ਇੰਗਲੈਂਡ 'ਚ ਵਿਸ਼ਵ ਜੰਗ ਨੂੰ ਸਮਰਪਿਤ ਸਿੱਖ ਫੌਜੀ ਦਾ ਬੁੱਤ ਲੱਗੇਗਾ

ਤਸਵੀਰ ਸਰੋਤ, SANDWELL COUNCIL
ਪਹਿਲੇ ਵਿਸ਼ਵ ਯੁੱਧ ਦੀ ਸੌਵੀਂ ਵਰ੍ਹੇਗੰਢ ਮੌਕੇ ਇੰਗਲੈਂਡ ਵਿੱਚ ਇੱਕ ਸਿੱਖ ਫੌਜੀ ਦਾ ਦਸ ਫੁੱਟ ਉੱਚਾ ਬੁੱਤ ਲਾਇਆ ਜਾ ਰਿਹਾ ਹੈ।
ਲੜਾਈ ਵਿੱਚ ਬਰਤਾਨੀਆ ਵੱਲੋਂ ਲੜਨ ਵਾਲੇ ਦੱਖਣ ਏਸ਼ੀਆਈ ਫੌਜੀਆਂ ਦੀ ਯਾਦ ਵਿੱਚ ਇਸ ਸਾਲ ਦੇ ਅੰਤ ਤੱਕ ਕਾਇਮ ਹੋਣ ਵਾਲੇ 'ਦਿ ਲਾਇਨਜ਼ ਆਫ਼ ਦਿ ਗ੍ਰੇਟ ਵਾਰ' ਸਮਾਰਕ ਵਿੱਚ ਇਹ ਬੁੱਤ ਲਾਇਆ ਜਾਵੇਗਾ।
ਇਹ ਸਮਾਰਕ ਇੰਗਲੈਂਡ ਦੇ ਸਮੈਥਵਿਕ, ਵੈਸਟ ਮਿਡਲੈਂਡਜ਼ ਵਿੱਚ ਕਾਇਮ ਕੀਤਾ ਜਾਵੇਗਾ।
ਸੈਂਡਵਿਲ ਕਾਊਂਸਲ ਨੇ ਇਸ ਕਾਰਜ ਨੂੰ ਭਾਈਚਾਰੇ ਨੂੰ ਦਿੱਤੀ ਜਾਣ ਵਾਲੀ ਵਿਲੱਖਣ ਸ਼ਰਧਾਂਜਲੀ ਹੈ।
ਮੂਰਤੀਕਾਰ ਲਿਊਕ ਪੈਰੀ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਕੰਮ ਦਾ ਬਹੁਤ ਮਾਣ ਹੈ।
ਸਮੈਥਵਿਕ ਦਾ ਗੁਰੂ ਨਾਨਕ ਗੁਰਦੁਆਰਾ ਇਸ ਬੁੱਤ ਦਾ ਖ਼ਰਚਾ ਚੁੱਕ ਰਿਹਾ ਹੈ। ਗੁਰਦੁਆਰੇ ਦੇ ਪ੍ਰਧਾਨ ਜਤਿੰਦਰ ਸਿੰਘ ਨੇ ਕਿਹਾ, "ਇਹ ਲੋਕ ਸੇਵਾ ਲਈ ਆਪਣੀ ਇੱਛਾ ਨਾਲ ਅੱਗੇ ਆਏ ਅਤੇ ਉਸ ਆਜ਼ਾਦੀ ਲਈ ਲੜੇ ਜੋ ਅਸੀਂ ਅੱਜ ਮਾਣ ਰਹੇ ਹਾਂ।"
"ਸਮਾਰਕ ਇਹ ਯਕੀਨੀ ਬਣਾਵੇਗਾ ਕਿ ਇਹ ਹਿੱਸਾ ਕਦੇ ਭੁਲਾਇਆ ਨਾ ਜਾਵੇ।"
"ਇਸ ਸਮਾਰਕ ਦੀ ਸਥਾਨਕ ਅਤੇ ਕੌਮੀ ਅਹਿਮੀਅਤ ਬਹੁਤ ਜ਼ਿਆਦਾ ਹੈ"
ਬੰਦੂਕਧਾਰੀ ਸਿੱਖ ਫੌਜੀ ਦੇ ਇਸ ਬੁੱਤ ਨੂੰ 6 ਫੁੱਟ ਉੱਚੇ ਇੱਕ ਗਰੇਨਾਈਟ ਦੇ ਪਲੇਟਫਾਰਮ ਉੱਤੇ ਲਾਇਆ ਜਾਵੇਗਾ। ਪਲੇਟਫਾਰਮ ਉੱਤੇ ਉਨ੍ਹਾਂ ਰੈਜੀਮੈਂਟਾਂ ਦੇ ਨਾਮ ਖੁਣੇ ਜਾਣਗੇ ਜਿਨ੍ਹਾਂ ਵੱਲੋਂ ਦੱਖਣ ਏਸ਼ੀਆਈ ਫੌਜੀ ਲੜੇ ਸਨ।
ਮੂਰਤੀਕਾਰ ਲਿਊਕ ਪੈਰੀ ਨੇ ਕਿਹਾ, "ਇਸ ਸਮਾਰਕ ਦੀ ਸਥਾਨਕ ਅਤੇ ਕੌਮੀ ਅਹਿਮੀਅਤ ਬਹੁਤ ਜ਼ਿਆਦਾ ਹੈ।"
"ਮੈਨੂੰ ਇਸ ਗੱਲ ਦਾ ਮਾਣ ਹੈ ਕਿ ਮੈਂ ਉਸ ਬੁੱਤ ਉੱਪਰ ਕੰਮ ਕਰ ਰਿਹਾ ਹਾਂ ਜੋ ਧੰਨਵਾਦ ਦਾ ਪ੍ਰਤੀਕ ਹੈ।"
ਇਹ ਬੁੱਤ ਹਾਈ ਸਟਰੀਟ ਅਤੇ ਟੌਲ ਹਾਊਸ ਵੇ ਦੇ ਵਿਚਕਾਰ ਨਵੇਂ ਬਣੇ ਜਨਤਕ ਸਥਾਨ 'ਤੇ ਲਾਇਆ ਜਾਵੇਗਾ।

ਤਸਵੀਰ ਸਰੋਤ, SANDWELL COUNCIL
ਸੈਡਵਿਕ ਕਾਊਂਸਲ ਦੇ ਸਟੀਵ ਐਲਿੰਗ ਨੇ ਕਿਹਾ ਕਿ ਉਨ੍ਹਾਂ ਨੂੰ ਮਾਣ ਹੈ ਕਿ ਸਾਊਥਵਿਕ ਦੱਖਣ ਏਸ਼ੀਆਈ ਫੌਜੀਆਂ ਨੂੰ ਅਜਿਹੀ ਵਿਲੱਖਣ ਸ਼ਰਧਾਂਜਲੀ ਦੇ ਰਿਹਾ ਹੈ।
ਇਹ ਬੁੱਤ ਨਵੰਬਰ ਵਿੱਚ ਆਰਮਿਸਟਾਈਸ ਡੇ ਦੇ ਮੌਕੇ ਲਾਇਆ ਜਾਵੇਗਾ।

ਤਸਵੀਰ ਸਰੋਤ, SANDWELL COUNCIL
ਇਸੇ ਯੋਜਨਾ ਤਹਿਤ ਭਾਫ ਦੀ ਸ਼ਕਤੀ ਦੇ ਪਿਤਾਮਾ ਜੇਮਜ਼ ਵਾਟ ਦੇ ਬੁੱਤ ਦੀ ਵੀ ਮੁਰੰਮਤ ਕੀਤੀ ਜਾਵੇਗੀ।
ਐਮਪੀ ਪ੍ਰੀਤ ਕੌਰ ਗਿੱਲ ਅਨੁਸਾਰ ਇਸ ਬੁੱਤ ਨਾਲ ਸੈਂਡਵੈਲ ਦੇ ਅਮੀਰ ਇਤਿਹਾਸ ਨੂੰ ਪਛਾਣ ਮਿਲੇਗੀ।













