ਫੁੱਟਬਾਲ ਵਿਸ਼ਵ ਕੱਪ: ਕੀ ਹੈ ਫੁੱਟਬਾਲ ਦਾ ਵਿਸ਼ਵ ਕੱਪ ਦੇ ਮੇਜ਼ਬਾਨ ਦੀ ਜਨਮ ਦਰ ਨਾਲ ਰਿਸ਼ਤਾ?

ਬੀਤੇ ਤਜਰਬਿਆਂ ਅਨੁਸਾਰ ਵੱਡੇ ਖੇਡ ਮੁਕਾਬਲਿਆਂ ਦੇ ਮੇਜ਼ਬਾਨ ਦੇਸਾਂ ਦੀ ਜਨਮ ਦਰ ਵਧਦੀ ਹੈ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਬੀਤੇ ਤਜਰਬਿਆਂ ਅਨੁਸਾਰ ਵੱਡੇ ਖੇਡ ਮੁਕਾਬਲਿਆਂ ਦੇ ਮੇਜ਼ਬਾਨ ਦੇਸਾਂ ਦੀ ਜਨਮ ਦਰ ਵਧਦੀ ਹੈ
    • ਲੇਖਕ, ਫਰਨੈਨਡੋ ਡੁਆਰਟੇ
    • ਰੋਲ, ਬੀਬੀਸੀ ਪੱਤਰਕਾਰ

ਰੂਸ ਵਿੱਚ ਮਰਦਮ ਸ਼ੁਮਾਰੀ ਦੇ ਮਾਹਿਰਾਂ ਦੀ ਨਜ਼ਰ ਜਾਰੀ ਫੀਫਾ ਵਿਸ਼ਵ ਕੱਪ ਦੇ 15 ਜੁਲਾਈ ਨੂੰ ਹੋਣ ਵਾਲੇ ਫਾਈਨਲ ਮੁਕਾਬਲੇ ਤੱਕ ਹੀ ਨਹੀਂ ਰਹਿਣੀ ਸਗੋਂ ਇਸ ਤੋਂ ਬਾਅਦ ਵੀ ਉਹ ਵਿਸ਼ਵ ਕੱਪ ਦੇ ਅਸਰ ਬਾਰੇ ਰਿਸਰਚ ਕਰਨਗੇ।

ਉਹ ਇਸ ਬਾਰੇ ਅਧਿਐਨ ਕਰਨਗੇ ਕਿ, ਕੀ ਫੁੱਟਬਾਲ ਨੇ ਫਿਰ ਤੋਂ ਵਿਸ਼ਵ ਕੱਪ ਦੀ ਮੇਜ਼ਬਾਨੀ ਕਰਦਿਆਂ ਇੱਕ ਦੇਸ ਦੀ ਜਨਮ ਦਰ 'ਤੇ ਸਕਾਰਾਤਮਕ ਅਸਰ ਪਾਇਆ ਹੈ ਜਾਂ ਨਹੀਂ।

ਬੀਤੀ ਰਿਸਰਚ ਦੱਸਦੀ ਹੈ ਕਿ ਵੱਡੇ ਖੇਡ ਮੁਕਾਬਲਿਆਂ ਦੇ ਮੇਜ਼ਬਾਨ ਦੇਸਾਂ ਦੀ ਜਨਮ ਦਰ ਵਿੱਚ ਵਾਧਾ ਹੁੰਦਾ ਹੈ ਕਿਉਂਕਿ ਉਸ ਦੇਸ ਦੇ ਵਾਸੀਆਂ ਨੂੰ ਚੰਗਾ ਮਹਿਸੂਸ ਹੁੰਦਾ ਹੈ ਜੋ ਵਧੀ ਜਨਮ ਦਰ ਦਾ ਕਾਰਨ ਬਣਦਾ ਹੈ।

ਰੂਸ ਲਈ ਇਹ ਰਿਸਰਚ ਇੱਕ ਚੰਗੀ ਖੁਸ਼ਖਬਰੀ ਸਾਬਿਤ ਹੋ ਸਕਦੀ ਹੈ ਕਿਉਂਕਿ 1992 ਤੋਂ ਰੂਸ ਦੀ ਜਨਮ ਦਰ ਵਿੱਚ ਲਗਾਤਾਰ ਗਿਰਾਵਟ ਦਰਜ ਕੀਤੀ ਜਾ ਰਹੀ ਹੈ।

ਰੂਸ 'ਚ ਜਨਮ ਦਰ ਚਿੰਤਾਜਨਕ

ਅਮਰੀਕਾ ਦੀ ਗਲੋਬਲ ਨੀਤੀ ਬਾਰੇ ਕੰਮ ਕਰਨ ਵਾਲੀ ਰੈਂਡ ਕਾਰਪੋਰੇਸ਼ਨ ਅਨੁਸਾਰ ਸ਼ਾਂਤੀ ਵੇਲੇ ਰੂਸ ਵਿੱਚ ਅਜਿਹੀ ਗਿਰਾਵਟ ਪਹਿਲੀ ਵਾਰ ਦਰਜ ਕੀਤੀ ਗਈ ਹੈ।

ਕੁਝ ਮਾਹਿਰਾਂ ਅਨੁਸਾਰ 2050 ਵਿੱਚ ਰੂਸ ਦੀ ਆਬਾਦੀ ਮੌਜੂਦਾ 14.3 ਕਰੋੜ ਤੋਂ 11.1 ਕਰੋੜ ਤੱਕ ਪਹੁੰਚ ਜਾਵੇਗੀ।

ਮਾਹਿਰਾਂ ਅਨੁਸਾਰ ਖੇਡ ਦੀ ਖੁਸ਼ੀ ਦੂਜੇ ਖੇਤਰਾਂ ਵਿੱਚ ਫਾਇਦਾ ਪਹੁੰਚਾਉਂਦੀ ਹੈ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮਾਹਿਰਾਂ ਅਨੁਸਾਰ ਖੇਡ ਦੀ ਖੁਸ਼ੀ ਦੂਜੇ ਖੇਤਰਾਂ ਵਿੱਚ ਫਾਇਦਾ ਪਹੁੰਚਾਉਂਦੀ ਹੈ

ਅਜਿਹਾ ਅਨੁਮਾਨ ਇਸ ਲਈ ਲਗਾਇਆ ਜਾ ਰਿਹਾ ਹੈ ਕਿਉਂਕਿ ਰੂਸ ਵਿੱਚ ਜ਼ਿੰਦਗੀ ਜਿਊਣ ਦਾ ਪੱਧਰ ਘਟਿਆ ਹੈ, ਮੌਤ ਦਰ ਵਿੱਚ ਵਾਧਾ ਹੋਇਆ ਹੈ ਅਤੇ ਜਨਮ ਦਰ ਵੀ ਡਿੱਗੀ ਹੈ।

ਹਾਲ ਵਿੱਚ ਹੀ ਵਿਸ਼ਵ ਬੈਂਕ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਰੂਸ ਦੀ ਜਨਮ ਦਰ ਹਰ ਹਜ਼ਾਰ ਪਿੱਛੋਂ 13 ਬੱਚਿਆਂ ਦੀ ਹੈ। ਇਹ ਦਰ ਯੂਰਪੀਅਨ ਯੂਨੀਅਨ ਦੇ ਮੁਲਕਾਂ ਅਤੇ ਬਰਤਾਨੀਆ ਨਾਲੋਂ ਵੀ ਵੱਧ ਹੈ।

ਪਰ ਇਹ ਦਰ 1960 ਦੇ ਅੰਕੜਿਆਂ ਦੇ ਅੱਧੇ ਦੇ ਬਰਾਬਰ ਹੈ ਅਤੇ ਦੂਜੇ ਮੁਲਕਾਂ ਵਿੱਚ ਇਸ ਤੋਂ ਘੱਟ ਗਿਰਾਵਟ ਦਰਜ ਕੀਤੀ ਗਈ ਹੈ।

ਰੂਸੀ ਸਰਕਾਰ ਦੇ ਲਈ ਹਾਲਾਤ ਚਿੰਤਾਜਨਕ ਹਨ। ਪਿਛਲੇ ਸਾਲ ਆਬਾਦੀ ਨੂੰ ਵਧਾਉਣ ਲਈ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵੱਲੋਂ ਕੁਝ ਸੁਧਾਰ ਕੀਤੇ ਗਏ ਸਨ।

ਸਰਕਾਰ ਵੱਲੋਂ ਨਵੇਂ ਬੱਚਿਆਂ ਨੂੰ ਜਨਮ ਦੇਣ ਵਾਲੇ ਘੱਟ ਆਮਦਨ ਵਾਲੇ ਪਰਿਵਾਰਾਂ ਨਵ ਜੰਮੇ ਬੱਚੇ ਦੇ 18 ਮਹੀਨਿਆਂ ਲਈ ਭੱਤਾ ਦੇਣ ਦਾ ਐਲਾਨ ਕੀਤਾ ਗਿਆ ਸੀ।

ਪਰ ਕੀ ਫੁੱਟਬਾਲ ਮਦਦ ਕਰ ਸਕਦੀ ਹੈ?

ਇਸ ਬਾਰੇ ਜਿੰਨੀ ਵੀ ਰਿਸਰਚ ਹੋਈ ਹੈ ਉਹ ਹਾਲ ਵਿੱਚ ਹੀ ਹੋਈ ਹੈ ਪਰ 1966 ਵਿੱਚ ਬਰਤਾਨੀਆ ਨੇ ਜਦੋਂ ਵਿਸ਼ਵ ਕੱਪ ਦੀ ਮੇਜ਼ਬਾਨੀ ਕਰਦੇ ਹੋਏ ਉਸ ਨੂੰ ਜਿੱਤਿਆ ਸੀ ਤਾਂ ਉੱਥੇ ਜਨਮ ਦਰ ਵਿੱਚ ਵਾਧਾ ਹੋਇਆ ਸੀ।

ਇਸਦਾ ਸਭ ਤੋਂ ਪੁਖ਼ਤਾ ਸਬੂਤ ਤਾਂ 2007 ਵਿੱਚ ਵੇਖਣ ਨੂੰ ਮਿਲਿਆ ਜਦੋਂ ਜਰਮਨੀ ਨੇ ਵਿਸ਼ਵ ਕੱਪ ਦੀ ਮੇਜ਼ਬਾਨੀ ਕੀਤੀ ਅਤੇ 2006 ਵਿੱਚ ਹੋਏ ਵਿਸ਼ਵ ਕੱਪ ਦੇ 9 ਮਹੀਨਿਆਂ ਬਾਅਦ ਜਰਮਨੀ ਦੀ ਜਨਮ ਦਰ ਵਿੱਚ 15 ਫੀਸਦ ਦਾ ਵਾਧਾ ਹੋਇਆ ਸੀ।

ਆਈਸਲੈਂਡ ਦੇ ਵਿਸ਼ਵ ਕੱਪ 2018 ਲਈ ਕੁਆਲੀਫਾਈ ਹੋਣ ਦੇ 9 ਮਹੀਨਿਆਂ ਬਾਅਦ ਰਿਕਾਰਡ ਬੱਚੇ ਪੈਦਾ ਹੋਏ ਸਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਆਈਸਲੈਂਡ ਦੇ ਵਿਸ਼ਵ ਕੱਪ 2018 ਲਈ ਕੁਆਲੀਫਾਈ ਹੋਣ ਦੇ 9 ਮਹੀਨਿਆਂ ਬਾਅਦ ਰਿਕਾਰਡ ਬੱਚੇ ਪੈਦਾ ਹੋਏ ਸਨ

ਦਾਈ ਦਾ ਕੰਮ ਕਰਦੀ ਰੌਲਫ ਕਲਿੱਚ ਨੇ ਜਰਮਨ ਮੀਡੀਆ ਨੂੰ ਦੱਸਿਆ, "ਖੁਸ਼ੀ ਕਾਰਨ ਜੋ ਹਾਰਮੋਨਜ਼ ਪੈਦਾ ਹੁੰਦੇ ਹਨ ਉਹ ਔਰਤਾਂ ਨੂੰ ਗਰਭਵਤੀ ਹੋਣ ਵਿੱਚ ਮਦਦ ਕਰਦੇ ਹਨ।''

ਕੁਝ ਲੋਕਾਂ ਲਈ ਮੈਚ ਦਾ ਉਤਸ਼ਾਹ, ਮੈਚ ਖ਼ਤਮ ਹੋਣ ਤੋਂ ਬਾਅਦ ਹੋਰ ਪਾਸਿਆਂ ਵੱਲ ਇਸਤੇਮਾਲ ਕੀਤਾ ਜਾਂਦਾ ਹੈ।

ਸਾਲ 2015 ਵਿੱਚ ਬੀਬੀਸੀ ਨੇ ਦੱਖਣੀ ਅਫਰੀਕਾ ਦੀ ਵਿਟਵਾਟਰਸਰੈਂਡ ਯੂਨੀਵਰਸਿਟੀ ਦੇ ਰਿਸਰਚਰਾਂ ਦੇ ਹਵਾਲੇ ਤੋਂ ਦੱਸਿਆ ਸੀ ਕਿ ਦੇਸ ਵਿੱਚ ਮੁੰਡਿਆਂ ਦੀ ਜਨਮ ਦਰ ਵਿੱਚ ਅਚਾਨਕ ਵਾਧਾ ਹੋਇਆ ਹੈ।

ਸ਼ੋਧ ਤੋਂ ਬਾਅਦ ਇਹ ਪਤਾ ਲੱਗਿਆ ਕਿ ਇਹ ਅਚਾਨਕ ਵਾਧਾ 2010 ਦੇ ਵਿਸ਼ਵ ਕੱਪ ਕਾਰਨ ਹੋਇਆ ਸੀ ਜਿਸ ਦੀ ਪਹਿਲੀ ਵਾਰ ਅਫਰੀਕੀ ਉਪਮਹਾਂਦੀਪ ਮੇਜ਼ਬਾਨੀ ਕਰ ਰਿਹਾ ਸੀ।

ਮਾਹਿਰਾਂ ਅਨੁਸਾਰ ਵਿਸ਼ਵ ਕੱਪ ਦੌਰਾਨ ਕਈ ਵਾਰ ਦੱਖਣੀ ਅਫਰੀਕੀ ਲੋਕਾਂ ਨੇ ਸਰੀਰਕ ਸੰਬੰਧ ਬਣਾਏ ਸੀ, ਇਹ ਇਸ ਲਈ ਸੀ ਕਿਉਂਕਿ ਪੂਰੇ ਦੇਸ ਵਿੱਚ ਵਿਸ਼ਵ ਕੱਪ ਕਾਰਨ ਖੁਸ਼ੀ ਦੀ ਲਹਿਰ ਸੀ।

ਫੁੱਟਬਾਲ

ਤਸਵੀਰ ਸਰੋਤ, Getty Images

ਡਾ. ਗਵੀਨਿਆ ਮਾਸੂਕਾਮੇ ਅਨੁਸਾਰ, ਇਹ ਮੰਨਿਆ ਜਾਂਦਾ ਹੈ ਕਿ ਜੇ ਵਧੇਰੇ ਵਾਰੀ ਸਰੀਰਕ ਸੰਬੰਧ ਬਣਾਏ ਜਾਂਦੇ ਹਨ ਤਾਂ ਮੁੰਡੇ ਵੱਧ ਪੈਦਾ ਹੁੰਦੇ ਹਨ।

2014 ਵਿੱਚ ਵਿਸ਼ਵ ਕੱਪ ਦੀ ਮੇਜ਼ਬਾਨੀ ਕਰਨ ਵਾਲੇ ਬ੍ਰਾਜ਼ੀਲ ਵਿੱਚ ਵੀ ਅਜਿਹਾ ਵਾਧਾ ਦੇਖਿਆ ਗਿਆ ਸੀ।

ਭਾਵੇਂ ਫਾਈਨਲ ਵਿੱਚ ਬ੍ਰਾਜ਼ੀਲ ਦੀ ਹਾਰ ਹੋਈ ਸੀ ਪਰ ਫਿਰ ਵੀ ਬੀਤੇ ਸਾਲ ਦੇ ਮੁਕਾਬਲੇ 2015 ਵਿੱਚ ਬ੍ਰਾਜ਼ੀਲ ਦੀ ਜਨਮ ਦਰ ਵਿੱਚ 7 ਫੀਸਦ ਦਾ ਵਾਧਾ ਹੋਇਆ ਸੀ।

ਅਜਿਹੇ ਸਕਾਰਾਤਮਕ ਨਤੀਜਿਆਂ ਲਈ ਟੂਰਨਾਮੈਂਟ ਦੇ ਖ਼ਤਮ ਹੋਣ ਦਾ ਵੀ ਇੰਤਜ਼ਾਰ ਨਹੀਂ ਕਰਨਾ ਪੈਂਦਾ। ਸਾਲ 2013 ਦੀ ਬਰਤਾਨਵੀ ਮੈਡੀਕਲ ਜਰਨਲ ਦੇ ਅਨੁਸਾਰ 6 ਮਈ 2009 ਨੂੰ ਬਾਰਸਿਲੋਨਾ ਵੱਲੋਂ ਆਖਰੀ ਗੋਲ ਕਾਰਨ ਹੀ ਕੁਝ ਇਜਾਫਾ ਦਰਜ ਹੋਇਆ ਸੀ।

ਬਾਰਸਿਲੋਨਾ ਵੱਲੋਂ ਲੰਡਨ ਵਿੱਚ ਮੈਚ ਦੇ ਆਖਰੀ ਮਿੰਟਾਂ ਵਿੱਚ ਗੋਲ ਕੀਤਾ ਗਿਆ ਅਤੇ ਇਸ ਗੋਲ ਕਾਰਨ ਬਾਰਸਿਲੋਨਾ UEFA ਚੈਂਪੀਅਨ ਲੀਗ ਦੇ ਫਾਈਨਲ ਵਿੱਚ ਪਹੁੰਚੀ ਸੀ।

ਰਿਸਰਚ ਵਿੱਚ ਪਤਾ ਲੱਗਿਆ ਕਿ ਮੈਚ ਦੇ 9 ਮਹੀਨਿਆਂ ਬਾਅਦ ਟੀਮ ਨੂੰ ਪਸੰਦ ਕਰਨ ਵਾਲੇ ਇਲਾਕੇ ਦੇ ਬੱਚਿਆਂ ਦੀ ਜਨਮ ਦਰ ਵਿੱਚ 16 ਫੀਸਦ ਦਾ ਵਾਧਾ ਹੋਇਆ ਹੈ।

ਆਈਸਲੈਂਡ ਵਿੱਚ ਸ਼ਾਨਦਾਰ ਵਾਧਾ

ਆਈਸਲੈਂਡ ਨੂੰ ਕੇਵਲ ਇੱਕ ਮੈਚ ਨਾਲ ਹੀ ਫਾਇਦਾ ਹੋ ਗਿਆ ਸੀ। ਜੂਨ 2016 ਵਿੱਚ ਆਈਸਲੈਂਡ ਵਿਸ਼ਵ ਕੱਪ ਲਈ ਕੁਆਲੀਫਾਈ ਕਰਨ ਵਾਲਾ ਸਭ ਤੋਂ ਛੋਟਾ ਦੇਸ ਬਣਿਆ ਸੀ।

ਦੇਸ ਦੀ 10 ਫੀਸਦ ਆਬਾਦੀ ਨੇ ਟੂਰਨਾਮੈਂਟ ਦੇਖਿਆ ਸੀ ਜੋ 27,000 ਦੇ ਕਰੀਬ ਸੀ।

ਕੀ ਆਈਸਲੈਂਡ ਵਿੱਚ ਪੈਦਾ ਹੋਈ ਇਹ ਕੁੜੀ ਯੂਰੋ-2016 ਦੀ ਵਜ੍ਹਾ ਹੈ?

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕੀ ਆਈਸਲੈਂਡ ਵਿੱਚ ਪੈਦਾ ਹੋਈ ਇਹ ਕੁੜੀ ਯੂਰੋ-2016 ਦੀ ਵਜ੍ਹਾ ਹੈ?

9 ਮਹੀਨਿਆਂ ਤੋਂ ਬਾਅਦ ਆਈਸਲੈਂਡ ਵਿੱਚ ਰਿਕਾਰਡ ਬੱਚੇ ਪੈਦਾ ਹੋਏ ਅਤੇ ਇਹ ਇਸ ਵਾਰ ਵੀ ਹੋ ਸਕਦਾ ਹੈ ਕਿਉਂਕਿ ਆਈਸਲੈਂਡ ਦਾ ਵਿਸ਼ਵ ਕੱਪ 2018 ਦਾ ਪਹਿਲਾ ਹੀ ਮੈਚ ਅਰਜਨਜੀਨਾ ਵਰਗੀ ਵੱਡੀ ਟੀਮ ਨਾਲ ਮੈਚ ਬਰਾਬਰੀ 'ਤੇ ਖਤਮ ਹੋਇਆ।

ਭਾਵੇਂ ਪਹਿਲੇ ਮੈਚ ਵਿੱਚ ਰੂਸ ਨੇ ਸਾਊਦੀ ਅਰਬ ਨੂੰ 5-0 ਨਾਲ ਮਾਤ ਦਿੱਤੀ ਹੈ ਪਰ ਫਿਰ ਵੀ ਰੂਸ ਤੋਂ ਵਿਸ਼ਵ ਕੱਪ ਵਿੱਚ ਚੰਗੇ ਪ੍ਰਦਰਸ਼ਨ ਦੀ ਆਸ ਨਹੀਂ ਹੈ।

ਪਰ ਦੱਖਣੀ ਅਫਰੀਕਾ ਦੇ ਮਾਮਲੇ ਵਿੱਚ ਇਹ ਸਾਬਿਤ ਹੋਇਆ ਹੈ ਕਿ ਮੈਚ ਦੇ ਨਤੀਜੇ ਭਾਵੇਂ ਚੰਗੇ ਨਾ ਹੋਣ, ਉਨ੍ਹਾਂ ਦੇ ਹੋਣ ਨਾਲ ਹੀ ਦੂਜੇ ਖੇਤਰਾਂ ਵਿੱਚ ਉਸਦਾ ਅਸਰ ਵੇਖਿਆ ਜਾ ਸਕਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)