ ਹਨ, ''ਭਾਰਤ ਵਿੱਚ ਬਹੁਤੇ ਮਾਪੇ ਸੋਚਦੇ ਹਨ ਕਿ ਬੱਚੇ ਨੂੰ ਪੇਸ਼ੇਵਰ ਖਿਡਾਰੀ ਬਣਾਉਣ ਲਈ ਕੋਚਿੰਗ ਦੇ ਲਈ ਪੰਜ, ਛੇ ਅਤੇ ਸੱਤ ਸਾਲ ਦੀ ਉਮਰ ਵਿੱਚ ਭੇਜ ਦੇਣਾ ਚਾਹੀਦਾ ਹੈ, ਪਰ ਇਹ ਸਿਰਫ ਇੱਕ ਮਿੱਥ ਹੈ ਅਤੇ ਤੁਹਾਨੂੰ ਕੋਈ ਨਤੀਜਾ ਨਹੀਂ ਦਿੰਦਾ।''
ਕਪਾਡੀਆ ਸਲਾਹ ਦਿੰਦੇ ਹਨ ਕਿ ਬੱਚਿਆਂ ਨੂੰ ਫੁੱਟਬਾਲ ਦੇ ਮੈਦਾਨ ਵਿੱਚ 12 ਜਾਂ 13 ਸਾਲ ਦੀ ਉਮਰ ਵਿੱਚ ਭੇਜਣਾ ਚਾਹੀਦਾ ਹੈ।
ਉਦੋਂ ਇਹ ਜਾਣਨਾ ਸੌਖਾ ਹੋਵੇਗਾ ਕਿ ਉਨ੍ਹਾਂ ਦਾ ਪ੍ਰਦਰਸ਼ਨ ਕਿਸ ਤਰ੍ਹਾਂ ਦਾ ਹੈ ਅਤੇ ਉਨ੍ਹਾਂ ਦੇ ਜਨੂੰਨ ਨੂੰ ਦੇਖਦਿਆਂ ਫੈਸਲਾ ਲਿਆ ਜਾ ਸਕਦਾ ਹੈ।
ਪਰ ਇਸ ਮਾਮਲੇ 'ਚ ਸੇਵਿਓ ਵੱਖਰਾ ਨਜ਼ਰੀਆ ਰੱਖਦੇ ਹਨ, ''ਏਸ਼ੀਆਈ ਤੇ ਯੂਰਪੀ ਟੀਮਾਂ ਨਾਲ ਮੁਕਾਬਲੇ ਲਈ ਸਾਨੂੰ ਛੋਟੀ ਉਮਰ 'ਚ ਸ਼ੂਰੂਆਤ ਕਰਨੀ ਹੋਵੇਗੀ, ਇਸ ਨਾਲ ਬੱਚਿਆਂ ਨੂੰ ਚੰਗਾ ਫੈਸਲਾ ਲੈਣ ਅਤੇ ਸਮਝਦਾਰੀ 'ਚ ਮਦਦ ਮਿਲੇਗੀ।''
ਬੁਨਿਆਦੀ ਢਾਂਚਾ ਤੇ ਕੋਚਿੰਗ
ਆਸ਼ੀਸ਼ ਮੁਤਾਬਕ, ਫੁੱਟਬਾਲ ਦੇ ਮੁੱਖ ਖ਼ੇਤਰਾਂ ਜਿਵੇਂ ਬਾਲ ਨੂੰ ਕੰਟਰੋਲ ਕਰਨਾ, ਘੁਮਾਉਣਾ, ਦੌੜਨਾ ਅਤੇ ਹੋਰ ਰਣਨੀਤੀਆਂ ਇੱਕ ਚੰਗੇ ਕੋਚ ਵੱਲੋਂ ਹੀ ਸਿਖਾਈਆਂ ਜਾ ਸਕਦੀਆਂ ਹਨ।
ਅਫ਼ਸੋਸ ਇਸ ਗੱਲ ਦਾ ਹੈ ਕਿ ਭਾਰਤ ਇਨ੍ਹਾਂ ਪਹਿਲੂਆਂ 'ਚ ਪਿੱਛੇ ਹੈ ਅਤੇ ਇਸਨੂੰ ਹੋਰ ਗੁਣਵੱਤਾ ਵਾਲੇ ਕੋਚਾਂ ਦੀ ਲੋੜ ਹੈ।
"ਹਾਲ ਹੀ 'ਚ ਭਾਰਤ ਵਿੱਚ ਇੱਕ ਯੂਥ ਕੱਪ ਸੀ, ਜਿਸ ਵਿੱਚ ਕਈ ਦੇਸ਼ਾਂ ਨੇ ਹਿੱਸਾ ਲਿਆ। ਜਦੋਂ ਅਮਰੀਕੀ ਟੀਮ ਖੇਡ ਰਹੀ ਸੀ ਤਾਂ ਉਨ੍ਹਾਂ ਦੀ ਤਕਨੀਕੀ ਟੀਮ ਦੇ ਸੱਤ ਮੈਂਬਰ ਖੇਡ ਦਾ ਵਿਸ਼ਲੇਸ਼ਣ ਕਰ ਰਹੇ ਸਨ।''
''ਭਾਰਤੀ ਟੀਮ ਕੋਲ ਵੀਡੀਓ ਜਾਂ ਡਾਟਾ ਵਿਸ਼ਲੇਸ਼ਕ ਨਹੀਂ ਹੈ, ਇਹ ਉਹ ਬੁਨਿਆਦੀ ਚੀਜ਼ਾਂ ਹਨ ਜੋ ਦੂਜੇ ਦੇਸ਼ ਅਪਣਾ ਰਹੇ ਹਨ ਅਤੇ ਭਾਰਤ ਵਿੱਚ ਇਸ ਦੀ ਘਾਟ ਹੈ।''

ਤਸਵੀਰ ਸਰੋਤ, Getty Images
ਭਾਰਤ ਵਿੱਚ ਚੰਗੇ ਮੈਦਾਨ ਅਤੇ ਮੁਕਾਬਲੇ ਲੱਭਣਾ ਔਖਾ ਹੈ।
ਉਹ ਕਹਿੰਦੇ ਹਨ ਕਿ 1960 ਤੇ 1970 ਵਿੱਚ ਕਈ ਫੁੱਟਬਾਲ ਸਟੇਡੀਅਮ ਹੁੰਦੇ ਸਨ, ਪਰ ਹੁਣ ਇਹ ਸਾਰੇ ਕ੍ਰਿਕਟ ਮੈਦਾਨ 'ਚ ਤਬਦੀਲ ਹੋ ਗਏ ਹਨ।
ਸੇਵਿਓ ਕਹਿੰਦੇ ਹਨ, ''ਭਾਰਤ ਦੀਆਂ ਟੀਮਾਂ ਨੂੰ ਬਿਹਤਰ ਕੋਚਾਂ ਦੀ ਲੋੜ ਹੈ, ਇਨ੍ਹਾਂ ਨਾਲ ਹੀ ਚੰਗੇ ਖਿਡਾਰੀ ਆਉਣਗੇ।''
ਸਾਬਕਾ ਭਾਰਤੀ ਫੁੱਟਬਾਲ ਖਿਡਾਰੀ ਪ੍ਰਕਾਸ਼ ਵੀ ਇਹ ਗੱਲ ਮੰਨਦੇ ਹਨ ਕਿ ਚੰਗੇ ਕੋਚਾਂ ਉੱਤੇ ਧਿਆਨ ਦੇਣ ਦੀ ਲੋੜ ਹੈ।
10 ਹਜ਼ਾਰ ਘੰਟਿਆਂ ਦੇ ਅਭਿਆਸ ਦੀ ਥਿਊਰੀ
ਬਹੁਤੇ ਖਿਡਾਰੀ ਤੇ ਕੋਚ '10 ਹਜ਼ਾਰ ਘੰਟਿਆਂ ਦੀ ਥਿਊਰੀ' ਵਿੱਚ ਵਿਸ਼ਵਾਸ ਕਰਦੇ ਹਨ, ਜਿੱਥੇ ਇੰਨੇ ਘੰਟੇ ਅਭਿਆਸ ਕਰਨ ਨਾਲ ਤੁਹਾਨੂੰ ਪੇਸ਼ੇਵਰ ਖਿਡਾਰੀ ਬਣਨ ਵਿੱਚ ਮਦਦ ਮਿਲਦੀ ਹੈ।
ਪਰ ਇਸ ਬਾਰੇ ਕਈ ਕਹਿੰਦੇ ਹਨ ਕਿ ਹਰ ਕਿਸੇ 'ਤੇ ਇਹ ਥਿਊਰੀ ਲਾਗੂ ਨਹੀਂ ਹੁੰਦੀ।
ਬੈਕਹਮ ਅਤੇ ਰੋਨਾਲਡੋ ਅਜਿਹੇ ਖਿਡਾਰੀ ਹਨ, ਜਿਹੜੇ ਬਹੁਤੇ ਘੰਟੇ ਅਭਿਆਸ ਕਰਨ ਲਈ ਜਾਣੇ ਜਾਂਦੇ ਹਨ।
ਭਾਰਤ ਦਾ 'ਮੈਸੀ ਪਲ'
ਭਾਵੇਂ ਭਾਰਤੀ ਫੁੱਟਬਾਲ ਟੀਮ ਦੇਰ ਨਾਲ ਹੀ ਸਹੀ ਕਈ ਚੀਜ਼ਾ ਨੂੰ ਹਾਸਿਲ ਕਰ ਰਹੀ ਹੈ ਅਤੇ ਨਵੀਂ ਉਚਾਈਆਂ ਨੂੰ ਛੂਹ ਰਹੀ ਹੈ, ਪਰ ਕੀ ਦੇਸ਼ ਕੋਲ ਆਪਣੇ ਹੀ ਮੈਸੀ ਜਾਂ ਕ੍ਰਿਸਟੀਆਨੋ ਰੋਨਾਲਡੋ ਪੈਦਾ ਕਰਨ ਦਾ ਹੁਨਰ ਹੈ?
ਇਸ ਸਵਾਲ ਦੇ ਜਵਾਬ 'ਚ ਸੇਵਿਓ ਕਹਿੰਦੇ ਹਨ, ''ਜੇ ਭਾਰਤ ਵਿੱਚ ਚੰਗਾ ਫੁੱਟਬਾਲ ਕਲਚਰ ਵਿਕਸਿਤ ਹੋਵੇ ਤਾਂ ਆਫਣੇ ਆਪ ਹੀ ਸਟਾਰ ਖਿਡਾਰੀ ਆ ਜਾਣਗੇ, ਫਿਰ ਇਸ ਤਰ੍ਹਾਂ ਦੇ ਸਵਾਲ ਦੀ ਲੋੜ ਨਹੀਂ ਪਵੇਗੀ।''

ਤਸਵੀਰ ਸਰੋਤ, Getty Images
ਪ੍ਰਕਾਸ਼ ਕਹਿੰਦੇ ਹਨ, ''ਮੈਸੀ ਸਿਰਫ਼ ਇੱਕ ਨਾਂ ਹੈ, ਭਾਰਤ ਨੇ ਕਈ ਮਹਾਨ ਖਿਡਾਰੀ ਦਿੱਤੇ ਹਨ ਜਿਵੇਂ ਕਿ ਬਾਈਚੁੰਗ ਭੂਟੀਆ, ਆਈ ਐਮ ਵਿਜਾਇਨ, ਪੀਟਰ ਥੰਗਾਰਾਜ, ਸੁਨੀਲ ਛੇਤਰੀ। ਮੈਸੀ ਤੇ ਰੋਨਾਲਡੋ ਆਪਣੇ ਸਟਾਰ ਪਾਵਰ ਕਲੱਬਾਂ ਅਤੇ ਉਨ੍ਹਾਂ ਦੇ ਦੇਸ਼ 'ਚ ਫੁੱਟਬਾਲ ਲਈ ਜਨੂੰਨ ਕਰਕੇ ਉਹ ਬਹੁਤੇ ਮਕਬੂਲ ਹੋਏ।''
ਆਸ਼ੀਸ਼ ਕਹਿੰਦੇ ਹਨ, ''ਨੇਅਮਾਰ, ਮੈਸੀ ਅਤੇ ਮਾਰਾਡੋਨਾ ਵਰਗੇ ਲੋਕ ਯਕੀਨੀ ਤੌਰ 'ਤੇ ਫੁੱਟਬਾਲ ਨੂੰ ਇੱਕ ਵੱਖਰੇ ਪੱਧਰ 'ਤੇ ਲੈ ਗਏ। ਉਹ ਨੌਜਵਾਨਾਂ 'ਚ ਉਤਸ਼ਾਹ ਪੈਦਾ ਕਰਦੇ ਹਨ, ਪਰ ਸੁਨੀਲ ਛੇਤਰੀ, ਆਈ ਐਮ ਵਿਜਾਇਨ, ਬਾਈਚੁੰਗ ਭੂਟੀਆ ਆਪਣੇ ਆਪ ਵਿੱਚ ਹੀਰੋ ਹਨ।''
ਕੀ ਭਾਰਤ 'ਚ ਰੁਝਾਨ ਬਦਲ ਰਿਹਾ ਹੈ?
ਸੇਵਿਓ ਕਹਿੰਦੇ ਹਨ, ''ਇੰਡੀਅਨ ਸੁਪਰ ਲੀਗ ਨੇ ਪੂਰੀ ਦੁਨੀਆ ਨੂੰ ਦਿਖਾ ਦਿੱਤਾ ਹੈ ਕਿ ਭਾਰਤ ਵਿੱਚ ਫੁੱਟਬਾਲ ਵੀ ਖੇਡੀ ਜਾਂਦੀ ਹੈ, ਨਾ ਕਿ ਸਿਰਫ਼ ਕ੍ਰਿਕਟ। ਭਾਰਤੀ ਖੇਡ ਕਲੱਬਾਂ ਨੂੰ ਯੂਥ ਟੀਮਾਂ ਨੂੰ ਹੋਰ ਬਿਹਤਰ ਬਣਾਉਣ ਲਈ ਬਹੁਤ ਮਿਹਨਤ ਕਰਨ ਦੀ ਲੋੜ ਹੈ।''
ਆਸ਼ੀਸ਼ ਦਸਦੇ ਹਨ, ''ਫੁੱਟਬਾਲ ਨੂੰ ਲੈ ਕੇ ਭਾਰਤ ਵਿੱਚ ਹੌਲੀ-ਹੌਲੀ ਦ੍ਰਿਸ਼ ਬਿਹਤਰ ਹੋ ਰਿਹਾ ਹੈ। 1990 ਵਿੱਚ ਸਾਡੇ ਕੋਲ ਬੁਨਿਆਦੀ ਢਾਂਚਾ ਨਹੀਂ ਸੀ, ਪਰ ਹੁਣ ਉੱਚ ਪੱਧਰ ਤੱਕ ਪਹੁਚਣ ਲਈ ਨੌਜਵਾਨਾਂ ਦੀਆਂ ਟੀਮਾਂ ਦਾ ਖੇਡਣਾ ਲਾਜ਼ਮੀ ਬਣ ਗਿਆ ਹੈ।''

ਤਸਵੀਰ ਸਰੋਤ, Getty Images
''ਸਾਡੇ ਕੋਲ ਲਗਭਗ 30 ਪ੍ਰਮੁੱਖ ਅਕੈਡਮੀਆਂ ਅਤੇ ਇੰਨੀਆਂ ਹੀ ਸੀਨੀਅਰ ਟੀਮਾਂ ਹਨ, ਜਿਹੜੀਆਂ ਲਗਭਗ 1500-2000 ਫੁੱਟਬਾਲ ਖਿਡਾਰੀ ਪੈਦਾ ਕਰਦੀਆਂ ਹਨ।''
ਕੁੱਲ ਮਿਲਾ ਕੇ ਸੇਵਿਓ ਮੁਤਾਬਕ, ''ਭਵਿੱਖ ਵਧੀਆ ਹੈ, ਭਾਰਤ ਕੋਲ ਇੱਕ ਖੇਡ ਸੱਭਿਆਚਾਰ ਹੈ, ਪਰ ਫੁੱਟਬਾਲ ਸੱਭਿਆਚਾਰ ਅਜੇ ਨਹੀਂ ਹੈ। ਇੱਕ ਵਾਰ ਜਦੋਂ ਇਹ ਸੱਭਿਆਚਾਰ ਵਿਕਸਿਤ ਹੋ ਗਿਆ ਤਾਂ ਫੇਰ ਪਿੱਛੇ ਵੱਲ ਨੂੰ ਦੇਖਣ ਦਾ ਕੋਈ ਸਵਾਲ ਨਹੀਂ ਹੋਵੇਗਾ।''












